ਹੰਸ ਨੂੰ ਹੁਣ ਭਾਇਆ ਕਮਲ ਦੇ ਫੁੱਲ ਦਾ ਰਸ

0
832

Padam Shri Hans Raj Hans at BJP offie after  join BJP in presence of BJP National President,  Amit Shah in new Delhi on Saturday. tribune Photo

ਕੈਪਸ਼ਨ-ਪਦਮਸ੍ਰੀ ਹੰਸ ਰਾਜ ਹੰਸ ਨਵੀਂ ਦਿੱਲੀ ਵਿੱਚ ਭਾਜਪਾ ਹੈੱਡਕੁਆਰਟਰ ਦੇ ਬਾਹਰ ਕਿਸੇ ਨਾਲ ਗੱਲਬਾਤ ਕਰਦੇ ਹੋਏ।
ਨਵੀਂ ਦਿੱਲੀ, 10 ਦਸੰਬਰ
ਉੱਘੇ ਪੰਜਾਬੀ ਗਾਇਕ ਹੰਸ ਰਾਜ ਹੰਸ ਅੱਜ ਭਾਜਪਾ ਵਿੱਚ ਸ਼ਾਮਲ ਹੋ ਗਏ। ਇਥੇ ਭਾਜਪਾ ਹੈੱਡ ਕੁਆਰਟਰ ਵਿੱਚ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਹੰਸ ਨੂੰ ਰਸਮੀ ਤੌਰ ‘ਤੇ ਪਾਰਟੀ ਵਿੱਚ ਸ਼ਾਮਲ ਕਰ ਲਿਆ। ਸ੍ਰੀ ਹੰਸ, ਜੋ ਕਿ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਕਾਂਗਰਸ ਤੇ ਹੁਣ ਭਾਜਪਾ ਨਾਲ ਆ ਜੁੜੇ ਹਨ, ਨੇ ਇਸ ਫ਼ੈਸਲੇ ਦਾ ਆਧਾਰ ਭਾਜਪਾ ਦੇ ਕਈ ‘ਇਨਕਲਾਬੀ ਫ਼ੈਸਲਿਆਂ’ ਨੂੰ ਦੱਸਿਆ ਹੈ। ਉਧਰ ਭਾਜਪਾ ਨੇ ਆਸ ਜਤਾਈ ਹੈ ਕਿ ਦਲਿਤ ਭਾਈਚਾਰੇ ਨਾਲ ਸਬੰਧਤ ਸੂਫ਼ੀ ਗਾਇਕ ਦੇ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਭਾਈਚਾਰੇ ਦੀ ਵੱਡੀ ਹਮਾਇਤ ਜੁਟਾਉਣ ਵਿੱਚ ਸਫ਼ਲ ਰਹੇਗੀ। ਗੱਠਜੋੜ ਨੂੰ ਐਤਕੀਂ ਕਾਂਗਰਸ ਤੋਂ ਇਲਾਵਾ ਆਮ ਆਦਮੀ ਪਾਰਟੀ ਤੋਂ ਸਖ਼ਤ ਟੱਕਰ ਮਿਲਣ ਦੀ ਸੰਭਾਵਨਾ ਹੈ। ਪਦਮਸ੍ਰੀ ਐਵਾਰਡ ਜੇਤੂ ਹੰਸ ਨੇ ਮੋਦੀ ਨੂੰ ‘ਬੱਬਰ ਸ਼ੇਰ’ ਦੱਸਦਿਆਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਵਿੱਚ ਭਾਰਤ ਆਲਮੀ ਮੰਚ ‘ਤੇ ਮੋਹਰੀ ਹੋ ਕੇ ਉਭਰਿਆ ਹੈ ਤੇ ਹਰ ਭਾਰਤੀ ਲਈ ਇਹ ਮਾਣ ਵਾਲੀ ਗੱਲ ਹੈ। ਸ਼ਾਹ ਦੀ ਤਾਰੀਫ਼ ਕਰਦਿਆਂ ਹੰਸ ਨੇ ਕਿਹਾ ਕਿ ਭਾਜਪਾ ਪ੍ਰਧਾਨ ਦੀ ਰਹਿਨੁਮਾਈ ਵਿੱਚ ਪਾਰਟੀ ਦਾ ਨਾ ਸਿਰਫ਼ ਵਿਸਥਾਰ ਹੋਇਆ ਬਲਕਿ ਇਸ ਦੀ ਮਕਬੂਲੀਅਤ ਵੀ ਕਈ ਗੁਣਾਂ ਵਧ ਗਈ। ਉਂਜ ਉਨ੍ਹਾਂ ਕਿਹਾ ਕਿ ਪਾਰਟੀ ਵੱੱਲੋਂ ਸੌਂਪੀ ਕਿਸੇ ਵੀ ਜ਼ਿੰਮੇਵਾਰੀ ਨੂੰ ਉਹ ਪੂਰਾ ਕਰਨਗੇ। ਸੂਤਰਾਂ ਮੁਤਾਬਕ ਹੰਸ ਨੂੰ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਜਲੰਧਰ ਪੱਛਮੀ (ਰਾਖਵਾਂ)ਤੋਂ ਭਾਜਪਾ ਦੀ ਟਿਕਟ ਮਿਲ ਸਕਦੀ ਹੈ। ਗੌਰਤਲਬ ਹੈ ਕਿ ਹੰਸ ਨੇ 2009 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ‘ਤੇ ਲੋਕ ਸਭਾ ਦੀ ਚੋਣ ਲੜੀ ਸੀ, ਜਿਸ ਵਿੱਚ ਉਨ੍ਹਾਂ ਨੂੰ ਹਾਰ ਨਸੀਬ ਹੋਈ ਸੀ। ਇਸ ਸਾਲ ਫਰਵਰੀ ਵਿੱਚ ਉਹ ਕੈਪਟਨ ਅਮਰਿੰਦਰ ਸਿੰਘ ਦੇ ਕਹਿਣ ‘ਤੇ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ।