ਰਾਮ ਰਹੀਮ ਨੇ ਮੰਗੀ ਸਜ਼ਾ ਮੁਆਫ਼ੀ, ਸਾਧਵੀਆਂ ਨੇ ਉਮਰ ਕੈਦ

0
421

gurmeet-ram-rahim-singh
ਹਾਈ ਕੋਰਟ ਦਾ ਆਦੇਸ਼-ਰਾਮ ਰਹੀਮ ਨੂੰ ਜੁਰਮਾਨਾ ਤਾਂ ਭਰਨਾ ਹੀ ਪਵੇਗਾ
ਚੰਡੀਗੜ੍ਹ/ਬਿਊਰੋ ਨਿਊਜ਼ :
ਸਾਧਵੀਆਂ ਨਾਲ ਜਬਰ ਜਨਾਹ ਦੇ ਮਾਮਲੇ ਵਿਚ ਸੀ.ਬੀ.ਆਈ. ਅਦਾਲਤ ਪੰਚਕੂਲਾ ਵਲੋਂ ਸੁਣਾਈ 10-10 ਸਾਲ ਕੈਦ ਦੀ ਸਜ਼ਾ ਦੇ ਵਿਰੁੱਧ ਰਾਮ ਰਹੀਮ ਵਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਦਾਖ਼ਲ ਅਪੀਲ ‘ਤੇ ਜਸਟਿਸ ਸੂਰੀਆਕਾਂਤ ਦੇ ਡਿਵੀਜ਼ਨ ਬੈਂਚ ਨੇ ਸੀ.ਬੀ.ਆਈ. ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗ ਲਿਆ ਹੈ। ਰਾਮ ਰਹੀਮ ਨੂੰ ਲਗਾਏ ਗਏ ਜੁਰਮਾਨੇ ‘ਤੇ ਰੋਕ ਲਗਾਉਣ ਦੀ ਮੰਗ ‘ਤੇ ਬੈਂਚ ਨੇ ਉਸ ਨੂੰ ਝਟਕਾ ਦਿੰਦਿਆਂ ਦੋਵੇਂ ਮਾਮਲਿਆਂ ਵਿਚ 30 ਲੱਖ ਰੁਪਏ 2 ਮਹੀਨੇ ਵਿਚ ਜਮ੍ਹਾਂ ਕਰਵਾਉਣ ਦੀ ਹਦਾਇਤ ਕੀਤੀ ਹੈ। ਦੂਜੇ ਪਾਸੇ ਸਾਧਵੀਆਂ ਵਲੋਂ ਰਾਮ ਰਹੀਮ ਦੀ ਸਜ਼ਾ ਵਿਚ ਵਾਧਾ ਕਰ ਕੇ ਉਸ ਨੂੰ ਉਮਰ ਕੈਦ ਦੀ ਸਜ਼ਾ ਦੇਣ ਦੀ ਮੰਗ ਨੂੰ ਲੈ ਕੇ ਅਪੀਲ ‘ਤੇ ਵੀ ਬੈਂਚ ਨੇ ਸੀ.ਬੀ.ਆਈ. ਅਤੇ ਰਾਮ ਰਹੀਮ ਨੂੰ ਨੋਟਿਸ ਜਾਰੀ ਕਰਕੇ ਪੁੱਛਿਆ ਹੈ ਕਿ ਆਖ਼ਰ ਸਜ਼ਾ ਵਿਚ ਵਾਧਾ ਕਿਉਂ ਨਾ ਕੀਤਾ ਜਾਵੇ। ਹਾਈਕੋਰਟ ਨੇ ਇਨ੍ਹਾਂ ਅਪੀਲਾਂ ਵਿਚ ਨੋਟਿਸ ਜਾਰੀ ਕਰਦਿਆਂ ਮਾਮਲੇ ਸੁਣਵਾਈ ਲਈ ਐਡਮਿਟ ਕਰ ਲਏ ਹਨ, ਯਾਨੀ ਇਨ੍ਹਾਂ ਰਿਵੀਜ਼ਨ ਪਟੀਸ਼ਨਾਂ (ਅਪੀਲਾਂ) ਆਮ ਮਾਮਲਿਆਂ ਵਾਂਗ ਸੁਣਵਾਈ ਲਈ ਆਉਣਗੀਆਂ। ਪੰਚਕੂਲਾ ਅਦਾਲਤ ਦੇ ਫ਼ੈਸਲੇ ਨੂੰ ਚੁਣੌਤੀ ਦਿੰਦਿਆਂ ਰਾਮ ਰਹੀਮ ਨੇ ਕਿਹਾ ਸੀ ਕਿ ਉਸ ਦਾ ਪੱਖ ਨਹੀਂ ਵਿਚਾਰਿਆ ਗਿਆ ਤੇ ਸਿਰਫ਼ ਪੀੜਤਾਂ ਦੇ ਬਿਆਨਾਂ ਅਤੇ ਅਫ਼ਵਾਹਾਂ ਨੂੰ ਆਧਾਰ ਬਣਾ ਕੇ ਦਾਖ਼ਲ ਕੀਤੇ ਦੋਸ਼ ਪੱਤਰ ‘ਤੇ ਹੀ ਸਜ਼ਾ ਦੇ ਦਿੱਤੀ ਗਈ। ਜ਼ਿਕਰਯੋਗ ਹੈ ਕਿ ਪੰਚਕੂਲਾ ਸੀ.ਬੀ.ਆਈ. ਅਦਾਲਤ ਨੇ ਦੋਵੇਂ ਸਾਧਵੀਆਂ ਨਾਲ ਜਬਰ-ਜਨਾਹ ਦੇ ਮਾਮਲਿਆਂ ਵਿਚ ਵੱਖ-ਵੱਖ 10-10 ਸਾਲ ਦੀ ਕੈਦ ਅਤੇ 15-15 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਸੀ। 10 ਸਾਲ ਦੀ ਇਕ ਕੈਦ ਖ਼ਤਮ ਹੋਣ ਉਪਰੰਤ ਦੂਜੀ 10 ਸਾਲ ਦੀ ਕੈਦ ਸ਼ੁਰੂ ਹੋਣੀ ਹੈ ਤੇ ਇਸ ਤਰ੍ਹਾਂ ਨਾਲ ਰਾਮ ਰਹੀਮ ਨੂੰ ਕੁੱਲ ਮਿਲਾ ਕੇ 20 ਸਾਲ ਦੀ ਕੈਦ ਹੋਈ ਹੈ। ਦੂਜੇ ਪਾਸੇ ਸਾਧਵੀਆਂ ਨੇ ਆਪਣੀਆਂ ਅਪੀਲਾਂ ਵਿਚ ਕਿਹਾ ਸੀ ਕਿ ਰਾਮ ਰਹੀਮ ਨੇ ਭਰੋਸੇਯੋਗਤਾ ਤੋੜੀ ਅਤੇ ਉਸ ਨੂੰ ਪਿਤਾ ਜੀ ਕਿਹਾ ਜਾਂਦਾ ਸੀ ਤੇ ਸਾਧਵੀਆਂ ਮਾਨਸਿਕ ਤੇ ਜਿਸਮਾਨੀ ਤੌਰ ‘ਤੇ ਉਸ ਦੇ ਕਬਜ਼ੇ ਵਿਚ ਸਨ ਤੇ ਇਸ ਦਾ ਨਾਜਾਇਜ਼ ਫ਼ਾਇਦਾ ਚੁੱਕਦਿਆਂ ਉਨ੍ਹਾਂ ਨਾਲ (ਸਾਧਵੀਆਂ ਨਾਲ) ਜਬਰ ਜਨਾਹ ਕੀਤਾ ਗਿਆ। ਇਨ੍ਹਾਂ ਤੱਥਾਂ ਦਾ ਹਵਾਲਾ ਦਿੰਦਿਆਂ ਸਾਧਵੀਆਂ ਨੇ ਪੰਚਕੂਲਾ ਅਦਾਲਤ ਦੇ ਫ਼ੈਸਲੇ ‘ਤੇ ਮੁੜ ਵਿਚਾਰ ਕਰ ਕੇ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ ਦੇਣ ਦੀ ਮੰਗ ਕੀਤੀ ਸੀ।

ਡੇਰਾ ਸਾਧ ਬੋਲਿਆ-ਮੈਂ ਸੰਸਾਰ ਤਿਆਗਿਆ, ਮੁਆਵਜ਼ਾ ਦੇਣ ਦੀ ਹਾਲਤ ਵਿਚ ਨਹੀਂ
ਗੁਰਮੀਤ ਰਾਮ ਰਹੀਮ ਨੇ ਹਾਈ ਕੋਰਟ ਨੂੰ ਕਿਹਾ ਸੀ ਕਿ ਉਹ ‘ਸੰਸਾਰ ਤਿਆਗ ਚੁੱਕਾ’ ਹੈ ਅਤੇ ਬਲਾਤਕਾਰ ਪੀੜਤਾਂ ਨੂੰ 30 ਲੱਖ ਰੁਪਏ ਮੁਆਵਜ਼ਾ ਦੇਣ ਦੀ ਹਾਲਤ ਵਿੱਚ ਨਹੀਂ ਹੈ। ਰਾਮ ਰਹੀਮ ਨੇ ਸਜ਼ਾ ਖ਼ਿਲਾਫ਼ ਜਦੋਂ ਕਿ ਬਲਾਤਕਾਰ ਪੀੜਤਾਂ ਵੱਲੋਂ ਡੇਰਾ ਮੁਖੀ ਦੀ ਸਜ਼ਾ ਵਧਾਏ ਜਾਣ ਲਈ ਡਿਵੀਜ਼ਨ ਬੈਂਚ ਅੱਗੇ ਅਪੀਲਾਂ ਪਾਈਆਂ ਹਨ। ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਸੁਧੀਰ ਮਿੱਤਲ ਦੇ ਬੈਂਚ ਨੇ ਦੋਵੇਂ ਅਪੀਲਾਂ ਸਵੀਕਾਰ ਕਰਦਿਆਂ ਜਾਂਚ ਏਜੰਸੀ ਸੀਬੀਆਈ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ।
ਡੇਰਾ ਮੁਖੀ ਦੇ ਵਕੀਲ ਐਸ ਕੇ ਗਰਗ ਨਰਵਾਣਾ ਨੇ ਕਿਹਾ ਕਿ ਡੇਰੇ ਦੀਆਂ ਜਾਇਦਾਦਾਂ ‘ਜ਼ਬਤ’ ਕੀਤੀਆਂ ਜਾ ਚੁੱਕੀਆਂ ਹਨ ਅਤੇ ਉਹ ਮੁਆਵਜ਼ਾ ਨਹੀਂ ਦੇ ਸਕਦਾ। ਇਸ ‘ਤੇ ਬੈਂਚ ਨੇ ਕਿਹਾ ਕਿ ਹੇਠਲੀ ਅਦਾਲਤ ਦੇ ਹੁਕਮਾਂ ਮੁਤਾਬਕ ਇਹ ਰਾਸ਼ੀ ਦੇਣੀ ਪਵੇਗੀ ਪਰ ਉਹ ਕਾਨੂੰਨੀ ਪ੍ਰਕਿਰਿਆ ਤਹਿਤ ਚਾਰਾਜੋਈ ਕਰ ਸਕਦੇ ਹਨ। ਬੈਂਚ ਨੇ ਰਾਮ ਰਹੀਮ ਨੂੰ ਹੇਠਲੀ ਅਦਾਲਤ ਰਾਹੀਂ ਕੌਮੀ ਬੈਂਕ ਵਿੱਚ ‘ਐਫਡੀਆਰ’ ਰਾਹੀਂ ਜੁਰਮਾਨਾ ਰਾਸ਼ੀ ਜਮ੍ਹਾਂ ਕਰਾਉਣ ਦਾ ਹੁਕਮ ਦਿੱਤਾ ਹੈ। ਇਸ ਲਈ ਬੈਂਚ ਨੇ ਦੋ ਮਹੀਨਿਆਂ ਦਾ ਸਮਾਂ ਦਿੱਤਾ ਹੈ। ਅਦਾਲਤ ਦੇ ਫ਼ੈਸਲੇ ਬਾਅਦ ਇਹ ਰਾਸ਼ੀ ਵਿਆਜ ਸਮੇਤ ਕੇਸ ਜਿੱਤਣ ਵਾਲੀ ਇਕ ਪਾਰਟੀ ਨੂੰ ਮਿਲ ਜਾਵੇਗੀ।

ਹਨੀਪ੍ਰੀਤ ਦੇ ਪੁਲੀਸ ਰਿਮਾਂਡ ‘ਚ 3 ਦਿਨ ਦਾ ਵਾਧਾ
ਪੰਚਕੂਲਾ/ਬਿਊਰੋ ਨਿਊਜ਼ :
25 ਅਗਸਤ ਨੂੰ ਪੰਚਕੂਲਾ ਵਿਖੇ ਦੰਗੇ ਕਰਵਾਉਣ ਦੇ ਦੋਸ਼ ਹੇਠ ਪੁਲੀਸ ਵਲੋਂ ਕਾਬੂ ਕੀਤੀ ਗਈ ਗੁਰਮੀਤ ਰਾਮ ਰਹੀਮ ਦੀ ਗੋਦ ਲਈ ਬੇਟੀ ਹਨੀਪ੍ਰੀਤ ਅਤੇ ਉਸ ਦੀ ਸਹਿਯੋਗੀ ਸੁਖਦੀਪ ਨੂੰ 6 ਦਿਨਾ ਪੁਲੀਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਮੁੜ ਪੰਚਕੂਲਾ ਦੀ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਫਿਰ ਤੋਂ 3 ਦਿਨਾ ਪੁਲੀਸ ਰਿਮਾਂਡ ‘ਤੇ ਭੇਜ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ 25 ਅਗਸਤ ਨੂੰ ਪੰਚਕੂਲਾ ਸਥਿਤ ਹਰਿਆਣਾ ਦੀ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਵਲੋਂ ਗੁਰਮੀਤ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਪੰਚਕੂਲਾ ਅੰਦਰ ਦੰਗੇ ਭੜਕ ਗਏ ਸਨ, ਜਿਸ ਦੌਰਾਨ ਸਰਕਾਰੀ ਤੇ ਗ਼ੈਰ-ਸਰਕਾਰੀ ਸੰਪਤੀ ਦਾ ਨੁਕਸਾਨ ਹੋਣ ਦੇ ਨਾਲ-ਨਾਲ 35 ਵਿਅਕਤੀਆਂ ਦੀ ਜਾਨ ਚਲੀ ਗਈ ਸੀ, ਜਦਕਿ ਕਰੀਬ 200 ਵਿਅਕਤੀ ਜ਼ਖ਼ਮੀ ਹੋ ਗਏ ਸਨ। 