ਧਰਮ ਪ੍ਰਚਾਰ ਲਹਿਰ ਨੂੰ ਹੋਰ ਤੇਜ਼ ਕਰੇਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਨਸ਼ਿਆਂ ਅਤੇ ਪਤਿਤਪੁਣੇ ਨੂੰ ਰੋਕਣ ਲਈ ਮੁਹਿੰਮ ਦੀ ਮਜਬੂਤੀ ਉੱਤੇ ਜ਼ੋਰ

0
432

gobind-singh-longowal
ਜਲੰਧਰ/ਜਸਪਾਲ ਸਿੰਘ:
ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਨੌਜਵਾਨਾਂ ‘ਚ ਵਧ ਰਹੇ ਨਸ਼ਿਆਂ ਅਤੇ ਪਤਿਤਪੁਣੇ ਦੇ ਰੁਝਾਣ ਨੂੰ ਰੋਕਣ ਲਈ ਧਰਮ ਪ੍ਰਚਾਰ ਲਹਿਰ ਨੂੰ ਹੋਰ ਪ੍ਰਚੰਡ ਕਰੇਗੀ । ਇਸ ਲਹਿਰ ਤਹਿਤ ਪਿੰਡ-ਪਿੰਡ ਗੁਰਮਤਿ ਸਮਾਗਮ ਕਰਵਾਏ ਜਾਣਗੇ ਤੇ ਨੌਜਵਾਨਾਂ ਨੂੰ ਬਾਣੀ ਅਤੇ ਬਾਣੇ ਨਾਲ ਜੋੜਨ ਲਈ ਪ੍ਰੇਰਿਤ ਕੀਤਾ ਜਾਵੇਗਾ । ਸੋਸ਼ਲ ਮੀਡੀਆ ਦੇ ਵਧ ਰਹੇ ਪ੍ਰਭਾਵ ਨੂੰ ਦੇਖਦੇ ਹੋਏ ਸ਼੍ਰੋਮਣੀ ਕਮੇਟੀ ਵਲੋਂ ਇਕ ਸੋਸ਼ਲ ਮੀਡੀਆ ਵਿੰਗ ਵੀ ਸਥਾਪਿਤ ਕੀਤਾ ਜਾ ਰਿਹਾ ਹੈ, ਜੋ ਨੌਜਵਾਨ ਪੀੜ੍ਹੀ ਨੂੰ ਸਿੱਖ ਧਰਮ ਦੇ ਉੱਚੇ-ਸੁੱਚੇ ਸਿਧਾਂਤਾਂ ਅਤੇ ਫਲਸਫੇ ਨਾਲ ਜੋੜਨ ਦਾ ਯਤਨ ਕਰੇਗਾ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸ਼ੁਕਰਵਾਰ ਨੂੰ ਇੱਥੇ ਇਕ ਵਿਸ਼ੇਸ਼ ਮੁਲਾਕਾਤ ਦੌਰਾਨ ਕੀਤਾ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਸਿੱਖ ਧਰਮ ਦੇ ਪ੍ਰਚਾਰ ਲਈ ਜਿੱਥੇ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ, ਉੱਥੇ ਸਮਾਜ ‘ਚ ਫੈਲੀਆਂ ਅਨੇਕਾਂ ਤਰ੍ਹਾਂ ਦੀਆਂ ਕੁਰੀਤੀਆਂ ਪ੍ਰਤੀ ਵੀ ਸਿੱਖ ਸਮਾਜ ਨੂੰ ਜਾਗਰੂਕ ਕੀਤਾ ਜਾਵੇਗਾ । ਇਸ ਦੇ ਨਾਲ ਹੀ ਉਨ੍ਹਾਂ ਸਿੱਖ ਕੌਮ ਨੂੰ ਦਰਪੇਸ਼ ਚੁਣੌਤੀਆਂ ਬਾਰੇ ਗੱਲ ਕਰਦਿਆਂ ਕਿਹਾ ਕਿ ਚੁਣੌਤੀਆਂ ਤਾਂ ਹਰ ਕੰਮ ‘ਚ ਹੁੰਦੀਆਂ ਹਨ ਪਰ ਉਨ੍ਹਾਂ ਦੀ ਕੋਸ਼ਿਸ਼ ਹੋਵੇਗੀ ਕਿ ਅਜਿਹੇ ਸਾਰੇ ਮਸਲਿਆਂ ਦਾ ਹੱਲ ਆਪਸ ‘ਚ ਮਿਲ ਬੈਠ ਕੇ ਕੱਢਿਆ ਜਾਵੇ । ਗੁੰਝਲਦਾਰ ਮਸਲਿਆਂ ਦੇ ਹੱਲ ਲਈ ਸਿੱਖ ਇਤਿਹਾਸਕਾਰਾਂ, ਬੁੱਧੀਜੀਵੀਆਂ, ਸੰਤ ਸਮਾਜ ਅਤੇ ਹੋਰਨਾਂ ਪ੍ਰਮੁੱਖ ਸਿੱਖ ਸੰਸਥਾਵਾਂ ਦੇ ਆਗੂਆਂ ਦੀ ਰਾਏ ਨਾਲ ਆਮ ਸਹਿਮਤੀ ਬਣਾਉਣ ਦੇ ਯਤਨ ਕੀਤੇ ਜਾਣਗੇ ।

