ਨਫ਼ਰਤੀ ਹਿੰਸਾ ਵਿਚ ਵਹਿ ਰਹੀਆਂ ਮਾਨਵੀ ਕਦਰਾਂ-ਕੀਮਤਾਂ

0
433

1
ਮਹਿਜ਼ 10 ਦਿਨਾਂ ਵਿਚ ਸਿੱਖ ਨੌਜਵਾਨ ਸਮੇਤ ਤਿੰਨ ਭਾਰਤੀਆਂ ‘ਤੇ ਹਮਲਾ
ਅਮਰੀਕੀਆਂ ਨੂੰ ਪਾਕਿ, ਅਫਗਾਨ, ਬੰਗਲਾਦੇਸ਼ ਤੇ ਭਾਰਤ ਜਾਣ ਤੋਂ ਚੌਕਸ ਕੀਤਾ
ਮੁਸਲਮਾਨ ਮੁਲਕਾਂ ‘ਤੇ ਪਾਬੰਦੀ ਵਾਲੇ ਹੁਕਮਾਂ ‘ਚੋਂ ਇਰਾਕ ਬਾਹਰ
ਇਮੀਗਰੇਸ਼ਨ ਵਿਰੋਧੀ ਵੈੱਬਸਾਈਟ ਨੇ ਭਾਰਤੀਆਂ ਦੀ ਵਧਾਈ ਚਿੰਤਾ
ਚੰਡੀਗੜ੍ਹ/ਬਿਊਰੋ ਨਿਊਜ਼ :
ਆਪਣੀ ਜ਼ਮੀਨ ਛੱਡ ਬੇਗ਼ਾਨੀ ਧਰਤੀ ‘ਤੇ ਆਪਣੇ ਲਈ ਥਾਂ ਬਣਾਉਣਾ ਨਾ ਤਾਂ ਆਸਾਨ ਹੁੰਦਾ ਹੈ ਤੇ ਨਾ ਹੀ ਕਿਸੇ ਦਾ ਜੀਅ ਕਰਦਾ ਹੈ। ਇਹ ਰੁਜ਼ਗਾਰ ਹੈ ਜੋ ਬੰਦੇ ਨੂੰ ਆਵਾਸ ਤੋਂ ਪਰਵਾਸ ਦੇ ਰਾਹ ਤੋਰ ਦਿੰਦਾ ਹੈ। ਅਮਰੀਕਾ ਵਿਚ ਟਰੰਪ ਸਰਕਾਰ ਆਉਣ ਮਗਰੋਂ ਨਫ਼ਰਤੀ ਤੇ ਨਸਲੀ ਹਮਲਿਆਂ ਵਿਚ ਅਚਾਨਕ ਵਾਧਾ ਹੋਇਆ ਹੈ, ਉਂਜ ਸਦੀਆਂ ਤੋਂ ਹੀ ਅਜਿਹੇ ਹਮਲੇ ਹੁੰਦੇ ਆਏ ਹਨ। ਇਸ ਦਾ ਵੱਡਾ ਕਾਰਨ ਦੁਨੀਆ ਭਰ ਦੀਆਂ ਸਿਆਸੀ ਧਿਰਾਂ ਰੁਜ਼ਗਾਰ ਦੇ ਚੰਗੇ ਮੌਕੇ ਪੈਦਾ ਕਰਨ ਅਤੇ ਕਾਮਿਆਂ ਨੂੰ ਬੁਨਿਆਦੀ ਸਹੂਲਤਾਂ ਦੇਣ ਵਿਚ ਵਾਂਝੀਆਂ ਰਹੀਆਂ ਹਨ। ਆਪਣੇ ਹੱਕਾਂ, ਹਿੱਸਿਆਂ ਤੇ ਅਧਿਕਾਰਾਂ ‘ਤੇ ਕਬਜ਼ੇ ਲਈ ਅਜਿਹੇ ਹਮਲੇ ਹੋਣਾ ਸੁਭਾਵਕ ਬਣਦਾ ਜਾ ਰਿਹਾ ਹੈ। ਇਕੱਲੇ ਅਮਰੀਕਾ ਵਿਚ ਹੀ ਪਿਛਲੇ 10 ਦਿਨਾਂ ਦੌਰਾਨ ਭਾਰਤੀਆਂ ‘ਤੇ ਤਿੰਨ ਹਮਲੇ ਹੋ ਚੁੱਕੇ ਹਨ। ਭਾਰਤੀ ਇੰਜਨੀਅਰ ਸ੍ਰੀਨਿਵਾਸ ਕੁੱਚੀਭੋਤਲਾ, ਕਾਰੋਬਾਰੀ ਹਰਨੀਸ਼ ਪਟੇਲ ਦੀ ਹੱਤਿਆ ਮਗਰੋਂ ਸਿੱਖ ਨੌਜਵਾਨ ਦੀਪ ਰਾਏ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦੇਣ ਨਾਲ ਸਾਰੇ ਭਾਈਚਾਰਿਆਂ ਵਿਚ ਸਹਿਮ ਦਾ ਮਾਹੌਲ ਬਣ ਗਿਆ ਹੈ। ਇਨ੍ਹਾਂ ਦੀ ਹਾਲਤ ਤ੍ਰਿਸ਼ੰਕੂ ਵਰਗੀ ਹੋ ਗਈ ਹੈ ਜੋ ਨਾ ਆਪਣੇ ਵਤਨਾਂ ਨੂੰ ਮੁੜ ਸਕਦੇ ਹਨ ਤੇ ਨਾ ਹੀ ਵਿਦੇਸ਼ੀ ਧਰਤੀ ‘ਤੇ ਸੁਰੱਖਿਅਤ ਮਹਿਸੂਸ ਕਰ ਰਹੇ ਹਨ।
ਟਰੰਪ ਸਰਕਾਰ ਤੋਂ ਪਹਿਲਾਂ ਵੀ ਸਿੱਖਾਂ ਅਤੇ ਮੁਸਲਮਾਨਾਂ ‘ਤੇ ਹਮਲੇ ਹੋ ਰਹੇ ਸਨ ਪਰ ਏਨੇ ਜ਼ਿਆਦਾ ਨਹੀਂ। ਸਿੱਖਾਂ ਨੂੰ ਮੁਸਲਮਾਨਾਂ ਦੇ ਭੁਲੇਖੇ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਪਰ ਹੁਣ ਹਿੰਦੂ ਭਾਈਚਾਰਾ ਵੀ ਇਨ੍ਹਾਂ ਹਮਲਿਆਂ ਦਾ ਸ਼ਿਕਾਰ ਹੋ ਰਿਹਾ ਹੈ। ਇਹ ਉਹੀ ਭਾਈਚਾਰਾ ਹੈ ਜਿਸ ਨੇ ਟਰੰਪ ਸਰਕਾਰ ਦੀ ਖੁੱਲ੍ਹ ਕੇ ਹਮਾਇਤ ਕੀਤੀ ਸੀ। ਅਜਿਹੇ ਵਿਚ ਇਨ੍ਹਾਂ ਘਟਨਾਵਾਂ ਨੂੰ ਸਹਿਜੇ ਨਹੀਂ ਲਿਆ ਜਾ ਸਕਦਾ। ਜਿਸ ਤਰ੍ਹਾਂ ਦੁਨੀਆ ਭਰ ਵਿਚ ‘ਰਾਸ਼ਟਰਵਾਦ’ ਦੀ ਹਨੇਰੀ ਝੁਲਾਈ ਜਾ ਰਹੀ ਹੈ, ਉਸ ਨਾਲ ਭਵਿੱਖ ਵਿਚ ਹੋਰ ਵੀ ਖ਼ਤਰਿਆਂ ਦਾ ਖ਼ਦਸ਼ਾ ਬਣ ਗਿਆ ਹੈ।
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੁਸਲਮਾਨ ਮੁਲਕਾਂ ‘ਤੇ ਪਾਬੰਦੀ ਵਾਲੀ ਆਪਣੀ ਅੜੀ ਪੁਗਾਉਂਦਿਆਂ ਭਾਵੇਂ ਇਰਾਕ ਨੂੰ ਇਸ ਸੂਚੀ ਵਿਚੋਂ ਬਾਹਰ ਕਰ ਦਿੱਤਾ ਹੈ ਪਰ ਇਸ ਨਾਲ ਖ਼ਤਰਾ ਟਲਣ ਵਾਲਾ ਨਹੀਂ ਹੈ। ਜੇਕਰ ਸਮੁੱਚੇ ਪਰਵਾਸੀਆਂ ਨੂੰ ਅਮਰੀਕਾ ਵਿਚ ਖ਼ਤਰਾ ਹੈ ਤਾਂ ਅਮਰੀਕੀਆਂ ਨੂੰ ਵੀ ਦੂਸਰੇ ਮੁਲਕਾਂ ਵਿਚ ਖ਼ਤਰਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸੇ ਲਈ ਅਮਰੀਕਾ ਨੇ ਆਪਣੇ ਨਾਗਰਿਕਾਂ ਲਈ ਟਰੈਵਲ ਐਡਵਾਇਜ਼ਰੀ ਜਾਰੀ ਕੀਤੀ ਹੈ। ਇਸ ਐਡਵਾਇਜ਼ਰੀ ਵਿਚ ਉਸ ਨੇ ਆਪਣੇ ਨਾਗਰਿਕਾਂ ਨੂੰ ਕਿਹਾ ਕਿ ਉਹ ਪਾਕਿਸਤਾਨ, ਅਫਗਾਨਿਸਤਾਨ ਅਤੇ ਬੰਗਲਾਦੇਸ਼ ਦੀ ਯਾਤਰਾ ਨਾ ਕਰਨ। ਇਸ ਦੇ ਨਾਲ ਹੀ ਜ਼ਿਕਰ ਹੈ ਕਿ ਭਾਰਤ ਵਿਚ ਵੀ ਅੱਤਵਾਦੀ ਤੱਤ ‘ਸਰਗਰਮ’ ਹਨ। ਇਸ ਲਈ ਉਨ੍ਹਾਂ ਨੂੰ ਇਨ੍ਹਾਂ ਮੁਲਕਾਂ ਵਿਚ ਜਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਅਮਰੀਕੀ ਵਿਦੇਸ਼ ਵਿਭਾਗ ਨੇ ਆਪਣੀ ਐਡਵਾਇਜ਼ਰੀ ਵਿਚ ਕਿਹਾ, ‘ਅਮਰੀਕੀ ਸਰਕਾਰ ਦਾ ਅਨੁਮਾਨ ਹੈ ਕਿ ਦੱਖਣੀ ਏਸ਼ੀਆ ਦੇ ਅੱਤਵਾਦੀ ਸਮੂਹ ਅਮਰੀਕੀ ਅਦਾਰਿਆਂ, ਨਾਗਰਿਕਾਂ ਅਤੇ ਹਿੱਤਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ।’
ਇਸ ਵਿਚ ਕਿਹਾ ਗਿਆ ਹੈ ਕਿ ਅਮਰੀਕੀ ਨਾਗਰਿਕਾਂ ਨੂੰ ਅਫਗਾਨਿਸਤਾਨ ਜਾਣ ਤੋਂ ਬਚਣਾ ਬਚਣਾ ਚਾਹੀਦਾ ਹੈ ਕਿਉਂਕਿ ਇਸ ਦੇਸ਼ ਦਾ ਕੋਈ ਇਲਾਕਾ ਹਿੰਸਾ ਤੋਂ ਮੁਕਤ ਨਹੀਂ ਹੈ। ਐਡਵਾਇਜ਼ਰੀ ਵਿਚ ਪਾਕਿਸਤਾਨ ਦੇ ਸੰਬੰਧ ਵਿਚ ਵੀ ਚਿਤਾਇਆ ਗਿਆ ਹੈ। ਇਸ ਅਨੁਸਾਰ, ‘ਪਾਕਿਸਤਾਨ ਵਿਚ ਕਈ ਅੱਤਵਾਦੀ ਸੰਗਠਨ, ਜਾਤੀ ਸਮੂਹ ਅਤੇ ਦੂਸਰੇ ਅੱਤਵਾਦੀ ਹਨ ਜੋ ਅਮਰੀਕੀ ਨਾਗਰਿਕਾਂ ਲਈ ਖਤਰਾ ਪੈਦਾ ਕਰਦੇ ਹਨ।’
ਅਮਰੀਕਾ ਨੇ ਬੰਗਲਾਦੇਸ਼ ਦੀ ਯਾਤਰਾ ਨੂੰ ਲੈ ਕੇ ਆਪਣੇ ਨਾਗਰਿਕਾਂ ਨੂੰ ਚਿਤਾਉਂਦੇ ਹੋਏ ਕਿਹਾ, ‘ਬੰਗਲਾਦੇਸ਼ ਵਿਚ ਅੱਤਵਾਦੀਆਂ ਨੇ ਕਈ ਸਥਾਨਾਂ ਅਤੇ ਸੰਸਥਾਵਾਂ ਨੂੰ ਨਿਸ਼ਾਨਾ ਬਣਾਇਆ ਹੈ।’ ਵਿਦੇਸ਼ ਵਿਭਾਗ ਨੇ ਆਪਣੀ ਇਸ ਐਡਵਾਇਜ਼ਰੀ ਵਿਚ ਭਾਰਤ ਨੂੰ ਲੈ ਕੇ ਹਾਲਾਂਕਿ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਹੈ ਪਰ ਜ਼ਿਕਰ ਜ਼ਰੂਰ ਹੈ। ਭਾਰਤ ਨੂੰ ਲੈ ਕੇ ਇਸ ਵਿਚ ਕਿਹਾ ਗਿਆ ਹੈ, ‘ਭਾਰਤ ਵਿਚ ਵੀ ਅੱਤਵਾਦੀ ਤੱਤ ਸਰਗਰਮ ਹਨ, ਜਿਵੇਂ ਕਿ ਹਾਲੀਆ ਐਮਰਜੈਂਸੀ ਮੈਸੇਜ ਵਿਚ ਕਿਹਾ ਗਿਆ ਸੀ।
ਇਸ ਐਡਵਾਇਜ਼ਰੀ ਵਿਚ ਅਮਰੀਕਾ ਨੇ ਤਿੰਨ ਦੇਸ਼ਾਂ ਅਫਗਾਨਿਸਤਾਨ, ਪਾਕਿਸਤਾਨ ਅਤੇ ਬੰਗਲਾਦੇਸ਼ ਵਿਚ ਬੀਤੇ ਕੁਝ ਸਮੇਂ ਦੌਰਾਨ ਹੋਏ ਹਮਲਿਆਂ ਵਿਚ ਮਾਰੇ ਗਏ ਲੋਕਾਂ ਦਾ ਬਿਓਰਾ ਦਿੱਤਾ ਹੈ। ਪਾਕਿਸਤਾਨ ਦੇ ਸੰਦਰਭ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ ਵਿਚ ਅੱਤਵਾਦੀਆਂ ਨੇ ਕੁਝ ਲੋਕਾਂ ਨੂੰ ਸਿਰਫ ਇਸ ਲਈ ਨੁਕਸਾਨ ਪਹੁੰਚਾਇਆ ਕਿਉਂਕਿ ਉਹ ਅਮਰੀਕੀ ਨਾਗਰਿਕ ਸਨ। ਟਰੰਪ ਸਰਕਾਰ ਦੇ ਫ਼ੈਸਲਿਆਂ ਨੇ ਸੰਸਾਰ ਭਰ ਵਿਚ ਅਜੀਬ ਬੇਚੈਨੀ ਵਾਲਾ ਮਾਹੌਲ ਪੈਦਾ ਕਰ ਦਿੱਤਾ ਹੈ।
ਉਧਰ ਭਾਰਤੀ ਮੂਲ ਦੇ ਲੋਕਾਂ ‘ਤੇ ਹਮਲਿਆਂ ਦੌਰਾਨ ਇਮੀਗ੍ਰੇਸ਼ਨ ਵਿਰੋਧੀ ਇਕ ਵੈੱਬਸਾਇਟ ਨੇ ਇਕ ਵੀਡੀਓ ਰਾਹੀਂ ਭਾਰਤੀ ਭਾਈਚਾਰੇ ਦੀ ਪ੍ਰੇਸ਼ਾਨੀ ਵਧਾ ਦਿੱਤੀ ਹੈ ਜਿਸ ਵਿਚ ਇਕ ਵਿਅਕਤੀ ਭਾਰਤੀ ਪਰਿਵਾਰਾਂ ਦੀ ਗੁਪਤ ਤਰੀਕੇ ਨਾਲ ਫਿਲਮ ਬਣਾਉਂਦੇ ਹੋਏ ਅਤੇ ਇਹ ਕਹਿੰਦੇ ਹੋਏ ਨਜ਼ਰ ਆ ਰਿਹਾ ਹੈ ਕਿ, ‘ਭਾਰਤੀ ਲੋਕਾਂ ਦੀ ਭੀੜ’ ਨੇ ‘ਮਿਡਵੈਸਟ ਇਲਾਕੇ ਨੂੰ ਤਬਾਹ ਕਰ ਦਿੱਤਾ ਹੈ।’ ਇਹ ਵੀਡੀਓ 2:49 ਮਿੰਟ ਦੀ ਹੈ, ਜਿਸ ਨੂੰ ‘ਸੇਵ ਅਮਰੀਕਨ ਆਈ.ਟੀ. ਜਾਬਸ ਡਾਟ ਓ.ਆਰ.ਜੀ.’ ਨਾਂ ਦੀ ਵੈੱਬਸਾਇਟ ਨੇ ਪੋਸਟ ਕੀਤਾ ਹੈ। ਜਾਣਕਾਰੀ ਮੁਤਾਬਕ ‘ਵੈਲਕਮ ਟੂ ਕੋਲੰਬਸ ਓਹਾਯੋ ਸਬਅਰਬਸ-ਲੈੱਟਸ ਟੇਕ ਏ ਵਾਕ ਟੂ ਇੰਡੀਅਨ ਪਾਰਕ’ ਨਾਂ ਦੀ ਹੈੱਡਲਾਈਨ ਵਾਲੀ ਇਸ ਵੀਡੀਓ ਨੂੰ ਬਣਾਉਣ ਵਾਲਾ 66 ਸਾਲਾਂ ਇਕ ਕੰਪਿਊਟਰ ਪ੍ਰੋਗਰਾਮਰ ਹੈ, ਜਿਸ ਦਾ ਨਾਂ ਸਟੀਵ ਪਿਊਸ਼ਰ ਦੱਸਿਆ ਗਿਆ ਹੈ। ਉਹ ਵਰਜੀਨੀਆ ਦਾ ਰਹਿਣ ਵਾਲਾ ਹੈ।
