ਭਾਰਤ ਦੇ ਮੁਸਲਮਾਨਾਂ ਵਿਚ ਬੇਚੈਨੀ ਤੇ ਅਸੁਰੱਖਿਆ ਦੀ ਭਾਵਨਾ : ਹਾਮਿਦ ਅਨਸਾਰੀ

0
257

ਡਾ. ਮਨਮੋਹਨ ਸਿੰਘ ਨੇ ਪੜ੍ਹਿਆ ਸ਼ੇਅਰ- ”ਕੁਛ ਬਾਤ ਹੈ ਕਿ ਹਸਤੀ ਮਿਟਤੀ ਨਹੀਂ ਹਮਾਰੀ, ਵਰਨਾ ਸਦੀਓਂ ਸੇ ਰਹਾ ਹੈ ਦੁਸ਼ਮਨ ਦੌਰ-ਏ-ਜ਼ਮਾਨਾ ਹਮਾਰਾ।”

New Delhi: Outgoing Vice-President Hamid Ansari with Vice President-designate M Venkaiah Naidu during his farewell function at GMC Balayogi Auditorium at Parliament in New Delhi on Thursday. PTI Photo by Shahbaz Khan (PTI8_10_2017_000181B)
ਕੈਪਸ਼ਨ-ਸੰਸਦ ਦੇ ਜੀਐਮਸੀ ਬਾਲਾਯੋਗੀ ਆਡੀਟੋਰੀਅਮ ਵਿੱਚ ਉਪ ਰਾਸ਼ਟਰਪਤੀ ਹਾਮਿਦ ਅਨਸਾਰੀ ਦੇ ਵਿਦਾਇਗੀ ਸਮਾਗਮ ਦੌਰਾਨ ਸ੍ਰੀ ਅਨਸਾਰੀ ਤੇ ਉਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਕੋਈ ਗੱਲ ਕਰਦੇ ਹੋਏ। 

ਨਵੀਂ ਦਿੱਲੀ/ਬਿਊਰੋ ਨਿਊਜ਼ :
ਰਾਜ ਸਭਾ ਦੇ ਚੇਅਰਮੈਨ ਹਾਮਿਦ ਅਨਸਾਰੀ ਨੇ ਕਿਹਾ ਕਿ ਜੇ ਸਰਕਾਰ ਦੀਆਂ ਨੀਤੀਆਂ ਦੀ ਆਜ਼ਾਦੀ ਤੇ ਬੇਬਾਕੀ ਨਾਲ ਆਲੋਚਨਾ ਦੀ ਖੁੱਲ੍ਹ ਨਹੀਂ ਦਿੱਤੀ ਜਾਂਦੀ ਤਾਂ ਜਮਹੂਰੀਅਤ ਵੀ ਤਾਨਾਸ਼ਾਹੀ ਵਿੱਚ ਬਦਲ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਵਕਤ ਭਾਰਤ ਦੇ ਮੁਸਲਮਾਨਾਂ ਵਿਚ ਬੇਚੈਨੀ ਅਤੇ ਅਸੁਰੱਖਿਆ ਦੀ ਭਾਵਨਾ ਹੈ। ਦੇਸ਼ ਦੇ ਉਪ ਰਾਸ਼ਟਰਪਤੀ ਤੇ ਰਾਜ ਸਭਾ ਚੇਅਰਮੈਨ ਵਜੋਂ ਆਪਣੇ ਦਹਾਕਾ ਲੰਬੇ ਕਾਰਜਕਾਲ ਦੇ ਆਖ਼ਰੀ ਦਿਨ ਆਪਣੀ ਵਿਦਾਇਗੀ ਤਕਰੀਰ ਦੌਰਾਨ ਸ੍ਰੀ ਅਨਸਾਰੀ ਨੇ ਕਿਹਾ ਕਿ ਰਾਜ ਸਭਾ ਦੇਸ਼ ਦੀ ਅਨੇਕਤਾ ਦਾ ਪ੍ਰਗਟਾਵਾ ਕਰਨ ਵਾਲਾ ਸਦਨ ਹੈ।
ਉਨ੍ਹਾਂ ਇਸ ਮੌਕੇ ਸਾਬਕਾ ਉਪ ਰਾਸ਼ਟਰਪਤੀ ਐਸ. ਰਾਧਾਕ੍ਰਿਸ਼ਨਨ ਦੇ ਸ਼ਬਦਾਂ ਨੂੰ ਦੁਹਰਾਉਂਦਿਆਂ ਕਿਹਾ, ”ਇਕ ਲੋਕਤੰਤਰ ਵੀ ਉਦੋਂ ਵਿਗੜ ਕੇ ਤਾਨਾਸ਼ਾਹੀ ਬਣ ਸਕਦਾ ਹੈ, ਜੇ ਇਹ ਵਿਰੋਧੀ ਗਰੁੱਪਾਂ ਨੂੰ ਆਜ਼ਾਦੀ, ਨਿਰਪੱਖਤਾ ਤੇ ਬੇਬਾਕੀ ਨਾਲ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਦੀ ਖੁੱਲ੍ਹ ਨਹੀਂ ਦਿੰਦਾ।” ਉਨ੍ਹਾਂ ਨਾਲ ਹੀ ਕਿਹਾ ਕਿ ਜਿਥੇ ਮੈਂਬਰਾਂ ਨੂੰ ‘ਆਲੋਚਨਾ ਕਰਨ ਦਾ ਪੂਰਾ ਹੱਕ ਹੈ, ਉਥੇ ਇਸ ਹੱਕ ਦੀ ਦੁਰਵਰਤੋਂ ਜਾਣ-ਬੁੱਝ ਕੇ ਸੰਸਦ ਦਾ ਕੰਮ-ਕਾਜ ਰੋਕਣ ਲਈ ਨਹੀਂ ਕੀਤੀ ਜਾਣੀ ਚਾਹੀਦੀ।’ ਅਸਲ ਵਿੱਚ ਸਾਰੇ ਗਰੁੱਪਾਂ ਦੇ ਹੱਕ ਵੀ ਹਨ ਤੇ ਜ਼ਿੰਮੇਵਾਰੀਆਂ ਵੀ।” ਉਨ੍ਹਾਂ ਕਿਹਾ ਕਿ ਜਮਹੂਰੀਅਤ ਦੀ ਖ਼ਾਸੀਅਤ ਇਸ ਵੱਲੋਂ ‘ਘੱਟ-ਗਿਣਤੀਆਂ ਨੂੰ ਦਿੱਤੀ ਜਾਂਦੀ ਸੁਰੱਖਿਆ’ ਹੈ, ਪਰ ਘੱਟ ਗਿਣਤੀਆਂ ਦੀਆਂ ਵੀ ਜ਼ਿੰਮੇਵਾਰੀਆਂ ਹਨ। ਗ਼ੌਰਤਲਬ ਹੈ ਕਿ ਸ੍ਰੀ ਅਨਸਾਰੀ ਇਹ ਫ਼ੈਸਲਾ ਲੈਣ ਵਾਲਿਆਂ ਵਿੱਚ ਮੋਹਰੀ ਸਨ, ਕਿ ਸਦਨ ਵਿੱਚ ਕਾਨੂੰਨਾਂ ਨੂੰ ਸ਼ੋਰ-ਸ਼ਰਾਬੇ ਦੌਰਾਨ ਨਹੀਂ ਪਾਸ ਕੀਤਾ ਜਾਣਾ ਚਾਹੀਦਾ ਤੇ ਇਸ ਮਾਮਲੇ ਵਿੱਚ ਜਲਦਬਾਜ਼ੀ ਨਹੀਂ ਹੋਣੀ ਚਾਹੀਦੀ।