25 ਅਗਸਤ ਨੂੰ ਦੰਗੇ ਕਰਵਾਉਣ ਤੇ ਹੁੱਲੜਬਾਜ਼ਾਂ ਨੂੰ ਪੈਸੇ ਮੁਹੱਈਆ ਕਰਵਾਉਣ ਦੇ ਦੋਸ਼ ਹੇਠ ਪੁਲੀਸ ਵਲੋਂ ਹਨੀਪ੍ਰੀਤ ਸਮੇਤ 6 ਮੁਲਜ਼ਮਾਂ ਖ਼ਿਲਾਫ਼ ਦੇਸ਼-ਧ੍ਰੋਹ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਨ੍ਹਾਂ ਵਿਚੋਂ ਸੁਰਿੰਦਰ ਧੀਮਾਨ ਇੰਸਾਂ ਨੂੰ ਪੁਲੀਸ ਵਲੋਂ ਕਾਫੀ ਸਮਾਂ ਪਹਿਲਾਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ, ਜਦਕਿ ਹਨੀਪ੍ਰੀਤ ਨੂੰ ਉਸ ਦੀ ਇਕ ਸਹਿਯੋਗੀ ਸੁਖਦੀਪ ਨਾਲ 39 ਦਿਨਾਂ ਬਾਅਦ 3 ਅਕਤੂਬਰ ਨੂੰ ਜ਼ੀਰਕਪੁਰ-ਪਟਿਆਲਾ ਮਾਰਗ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ 4 ਅਕਤੂਬਰ ਨੂੰ ਪੁਲੀਸ ਵਲੋਂ ਹਨੀਪ੍ਰੀਤ ਤੇ ਸੁਖਦੀਪ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ, ਜਿੱਥੋਂ ਉਨ੍ਹਾਂ ਦੋਵਾਂ ਨੂੰ 6 ਦਿਨਾ ਪੁਲੀਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਸੀ। ਭਾਵੇਂ ਪਿਛਲੇ ਰਿਮਾਂਡ ਦੌਰਾਨ ਪੁਲੀਸ ਹਨੀਪ੍ਰੀਤ ਤੋਂ ਕੋਈ ਅਹਿਮ ਜਾਣਕਾਰੀ ਲੈਣ ਵਿਚ ਅਸਫ਼ਲ ਰਹੀ ਸੀ, ਪਰ ਇਸ ਵਾਰ ਹਾਸਲ ਕੀਤੇ 3 ਦਿਨਾ ਪੁਲੀਸ ਰਿਮਾਂਡ ਦੌਰਾਨ ਪੁਲੀਸ ਦੀ ਇਹੀ ਕੋਸ਼ਿਸ਼ ਰਹੇਗੀ ਕਿ ਹਨੀਪ੍ਰੀਤ ਤੋਂ ਵੱਧ ਤੋਂ ਵੱਧ ਜਾਣਕਾਰੀ ਇਕੱਤਰ ਕੀਤੀ ਜਾ ਸਕੇ। ਹਾਲਾਂਕਿ ਪੁਲੀਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਹੁਣ ਤਕ ਜਾਂਚ ਵਿਚ ਹਨੀਪ੍ਰੀਤ ਦੇ ਨਿਸਚਿਤ ਤੌਰ ‘ਤੇ ਪੰਚਕੂਲਾ ਦੰਗਿਆਂ ਵਿਚ ਸ਼ਾਮਲ ਹੋਣ ਦੀ ਗੱਲ ਸਾਹਮਣੇ ਆਈ ਹੈ। ਇਸ ਤੋਂ ਬਾਅਦ ਪੁਲੀਸ ਨੇ ਆਪਣੀ ਜਾਂਚ ਦਾ ਪੈਂਤਰਾ ਬਦਲਿਆ ਤੇ ਹਨੀਪ੍ਰੀਤ ਤੇ ਸੁਖਦੀਪ ਕੌਰ ਤੋਂ ਪੁੱਛਗਿੱਛ ਕੀਤੀ। ਸੂਤਰਾਂ ਅਨੁਸਾਰ ਹਨੀਪ੍ਰੀਤ ਤਾਂ ਨਹੀਂ ਟੁੱਟੀ, ਪਰ ਸੁਖਦੀਪ ਕੌਰ ਨੇ ਜ਼ਰੂਰ ਕੁਝ ਐਸੀਆਂ ਜਾਣਕਾਰੀਆਂ ਦਿੱਤੀਆਂ ਜਿਸ ਨਾਲ ਕੇਸ ਨੂੰ ਨਵੀਂ ਦਿੱਖ ਮਿਲੀ। ਪੁਲੀਸ ਨੇ ਬੀਤੇ ਦਿਨ ਵੀ ਹਨੀਪ੍ਰੀਤ ਤੇ ਰਾਕੇਸ਼ ਅਰੋੜਾ ਨੂੰ ਆਹਮਣੇ-ਸਾਹਮਣੇ ਬੈਠਾਇਆ ਤੇ ਸਵਾਲ ਕੀਤੇ। ਸੂਤਰਾਂ ਮੁਤਾਬਕ ਇਸ ਦੌਰਾਨ ਦੋਵਾਂ ਤੋਂ ਕਰੀਬ 400 ਸਵਾਲ ਕੀਤੇ ਗਏ ਤੇ ਇਨ੍ਹਾਂ ਵਿਚੋਂ ਹਨੀਪ੍ਰੀਤ ਨੇ 85 ਸਵਾਲਾਂ ਦੇ ਸਹੀ ਜਵਾਬ ਦਿੱਤੇ। ਕਈ ਸਵਾਲਾਂ ਵਿਚ ਹਨੀਪ੍ਰੀਤ ਨੇ ਤਾਂ ਚੁੱਪੀ ਸਾਧੀ ਰੱਖੀ ਤੇ ਕਈਆਂ ਵਿਚ ਤਾਂ ਉਹ ਬਿਆਨ ਬਦਲਦੀ ਦਿਖੀ।

ਹਨੀਪ੍ਰੀਤ ਦੇ ਲੈਪਟੌਪ ਵਿੱਚ ‘ਬੰਦ’ ਹੈ ਹਿੰਸਾ ਦੀ ਸਾਜ਼ਿਸ਼ :
ਪੰਚਕੂਲਾ ਪੁਲੀਸ ਨੇ ਦਾਅਵਾ ਕੀਤਾ ਹੈ 25 ਅਗਸਤ ਨੂੰ ਡੇਰਾ ਸਿਰਸਾ ਮੁਖੀ ਨੂੰ ਸਜ਼ਾ ਸੁਣਾਏ ਜਾਣ ਵਾਲੇ ਦਿਨ ਵਾਪਰੀ ਹਿੰਸਾ ਦੀ ਸਾਰੀ ਯੋਜਨਾ ਹਨੀਪ੍ਰੀਤ ਦੇ ਲੈਪਟੌਪ ਵਿਚ ਬੰਦ ਹੈ।
ਪੁਲੀਸ ਸੂਤਰਾਂ ਨੇ ਦੱਸਿਆ ਕਿ ਪੁਲੀਸ ਨੂੰ ਯਕੀਨ ਹੈ ਕਿ ਹਨੀਪ੍ਰੀਤ ਦਾ ਲੈਪਟੌਪ ਇਸ ਸਮੇਂ ਸਿਰਸਾ ਦੇ ਡੇਰਾ ਸੱਚਾ ਸੌਦਾ ਵਿਚ ਹੈ ਤੇ ਇਸ ਦੀ ਬਰਾਮਦਗੀ ਲਈ ਪੁਲੀਸ ਹਨੀਪ੍ਰੀਤ ਦੇ ਤਿੰਨ ਦਿਨ ਦੇ ਰਿਮਾਂਡ ਦੌਰਾਨ ਉਸ ਨੂੰ ਸਿਰਸਾ ਲਿਜਾਣ ਦੀ ਯੋਜਨਾ ਬਣਾ ਰਹੀ ਹੈ। ਪੁਲੀਸ ਦਾ ਮੰਨਣਾ ਹੈ ਕਿ ਇਸ ਲੈਪਟੌਪ ਬਾਰੇ ਹਨੀਪ੍ਰੀਤ ਤੋਂ ਇਲਾਵਾ ਕਿਸੇ ਹੋਰ ਨੂੰ ਕੋਈ ਜਾਣਕਾਰੀ ਨਹੀਂ ਹੈ।
ਸੂਤਰਾਂ ਅਨੁਸਾਰ ਪੰਚਕੂਲਾ ਹਿੰਸਾ ਦੀ ਹਨੀਪ੍ਰੀਤ ਦੇ ਮੋਬਾਈਲ ਤੋਂ ਇੱਕ ਵੀਡੀਓ ਬਣਾ ਕੇ ਵਾਇਰਲ ਵੀ ਕੀਤੀ ਗਈ ਸੀ ਤੇ ਪੁਲੀਸ ਉੱਤਰ ਪ੍ਰਦੇਸ਼ ਦੇ ਬਿਜਨੌਰ ਵਿਚ ਰਹਿੰਦੇ ਹਨੀਪ੍ਰੀਤ ਦੇ ਰਿਸ਼ਤੇਦਾਰ ਤੋਂ ਮੋਬਾਈਲ ਬਰਾਮਦ ਕਰਨ ਦੀ ਯੋਜਨਾ ਬਣਾ ਰਹੀ ਹੈ।
ਵਿਪਾਸਨਾ ਨਹੀਂ ਪਹੁੰਚੀ ਪੰਚਕੂਲਾ :
25 ਅਗਸਤ ਨੂੰ ਪੰਚਕੂਲਾ ਵਿਖੇ ਹੋਏ ਦੰਗਿਆਂ ਦੇ ਮਾਮਲੇ ਦੇ ਸਬੰਧ ਵਿਚ ਪੁਲੀਸ ਵਲੋਂ ਡੇਰਾ ਸਿਰਸਾ ਦੀ ਚੇਅਰਪਰਸਨ ਵਿਪਾਸਨਾ ਨੂੰ ਪੰਚਕੂਲਾ ਪਹੁੰਚਣ ਲਈ ਸੰਮਨ ਭੇਜੇ ਗਏ ਸਨ, ਪਰ ਉਹ ਪੰਚਕੂਲਾ ਨਹੀਂ ਪਹੁੰਚੀ। ਪ੍ਰਾਪਤ ਜਾਣਕਾਰੀ ਅਨੁਸਾਰ ਵਿਪਾਸਨਾ ਨੇ ਸਿਹਤ ਠੀਕ ਨਾ ਹੋਣ ਦਾ ਕਾਰਨ ਦੱਸਦਿਆਂ ਪੰਚਕੂਲਾ ਆਉਣ ਤੋਂ ਇਨਕਾਰ ਕਰ ਦਿੱਤਾ ਹੈ। ਇਸੇ ਦੌਰਾਨ ਪੰਚਕੂਲਾ ਹਿੰਸਾ ਲਈ ਇਕ ਕਰੋੜ ਰੁਪਏ ਤੋਂ ਜ਼ਿਆਦਾ ਰਕਮ ਭੇਜਣ ਦੇ ਮਾਮਲੇ ਨੂੰ ਐਸ.ਆਈ.ਟੀ. ਨੇ ਪੁਖਤਾ ਕਰ ਲਿਆ ਹੈ, ਜਿਸ ਵਿਚ ਚਮਕੌਰ ਸਿੰਘ ਜਰੀਏ ਪੰਚਕੂਲਾ ਵਿਚ ਇਕ ਕਰੋੜ ਰੁਪਏ ਤੋਂ ਜ਼ਿਆਦਾ ਰਕਮ ਦੇਣ ਦੀ ਗੱਲ ਸਾਹਮਣੇ ਆਈ ਹੈ। ਸੂਤਰਾਂ ਦੀ ਮੰਨੀਏ ਤਾਂ ਇਸ ਸਵਾਲ ਨੂੰ ਗੋਲਮੋਲ ਤਰੀਕੇ ਨਾਲ ਹਨੀਪ੍ਰੀਤ ਨੇ ਵੀ ਮੰਨ ਲਿਆ ਹੈ, ਜਦਕਿ ਦੂਜੇ ਹੋਰਾਂ ਦੋਸ਼ਾਂ ਤੋਂ ਪੁਲੀਸ ਨੂੰ ਸਿੱਧੇ ਤੌਰ ‘ਤੇ ਪੂਰੀ ਜਾਣਕਾਰੀ ਪਹਿਲੇ ਮਿਲ ਚੁੱਕੀ ਸੀ।
ਰਾਕੇਸ਼ ਅਰੋੜਾ ਨੂੰ ਜੇਲ੍ਹ ਭੇਜਿਆ  :
ਪੰਚਕੂਲਾ : ਹਨੀਪ੍ਰੀਤ ਦੇ ਡਰਾਈਵਰ ਰਾਕੇਸ਼ ਅਰੋੜਾ ਨੂੰ ਪੰਚਕੂਲਾ ਸਥਿਤ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਰਾਕੇਸ਼ ਨੂੰ 15 ਦਿਨ ਦੀ ਨਿਆਇਕ ਹਿਰਾਸਤ ਵਿਚ ਭੇਜਣ ਦੇ ਹੁਕਮ ਸੁਣਾਏ। ਰਾਕੇਸ਼ ਨੇ ਹੀ ਹਨੀਪ੍ਰੀਤ ਨੂੰ ਭਜਾਇਆ ਸੀ ਤੇ ਉਸ ਦੀ ਗੱਡੀ ਵੀ ਚਲਾਈ ਸੀ। ਰਾਕੇਸ਼ ਆਖਰੀ ਸਮੇਂ ਵੀ ਹਨੀਪ੍ਰੀਤ ਦੇ ਨਾਲ ਹੀ ਸੀ। ਜ਼ਿਕਰਯੋਗ ਹੈ ਕਿ ਰਾਕੇਸ਼ ਅਰੋੜਾ ਨੂੰ ਪਹਿਲਾਂ ਅਦਾਲਤ ਵਲੋਂ 10 ਦਿਨ ਦੇ ਪੁਲੀਸ ਰਿਮਾਂਡ ‘ਤੇ ਭੇਜਿਆ ਗਿਆ ਸੀ ਅਤੇ ਉਸ ਤੋਂ ਬਾਅਦ ਉਸ ਦੇ ਰਿਮਾਂਡ ਵਿਚ 3 ਦਿਨ ਦਾ ਹੋਰ ਵਾਧਾ ਕੀਤਾ ਗਿਆ ਸੀ।

ਗੁਰਮੀਤ ਰਾਮ ਰਹੀਮ ਦੀ ਦਾੜ੍ਹੀ ਤੇ ਸਿਰ ਦੇ ਵਾਲਾਂ ਤੋਂ ਕਾਲਾ ਰੰਗ ਉਤਰਨ ਲੱਗਾ
ਧੁੱਪ ਵਿਚ ਕਰਨੀ ਪੈ ਰਹੀ ਹੈ ਮਜ਼ਦੂਰੀ
ਚੰਡੀਗੜ੍ਹ/ਬਿਊਰੋ ਨਿਊਜ਼:
ਗੁਰਮੀਤ ਰਾਮ ਰਹੀਮ ਦੀ ਦਾੜ੍ਹੀ ਤੇ ਸਿਰ ਦੇ ਵਾਲਾਂ ਤੋਂ ਕਾਲਾ ਰੰਗ ਉਤਰਨ ਕਾਰਨ ਵਾਲ ਚਿੱਟੇ ਹੋਣੇ ਸ਼ੁਰੂ ਹੋ ਗਏ ਹਨ ਤੇ ਉਸ ਦਾ ਭਾਰ ਵੀ ਛੇ ਕਿੱਲੋ ਘੱਟ ਗਿਆ ਹੈ। ਗੁਰਮੀਤ ਰਾਮ ਰਹੀਮ ਸ਼ੂਗਰ ਦੇ ਨਾਲ-ਨਾਲ ਬਲੱਡ ਪ੍ਰੈਸ਼ਰ ਦਾ ਵੀ ਮਰੀਜ਼ ਹੈ ਤੇ ਉਸ ਨੂੰ ਨਾ ਸਿਰਫ਼ ਇਸ ਲਈ ਰੋਜ਼ਾਨਾ ਦਵਾਈ ਲੈਣੀ ਪੈਂਦੀ ਹੈ ਸਗੋਂ ਸਵੇਰੇ ਛੇਤੀ ਉੱਠ ਕੇ ਕਿਆਰੀਆਂ ਨੂੰ ਠੀਕ ਕਰਨ, ਪਾਣੀ ਲਗਾਉਣ ਤੇ ਘਾਹ-ਬੂਟੀ ਕੱਢਣ ਦਾ ਕੰਮ ਵੀ ਕਰਨਾ ਪੈ ਰਿਹਾ ਹੈ। ਗੁਰਮੀਤ ਰਾਮ ਰਹੀਮ ਜਿੱਥੇ ਫ਼ਿਲਮਾਂ ਵਿਚ ਕੰਮ ਕਰਨ ਕਾਰਨ ਆਪਣੇ-ਆਪ ਨੂੰ ਨੌਜਵਾਨ ਦਿਖਾਉਣ ਲਈ ਅਭਿਨੇਤਾਵਾਂ ਵਾਂਗ ਮੂੰਹ ਨੂੰ ਅਪਲਿਫ਼ਟ (ਜਿਸ ਨਾਲ ਮੂੰਹ ਦੀ ਚਮੜੀ ‘ਤੇ ਖਿਚਾਅ ਆ ਜਾਂਦਾ ਹੈ) ਕਰਵਾਇਆ ਕਰਦਾ ਸੀ, ਤੇ ਹੁਣ ਤੱਕ ਸਿਰ ਤੇ ਦਾੜ੍ਹੀ-ਮੁੱਛਾਂ ‘ਤੇ ਕਾਲਾ ਰੰਗ ਵੀ ਲਗਾਇਆ ਕਰਦਾ ਸੀ। ਹੁਣ ਪਿਛਲੇ ਛੇ ਹਫ਼ਤਿਆਂ ਤੋਂ ਕਾਲਾ ਰੰਗ ਨਾ ਲੱਗਣ ਕਾਰਨ ਉਸ ਦੇ ਸਿਰ, ਦਾੜ੍ਹੀ-ਮੁੱਛਾਂ ਦੇ ਵਾਲ ਚਿੱਟੇ ਹੋਣੇ ਸ਼ੁਰੂ ਹੋ ਗਏ ਹਨ। ਸੂਤਰਾਂ ਅਨੁਸਾਰ ਗੁਰਮੀਤ ਰਾਮ ਰਹੀਮ ਜੇਲ੍ਹ ਵਿਚ ਵਾਲਾਂ ਨੂੰ ਰੰਗਣ ਦੀ ਵਿਵਸਥਾ ਚਾਹੁੰਦਾ ਸੀ, ਪਰ ਜੇਲ੍ਹ ਵਿਚ ਇਸ ਤਰ੍ਹਾਂ ਦਾ ਕੋਈ ਇੰਤਜ਼ਾਮ ਨਾ ਹੋਣ ਕਾਰਨ ਹੁਣ ਉਸ ਨੂੰ ਬਿਨਾਂ ਰੰਗ ਕੀਤਿਆਂ ਹੀ ਰਹਿਣਾ ਪੈ ਰਿਹਾ ਹੈ। ਉਸ ਨੂੰ ਜਿਹੜਾ ਜੇਲ੍ਹ ਵਿਚ ਸਬਜ਼ੀਆਂ ਬੀਜਣ ਦਾ ਕੰਮ ਦਿੱਤਾ ਗਿਆ ਹੈ, ਉਸ ਕੰਮ ਨੂੰ ਲੈ ਕੇ ਵੀ ਉਸ ਨੂੰ ਪ੍ਰੇਸ਼ਾਨੀ ਹੋ ਰਹੀ ਹੈ। ਇਕ ਤਾਂ ਲਗਾਤਾਰ ਲੱਕ ਵਿਚ ਦਰਦ ਰਹਿਣ ਦੀ ਵਜ੍ਹਾ ਨਾਲ ਉਹ ਜ਼ਿਆਦਾ ਦੇਰ ਤੱਕ ਬੈਠ ਕੇ ਕੰਮ ਨਹੀਂ ਕਰ ਸਕਦਾ।
ਦੂਜੇ ਪਾਸੇ ਨੌਜਵਾਨ ਦਿੱਖਣ ਦੇ ਚੱਕਰ ਵਿਚ ਉਸ ਨੇ ਮੂੰਹ ਦੀ ਚਮੜੀ ਨੂੰ ਅਪਲਿਫ਼ਟ ਕਰਵਾਇਆ ਹੋਇਆ ਹੈ, ਜਿਸ ਕਰ ਕੇ ਉਸ ਨੂੰ ਧੁੱਪ ਵਿਚ ਕੰਮ ਕਰਨ ਲੱਗਿਆਂ ਪ੍ਰੇਸ਼ਾਨੀ ਹੁੰਦੀ ਹੈ। ਇਸ ਲਈ ਉਹ ਸਵੇਰੇ ਛੇਤੀ ਉੱਠ ਕੇ ਕੰਮ ਕਰਦਾ ਹੈ ਤੇ ਬਾਅਦ ਵਿਚ ਰੋਟੀ ਖਾ ਕੇ ਪੇਸ਼ੀ ਲਈ ਵੀਡੀਓ ਕਾਨਫ਼ਰੰਸਿੰਗ ਲਈ ਚਲਾ ਜਾਂਦਾ ਹੈ। ਉਹ ਬਾਕੀ ਕੈਦੀਆਂ ਵਾਂਗ ਕੰਟੀਨ ਵਿਚੋਂ ਹਰ ਮਹੀਨੇ ਛੇ ਹਜ਼ਾਰ ਰੁਪਏ ਦਾ ਰਾਸ਼ਨ ਖ਼ਰੀਦਦਾ ਹੈ। ਕੰਟੀਨ ਵਿਚ ਉਸ ਨੂੰ ਅੰਗੂਠਾ ਲਗਾ ਕੇ ਰਾਸ਼ਨ ਦਿੱਤਾ ਜਾਂਦਾ ਹੈ। ਉਹ ਕੰਟੀਨ ਵਿਚੋਂ ਸਵੇਰੇ ਸ਼ਾਮ ਦੁੱਧ ਤੇ ਦਹੀਂ ਤੇ ਫ਼ਲ ਖ਼ਰੀਦਦਾ ਹੈ। ਅਜੇ ਤੱਕ ਗੁਰਮੀਤ ਰਾਮ ਰਹੀਮ ਦੀ ਸੁਰੱਖਿਆ ਨੂੰ ਲੈ ਕੇ ਵੀ ਕੋਈ ਢਿੱਲ ਨਹੀਂ ਵਰਤੀ ਜਾ ਰਹੀ ਤੇ ਨਿਯਮਤ ਰੂਪ ਵਿਚ ਉਸ ਦੀ ਡਾਕਟਰੀ ਜਾਂਚ ਵੀ ਕਰਵਾਈ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਆਪਣੀ ਬੈਰਕ ਵਿਚ ਸਵੇਰੇ-ਸ਼ਾਮ ਸੈਰ ਕਰਦਾ ਹੈ, ਜਿਸ ਦੀ ਵਜ੍ਹਾ ਨਾਲ ਉਸ ਦਾ ਛੇ ਕਿੱਲੋ ਭਾਰ ਘੱਟ ਗਿਆ ਹੈ।
ਦੱਸਿਆ ਜਾਂਦਾ ਹੈ ਕਿ ਉਸ ਦੇ ਵਕੀਲ ਗੁਰਦਾਸ ਸਿੰਘ ਸਲਵਾਰਾ ਤੇ ਵਕੀਲ ਗਰਗ ਨਰਵਾਨਾ ਬੀਤੇ ਦਿਨ ਗੁਰਮੀਤ ਰਾਮ ਰਹੀਮ ਨੂੰ ਜੇਲ੍ਹ ਵਿਚ ਮਿਲਣ ਤੇ ਕੇਸਾਂ ਬਾਰੇ ਵਿਚਾਰ ਕਰਨ ਆਏ ਸਨ। ਵਕੀਲ ਗੁਰਦਾਸ ਸਿੰਘ ਸਲਵਾਰਾ ਗੁਰਮੀਤ ਰਾਮ ਰਹੀਮ ਦੇ ਸਕੇ ਸਾਲੇ ਦਾ ਪੁੱਤਰ ਹੈ। ਪਹਿਲਾਂ ਵੀ ਵਕੀਲ ਸਲਵਾਰਾ ਗੁਰਮੀਤ ਰਾਮ ਰਹੀਮ ਦੇ ਕੈਨਟੀਨ ਖਾਤੇ ਵਿਚ ਛੇ ਹਜ਼ਾਰ ਰੁਪਏ ਜਮ੍ਹਾਂ ਕਰਵਾ ਕੇ ਗਿਆ ਸੀ। ਦੱਸਿਆ ਜਾਂਦਾ ਹੈ ਕਿ ਪਹਿਲੇ ਪੈਸੇ ਜਮ੍ਹਾਂ ਕਰਵਾਏ ਨੂੰ ਇਕ ਮਹੀਨਾ ਹੋ ਜਾਣ ਕਾਰਨ ਉਹ ਦੁਬਾਰਾ ਪੈਸੇ ਜਮ੍ਹਾਂ ਕਰਵਾਉਣ ਆਇਆ ਸੀ। ਇਸ ਸਮੇਂ ਗੁਰਮੀਤ ਰਾਮ ਰਹੀਮ ਖ਼ਿਲਾਫ਼ ਰਣਜੀਤ ਸਿੰਘ ਹੱਤਿਆ ਕਾਂਡ ਦੀ ਸੁਣਵਾਈ ਜਿੱਥੇ ਆਖ਼ਰੀ ਦੌਰ ‘ਤੇ ਹੈ ਉੱਧਰ ਛਤਰਪਤੀ ਹੱਤਿਆ ਕਾਂਡ ਦੀ ਸੁਣਵਾਈ ਵੀ ਇਸੇ ਮਹੀਨੇ ਨਿਯਮਿਤ ਰੂਪ ਨਾਲ ਸ਼ੁਰੂ ਹੋਣ ਵਾਲੀ ਹੈ। ਦੂਜੇ ਪਾਸੇ ਹਨੀਪ੍ਰੀਤ ਦੇ ਫੜੇ ਜਾਣ ‘ਤੇ ਹੋਰਾਂ ਸਾਰਿਆਂ ਮਾਮਲਿਆਂ ਦੀ ਜਾਣਕਾਰੀ ਵੀ ਗੁਰਮੀਤ ਰਾਮ ਰਹੀਮ ਨੂੰ ਆਪਣੇ ਵਕੀਲਾਂ ਰਾਹੀਂ ਮਿਲ ਗਈ ਹੋਵੇਗੀ। ਸਮਝਿਆ ਜਾਂਦਾ ਹੈ ਕਿ ਇਸੇ ਕਾਰਨ ਗੁਰਮੀਤ ਰਾਮ ਰਹੀਮ ਦੀ ਸਿਹਤ ਵਿਗੜ ਗਈ ਸੀ।