ਸਾਰੀਆਂ ਧਿਰਾਂ ਨੂੰ ਇਕਜੁੱਟ ਹੋਣ ਦਾ ਸੱਦਾ
ਭਾਈ ਲੌਂਗੋਵਾਲ ਨੇ ਸਿੱਖ ਕੌਮ ਦੀ ਚੜ੍ਹਦੀ ਲਈ ਸਾਰੀਆਂ ਧਿਰਾਂ ਨੂੰ ਇਕਜੁੱਟ ਹੋ ਕੇ ਕੰਮ ਕਰਨ ਲਈ ਪ੍ਰੇਰਦਿਆਂ ਕਿਹਾ ਕਿ ਅੱਜ ਸਿੱਖ ਪੰਥ ਦੇ ਸਾਹਮਣੇ ਅਨੇਕਾਂ ਤਰ੍ਹਾਂ ਦੀਆਂ ਚੁਣੌਤੀਆਂ ਹਨ ਤੇ ਇਨ੍ਹਾਂ ਦਾ ਟਾਕਰਾ ਇਕੱਠੇ ਹੋ ਕੇ ਹੀ ਕੀਤਾ ਜਾ ਸਕਦਾ ਹੈ ।

ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਅਪਨਾਉਣ ਦੀ ਲੋੜ
ਪਿਛਲੇ ਸਮੇਂ ਦੌਰਾਨ ਖੁੰਭਾਂ ਦੀ ਤਰ੍ਹਾਂ ਵੱਧ ਰਹੇ ਡੇਰਾਵਾਦ ਬਾਰੇ ਗੱਲ ਕਰਦਿਆਂ ਭਾਈ ਲੌਂਗੋਵਾਲ ਨੇ ਕਿਹਾ ਕਿ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜਨਾ ਚਾਹੀਦਾ ਹੈ ਤੇ ਗੁਰੂ ਸਾਹਿਬਾਨ ਵਲੋਂ ਦਰਸਾਏ ਮਾਰਗ ‘ਤੇ ਚੱਲ ਕੇ ਆਪਣੀ ਜ਼ਿੰਦਗੀ ਬਸਰ ਕਰਨੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ ਸਿੱਖ ਧਰਮ ‘ਚ ਮੜੀਆਂ-ਮਸਾਣਾਂ ਨੂੰ ਪੂਜਣ ਦੀ ਕੋਈ ਥਾਂ ਨਹੀਂ ਹੈ ਤੇ ਹਰ ਵਿਅਕਤੀ ਨੂੰ ਸ੍ਰੀ ਗੁਰੂ ਗ੍ਰੰਥ ਸਾ
ਹਿਬ ਜੀ ਦੀ ਵਿਚਾਰਧਾਰਾ ‘ਤੇ ਅਮਲ ਕਰਕੇ ਆਪਣਾ ਜੀਵਨ ਸਫਲ ਬਣਾਉਣਾ ਚਾਹੀਦਾ ਹੈ ।
ਨਾਨਕਸ਼ਾਹੀ ਕੈਲੰਡਰ
ਨਾਨਕਸ਼ਾਹੀ ਕੈਲੰਡਰ ਦੇ ਵਿਵਾਦ ਬਾਰੇ ਭਾਈ ਲੌਂਗੋਵਾਲ ਨੇ ਕਿਹਾ ਕਿ ਹਾਲਾਂਕਿ ਇਹ ਮਸਲਾ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਜੁੜਿਆ ਹੋਇਆ ਹੈ ਪਰ ਫਿਰ ਵੀ ਉਨ੍ਹਾਂ ਇਸ ਸਬੰਧੀ ਸਿੱਖ ਬੁੱਧੀਜੀਵੀਆਂ, ਸਿੱਖ ਇਤਿਹਾਸਕਾਰਾਂ ਤੇ ਚਿੰਤਕਾਂ ਨਾਲ ਗੱਲ ਕਰਕੇ ਕੋਈ ਆਮ ਸਹਿਮਤੀ ਬਣਾਉਣ ਦਾ ਯਤਨ ਕਰਨਗੇ ।