ਭਾਰਤੀ ਪਰਿਵਾਰ ਦੀ ਗੁਪਤ ਤਰੀਕੇ ਨਾਲ ਫਿਲਮ ਬਣਾਉਣ ਨਾਲ ਪਿਊਸ਼ਰ ਬੋਲ ਵੀ ਰਿਹਾ ਹੈ। ਉਸ ਨੇ ਕਿਹਾ, ‘ਭਾਰਤੀ ਲੋਕਾਂ ਦੀ ਭੀੜ ਨੇ ਮਿਡਵੈਸਟ ਇਲਾਕੇ ਨੂੰ ਤਬਾਹ ਕਰ ਦਿੱਤਾ ਹੈ। ਇਹ ਪਾਗਲਪਨ ਹੈ। ਮੈਂ ਇਹ ਸਵਾਲ ਪੁੱਛਦਾ ਹਾਂ- ਉਨ੍ਹਾਂ ਅਮਰੀਕੀ ਲੋਕਾਂ ਨੂੰ ਕੀ ਹੋ ਗਿਆ ਹੈ ਜੋ ਇਸ ਦਰਮਿਆਨੇ, ਉੱਚ ਦਰਮਿਆਨੇ ਵਰਗੀ ਇਲਾਕੇ ਵਿਚ ਰਹਿੰਦੇ ਸਨ। ਇਹ ਸਾਰਾ ਪੈਸਾ ਕਿਥੋਂ ਆਉਂਦਾ ਹੈ।’ ਪਾਰਕ ਵਿਚ ਬਣਾਏ ਗਏ ਇਸ ਵੀਡੀਓ ਵਿਚ ਨਜ਼ਰ ਆ ਰਿਹਾ ਹੈ ਕਿ ਬੱਚੇ ਭੱਜ ਰਹੇ ਹਨ ਅਤੇ ਖੇਡ ਰਹੇ ਹਨ ਜਦਕਿ ਉਨ੍ਹਾਂ ਦੇ ਮਾਤਾ-ਪਿਤਾ ਅਤੇ ਹੋਰ ਲੋਕ ਉਨ੍ਹਾਂ ਨੂੰ ਦੇਖ ਰਹੇ ਹਨ।
ਵੀਡੀਓ ਵਿਚ ਇਹ ਵਿਅਕਤੀ ਕਹਿੰਦਾ ਹੈ, ‘ਮੈਂ ਇਹ ਨਹੀਂ ਆਖ ਰਿਹਾ ਹਾਂ ਕਿ ਇਹ ਚੰਗਾ ਹੈ ਜਾ ਮਾੜਾ। ਮੈਂ ਉਨ੍ਹਾਂ ਲੋਕਾਂ ਲਈ ਪ੍ਰੇਸ਼ਾਨ ਹਾਂ ਜਿਨ੍ਹਾਂ ਦੀਆਂ ਇਥੇ ਨੌਕਰੀਆਂ ਸੀ ਅਤੇ ਜੋ ਇਥੇ ਕੰਮ ਕਰਦੇ ਸਨ।’ ਪਿਊਸ਼ਰ ਨੇ ਕਿਹਾ ਕਿ ਪਿਛਲੇ ਸਾਲ ਤੱਕ ਭਾਰਤੀ ਲੋਕ ਕ੍ਰਿਕਟ ਖੇਡਿਆ ਕਰਦੇ ਸਨ ਅਤੇ ਹੁਣ ਉਹ ਵਾਲੀਬਾਲ ਖੇਡ ਰਹੇ ਹਨ, ‘ਅਮਰੀਕੀ ਜੀਵਨ ਸ਼ੈਲੀ ਨੂੰ ਅਖਤਿਆਰ ਕਰ ਰਹੇ ਹਨ।’ ਉਸ ਨੇ ਕਿਹਾ, ‘ਵੱਡੀ ਗਿਣਤੀ ਵਿਚ ਅਮਰੀਕੀਆਂ ਦੀਆਂ ਨੌਕਰੀਆਂ ਖੁੱਸ ਗਈਆਂ ਹਨ।’