ਇਸ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਸਦਨ ਵਿੱਚ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੁਲਕ ਅਨੇਕਾਂ ਚੁਣੌਤੀਆਂ ਦੇ ਬਾਵਜੂਦ ਉਨ੍ਹਾਂ (ਸ੍ਰੀ ਅਨਸਾਰੀ) ਵਰਗੀਆਂ ਸ਼ਖ਼ਸੀਅਤਾਂ ਸਦਕਾ ਹੀ ਅੱਗੇ ਵਧ ਰਿਹਾ ਹੈ। ਡਾ. ਮਨਮੋਹਨ ਸਿੰਘ ਦੇ ਕਾਰਜਕਾਲ ਦੌਰਾਨ ਹੀ ਸ੍ਰੀ ਅਨਸਾਰੀ ਦੀ ਪੰਜ-ਪੰਜ ਸਾਲਾ ਮਿਆਦਾਂ ਲਈ ਦੋ ਵਾਰ ਉਪ ਰਾਸ਼ਟਰਪਤੀ ਵਜੋਂ ਚੋਣ ਹੋਈ ਸੀ। ਉਨ੍ਹਾਂ ਇਸ ਮੌਕੇ ਉਰਦੂ ਦੇ ਨਾਮੀ ਸ਼ਾਇਰ ਇਕਬਾਲ ਦਾ ਸ਼ੇਅਰ ਵੀ ਪੜ੍ਹਿਆ: ”ਕੁਛ ਬਾਤ ਹੈ ਕਿ ਹਸਤੀ ਮਿਟਤੀ ਨਹੀਂ ਹਮਾਰੀ, ਵਰਨਾ ਸਦੀਓਂ ਸੇ ਰਹਾ ਹੈ ਦੁਸ਼ਮਨ ਦੌਰ-ਏ-ਜ਼ਮਾਨਾ ਹਮਾਰਾ।” ਹੋਰ ਵੀ ਅਨੇਕਾਂ ਮੈਂਬਰਾਂ ਨੇ ਸ੍ਰੀ ਅਨਸਾਰੀ ਦੇ ਯੋਗਦਾਨ ਨੂੰ ਸਲਾਹਿਆ।
ਨਾਇਡੂ ਬੋਲੇ- ਘੱਟ ਗਿਣਤੀਆਂ ‘ਚ ਅਸੁਰੱਖਿਆ ਮਹਿਜ਼ ਸਿਆਸੀ ਪ੍ਰਚਾਰ :
ਉਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਨੇ ਇਨ੍ਹਾਂ ਵਿਚਾਰਾਂ ਨੂੰ ਮਹਿਜ਼ ‘ਸਿਆਸੀ ਪ੍ਰਚਾਰ’ ਆਖ ਕੇ ਰੱਦ ਕਰ ਦਿੱਤਾ ਕਿ ਦੇਸ਼ ਦੀਆਂ ਘੱਟ ਗਿਣਤੀਆਂ ਵਿੱਚ ਅਸੁਰੱਖਿਆ ਦੀ ਭਾਵਨਾ ਹੈ। ਉਨ੍ਹਾਂ ਦਾ ਇਸ਼ਾਰਾ ਸੰਭਵ ਤੌਰ ‘ਤੇ ਸੇਵਾਮੁਕਤ ਹੋਏ ਉਪ ਰਾਸ਼ਟਰਪਤੀ ਹਾਮਿਦ ਅਨਸਾਰੀ ਵੱਲ ਸੀ। ਸ੍ਰੀ ਅਨਸਾਰੀ ਨੇ ਇਕ ਟੀਵੀ ਇੰਟਰਵਿਊ ਦੌਰਾਨ ਦੇਸ਼ ਦੇ ਮੁਸਲਮਾਨਾਂ ਵਿੱਚ ਡਰ ਦੀ ਭਾਵਨਾ ਹੋਣ ਦੀ ਗੱਲ ਆਖਦਿਆਂ ਕਿਹਾ ਸੀ ਕਿ ਮੁਲਕ ਵਿੱਚ ਇਕ-ਦੂਜੇ ਦੀ ਹੋਂਦ ‘ਸਵਿਕਾਰਨ ਦਾ ਮਾਹੌਲ’ ਖ਼ਤਰੇ ਵਿੱਚ ਹੈ।
