ਗੁਰਬੀਰ ਗਰੇਵਾਲ ਨਿਊਜਰਸੀ ਦੇ ਨਵੇਂ ਅਟਾਰਨੀ ਜਨਰਲ

0
288

gurbir-singh-grewal-usa
ਨਿਊਜਰਸੀ/ਬਿਊਰੋ ਨਿਊਜ਼:
ਨਿਊਜਰਸੀ ਦੇ ਅਹੁਦਾ ਸੰਭਾਲ ਰਹੇ ਗਵਰਨਰ ਨੇ ਦਸਤਾਰਧਾਰੀ ਸਿੱਖ ਗੁਰਬੀਰ ਸਿੰਘ ਗਰੇਵਾਲ ਨੂੰ ਸੂਬੇ ਦੇ ਨਵੇਂ ਅਟਾਰਨੀ ਜਨਰਲ ਨਿਯੁਕਤ ਕੀਤਾ ਹੈ। ਇਸ ਨਾਲ ਅਮਰੀਕਾ ਅਤੇ ਨਿਊਜਰਸੀ ਸੂਬੇ ਦੇ ਇਤਿਹਾਸ ਵਿਚ ਗਰੇਵਾਲ ਪਹਿਲਾਂ ਸਿੱਖ ਅਟਾਰਨੀ ਜਨਰਲ ਹੋਵੇਗਾ। ਉਨ੍ਹਾਂ ਦਾ ਕੰਮ ਕਾਨੂੰਨੀ ਮਸਲਿਆਂ ‘ਚ ਸੂਬੇ ਦੀ ਪ੍ਰਤੀਨਿਧਤਾ ਕਰਨਾ ਅਤੇ ਕਾਨੂੰਨ ਲਾਗੂ ਕਰਨ ਵਾਲੇ ਮੁੱਖ ਅਧਿਕਾਰੀ ਵਜੋਂ ਕੰਮ ਕਰਨਾ ਹੋਵੇਗਾ।
ਨਿਊਜਰਸੀ ਦੇ ਨਵੇਂ ਚੁਣੇ ਗਵਰਨਰ ਫਿਲ ਮਰਫ਼ੀ ਨੇ ਕਿਹਾ ਕਿ ਸਾਡੇ ਸੂਬੇ ਨੂੰ ਕਿਸੇ ਮਜ਼ਬੂਤ ਵਿਅਕਤੀ ਦੀ ਜ਼ਰੂਰਤ ਸੀ ਜੋ ਰਾਸ਼ਟਰਪਤੀ ਟਰੰਪ ਅਤੇ ਕਾਂਗਰਸ ਵਿਚ ਰੀਪਬਲਿਕਨ ਲੀਡਰਸ਼ਿਪ ਸਾਹਮਣੇ ਖੜ੍ਹ ਕੇ ਸਾਡੇ ਸੂਬੇ ਅਤੇ 9 ਮਿਲੀਅਨ ਲੋਕਾਂ ਦੇ ਹੱਕਾਂ ਅਤੇ ਕਦਰਾਂ ਕੀਮਤਾਂ ਦੀ ਗੱਲ ਕਰ ਸਕੇ। ਇਸ ਨਿਯੁਕਤੀ ਨਾਲ ਉਨ੍ਹਾਂ ਦਾ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਸਿੱਧਾ ਤਰਕਾਰ ਹੋਣ ਦੀ ਸੰਭਾਵਨਾ ਹੈ। ਫਿਲ ਮਰਫ਼ੀ 16 ਜਨਵਰੀ ਨੂੰ ਨਿਊਜਰਸੀ ਦੇ ਗਵਰਨਰ ਦਾ ਅਹੁਦਾ ਸੰਭਾਲਣਗੇ।
ਗੁਰਬੀਰ ਗਰੇਵਾਲ ਪਹਿਲਾਂ ਨਿਊਜਰਸੀ ਦੀ ਬਰਗਨ ਕਾਉਂਟੀ ਵਿਚ ਚੋਟੀ ਦੇ ਵਕੀਲ ਸਨ ਅਤੇ ਉਹ ਅਮਰੀਕੀ ਅਟਾਰਨੀ ਦੇ ਦਫ਼ਤਰ ਵਿਚ ਆਰਥਿਕ ਅਪਰਾਧ ਯੂਨਿਟ ਦੇ ਮੁਖੀ ਰਹਿ ਚੁੱਕੇ ਹਨ। ਉਹ ਨਿਊਯਾਰਕ ਦੀ ਸਾਊਥ ਏਸ਼ੀਅਨ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵੀ ਹਨ। ਉਨ੍ਹਾਂ ਇਕ ਪੱਤਰਕਾਰ ਕਾਨਫਰੰਸ ਵਿਚ ਕਿਹਾ ਕਿ ਉਨ੍ਹਾਂ ਨੂੰ ਸਭਿਆਚਾਰਕ ਅਤੇ ਨਸਲੀ ਤੌਰ ਤੇ ਅਨੇਕਤਾ ਵਾਲੇ ਸੂਬੇ ਦੀ ਪ੍ਰਤੀਨਿਧਤਾ ਕਰਦੇ ਹਨ।
44 ਸਾਲਾ ਗੁਰਬੀਰ ਸਿੰਘ ਗਰੇਵਾਲ ਦੀ ਨਿਯੁਕਤੀ ਅਮਰੀਕਾ ਦੇ ਚੋਟੀ ਦੇ ਆਹੁਦਿਆਂ ਵਿਚੋਂ ਇਕ ਹੈ। ਨਵੇਂ ਗਵਰਨਰ ਦੇ ਆਹੁਦਾ ਸੰਭਾਲਣ ਮਗਰੋਂ ਗਰੇਵਾਲ ਦੀ ਨਿਯੁਕਤੀ ਦੀ ਸੈਨੇਟ ਤੋਂ ਮਨਜੂਰੀ ਲੈਣੀ ਲਾਜ਼ਮੀ ਹੋਵੇਗੀ ਪਰ ਇਹ ਇਕ ਰਸਮ ਹੀ ਹੋਵੇਗੀ ਕਿਉਂਕਿ ਨਿਊਜਰਸੀ ਵਿਚ ਡੈਮੋਕਰੇਟਸ ਦਾ ਬਹੁਮੱਤ ਹੈ।