ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੌਰਾਨ ਲਾਪਤਾ ਯਾਤਰੀਆਂ ਦੇ ਦਰਿਆ ‘ਚ ਵਹਿਣ ਦਾ ਖ਼ਦਸ਼ਾ 

0
267

hemkunt-hadsa
ਅਲਕਨੰਦਾ ਨਦੀ ‘ਚੋਂ ਇਨੋਵਾ ਦੇ ਪੁਰਜ਼ੇ ਤੇ ਹੋਰ ਸਬੂਤ ਮਿਲੇ
ਦੇਹਰਾਦੂਨ/ਬਿਊਰੋ ਨਿਊਜ਼ :
ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਕੇ ਪਰਤ ਰਹੇ ਪੰਜਾਬ ਦੇ ਲਾਪਤਾ ਯਾਤਰੀਆਂ ਦੀ ਭਾਲ ਵਿਚ ਵੱਡੇ ਪੱਧਰ ‘ਤੇ ਤਲਾਸ਼ੀ ਅਭਿਆਨ ਸ਼ੁਰੂ ਕੀਤਾ ਗਿਆ। ਤਲਾਸ਼ੀ ਅਭਿਆਨ ਦੌਰਾਨ ਇਸ ਗੱਲ ਦੇ ਪੁਖਤਾ ਸਬੂਤ ਮਿਲ ਰਹੇ ਹਨ ਕਿ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਤੋਂ ਪਰਤਣ ਸਮੇਂ ਭੇਤਭਰੇ ਢੰਗ ਨਾਲ ਲਾਪਤਾ ਹੋਏ ਪੰਜਾਬ ਦੇ 8 ਯਾਤਰੀਆਂ ਨਾਲ ਕੋਈ ਅਣਹੋਣੀ ਹੋ ਗਈ ਹੈ। ਮੌਕੇ ਤੋਂ ਇਨੋਵਾ ਗੱਡੀ ਦੇ ਕੁਝ ਪੁਰਜ਼ੇ, ਪੱਗਾਂ ਵਰਗੇ ਕੱਪੜੇ ਮਿਲਣ ਤੋਂ ਬਾਅਦ ਪੁਲੀਸ ਇਹ ਮੰਨ ਕੇ ਚੱਲ ਰਹੀ ਹੈ ਕਿ ਸਾਰੇ ਯਾਤਰੀ ਹਾਦਸੇ ਦਾ ਸ਼ਿਕਾਰ ਹੋਈ ਇਨੋਵਾ ਸਮੇਤ ਅਲਕਨੰਦਾ ਦੇ ਤੇਜ਼ ਵਹਾਅ ਵਿਚ ਡੁੱਬ ਗਏ ਹਨ। ਅਲਕਨੰਦਾ ਵਿਚ ਜ਼ਿਆਦਾ ਪਾਣੀ ਤੇ ਤੇਜ਼ ਵਹਾਅ ਕਾਰਨ ਪੁਲੀਸ ਤੇ ਐਸ.ਡੀ.ਆਰ.ਐਫ. ਨੇ ਤਲਾਸ਼ੀ ਅਭਿਆਨ ਵਿਚ ਮਦਦ ਲਈ ਆਈ.ਟੀ.ਬੀ.ਪੀ. ਨੂੰ ਵੀ ਮੌਕੇ ‘ਤੇ ਬੁਲਾ ਲਿਆ ਹੈ। ਜ਼ਿਕਰਯੋਗ ਹੈ ਕਿ ਬੀਤੀ 1 ਜੁਲਾਈ ਨੂੰ ਮਹਿਤਾ ਚੌਕ (ਅੰਮ੍ਰਿਤਸਰ) ਤੇ ਗੁਰਦਾਸਪੁਰ ਤੋਂ ਡਰਾਈਵਰ ਸਮੇਤ 8 ਯਾਤਰੀਆਂ ਦਾ ਜਥਾ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਆਇਆ ਸੀ। ਇਹ ਜਥਾ ਇਨੋਵਾ ਗੱਡੀ ‘ਚ ਸਵਾਰ ਹੋ ਕੇ 3 ਜੁਲਾਈ ਨੂੰ ਗੋਬਿੰਦ ਘਾਟ ਪਹੁੰਚਿਆ ਤੇ ਅਗਲੇ ਦਿਨ ਗੋਬਿੰਦ ਘਾਟ ਤੋਂ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਰਵਾਨਾ ਹੋ ਗਿਆ। ਦੱਸਿਆ ਜਾਂਦਾ ਹੈ ਕਿ 6 ਜੁਲਾਈ ਨੂੰ ਇਨ੍ਹਾਂ ਯਾਤਰੀਆਂ ਨੇ ਗੋਬਿੰਦ ਘਾਟ ਤੋਂ ਅੰਮ੍ਰਿਤਸਰ ਲਈ ਵਾਪਸੀ ਕੀਤੀ, ਜਿਸ ਦੀ ਜਾਣਕਾਰੀ ਗੱਡੀ ਦੇ ਡਰਾਈਵਰ ਮਹਿੰਗਾ ਸਿੰਘ ਉਰਫ ਮਿੱਠੂ ਨਿਵਾਸੀ ਮਹਿਤਾ ਚੌਕ ਨੇ ਜੋਸ਼ੀਮੱਠ ਤੋਂ ਆਪਣੇ ਪਰਿਵਾਰ ਨੂੰ ਦਿੱਤੀ ਸੀ। ਦੋ ਦਿਨ ਬਾਅਦ ਵੀ ਜਦੋਂ ਡਰਾਈਵਰ ਤੇ ਹੋਰ ਯਾਤਰੀ ਆਪਣੇ ਘਰ ਨਾ ਪਹੁੰਚੇ ਤਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ, ਪਰ ਕਾਫੀ ਭਾਲ ਤੋਂ ਬਾਅਦ ਵੀ ਨਾ ਗੱਡੀ ਤੇ ਨਾ ਹੀ ਉਸ ਵਿਚ ਸਵਾਰ ਲੋਕਾਂ ਦਾ ਕੋਈ ਪਤਾ ਲੱਗਾ। ਸਾਰਿਆਂ ਦੇ ਮੋਬਾਈਲ ਵੀ ਬੰਦ ਹੀ ਮਿਲ ਰਹੇ ਹਨ। ਇਨ੍ਹਾਂ ਯਾਤਰੀਆਂ ਨੂੰ ਭਾਲਦੇ ਹੋਏ ਪਰਿਵਾਰਕ ਮੈਂਬਰ 11 ਜੁਲਾਈ ਨੂੰ ਚਮੌਲੀ ਪਹੁੰਚੇ ਤੇ ਗੋਪੇਸ਼ਵਰ ਵਿਚ ਪੁਲੀਸ ਨਾਲ ਗੱਲਬਾਤ ਕਰਕੇ ਸਾਰੇ ਯਾਤਰੀਆਂ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਚਮੌਲੀ ਪੁਲੀਸ ਰੁਦ੍ਰਪਰਿਆਗ, ਟਿਹਰੀ, ਪੌੜੀ ਜ਼ਿਲ੍ਹਿਆਂ ਦੀ ਪੁਲੀਸ ਕੋਲੋਂ ਮਦਦ ਲੈ ਰਹੀ ਹੈ। ਲਾਪਤਾ ਯਾਤਰੀਆਂ ਵਿਚ ਅਮਰੀਕਾ ਤੋਂ ਆਏ ਪਰਮਜੀਤ ਸਿੰਘ (25) ਤੇ ਹਰਕੇਵਲ ਸਿੰਘ (26), ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਡੱਲਾ ਦੇ ਰਹਿਣ ਵਾਲੇ ਡਾ. ਹਰਪਾਲ ਸਿੰਘ (50) ਉਨ੍ਹਾਂ ਦਾ ਭਤੀਜਾ ਵਰਿੰਦਰ ਸਿੰਘ (28), ਕੁਲਬੀਰ ਸਿੰਘ (22), ਕਿਰਪਾਲ ਸਿੰਘ (52), ਜਸਵੀਰ ਸਿੰਘ (30) ਤੇ ਇਨੋਵਾ ਗੱਡੀ ਦਾ ਡਰਾਈਵਰ ਮਹਿੰਗਾ ਸਿੰਘ ਵਾਸੀ ਮਹਿਤਾ ਚੌਕ ਸ਼ਾਮਲ ਹਨ।