ਭਾਰਤ ‘ਚ ਇਕਸਾਰ ਕਰ ਪ੍ਰਣਾਲੀ ਜੀਐਸਟੀ ਲਾਗੂ

0
343

pic-gst

ਕੈਪਸ਼ਨ : ਰਾਸ਼ਟਰਪਤੀ ਪ੍ਰਣਬ ਮੁਖਰਜੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਸਦ ਭਵਨ ਦੇ ਕੇਂਦਰੀ ਹਾਲ ਵਿੱਚ ਵਿਸ਼ੇਸ਼ ਸਮਾਗਮ ਦੌਰਾਨ ਬਟਨ ਦਬਾ ਕੇ ਜੀਐਸਟੀ ਲਾਂਚ ਕਰਦੇ ਹੋਏ।
ਰਾਸ਼ਟਰਪਤੀ ਨੇ ਕਿਹਾ, ‘ਇਕ ਪਾਰਟੀ, ਇਕ ਸਰਕਾਰ ਦੀ ਨਹੀਂ ਸਭ ਦੀ ਸਾਂਝੀ ਪ੍ਰਾਪਤੀ’
ਜੀਐਸਟੀ ‘ਗੁੱਡ ਐਂਡ ਸਿੰਪਲ ਟੈਕਸ’ ਤੋਂ ਸਭ ਨੂੰ ਲਾਭ ਮਿਲੇਗਾ: ਪ੍ਰਧਾਨ ਮੰਤਰੀ ਮੋਦੀ
ਕਾਂਗਰਸ ਸਮੇਤ ਵਿਰੋਧੀ ਧਿਰ ਵਲੋਂ ਬਾਈਕਾਟ
‘ 80 ਫ਼ੀਸਦੀ ਵਸਤਾਂ ਹੋਣਗੀਆਂ 18 ਫ਼ੀਸਦੀ ਕਰ ਵਾਲੇ ਘੇਰੇ ‘ਚ
‘ ਕਈ ਸੂਬਿਆਂ ਵਿੱਚ ਵਪਾਰੀਆਂ ਵੱਲੋਂ ਜ਼ੋਰਦਾਰ ਰੋਸ ਮੁਜ਼ਾਹਰੇ

ਨਵੀਂ ਦਿੱਲੀ/ਬਿਊਰੋ ਨਿਊਜ਼:
ਰਾਸ਼ਟਰਪਤੀ ਪ੍ਰਣਬ ਮੁਖਰਜੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 30 ਜੂਨ ਸ਼ੁਕਰਵਾਰ ਨੂੰ ਅੱਧੀ ਰਾਤ ਨੂੰ ਆਜ਼ਾਦ ਭਾਰਤ ਦੇ ਇਤਿਹਾਸ ਦੇ ਸਭ ਤੋਂ ਵੱਡੇ ਕਰ ਸੁਧਾਰ ‘ਵਸਤੂ ਤੇ ਸੇਵਾ ਕਰ’ (ਜੀ.ਐੱਸ.ਟੀ.) ਨੂੰ ਲਾਗੂ ਕਰਨ ਦੇ ਐਲਾਨ ਦੇ ਨਾਲ ਹੀ ‘ਇਕ ਰਾਸ਼ਟਰ-ਇਕ ਕਰ-ਇਕ ਬਾਜ਼ਾਰ’ ਦੀ ਕਲਪਨਾ ਸਾਕਾਰ ਹੋ ਗਈ। ਸੰਸਦ ਦੇ ਕੇਂਦਰੀ ਹਾਲ ‘ਚ ਹੋਏ ਸਮਾਗਮ ਦੌਰਾਨ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨੇ ਉੱਪ-ਰਾਸ਼ਟਰਪਤੀ ਹਾਮਿਦ ਅੰਸਾਰੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ, ਸਾਬਕਾ ਪ੍ਰਧਾਨ ਮੰਤਰੀ ਐਚ. ਡੀ. ਦੇਵੇਗੌੜਾ ਤੇ ਵਿੱਤ ਮੰਤਰੀ ਅਰੁਣ ਜੇਤਲੀ ਦੀ ਮੌਜੂਦਗੀ ‘ਚ ਦੇਸ਼ ‘ਚ ਇਕ ਜੁਲਾਈ ਤੋਂ ਜੀ.ਐੱਸ.ਟੀ. ਲਾਗੂ ਕਰਨ ਦਾ ਐਲਾਨ ਕੀਤਾ। ਜਦੋਂ ਮੁੱਖ ਵਿਰੋਧੀ ਕਾਂਗਰਸ ਸਮੇਤ ਵਿਰੋਧੀ ਧਿਰ ਰਹੀ ਸਮਾਗਮ ਤੋਂ ਦੂਰ ਰਹੀਂ।
ਇਸ ਮੌਕੇ ਸੰਬੋਧਨ ਕਰਦਿਆਂ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਕਿਹਾ ਕਿ ਇਹ ਸਫਲਤਾ ਇਕ ਪਾਰਟੀ ਇਕ ਸਰਕਾਰ ਦੀ ਨਹੀਂ, ਸਗੋਂ ਭਾਰਤ ਦੇ ਲੋਕਤੰਤਰ ਦੀ ਸਫਲਤਾ ਹੈ। ਉਨ੍ਹਾਂ ਇਸ ਨੂੰ ਇਤਿਹਾਸਕ ਪਲ ਕਰਾਰ ਸਿੰਦਿਆਂ ਕਿਹਾ ਕਿ ਇਹ ਕਾਲਾ ਧਨ ਦੇ ਖੇਤਰ ‘ਚ ਇਕ ਨਵਾਂ ਯੁੱਗ ਹੈ ਜੋ ਕੇਂਦਰ ਅਤੇ ਸੂਬਿਆਂ ‘ਚ ਬਣੀ ਵਿਆਪਕ ਸਹਿਮਤੀ ਦਾ ਨਤੀਜਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਕਰਵਾਰ ਨੂੰ ਅੱਧੀ ਰਾਤੀਂ ਜੀਐਸਟੀ ਲਾਗੂ ਕਰਨ ਮੌਕੇ ਮੁਲਕਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਸਾਰੀਆਂ ਸਿਆਸੀ ਪਾਰਟੀਆਂ ਦੇ ਸਾਂਝੇ ਹੰਭਲੇ ਦਾ ਹੀ ਨਤੀਜਾ ਹੈ। ਕੇਂਦਰ ਸਰਕਾਰ ਇਸ ਮਸਲੇ ਬਾਰੇ ਕਈ ਸਾਲਾਂ ਤੋਂ ਵੱਖ ਵੱਖ ਰਾਜ ਸਰਕਾਰਾਂ ਨਾਲ ਵਿਚਾਰ-ਵਟਾਂਦਰਾ ਕਰ ਰਹੀ ਸੀ। ਜੀਐਸਟੀ, ਸੰਘੀ ਤਾਲਮੇਲ ਦੀ ਸਫਲ ਮਿਸਾਲ ਹੋ ਨਿਬੜਿਆ ਹੈ। ਉਨ੍ਹਾਂ ਜੀਐਸਟੀ ਨੂੰ ਭਾਰਤ ਦੀ ਆਰਥਿਕ ਇਕਜੁੱਟਤਾ ਕਰਾਰ ਦਿੱਤਾ ਜਿਸ ਤਰ੍ਹਾਂ ਆਜ਼ਾਦੀ ਤੋਂ ਬਾਅਦ ਸਰਦਾਰ ਵੱਲਭਭਾਈ ਪਟੇਲ ਨੇ ਮੁਲਕ ਨੂੰ ਇਕ ਲੜੀ ਵਿੱਚ ਪਰੋਇਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਹੁਣ 31 ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਦੀ ਜੀਐਸਟੀ ਇਕਜੁੱਟਤਾ ਨਾਲ ਟੋਲ ਪਲਾਜ਼ਿਆਂ ਉਤੇ ਭੀੜਾਂ ਖ਼ਤਮ ਹੋਣਗੀਆਂ। ਇਹ ਅਜਿਹਾ ਸਿਸਟਮ ਹੈ ਜਿਹੜਾ ਐਨ ਪਾਰਦਰਸ਼ੀ ਹੈ ਅਤੇ ਇਸ ਨਾਲ ਕਾਲੇ ਧਨ ਤੇ ਭ੍ਰਿਸ਼ਟਾਚਾਰ ਨੂੰ ਵੀ ਨੱਥ ਪਵੇਗੀ ਅਤੇ ਇਸ ਨਾਲ ਨਵਾਂ ਸ਼ਾਸਨ ਪ੍ਰਬੰਧ ਹੋਂਦ ਵਿੱਚ ਆਵੇਗਾ। ਉਨ੍ਹਾਂ ਜੀਐਸਟੀ ਨੂੰ ਗੁੱਡ ਐਂਡ ਸਿੰਪਲ ਟੈਕਸ (ਚੰਗਾ ਤੇ ਸਰਲ ਟੈਕਸ) ਆਖਿਆ ਅਤੇ ਆਸ ਪ੍ਰਗਟਾਈ ਕਿ ਇਸ ਤੋਂ ਮਿਲਣ ਵਾਲੇ ਲਾਭਾਂ ਨੂੰ ਕਾਰੋਬਾਰੀ ਆਮ ਗਾਹਕ ਤੱਕ ਪੁੱਜਦੇ ਕਰਨਗੇ। ਜੀਐਸਟੀ ਬਾਰੇ ਪ੍ਰਗਟਾਏ ਜਾ ਰਹੇ ਸ਼ੰਕਿਆਂ ਬਾਰੇ ਉਨ੍ਹਾਂ ਕਿਹਾ ਕਿ ਨਵੀਂ ਐਨਕ ਲਈ ਕੁਝ ਸਮਾਂ ਤਾਂ ਹਰ ਇਕ ਨੂੰ ‘ਅਡਜਸਟ’ ਕਰਨਾ ਹੀ ਪੈਂਦਾ ਹੈ। ਇਸ ਮੌਕੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਜੀਐਸਟੀ ਨੂੰ ਮੁਲਕ ਲਈ ਸਭ ਤੋਂ ਅਹਿਮ ਘਟਨਾ ਕਰਾਰ ਦਿੱਤਾ।
ਇਸ ਤੋਂ ਪਹਿਲਾਂ ਦੇਸ਼ ਭਰ ਵਿੱਚ (ਜੰਮੂ-ਕਸ਼ਮੀਰ ਨੂੰ ਛੱਡ ਕੇ) ਇਕਸਾਰ ਕਰ ਢਾਂਚਾ ‘ਵਸਤਾਂ ਤੇ ਸੇਵਾਵਾਂ ਕਰ’ (ਜੀਐਸਟੀ) ਤੁਰੰਤ ਅਮਲ ਵਿੱਚ ਆ ਗਿਆ, ਜੋ ਆਜ਼ਾਦੀ ਤੋਂ ਬਾਅਦ ਦੇਸ਼ ਵਿੱਚ ਹੁਣ ਤੱਕ ਦਾ ਅਸਿੱਧੇ ਕਰਾਂ ਸਬੰਧੀ ਸਭ ਤੋਂ ਵੱਡਾ ਸੁਧਾਰ ਹੈ। ਇਸ ‘ਚ ਸਰਕਾਰ ਨੂੰ ਮੁੱਢਲੀਆਂ ਦਿੱਕਤਾਂ ਆਉਣ ਦਾ ਵੀ ਖ਼ਦਸ਼ਾ ਹੈ। ਇਸ ਸਬੰਧੀ ਅੱਜ (30 ਜੂਨ ਤੇ ਪਹਿਲੀ ਜੁਲਾਈ ਦੀ) ਅੱਧੀ ਰਾਤ ਨੂੰ ਸੰਸਦ ਦੇ ਕੇਂਦਰੀ ਹਾਲ ਵਿੱਚ ਵਿਸ਼ੇਸ਼ ਸਮਾਗਮ ਕੀਤਾ ਗਿਆ। ਇਸ ਮੌਕੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਅਨੇਕਾਂ ਸ਼ਖ਼ਸੀਅਤਾਂ ਹਾਜ਼ਰ ਸਨ, ਪਰ ਕਾਂਗਰਸ, ਖੱਬੀਆਂ ਪਾਰਟੀਆਂ ਤੇ ਤ੍ਰਿਣਮੂਲ ਕਾਂਗਰਸ ਨੇ ਇਸ ਕਾਰਨ ਛੋਟੇ ਤੇ ਦਰਮਿਆਨੇ ਉੱਦਮੀਆਂ ਅਤੇ ਵਪਾਰੀਆਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਦੇ ਹਵਾਲੇ ਨਾਲ ਸਮਾਗਮ ਦਾ ਬਾਈਕਾਟ ਕੀਤਾ।

ਕਿਸਾਨਾਂ ਨੂੰ ਰਾਹਤ
ਜੀਐਸਟੀ ਲਾਗੂ ਹੋਣ ਤੋਂ ਕੁਝ ਘੰਟੇ ਪਹਿਲਾਂ ਤਾਕਤਵਰ ਜੀਐਸਟੀ ਕੌਂਸਲ ਨੇ ਕਿਸਾਨਾਂ ਨੂੰ ਰਾਹਤ ਦਿੰਦਿਆਂ ਖਾਦਾਂ ਉਤੇ ਟੈਕਸ ਦਰ 12 ਫ਼ੀਸਦੀ ਤੋਂ ਘਟਾ ਕੇ 5 ਫ਼ੀਸਦੀ ਕਰ ਦਿੱਤੀ ਹੈ। ਕੌਂਸਲ ਦੇ ਮੁਖੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਇਹ ਫ਼ੈਸਲਾ ਖਾਦਾਂ ਦੀਆਂ ਕੀਮਤਾਂ ਵਧਣ ਦੇ ਖ਼ਦਸ਼ੇ ਕਾਰਨ ਲਿਆ ਗਿਆ ਹੈ। ਟਰੈਕਟਰਾਂ ਦੇ ਕੁਝ ਪੁਰਜ਼ਿਆਂ ਲਈ ਵੀ ਦਰ 28 ਫ਼ੀਸਦੀ ਤੋਂ ਘਟਾ ਕੇ 18 ਫ਼ੀਸਦੀ ਕੀਤੀ ਗਈ ਹੈ। ਕੌਂਸਲ ਦੀ 18ਵੀਂ ਮੀਟਿੰਗ ਤੋਂ  ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ੍ਰੀ ਜੇਤਲੀ ਨੇ ਕਿਹਾ, ”ਕੁਝ ਮੈਂਬਰਾਂ ਦਾ ਖ਼ਿਆਲ ਸੀ ਕਿ 12 ਫ਼ੀਸਦੀ ਦਰ ਨਾਲ ਖ਼ਪਤਕਾਰਾਂ ਉਤੇ ਅਸਰ ਪੈ ਸਕਦਾ ਹੈ।” ਇਹ ਮੀਟਿੰਗ ਮੁੱਖ ਤੌਰ ‘ਤੇ ਮੈਂਬਰਾਂ ਦਾ ਧੰਨਵਾਦ ਕਰਨ ਲਈ ਸੱਦੀ ਗਈ ਸੀ।
ਜੀਐਸਟੀ ਤਹਿਤ ਸਾਰੀਆਂ ਵਸਤਾਂ ਅਤੇ ਸੇਵਾਵਾਂ ਉਤੇ ਕਰਾਂ ਦੀਆਂ 5, 12, 18 ਤੇ 28 ਫ਼ੀਸਦੀ ਦੀਆਂ ਚਾਰ ਸਲੈਬਾਂ ਬਣਾਈਆਂ ਗਈਆਂ ਹਨ ਅਤੇ ਹੁਣ ਸਾਰੇ ਦੇਸ਼ ਵਿੱਚ ਸਾਰੀਆਂ ਵਸਤਾਂ ਅਤੇ ਸੇਵਾਵਾਂ ਉਤੇ ਇਕਸਾਰ ਟੈਕਸ ਲਾਗੂ ਹੋਵੇਗਾ। ਪਹਿਲਾਂ ਵਸੂਲੇ ਜਾਂਦੇ ਕੇਂਦਰੀ, ਸੂਬਾਈ ਤੇ ਸਥਾਨਕ ਟੈਕਸ ਖ਼ਤਮ ਹੋ ਜਾਣਗੇ। ਜੰਮੂ-ਕਸ਼ਮੀਰ ਵਿੱਚ ਪਹਿਲੀ ਜੁਲਾਈ ਤੋਂ ਇਹ ਢਾਂਚਾ ਲਾਗੂ ਨਹੀਂ ਹੋਵੇਗਾ, ਕਿਉਂਕਿ ਸੂਬਾਈ ਵਿਧਾਨ ਸਭਾ ਵੱਲੋਂ ਇਸ ਸਬੰਧੀ ਕਾਨੂੰਨ ਪਾਸ ਨਹੀਂ ਕੀਤਾ ਗਿਆ। ਸੂਬਾ ਸਰਕਾਰ ਦਾ ਕਹਿਣਾ ਹੈ ਕਿ ਉਹ ਇਸ ਸਬੰਧੀ ਸਰਬਸੰਮਤੀ ਬਣਾਉਣ ਲਈ ‘ਵਿਚਾਰ-ਵਟਾਂਦਰਾ’ ਕਰ ਰਹੀ ਹੈ। ਇਸ ਸਬੰਧੀ ਸਰਕਾਰ ਨੇ ਪਿਛਲੇ ਦਿਨੀਂ ਆਲ ਪਾਰਟੀ ਮੀਟਿੰਗ ਸੱਦੀ ਸੀ ਪਰ ਵਿਰੋਧੀ ਪਾਰਟੀਆਂ ਖ਼ਾਸਕਰ ਨੈਸ਼ਨਲ ਕਾਨਫਰੰਸ ਤੇ ਕਾਰੋਬਾਰੀ ਭਾਈਚਾਰੇ ਦੇ ਵਿਰੋਧ ਕਾਰਨ ਸਹਿਮਤੀ ਨਹੀਂ ਬਣੀ। ਵਿਰੋਧੀਆਂ ਦਾ ਕਹਿਣਾ ਹੈ ਕਿ ਨਵੇਂ ਢਾਂਚੇ ਨਾਲ ਕਰ ਲਾਉਣ ਦੀ ਸੂਬੇ ਦੀ ਖ਼ੁਦਮੁਖ਼ਤਾਰੀ ਖ਼ਤਮ ਹੋ ਜਾਵੇਗੀ ਤੇ ਭਾਰਤ ਵਿੱਚ ਇਸ ਦੇ ਵਿਸ਼ੇਸ਼ ਰੁਤਬੇ ਨੂੰ ਵੀ ਖੋਰਾ ਲੱਗੇਗਾ। ਕਸ਼ਮੀਰ ਟਰੇਡਰਜ਼ ਐਂਡ ਮੈਨੂਫੈਕਚਰਰਜ਼ ਫੈਡਰੇਸ਼ਨ (ਕੇਟੀਐਮਐਫ਼) ਨੇ ਜੀਐਸਟੀ ਖ਼ਿਲਾਫ਼ ਸ਼ਨਿੱਚਰਵਾਰ ਨੂੰ ਆਮ ਹੜਤਾਲ ਦਾ ਸੱਦਾ ਦਿੱਤਾ ਹੈ। ਇਸ ਦੌਰਾਨ ਸਰਕਾਰ ਨੇ ਅੱਜ ਕਿਹਾ ਕਿ  ਜੀਐਸਟੀ ਨਾਲ ਲੂਣ ਤੇ ਸਾਬਣ ਵਰਗੀਆਂ ਨਿੱਤ ਵਰਤੋਂ ਵਾਲੀਆਂ ਅਤੇ ਲਾਜ਼ਮੀ ਵਸਤਾਂ ਦੀਆਂ ਕੀਮਤਾਂ ਵਿੱਚ ਕੋਈ ਤਬਦੀਲੀ ਨਹੀਂ ਹੋਵੇਗੀ ਕਿਉਂਕਿ ਇਨ੍ਹਾਂ ਨੂੰ ਜਾਂ ਤਾਂ ਟੈਕਸ ਤੋਂ ਛੋਟ ਹੈ ਜਾਂ ਕਈ ਵਸਤਾਂ ਉਤੇ ਟੈਕਸ ਮੌਜੂਦਾ ਪੱਧਰ ਵਾਲਾ ਹੀ ਹੈ। ਸਿਹਤ ਤੇ ਸਿੱਖਿਆ ਸੇਵਾਵਾਂ ਸਣੇ ਸਬਜ਼ੀਆਂ, ਦੁੱਧ, ਅੰਡੇ ਅਤੇ ਆਟੇ ਵਰਗੀਆਂ।ੈਰ ਬਰਾਂਡਿਡ ਖੁਰਾਕੀ ਵਸਤਾਂ ਨੂੰ ਜੀਐਸਟੀ ਤੋਂ ਛੋਟ ਹੋਵੇਗੀ। ਚਾਹਪੱਤੀ, ਖੁਰਾਕੀ ਤੇਲ, ਖੰਡ, ਕੱਪੜੇ ਅਤੇ ‘ਬੇਬੀ ਫਾਰਮੂਲਾ’ ਉਤੇ ਸਿਰਫ਼ ਪੰਜ ਫ਼ੀਸਦੀ ਟੈਕਸ ਲੱਗੇਗਾ। ਇਹ ਲਾਜ਼ਮੀ ਤੇ ਰੋਜ਼ਾਨਾ ਵਰਤੋਂ ਦੀਆਂ ਵਸਤਾਂ ਕੁੱਲ ਵਰਤੀਆਂ ਜਾਂਦੀਆਂ ਵਸਤਾਂ ਦਾ ਤਕਰੀਬਨ 80 ਫ਼ੀਸਦੀ ਹਨ। ਮੋਟਰਸਾਈਕਲ, ਇਤਰ ਅਤੇ ਸ਼ੈਂਪੂ ਵਰਗੀਆਂ ਲਗਜ਼ਰੀ ਵਸਤਾਂ, ਜਿਹੜੀਆਂ ਸਾਰੀਆਂ ਟੈਕਸਯੋਗ ਵਸਤਾਂ ਦਾ ਤਕਰੀਬਨ 19 ਫ਼ੀਸਦੀ ਬਣਦੀਆਂ ਹਨ, ਉਤੇ 18 ਫ਼ੀਸਦੀ ਜਾਂ ਵੱਧ ਟੈਕਸ ਲੱਗੇਗਾ। ਆਜ਼ਾਦੀ ਤੋਂ ਬਾਅਦ ਦੀ ਸਭ ਤੋਂ ਵੱਡੀ ਟੈਕਸ ਸੁਧਾਰ ਪ੍ਰਣਾਲੀ ਜੀਐਸਟੀ ਨਾਲ ਐਕਸਾਈਜ਼, ਸੇਵਾ ਕਰ ਅਤੇ ਵੈਟ ਵਰਗੇ ਕੇਂਦਰੀ ਤੇ ਰਾਜਾਂ ਦੇ 16 ਟੈਕਸ ਇਕੱਠੇ ਹੋਣਗੇ, ਜਿਸ ਨਾਲ ਦੇਸ਼ ਭਰ ਵਿੱਚ ਇਕੋ ਦਰ ਨਾਲ ਟੈਕਸ ਲੱਗੇਗਾ। ਮਾਲੀਆ ਸਕੱਤਰ ਹਸਮੁੱਖ ਅਢੀਆ ਨੇ ਕਿਹਾ ਕਿ ਇਸ ਨਾਲ ਸਿਸਟਮ ਪਾਰਦਰਸ਼ੀ ਹੋਵੇਗਾ ਅਤੇ ਟੈਕਸ ਚੋਰੀ ਰੁਕੇਗੀ ਤੇ ਈਮਾਨਦਾਰ ਕਰਦਾਤਿਆਂ ਨੂੰ ਲਾਭ ਮਿਲੇਗਾ।

ਦੇਸ਼ ਭਰ ‘ਚ ਮੁਜ਼ਾਹਰੇ
ਇਸ ਦੌਰਾਨ ਦੇਸ਼ ਭਰ ਦੇ ਵਪਾਰੀਆਂ ਵੱਲੋਂ ਜੀਐਸਟੀ ਖ਼ਿਲਾਫ਼ ਜ਼ੋਰਦਾਰ ਅੰਦੋਲਨ ਕੀਤਾ ਜਾ ਰਿਹਾ ਹੈ। ਉਤਰ ਪ੍ਰਦੇਸ਼ ਦੇ ਵਪਾਰੀਆਂ ਨੇ ‘ਕਾਹਲੀ’ ਨਾਲ ਜੀਐਸਟੀ ਲਾਗੂ ਕਰਨ ਦਾ ਦੋਸ਼ ਲਾਉਂਦਿਆਂ ਆਪਣੀਆਂ ਦੁਕਾਨਾਂ ਤੇ ਦੂਜੇ ਅਦਾਰੇ ਬੰਦ ਰੱਖੇ ਤੇ ਇਕ ਥਾਈਂ ਰੇਲ ਵੀ ਰੋਕੀ ਗਈ। ਮੱਧ ਪ੍ਰਦੇਸ਼ ਤੇ ਪੱਛਮੀ ਬੰਗਾਲ ਦੇ ਮੁੱਖ ਸ਼ਹਿਰਾਂ ਵਿੱਚ ਵੀ ਅੱਜ ਕਾਰੋਬਾਰੀ ਅਦਾਰੇ ਬੰਦ ਰਹੇ। ਕਈ ਥਾਈਂ ਵਪਾਰੀਆਂ ਨੇ ਰੋਸ ਮਾਰਚ ਵੀ ਕੱਢੇ ਤੇ ਧਰਨੇ ਦਿੱਤੇ। ਤਾਮਲਿਨਾਡੂ ਤੇ ਹੋਰ ਕਈ ਸੂਬਿਆਂ ਤੋਂ ਵੀ ਅਜਿਹੀਆਂ ਖ਼ਬਰਾਂ ਪੁੱਜੀਆਂ ਹਨ।

ਜੀਐਸਟੀ ਸਰਕਾਰ ਦਾ ‘ਸਵੈ-ਪ੍ਰਚਾਰ ਤਮਾਸ਼ਾ’: ਰਾਹੁਲ
ਨਵੀਂ ਦਿੱਲੀ: ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਸਰਕਾਰ ਵੱਲੋਂ ਜੀਐਸਟੀ ਲਾਗੂ ਕੀਤੇ ਜਾਣ ਨੂੰ ਮਹਿਜ਼ ‘ਤਮਾਸ਼ਾ’ ਕਰਾਰ ਦਿੱਤਾ ਹੈ। ਵਿਦੇਸ਼ ਵਿੱਚ ਛੁੱਟੀਆਂ ਮਨਾ ਰਹੇ ਸ੍ਰੀ ਗਾਂਧੀ ਨੇ ਆਪਣੀਆਂ ਟਵੀਟਾਂ ਰਾਹੀਂ ਸਰਕਾਰ ‘ਤੇ ਜ਼ੋਰਦਾਰ ਹਮਲਾ ਕਰਦਿਆਂ ਕਿਹਾ ਕਿ ਜੀਐਸਟੀ ਨੂੰ ਬਿਨਾਂ ਕਿਸੇ ਯੋਜਨਾ, ਦੂਰਅੰਦੇਸ਼ੀ ਤੇ ਸੰਸਥਾਗਤ ਤਿਆਰੀ ਦੇ ਕਾਹਲੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ, ”ਇਸ ਭਾਰੀ ਸਮਰੱਥਾ ਵਾਲੇ ਸੁਧਾਰ ਨੂੰ ਕੱਚੇ-ਪਿੱਲੇ ਢੰਗ ਨਾਲ ਸਵੈ-ਪ੍ਰਚਾਰ ਦੇ ਤਮਾਸ਼ੇ ਵਾਂਗ ਲਾਗੂ ਕੀਤਾ ਜਾ ਰਿਹਾ ਹੈ।”

ਸ਼ੇਅਰ ਬਾਜ਼ਾਰ ਉਛਲਿਆ
ਜੀਐਸਟੀ ਦੇ ਅਮਲ ਵਿੱਚ ਆਉਣ ਤੋਂ ਪਹਿਲਾਂ ਸ਼ੁਕਰਵਾਰ ਨੂੰ ਸ਼ੇਅਰ ਬਾਜ਼ਾਰ ਦਾ ਮਾਹੌਲ ਖ਼ੁਸ਼ਗਵਾਰ ਰਿਹਾ ਤੇ ਬੰਬਈ ਸ਼ੇਅਰ ਬਾਜ਼ਾਰ ਦਾ ਸੂਚਕ ਅੰਕ 69.09 ਅੰਕਾਂ ਜਾਂ 0.21 ਫ਼ੀਸਦੀ ਦੇ ਇਜ਼ਾਫ਼ੇ ਨਾਲ 30921.61 ‘ਤੇ ਬੰਦ ਹੋਇਆ।

”ਜੀਐਸਟੀ ਨਾਲ ਪੰਜਾਬ ਨੂੰ ਪੰਜ ਹਜ਼ਾਰ ਕਰੋੜ ਵੱਧ ਮਿਲੇਗਾ”
ਚੰਡੀਗੜ/ਬਿਊਰੋ ਨਿਊਜ਼:
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਕਹਿਣਾ ਹੈ ਕਿ ਜੀਐਸਟੀ ਲਾਗੂ ਹੋਣ ਨਾਲ ਸੂਬੇ ਨੂੰ ਕੇਂਦਰ ਸਰਕਾਰ ਕੋਲੋ ਪੰਜ ਹਜ਼ਾਰ ਕਰੋੜ ਰੁਪਏ ਵੱਧ ਮਿਲਣਗੇ। ਪੰਜਾਬ ਸਰਕਾਰ ਨੇ ਜੀਥਐਸ਼ਟੀਥਲਾਗੂ ਕਰਨ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਹਨ।
ਵਪਾਰੀਆਂ ਵਲੋਂ ਜੀਐਸਟੀ ਦੀ ਮੁਖ਼ਾਲਫ਼ਤ ਬਾਰੇ ਖਜ਼ਾਨਾ ਮੰਤਰੀ ਨੇ ਕਿਹਾ ਕਿ ਨਵੀਂ ਤਬਦੀਲੀ ਨਾਲ ਕੁਝ ਪਰੇਸ਼ਾਨੀ ਹੁੰਦੀ ਤਾਂ ਹੈ, ਪਰ ਇਹ ਅਸਥਾਈ ਹੈ। ਟੈਕਸ ਅਫਸਰ ਸੋਮਵਾਰ ਤੋਂ ਲੋਕਾਂ ਦੀਆਂ ਜੀਐਸਟੀ ਸਬੰਧੀ ਸਮੱਸਿਆਵਾਂ ਬਾਰੇ ਮੀਟਿੰਗਾਂ ਕਰਨਗੇ।