ਪਾਕਿਸਤਾਨ ਦਾ ਪਹਿਲਾ ਸਿੱਖ ਪੁਲੀਸ ਅਫ਼ਸਰ ਗੁਲਾਬ ਸਿੰਘ ਬਰਤਰਫ

0
103

gulab-singh-dismissal
ਗੁਲਾਬ ਸਿੰਘ ਨੂੰ ਉਸ ਦੇ ਸਨੇਹੀ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਂਦੇ ਹੋਏ।

ਜਲੰਧਰ/ਬਿਊਰੋ ਨਿਊਜ਼ :

ਕੁਝ ਹਫ਼ਤੇ ਪਹਿਲਾਂ ਘਰੋਂ ਬੇਘਰ ਕੀਤੇ ਪਾਕਿਸਤਾਨ ਦੇ ਪਹਿਲੇ ਸਿੱਖ ਟਰੈਫਿਕ ਪੁਲੀਸ ਅਫ਼ਸਰ ਗੁਲਾਬ ਸਿੰਘ ਸ਼ਾਹੀਨ ਨੂੰ ਨੌਕਰੀ ਤੋਂ ਵੀ ਬਰਤਰਫ਼ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਗੁਲਾਬ ਸਿੰਘ ਕਥਿਤ ਤੌਰ ‘ਤੇ 116 ਦਿਨਾਂ ਤੋਂ ਆਪਣੇ ਉਚ ਅਫ਼ਸਰਾਂ ਦੀ ਪ੍ਰਵਾਨਗੀ ਤੋਂ ਬਗ਼ੈਰ ਡਿਊਟੀ ਤੋਂ ਗ਼ੈਰਹਾਜ਼ਰ ਚਲਿਆ ਆ ਰਿਹਾ ਸੀ ਤੇ ਵਰਦੀ ਦੇ ਜ਼ਾਬਤੇ ਦੀ ਵੀ ਪਾਲਣਾ ਨਹੀਂ ਕਰ ਰਿਹਾ ਸੀ। ਦੂਜੇ ਪਾਸੇ, ਗੁਲਾਬ ਸਿੰਘ ਨੇ ਦੋਸ਼ ਲਾਇਆ ਕਿ ਉਸ ਨੂੰ ਘੱਟਗਿਣਤੀ ਭਾਈਚਾਰੇ ਨਾਲ ਸਬੰਧਤ ਹੋਣ ਕਰ ਕੇ ਤੇ ਉਸ ਨੂੰ ਬੇਘਰ ਕਰਨ ਵਿੱਚ ਪਾਕਿ ਔਕਾਫ਼ ਬੋਰਡ ਦੇ ਅਧਿਕਾਰੀਆਂ ਦੀ ਵਧੀਕੀ ਦਾ ਮਾਮਲਾ ਵਿਦੇਸ਼ੀ ਮੀਡੀਆ ਕੋਲ ਉਠਾਉਣ ਬਦਲੇ ਨਿਸ਼ਾਨਾ ਬਣਾਇਆ ਗਿਆ ਹੈ।
ਕੁਝ ਪਾਕਿਸਤਾਨੀ ਨਿਊਜ਼ ਚੈਨਲਾਂ ਦੀਆਂ ਰਿਪੋਰਟਾਂ ਵਿਚ ਕਿਹਾ ਜਾ ਰਿਹਾ ਹੈ ਕਿ ਗੁਲਾਬ ਸਿੰਘ ਸੰਨ 2006 ਵਿੱਚ ਆਪਣੀ ਨਿਯੁਕਤੀ ਵੇਲੇ ਤੋਂ ਹੀ ਵਿਵਾਦ ਦਾ ਵਿਸ਼ਾ ਬਣਿਆ ਹੋਇਆ ਸੀ ਤੇ ਉਸ ਦਾ ਵਤੀਰਾ ਸਰਕਾਰੀ ਮੁਲਾਜ਼ਮ ਵਾਲਾ ਨਹੀਂ ਸੀ। ਨੌਕਰੀ ਤੋਂ ਹਟਾਉਣ ਦੀ ਖ਼ਬਰ ਸੁਣ ਕੇ ਗੁਲਾਬ ਸਿੰਘ ਨੂੰ ਗਹਿਰਾ ਸਦਮਾ ਲੱਗਿਆ ਹੈ ਤੇ ਉਸ ਨੂੰ ਇਕ ਮੁਕਾਮੀ ਹਸਪਤਾਲ ਲਿਜਾਇਆ ਗਿਆ। ਉਸ ਨੇ ਫੋਨ ‘ਤੇ ਪੱਤਰਕਾਰਾਂ ਨੂੰ ਦੱਸਿਆ ” ਮੈਨੂੰ ਸ਼ੁਰੂ ਤੋਂ ਹੀ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਤੇ ਪ੍ਰੇਸ਼ਾਨ ਕੀਤਾ ਜਾਂਦਾ ਰਿਹਾ। ਤਿੰਨ ਮਹੀਨੇ ਪਹਿਲਾਂ ਇਕ ਹਾਦਸੇ ‘ਚ ਮੇਰੀ ਬਾਂਹ ਟੁੱਟਣ ਕਰ ਕੇ ਮੈਂ ਬਾਕਾਇਦਾ ਮੈਡੀਕਲ ਛੁੱਟੀ ਲਈ ਸੀ।” ਪਿਛਲੀ ਵਾਰ ਉਸ ਨੂੰ ਲਾਹੌਰ ਦੇ ਮੁਗ਼ਲਪੁਰਾ ਇਲਾਕੇ ਵਿੱਚ ਟਰੈਫਿਕ ਵਾਰਡਨ (ਐਸਆਈ) ਵਜੋਂ ਤਾਇਨਾਤ ਕੀਤਾ ਗਿਆ ਸੀ। ਉਸ ਦੀ ਬਰਤਰਫ਼ੀ ਦੇ ਹੁਕਮਾਂ ‘ਤੇ ਐਸਪੀ (ਟਰੈਫਿਕ) ਆਸਿਫ਼ ਸਾਦਿਕ ਦੇ ਦਸਤਖ਼ਤ ਹਨ।