ਡੇਰਾ ਮੁਖੀ ਦੇ ਪੀ.ਏ. ਨੂੰ ਨਪੁੰਸਕ ਬਣਾਉਣ ਦਾ ਖ਼ੁਲਾਸਾ
ਚੰਡੀਗੜ੍ਹ : ਪੰਚਕੂਲਾ ਵਿਚ ਵਾਪਰੀਆਂ ਘਟਨਾਵਾਂ ਦੀ ਜਾਂਚ ਕਰ ਰਹੀ ਐਸ.ਆਈ.ਟੀ. ਦੁਆਰਾ ਪਿਛਲੇ ਹਫਤੇ ਗ੍ਰਿਫਤਾਰ ਕੀਤੇ ਗਏ ਗੁਰਮੀਤ ਰਾਮ ਰਹੀਮ ਦੇ ਡਰਾਈਵਰ ਤੇ ਪੀ.ਏ. ਰਾਕੇਸ਼ ਕੁਮਾਰ ਤੋਂ ਪੁਲੀਸ ਨੂੰ ਕਾਫੀ ਹੈਰਾਨੀਜਨਕ ਜਾਣਕਾਰੀ ਮਿਲੀ ਹੈ। ਡੇਰੇ ਦੇ ਜਿਹੜੇ ਸਾਧੂਆਂ ਨੂੰ ਨਪੁੰਸਕ ਬਣਾਇਆ ਗਿਆ ਸੀ, ਉਨ੍ਹਾਂ ਵਿਚ ਰਾਕੇਸ਼ ਕੁਮਾਰ ਵੀ ਸ਼ਾਮਲ ਹੈ। ਇਹ ਖੁਲਾਸਾ ਰਾਕੇਸ਼ ਕੁਮਾਰ ਦੀ ਡਾਕਟਰੀ ਜਾਂਚ ਤੋਂ ਬਾਅਦ ਸਾਹਮਣੇ ਆਇਆ ਤੇ ਪੁਲੀਸ ਨੇ ਸਿਵਲ ਸਰਜਨ ਨੂੰ ਇਸ ਬਾਰੇ ਵਿਸਥਾਰਤ ਮੈਡੀਕਲ ਰਿਪੋਰਟ ਦੇਣ ਲਈ ਕਿਹਾ ਹੈ। ਸੂਤਰਾਂ ਅਨੁਸਾਰ ਐਸ.ਆਈ.ਟੀ. ਨੇ ਇਸ ਗੱਲ ਦੀ ਜਾਣਕਾਰੀ ਸੀ.ਬੀ.ਆਈ. ਨੂੰ ਵੀ ਦੇ ਦਿੱਤੀ ਹੈ। ਰਾਕੇਸ਼ ਕੁਮਾਰ ਤੋਂ ਪੁਲੀਸ ਹਾਲੇ ਵੀ ਪੁੱਛਗਿੱਛ ਕਰ ਰਹੀ ਹੈ ਤੇ ਪੁਲੀਸ ਦਾ ਮੰਨਣਾ ਹੈ ਕਿ ਉਹ ਰਾਮ ਰਹੀਮ ਤੇ ਹਨੀਪ੍ਰੀਤ ਦਾ ਸਭ ਤੋਂ ਵੱਡਾ ਰਾਜਦਾਰ ਰਿਹਾ ਹੈ। ਇਸ ਤੋਂ ਇਲਾਵਾ ਪੁਲੀਸ ਨੇ ਹਨੀਪ੍ਰੀਤ ਨਾਲ ਫੜ੍ਹੀ ਗਈ ਸੁਖਦੀਪ ਕੌਰ ਦੇ ਪਤੀ ਇਕਬਾਲ ਸਿੰਘ ‘ਤੇ ਵੀ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਇਕਬਾਲ ਸਿੰਘ ਡੇਰੇ ਦੇ ਸੇਵਾਦਾਰਾਂ ਦੀ ਕਮੇਟੀ, ਜਿਸ ਨੂੰ ਅੰਦਰੂਨੀ ਕੋਰ ਕਮੇਟੀ ਕਿਹਾ ਜਾਂਦਾ ਹੈ, ਦਾ ਪ੍ਰਧਾਨ ਸੀ ਤੇ ਰਾਮ ਰਹੀਮ ਦੀ ਮਾਤਾ ਨਸੀਬ ਕੌਰ ਨੂੰ ਡੇਰਾ ਮੁਖੀ ਨਾਲ ਮਿਲਾਉਣ ਲਈ ਸੁਨਾਰੀਆ ਜੇਲ੍ਹ ਵੀ ਇਕਬਾਲ ਹੀ ਲੈ ਕੇ ਆਇਆ ਸੀ।

‘ਪਾਪਾ ਦੀ ਪਰੀ’ ਪੰਚਕੂਲਾ ਪੁਲੀਸ ਨੂੰ ਬਠਿੰਡਾ ਦੀ ਬਸਤੀ ‘ਚ ਘੁੰਮਾਉਂਦੀ ਰਹੀ
ਬਠਿੰਡਾ/ਬਿਊਰੋ ਨਿਊਜ਼ :
‘ਪਾਪਾ ਦੀ ਪਰੀ’ ਹਨੀਪ੍ਰੀਤ ਇੰਸਾਂ ਨੇ ‘ਬਠਿੰਡਾ ਟਿਕਾਣੇ’ ਦਾ ਗੇੜਾ ਲਵਾ ਕੇ ਪੰਚਕੂਲਾ ਪੁਲੀਸ ਦੀਆਂ ਅੱਖਾਂ ਵਿੱਚ ਧੂੜ ਪਾ ਦਿੱਤੀ। ਪੰਚਕੂਲਾ ਪੁਲੀਸ ਨੂੰ ਪੂਰੀ ਛਾਣਬੀਣ ਮਗਰੋਂ ‘ਬਠਿੰਡਾ ਟਿਕਾਣਾ’ ਹਜ਼ਮ ਨਹੀਂ ਹੋਇਆ। ਪੰਚਕੂਲਾ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਮੁਕੇਸ਼ ਕੁਮਾਰ ਦੀ ਅਗਵਾਈ ਵਿੱਚ ਹਨੀਪ੍ਰੀਤ ਅਤੇ ਉਸ ਦੀ ਸਾਥਣ ਸੁਖਦੀਪ ਕੌਰ ਨੂੰ ਲੈ ਕੇ ਬਠਿੰਡਾ ਪੁੱਜੀ। ਪੁਲੀਸ ਟੀਮ ਨੇ ਇੱਥੇ ਗਣੇਸ਼ਾ ਬਸਤੀ ਵਿੱਚ ਸੁਖਦੀਪ ਕੌਰ ਦੇ ਘਰ ਨੂੰ ਜਦੋਂ ਛਾਣਿਆ ਤਾਂ ਉਦੋਂ ਜਾਪਿਆ ਕਿ ਹਨੀਪ੍ਰੀਤ ਨੇ ਪੁਲੀਸ ਨੂੰ ਬੇਵਕੂਫ ਬਣਾ ਦਿੱਤਾ ਹੈ।
ਵੇਰਵਿਆਂ ਅਨੁਸਾਰ ਪੰਚਕੂਲਾ ਪੁਲੀਸ ਕੋਲ ਹਨੀਪ੍ਰੀਤ ਨੇ ਖੁਲਾਸਾ ਕੀਤਾ ਕਿ ਉਸ ਨੇ 25 ਦਿਨ ਬਠਿੰਡਾ ਦੀ ਗਣੇਸ਼ਾ ਬਸਤੀ ਵਿੱਚ ਬਿਤਾਏ, ਜਦੋਂ ਕਿ ਪੁਲੀਸ ਨੂੰ ਇਸ ਵਿੱਚ ਭੋਰਾ ਸੱਚ ਨਜ਼ਰ ਨਾ ਆਇਆ। ਟੀਮ ਨੇ ਪਹਿਲਾਂ ਥਾਣਾ ਸਦਰ ਰਾਮਪੁਰਾ ਵਿੱਚ ਇੰਦਰਾਜ ਪਾਇਆ ਅਤੇ ਉਸ ਮਗਰੋਂ ਬਠਿੰਡਾ ਵਿੱਚ ਕਰੀਬ ਇਕ ਘੰਟਾ ਗਣੇਸ਼ਾ ਬਸਤੀ ਵਾਲੇ ਘਰ ਦੀ ਤਲਾਸ਼ੀ ਲਈ। ਪੁਲੀਸ ਟੀਮ ਨੂੰ ਘਰ ਵਿਚੋਂ ਕੁਝ ਵੀ ਇਤਰਾਜ਼ਯੋਗ ਨਹੀਂ ਮਿਲਿਆ ਅਤੇ ਪੁਲੀਸ ਨੇ ਪੂਰੀ ਕਾਰਵਾਈ ਦੀ ਵੀਡੀਓਗਰਾਫੀ ਕੀਤੀ।