ਸ੍ਰੀ ਨਾਇਡੂ ਨੇ ਕਿਹਾ, ”ਕੁਝ ਲੋਕ ਆਖ ਰਹੇ ਹਨ ਕਿ ਘੱਟ ਗਿਣਤੀਆਂ ਅਸੁਰੱਖਿਅਤ ਹਨ। ਇਹ ਸਿਆਸੀ ਪ੍ਰਚਾਰ ਹੈ। ਬਾਕੀ ਸਮੁੱਚੀ ਦੁਨੀਆ ਦੇ ਮੁਕਾਬਲੇ ਭਾਰਤ ਵਿੱਚ ਘੱਟਗਿਣਤੀਆਂ ਵੱਧ ਸੁਰੱਖਿਅਤ ਹਨ।” ਉਨ੍ਹਾਂ ਇਸ ਗੱਲ ਨੂੰ ਵੀ ਖ਼ਾਰਜ ਕਰ ਦਿੱਤਾ ਕਿ ਦੇਸ਼ ਵਿੱਚ ਅਸਹਿਣਸ਼ੀਲਤਾ ਵਧ ਰਹੀ ਹੈ। ਭਾਜਪਾ ਦੇ ਸਾਬਕਾ ਪ੍ਰਧਾਨ ਸ੍ਰੀ ਨਾਇਡੂ (68) ਨੇ ਇਕ ਖ਼ਾਸ ਭਾਈਚਾਰੇ ਦਾ ਨਾਂ ਲੈ ਕੇ ਸਮਾਜ ਵਿੱਚ ਵੰਡੀਆਂ ਪਾਏ ਜਾਣ ਖ਼ਿਲਾਫ਼ ਵੀ ਖ਼ਬਰਦਾਰ ਕੀਤਾ। ਉਨ੍ਹਾਂ ਕਿਹਾ, ”ਜੇ ਤੁਸੀਂ ਕਿਸੇ ਖ਼ਾਸ ਭਾਈਚਾਰੇ ਦੀ ਗੱਲ ਕਰੋਗੇ, ਤਾਂ ਹੋਰ ਭਾਈਚਾਰੇ ਇਸ ਨੂੰ ਗ਼ਲਤ ਢੰਗ ਨਾਲ ਲੈਣਗੇ।” ਇਸ ਦੌਰਾਨ ਹਾਕਮ ਭਾਜਪਾ ਨੇ ਵੀ ‘ਮੁਸਲਮਾਨਾਂ ਵਿੱਚ ਅਸੁਰੱਖਿਆ’ ਵਾਲੇ ਬਿਆਨ ਲਈ ਸ੍ਰੀ ਅਨਸਾਰੀ ਉਤੇ ਹੱਲਾ ਬੋਲਦਿਆਂ ਕਿਹਾ ਕਿ ਉਨ੍ਹਾਂ ਵਰਗੇ ਉੱਚ ਅਹੁਦੇ ਉਤੇ ਬੈਠੇ ਵਿਅਕਤੀ ਤੋਂ ਅਜਿਹੀ ਬਿਆਨਬਾਜ਼ੀ ਦੀ ਤਵੱਕੋ ਨਹੀਂ ਕੀਤੀ ਜਾ ਸਕਦੀ। ਪਾਰਟੀ ਦੇ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਆ ਨੇ ਦੋਸ਼ ਲਾਇਆ ਕਿ ਸ੍ਰੀ ਅਨਸਾਰੀ ਆਪਣੀ ਸੇਵਾਮੁਕਤੀ ਤੋਂ ਬਾਅਦ ‘ਸਿਆਸੀ ਸ਼ਰਨ’ ਹਾਸਲ ਕਰਨ ਲਈ ਅਜਿਹਾ ਆਖ ਰਹੇ ਹਨ।