ਹਿੰਦੂ ਸੰਘਰਸ਼ ਸੈਨਾ ਦੇ ਆਗੂ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ

0
328

hindu-agu-da-katal
ਹਿੰਦੂ ਆਗੂ ਵਿਪਨ ਸ਼ਰਮਾ ਦੇ ਕਤਲ ਸਮੇਂ ਸੀਸੀਟੀਵੀ ਕੈਮਰੇ ਵਿਚ ਕੈਦ ਹੋਈ ਹਮਲਾਵਰ ਦੀ ਤਸਵੀਰ।
ਅੰਮ੍ਰਿਤਸਰ/ਬਿਊਰੋ ਨਿਊਜ਼ :
ਇੱਥੇ ਬਟਾਲਾ ਰੋਡ ਸਥਿਤ ਭਾਰਤ ਨਗਰ ਵਿੱਚ ਹਿੰਦੂ ਜਥੇਬੰਦੀ ਦੇ ਆਗੂ ਵਿਪਨ ਸ਼ਰਮਾ ਨੂੰ ਅਣਪਛਾਤੇ ਹਮਲਾਵਰਾਂ ਨੇ ਦਿਨ ਦਿਹਾੜੇ ਗੋਲੀਆਂ ਮਾਰ ਕੇ ਮਾਰ ਦਿੱਤਾ। ਇਸ ਘਟਨਾ ਦੀ ਹਿੰਦੂ ਜਥੇਬੰਦੀਆਂ ਨੇ ਵੱਡੇ ਪੱਧਰ ਉਤੇ ਨਿੰਦਾ ਕੀਤੀ ਹੈ ਅਤੇ 31 ਅਕਤੂਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ। ਇਹ ਘਟਨਾ ਇੱਥੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਅਤੇ ਪਲਾਂ ਵਿੱਚ ਹੀ ਵਾਇਰਲ ਹੋ ਗਈ।
ਜਿਸ ਵੇਲੇ ਇਹ ਘਟਨਾ ਵਾਪਰੀ, ਵਿਪਨ ਸ਼ਰਮਾ ਮੋਟਰਸਾਈਕਲ ਉਤੇ ਆਪਣੇ ਘਰ ਪ੍ਰੀਤ ਨਗਰ ਲਈ ਰਵਾਨਾ ਹੋ ਰਿਹਾ ਸੀ। ਇਸ ਦੌਰਾਨ 2 ਸਿੱਖ ਨੌਜਵਾਨ ਅਚਨਚੇਤੀ ਗਲੀ ਵਿਚੋਂ ਨਿਕਲੇ ਅਤੇ ਉਨ੍ਹਾਂ ਉਸ ਉਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਸ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲੈ ਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਹ ਇੱਥੇ ਕੇਬਲ ਅਪਰੇਟਰ ਵਜੋਂ ਕੰਮ ਕਰਦਾ ਸੀ ਅਤੇ ਹਿੰਦੂ ਸੰਘਰਸ਼ ਸੈਨਾ ਦਾ ਜ਼ਿਲ੍ਹਾ ਪ੍ਰਧਾਨ ਸੀ। ਉਸ ਵੱਲੋਂ ਇਲਾਕੇ ਵਿੱਚ ਜੈ ਸ਼ੰਕਰ ਵੈਲਫੇਅਰ ਸੁਸਾਇਟੀ ਵੀ ਚਲਾਈ ਜਾ ਰਹੀ ਸੀ, ਜੋ ਲੋੜਵੰਦਾਂ ਲਈ ਲੰਗਰ ਦਾ ਪ੍ਰਬੰਧ ਕਰਦੀ ਹੈ। ਘਟਨਾ ਵਾਲੀ ਥਾਂ ਇਕ ਡੇਅਰੀ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਦਰਜ ਹੋਈ ਫੁਟੇਜ ਵਿੱਚ ਦਿਖਾਈ ਦਿੰਦਾ ਹੈ ਕਿ ਦੋ ਸਿੱਖ ਨੌਜਵਾਨ ਜਿਨ੍ਹਾਂ ਵਿੱਚੋਂ ਇਕ ਨੇ ਮੂੰਹ ਢਕਿਆ ਹੋਇਆ ਹੈ, ਨੇ ਗਲੀ ਵਿੱਚੋਂ ਨਿਕਲਦਿਆਂ ਵਿਪਨ ਅਤੇ ਉਸ ਦੇ ਸਾਥੀਆਂ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਵਿਪਨ ਮੋਟਰਸਾਈਕਲ ਤੋਂ ਡਿੱਗ ਪਿਆ ਅਤੇ ਹਮਲਾਵਰਾਂ ਨੇ ਸਾਰੀਆਂ ਗੋਲੀਆਂ ਉਸ ਦੀ ਛਾਤੀ ਵਿੱਚ ਉਤਾਰ ਦਿੱਤੀਆਂ।
ਪੁਲੀਸ ਕਮਿਸ਼ਨਰ ਐਸ.ਐਸ. ਸ੍ਰੀਵਾਸਤਵ ਨੇ ਦੱਸਿਆ ਕਿ ਇਹ ਚਾਰ ਨੌਜਵਾਨਾਂ ਦਾ ਗੁੱਟ ਸੀ, ਜੋ ਦੋ ਮੋਟਰਸਾਈਕਲਾਂ ‘ਤੇ ਸਵਾਰ ਸਨ। ਉਨ੍ਹਾਂ ਦੇ ਦੋ ਸਾਥੀ ਬਾਹਰ ਬਟਾਲਾ ਰੋਡ ਮੁੱਖ ਸੜਕ ‘ਤੇ ਖੜ੍ਹੇ ਸਨ। ਘਟਨਾ ਦੇ ਗਵਾਹ ਸਨੀ ਨੇ ਦੱਸਿਆ ਕਿ ਉਸ ਨੂੰ ਵਿਪਨ ਨੇ ਸੱਦਿਆ ਸੀ ਤਾਂ ਜੋ ਉਸ ਨੂੰ ਘਰ ਲੈ ਜਾਵਾਂ। ਘਟਨਾ ਵੇਲੇ ਵਿਪਨ ਆਪਣੇ ਇਕ ਹੋਰ ਸਾਥੀ
ਰਾਜੂ ਨਾਲ ਗੱਲ ਕਰ ਰਿਹਾ ਸੀ, ਜਦੋਂ ਕਿ ਉਹ ਮੋਟਰਸਾਈਕਲ ‘ਤੇ ਬੈਠਾ ਸੀ। ਇਸ ਦੌਰਾਨ ਦੋਵੇਂ ਹਮਲਾਵਰ ਆਏ ਤੇ ਉਨ੍ਹਾਂ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਸਨੀ ਦੇ ਪੈਰ ‘ਤੇ ਗੋਲੀ ਮਾਰੀ ਤੇ ਉਹ ਮੋਟਰਸਾਈਕਲ ਸੁੱਟ ਕੇ ਭੱਜ ਗਿਆ। ਜਦੋਂ ਕਿ ਰਾਜੂ ਵੀ ਮੌਕੇ ਤੋਂ ਭੱਜ ਗਿਆ। ਇਸ ਦੌਰਾਨ ਵਿਪਨ ਡਿੱਗ ਪਿਆ ਅਤੇ ਹਮਲਾਵਰਾਂ ਨੇ ਉਸ ਕੋਲ ਖੜ੍ਹੇ ਹੋ ਕੇ ਲਗਪਗ 12 ਤੋਂ 14 ਗੋਲੀਆਂ ਉਸ ਦੀ ਛਾਤੀ, ਢਿੱਡ ਤੇ ਮੂੰਹ ‘ਤੇ ਚਲਾਈਆਂ, ਜਿਸ ਕਾਰਨ ਉਸ ਦੀ ਮੌਕੇ ਉਤੇ ਹੀ ਮੌਤ ਹੋ ਗਈ।
ਘਟਨਾ ਦੀ ਜਾਣਕਾਰੀ ਮਿਲਣ ‘ਤੇ ਪੁਲੀਸ ਦੇ ਡਿਪਟੀ ਕਮਿਸ਼ਨਰ ਤੇ ਹੋਰ ਮੌਕੇ ਉਤੇ ਪੁੱਜੇ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਘਟਨਾ ਤੋਂ ਤੁਰੰਤ ਬਾਅਦ ਸ਼ਹਿਰ ਵਿੱਚ ਚੌਕਸੀ ਸ਼ੁਰੂ ਕਰ ਦਿੱਤੀ ਹੈ ਅਤੇ ਹਮਲਾਵਰਾਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ। ਇਸ ਘਟਨਾ ਵਿੱਚ ਅਤਿਵਾਦੀਆਂ ਦਾ ਹੱਥ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪੁਲੀਸ ਕਮਿਸ਼ਨਰ ਨੇ ਸ਼ਹਿਰ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਹਿੰਦੂ ਜਥੇਬੰਦੀਆਂ ਦੇ ਆਗੂਆਂ ਨਾਲ ਗੱਲਬਾਤ ਕੀਤੀ।
ਇਸ ਦੌਰਾਨ ਹਿੰਦੂ ਸੰਘਰਸ਼ ਸੈਨਾ ਦੇ ਕੌਮੀ ਪ੍ਰਧਾਨ ਅਰੁਣ ਕੁਮਾਰ, ਹਿੰਦੂ ਸੁਰਕਸ਼ਾ ਸੈਨਾ ਦੇ ਸਾਹਿਲ ਬਿੱਲਾ ਅਤੇ ਸ਼ਿਵ ਸੈਨਾ ਦੇ ਸੁਧੀਰ ਸੂਰੀ ਨੇ ਭਲਕੇ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਪੁਲੀਸ ਹਿੰਦੂ ਆਗੂਆਂ ਦੇ ਕਾਤਲਾਂ ਨੂੰ ਕਾਬੂ ਕਰਨ ਵਿੱਚ ਅਸਫ਼ਲ ਰਹੀ ਹੈ। ਇਸ ਦੌਰਾਨ ਸ਼ਿਵ ਸੈਨਾ ਹਿੰਦੋਸਤਾਨ ਦੇ ਚੇਤਨ ਕੱਕੜ ਨੇ ਆਖਿਆ ਕਿ ਲਗਪਗ 3 ਸਾਲ ਪਹਿਲਾਂ ਉਨ੍ਹਾਂ ਦੇਸ਼ ਵਿਰੋਧੀ ਅਨਸਰਾਂ ਦੇ ਪੁਤਲੇ ਸਾੜੇ ਸਨ, ਜਿਸ ਵਿੱਚ ਵਿਪਨ ਸ਼ਰਮਾ ਨੇ ਵੀ ਹਿੱਸਾ ਲਿਆ ਸੀ।
ਕਾਤਲਾਂ ਦੀ ਗ੍ਰਿਫ਼ਤਾਰੀ ਲਈ ਮਰਨ ਵਰਤ ਸ਼ੁਰੂ
ਬਠਿੰਡਾ : ਪੰਜਾਬ ਵਿੱਚ ਹਿੰਦੂ ਆਗੂਆਂ ਦੇ ਹੋਏ ਕਤਲਾਂ ਦੇ ਦੋਸ਼ੀਆਂ ਦੀਆਂ ਗ੍ਰਿਫ਼ਤਾਰੀਆਂ ਲਈ ਸ਼ਿਵ ਸੈਨਾ ਪੰਜਾਬ ਦੇ ਵਰਕਰਾਂ ਨੇ ਇੱਥੇ ਸੀਨੀਅਰ ਮੀਤ ਪ੍ਰਧਾਨ ਯੋਗੇਸ਼ ਬਾਤਿਸ਼ ਦੀ ਅਗਵਾਈ ਵਿੱਚ ਮਰਨ ਵਰਤ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਹਿੰਦੂ ਸੰਗਠਨਾਂ ਨੇ ਆਰੀਆ ਸਮਾਜ ਚੌਕ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਸਿੰਘ ਦੀਆਂ ਮੂਰਤੀਆਂ ‘ਤੇ ਫੁੱਲ ਚੜ੍ਹਾ ਕੇ ਸ਼ਰਧਾਂਜਲੀ ਭੇਟ ਕੀਤੀ। ਸ਼ਿਵ ਸੈਨਾ ਪੰਜਾਬ ਦੇ ਮਾਲਵਾ ਜ਼ੋਨ ਇੰਚਾਰਜ ਵਿਜੈ ਸਿੰਗਲਾ ਅਤੇ ਸਲਾਹਕਾਰ ਸਤਿੰਦਰ ਕੁਮਾਰ ਮਰਨ ਵਰਤ ‘ਤੇ ਬੈਠੇ।