ਬਠਿੰਡਾ ਪੁਲੀਸ ਨੇ ਗਣੇਸ਼ਾ ਬਸਤੀ ਕੋਲ ਪੁਲੀਸ ਤਾਇਨਾਤ ਕੀਤੀ ਹੋਈ ਸੀ। ਅਹਿਮ ਸੂਤਰਾਂ ਅਨੁਸਾਰ ਪੰਚਕੂਲਾ ਪੁਲੀਸ ਦਾ ਸ਼ੱਕ ਉਦੋਂ ਵਧ ਗਿਆ, ਜਦੋਂ ਦੇਖਿਆ ਕਿ ਇਸ ਘਰ ਦੇ ਕਿਸੇ ਵੀ ਕਮਰੇ ਵਿੱਚ ਕੋਈ ਪੱਖਾ ਅਤੇ ਬੱਲਬ ਨਹੀਂ ਸੀ। ਇੱਥੋਂ ਤੱਕ ਕਿ ਕਿਸੇ ਕਮਰੇ ਵਿੱਚ ਕੋਈ ਬੈੱਡ ਵੀ ਨਹੀਂ ਸਨ। ਜਦੋਂ ਪੁਲੀਸ ਨੇ ਬਾਥਰੂਮ ਚੈੱਕ ਕੀਤੇ ਤਾਂ ਉਥੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਸੀ। ਰਸੋਈ ਵੇਖਣ ਤੋਂ ਪਤਾ ਚੱਲਿਆ ਕਿ ਕਾਫ਼ੀ ਸਮੇਂ ਤੋਂ ਇਸ ਦੀ ਵਰਤੋਂ ਨਹੀਂ ਹੋਈ। ਪੁਲੀਸ ਟੀਮ ਨੇ ਜਦੋਂ ਪੁੱਛਿਆ ਕਿ ਘਰ ਦੇ ਹਾਲਾਤ ਤੋਂ ਜਾਪਦਾ ਹੈ ਕਿ ਇੱਥੇ ਕਦੇ ਕੋਈ ਰਿਹਾ ਹੀ ਨਹੀਂ ਅਤੇ ਰਸੋਈ ਵਰਤੀ ਹੀ ਨਹੀਂ ਗਈ ਤਾਂ ਹਨਪ੍ਰੀਤ ਤੇ ਸੁਖਦੀਪ ਕੌਰ ਨੇ ਇਕੋ ਸੁਰ ਵਿੱਚ ਜਵਾਬ ਦਿੱਤਾ ਕਿ ਉਨ੍ਹਾਂ ਨੂੰ ਰੋਟੀ ਪਾਣੀ ਬੱਲੂਆਣਾ ਤੋਂ ਆਉਂਦਾ ਰਿਹਾ ਹੈ। ਜਦੋਂ ਪੱਖਾ ਨਾ ਹੋਣ ਦੀ ਗੱਲ ਪੁੱਛੀ ਤਾਂ ਹਨੀਪ੍ਰੀਤ ਨੇ ਟੇਬਲਫੈਨ ਵਰਤਣ ਦੀ ਗੱਲ ਆਖੀ। ਗਣੇਸ਼ਾ ਬਸਤੀ ਦੇ ਇਸ ਘਰ ਨੂੰ ਤਾਲਾ ਲੱਗਿਆ ਹੋਇਆ ਸੀ। ਸੁਖਦੀਪ ਕੌਰ ਵੱਲੋਂ ਇਜਾਜ਼ਤ ਦੇਣ ਮਗਰੋਂ ਪੁਲੀਸ ਨੇ ਤਾਲਾ ਤੋੜਿਆ ਅਤੇ ਗੁਆਂਢੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਇਹ ਘਰ ਇਕਬਾਲ ਸਿੰਘ ਦਾ ਹੈ, ਜੋ ਸੁਖਦੀਪ ਕੌਰ ਦਾ ਪਤੀ ਹੈ। ਸੂਤਰ ਦੱਸਦੇ ਹਨ ਕਿ ਸਿੱਟ ਇੰਚਾਰਜ ਮੁਕੇਸ਼ ਕੁਮਾਰ ਨੇ ਘਰ ਦੇ ਸਾਰੇ ਹਾਲਾਤ ਨੂੰ ਰਿਕਾਰਡ ਕਰ ਲਿਆ ਅਤੇ ਇਹ ਵੀ ਆਖਿਆ ਕਿ ਇੱਥੇ ਠਹਿਰਨ ਵਾਲੀ ਗੱਲ ਵਿੱਚ ਦਮ ਨਹੀਂ ਹੈ। ਕਿਸੇ ਵੀ ਅਧਿਕਾਰੀ ਨੇ ਮੀਡੀਆ ਨਾਲ ਗੱਲ ਨਹੀਂ ਕੀਤੀ। ਪੁਲੀਸ ਟੀਮ ਨੇ ਸਾਰਾ ਘਰ ਛਾਣ ਦਿੱਤਾ। ਦੁਪਹਿਰ ਮਗਰੋਂ ਟੀਮ ਵਾਪਸ ਰਵਾਨਾ ਹੋ ਗਈ। ਪੰਚਕੂਲਾ ਪੁਲੀਸ ਦੀ ਟੀਮ ਬੱਲੂਆਣਾ ਵਿੱਚ ਨਹੀਂ ਗਈ, ਜਦੋਂ ਕਿ ਸਾਰਾ ਮੀਡੀਆ ਬੱਲੂਆਣਾ ਪੁੱਜਿਆ ਹੋਇਆ ਸੀ। ਸੂਤਰ ਦੱਸਦੇ ਹਨ ਕਿ ਸੁਖਦੀਪ ਕੌਰ ਦੇ ਨੇੜਲੇ ਪਰਿਵਾਰਕ ਮੈਂਬਰ ਵੀ ਬੱਲੂਆਣਾ ਤੋਂ ਰੂਪੋਸ਼ ਹੋ ਗਏ ਹਨ ਅਤੇ ਘਰ ਵਿੱਚ ਇਕੱਲਾ ਸੀਰੀ ਹੈ।
ਸੁਖਦੀਪ ਕੌਰ ਦੇ ਪਤੀ ਇਕਬਾਲ ਸਿੰਘ ਦਾ ਭਰਾ ਵੀ ਬਠਿੰਡਾ ਵਿੱਚ ਹੀ ਰਹਿ ਰਿਹਾ ਹੈ, ਜੋ ਸਿਹਤ ਵਿਭਾਗ ਵਿੱਚ ਫਰਮਾਸਿਸਟ ਹੈ। ਏਨਾ ਵੀ ਪਤਾ ਲੱਗਿਆ ਹੈ ਕਿ ਸੁਖਦੀਪ ਕੌਰ ਦਾ ਪੇਕਾ ਘਰ ਜ਼ਿਲ੍ਹਾ ਮੋਗਾ ਵਿੱਚ ਹੈ, ਜਿੱਥੇ ਆਉਂਦੇ ਦਿਨਾਂ ਵਿੱਚ ਪੰਚਕੂਲਾ ਪੁਲੀਸ ਦੇ ਜਾਣ ਦੀ ਚਰਚਾ ਹੈ।
ਕੈਪਟਨ ਵੱਲੋਂ ਖੱਟਰ ਦੇ ਬਿਆਨ ਦੀ ਨਿੰਦਾ :
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਨੀਪ੍ਰੀਤ ਮਾਮਲੇ ਵਿੱਚ ਪੰਜਾਬ ਪੁਲੀਸ ਦੀ ਭੂਮਿਕਾ ‘ਤੇ ਸਵਾਲ ਉਠਾਉਣ ਵਾਲੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਤਿੱਖੀ ਆਲੋਚਨਾ ਕੀਤੀ ਹੈ।
ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਹਨੀਪ੍ਰੀਤ ਮਾਮਲੇ ਵਿੱਚ ਪੰਜਾਬ ਪੁਲੀਸ ‘ਤੇ ਲਾਏ ਦੋਸਾਂ ਬਾਰੇ ਕੈਪਟਨ ਨੇ ਕਿਹਾ ਕਿ ਡੇਰਾ ਸਿਰਸਾ ਮਾਮਲੇ ‘ਤੇ ਆਪਣੀ ਸਰਕਾਰ ਦੀ ਅਸਫ਼ਲਤਾ ਉੱਤੇ ਪਰਦਾ ਪਾਉਣ ਲਈ ਖੱਟਰ ਇਸ ਤਰ੍ਹਾਂ ਦੀਆਂ ਮਨਘੜਤ ਗੱਲਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਚਕੂਲਾ ਹਿੰਸਾ ਮਗਰੋਂ ਹਰਿਆਣਾ ਵਿੱਚ ਪੂਰੀ ਤਰ੍ਹਾਂ ਕਾਨੂੰਨ-ਵਿਵਸਥਾ ਭੰਗ ਹੋ ਜਾਣ ਦੇ ਅਸਲ ਮੁੱਦੇ ਤੋਂ ਲੋਕਾਂ ਦਾ ਧਿਆਨ ਲਾਂਭੇ ਕਰਨ ਲਈ ਖੱਟਰ ਹੁਣ ਅਜਿਹੀਆਂ ਕੋਸ਼ਿਸ਼ਾਂ ਕਰ ਰਹੇ ਹਨ। ਕੈਪਟਨ ਨੇ ਦੋਸ਼ ਲਾਇਆ ਕਿ ਹਰਿਆਣਾ ਪੁਲੀਸ ਦੇ ਕੁਝ ਸੀਨੀਅਰ ਅਧਿਕਾਰੀ ਹਨੀਪ੍ਰੀਤ ਬਾਰੇ ਜਾਣਦੇ ਸਨ ਕਿ ਉਹ ਕਈ ਦਿਨਾਂ ਤੋਂ ਕਿੱਥੇ ਹੈ ਪਰ ਉਹ ਉਸ ਨੂੰ ਗ੍ਰਿਫ਼ਤਾਰ ਕਰਨ ਵਿੱਚ ਅਸਫਲ ਰਹੇ। ਉਨ੍ਹਾਂ ਕਿਹਾ ਕਿ ਆਪਣੇ ਕਰਮਚਾਰੀਆਂ ਦੀ ਭੂਮਿਕਾ ਦੀ ਜਾਂਚ ਕਰਨ ਦੀ ਬਜਾਏ ਖੱਟਰ ਸਿਰਫ਼ ਪੰਜਾਬ ‘ਤੇ ਦੋਸ਼ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸੇ ਤਰ੍ਹਾਂ ਦੀ ਕੋਸ਼ਿਸ਼ ਉਨ੍ਹਾਂ ਨੇ ਪੰਚਕੂਲਾ ਹਿੰਸਾ ਦੇ ਸਬੰਧ ਵਿੱਚ ਕੀਤੀ ਸੀ। ਮੁੱਖ ਮੰਤਰੀ ਨੇ ਇਹ ਵੀ ਸਪਸ਼ਟ ਕੀਤਾ ਕਿ ਭਾਵੇਂ ਪੰਜਾਬ ਪੁਲੀਸ ਹਨੀਪ੍ਰੀਤ ਦਾ ਪਿੱਛਾ ਨਹੀਂ ਕਰ ਰਹੀ ਸੀ ਕਿਉਂਕਿ ਉਹ ਸੂਬੇ ਨੂੰ ਕਿਸੇ ਵੀ ਮਾਮਲੇ ਵਿੱਚ ਲੋੜੀਂਦੀ ਨਹੀਂ ਸੀ ਪਰ ਇਸ ਦੇ ਨਾਲ ਹੀ ਡੇਰਾ ਮੁਖੀ ਦੀ ਗੋਦ ਲਈ ਇਸ ਧੀ ਨੂੰ ਬਚਾਉਣ ਦਾ ਵੀ ਕੋਈ ਸਵਾਲ ਨਹੀਂ ਉਠਦਾ।

ਮਾਡਲ ਮਰੀਨਾ ਨੇ ਲਾਏ ਦੋਸ਼- ਰਾਮ ਰਹੀਮ ਫ਼ਿਲਮਾਂ ਦੇ ਬਹਾਨੇ ਕਰਦਾ ਸੀ ਇਤਰਾਜ਼ਯੋਗ ਹਰਕਤਾਂ
ਨਵੀਂ ਦਿੱਲੀ/ਬਿਊਰੋ ਨਿਊਜ਼ :
ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ‘ਤੇ ਦੋ ਸਾਧਵੀਆਂ ਨਾਲ ਜਬਰ ਜਨਾਹ ਦੇ ਦੋਸ਼ ਸਾਬਿਤ ਹੋਣ ਅਤੇ 20 ਸਾਲ ਦੀ ਸਜ਼ਾ ਹੋਣ ਤੋਂ ਬਾਅਦ ਲਗਾਤਾਰ ਕਈ ਖ਼ੁਲਾਸੇ ਹੋ ਰਹੇ ਹਨ। ਹੁਣ ਉਸ ‘ਤੇ ਮਾਡਲ ਤੇ ਅਦਾਕਾਰਾ ਮਰੀਨਾ ਕੁਵਰ ਨੇ ਦੋਸ਼ ਲਗਾਉਂਦਿਆ ਕਿਹਾ ਕਿ ਉਹ ਉਸ ਨੂੰ ਫ਼ਿਲਮ ਵਿਚ ਰੋਲ ਦਿਵਾਉਣ ਤੇ ਮੀਟਿੰਗ ਦੇ ਬਹਾਨੇ ਆਪਣੀ ਗੁਫ਼ਾ ਵਿਚ ਲੈ ਜਾਂਦਾ ਸੀ ਅਤੇ ਉਸ ਨਾਲ ਗਲਤ ਹਰਕਤਾਂ ਕਰਦਾ ਸੀ। ਉਸ ਨੇ ਦੱਸਿਆ ਕਿ ਰਾਮ ਰਹੀਮ ਨੇ ਉਸ ਨੂੰ ਪੈਸੇ ਤੇ ਹੋਰ ਚੀਜ਼ਾਂ ਦੀ ਚਿੰਤਾ ਨਾ ਕਰਨ ਦੀ ਗੱਲ ਆਖੀ। ਮਰੀਨਾ ਨੇ ਕਿਹਾ ਕਿ ਰਾਮ ਰਹੀਮ ਨਸ਼ਾ ਵੀ ਕਰਦਾ ਸੀ ਤੇ ਉਸ ਨੂੰ ਇਸ ਦੀ ਆਦਤ ਸੀ। ਉਸ ਨੇ ਦੱਸਿਆ ਰਾਮ ਰਹੀਮ ਤੋਂ ਤੰਗ ਹੋ ਕੇ ਉਸ ਨੇ 6 ਮਹੀਨੇ ਪਹਿਲਾਂ ਇਕ ਟਵੀਟ ਕੀਤਾ ਸੀ ਪਰ ਡਰਾਉਣ-ਧਮਕਾਉਣ ਤੋਂ ਬਾਅਦ ਉਸ ਨੂੰ ਉਹ ਡਲੀਟ ਕਰਨਾ ਪਿਆ ਸੀ। ਗੁਰਮੀਤ ਰਾਮ ਰਹੀਮ ਦੇ ਜੇਲ੍ਹ ਵਿਚ ਜਾਣ ਤੋਂ ਬਾਅਦ ਮਰੀਨਾ ਤੇ ਉਸ ਦੇ ਪੁਰਸ਼ ਮਿੱਤਰ ਨੇ ਇਹ ਸਾਰੇ ਦੋਸ਼ ਲਗਾਏ ਹਨ।