ਨੋਟਬੰਦੀ ਕਾਰਨ ਵਿਰੋਧੀ ਧਿਰ ਨੇ ਨਾ ਚੱਲਣ ਦਿੱਤੀ ਸੰਸਦ

0
891

New Delhi: Leader of Opposition Ghulam Nabi Azad speaks in Rajya Sabha during the winter session of Parliament in New Delhi on Thursday. PTI Photo / TV GRAB    (PTI11_17_2016_000144B)

ਮੋਦੀ ਦੇ ਫ਼ੈਸਲੇ ਨਾਲ ਹੁਣ ਤਕ 40 ਮੌਤਾਂ : ਆਜ਼ਾਦ
ਸਰਕਾਰ ਨੋਟਬੰਦੀ ਦਾ ਫ਼ੈਸਲਾ ਵਾਪਸ ਨਹੀਂ ਲਏਗੀ: ਜੇਤਲੀ;

ਨਵੀਂ ਦਿੱਲੀ/ਬਿਊਰੋ ਨਿਊਜ਼ :
ਨੋਟਬੰਦੀ ਦੇ ਫ਼ੈਸਲੇ ‘ਤੇ ਸੰਸਦ ਦੇ ਦੋਵੇਂ ਸਦਨਾਂ ਵਿਚ ਵਿਰੋਧੀ ਧਿਰ ਨੇ ਜ਼ੋਰਦਾਰ ਹੰਗਾਮਾ ਕੀਤਾ। ਵਿਰੋਧੀ ਧਿਰ ਦੇ ਰੌਲੇ-ਰੱਪੇ ਕਾਰਨ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰਨੀ ਪਈ। ਲੋਕ ਸਭਾ ਵਿਚ ਵਿਰੋਧੀ ਧਿਰ ਨੇ ਮੰਗ ਕੀਤੀ ਕਿ ਨਿਯਮ-56 ਤਹਿਤ ਬਹਿਸ ਕਰਵਾਈ ਜਾਵੇ ਜਦਕਿ ਸਰਕਾਰ ਨਿਯਮ-193 ਤਹਿਤ ਬਹਿਸ ਕਰਵਾਉਣ ਲਈ ਤਿਆਰ ਹੈ। ਰਾਜ ਸਭਾ ਵਿਚ ਵਿਰੋਧੀ ਧਿਰ ਇਸ ਮੰਗ ‘ਤੇ ਅੜ ਗਈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਦਨ ਵਿਚ ਆ ਕੇ ਮਸਲੇ ‘ਤੇ ਜਵਾਬ ਦੇਣ। ਉਧਰ ਵਿੱਤ ਮੰਤਰੀ ਅਰੁਣ ਜੇਤਲੀ ਨੇ ਸਪਸ਼ਟ ਕਰ ਦਿੱਤਾ ਕਿ ਨੋਟਬੰਦੀ ਦੇ ਫ਼ੈਸਲੇ ਨੂੰ ਵਾਪਸ ਨਹੀਂ ਲਿਆ ਜਾਏਗਾ। ਵਿਰੋਧੀ ਧਿਰ ਵੱਲੋਂ ਰਾਜ ਸਭਾ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਦੀ ਮੰਗ ਬਾਰੇ ਸ੍ਰੀ ਜੇਤਲੀ ਨੇ ਕਿਹਾ ਕਿ ਇਹ ਸਰਕਾਰ ਨੇ ਫ਼ੈਸਲਾ ਕਰਨਾ ਹੈ ਕਿ ਕੌਣ ਬਹਿਸ ਦਾ ਜਵਾਬ ਦੇਵੇ।
ਰਾਜ ਸਭਾ ਵਿਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਵਿਰੋਧੀ ਧਿਰ ਦੇ ਆਗੂ ਗ਼ੁਲਾਮ ਨਬੀ ਆਜ਼ਾਦ ਨੇ ਨੋਟਬੰਦੀ ਦੌਰਾਨ ਹੋਈਆਂ ਮੌਤਾਂ ਦੀ ਤੁਲਨਾ ਉੜੀ ਦਹਿਸ਼ਤੀ ਹਮਲੇ ਨਾਲ ਕਰ ਦਿੱਤੀ। ਉਨ੍ਹਾਂ ਦੀ ਇਸ ਟਿੱਪਣੀ ਤੋਂ ਬਾਅਦ ਹੁਕਮਰਾਨ ਧਿਰ ਅਤੇ ਵਿਰੋਧੀ ਧਿਰ ਦੇ ਆਗੂਆਂ ਵਿਚਕਾਰ ਤਿੱਖੀਆਂ ਝੜਪਾਂ ਹੋਈਆਂ ਅਤੇ ਐਨਡੀਏ ਨੇ ਇਸ ਬਿਆਨ ਨੂੰ ਰਾਸ਼ਟਰ ਵਿਰੋਧੀ ਕਰਾਰ ਦਿੰਦਿਆਂ ਕਾਂਗਰਸ ਤੋਂ ਮੁਆਫ਼ੀ ਦੀ ਮੰਗ ਕੀਤੀ। ਉਨ੍ਹਾਂ ਸ੍ਰੀ ਆਜ਼ਾਦ ਦੇ ਬਿਆਨ ਨੂੰ ਸਦਨ ਦੀ ਕਾਰਵਾਈ ਵਿਚੋਂ ਕੱਢਣ ਦੀ ਮੰਗ ਵੀ ਕੀਤੀ।
ਉਪਰਲੇ ਸਦਨ ਵਿਚ ਨੋਟਬੰਦੀ ‘ਤੇ ਕਰੀਬ ਛੇ ਘੰਟਿਆਂ ਤਕ ਬਹਿਸ ਹੋਈ ਸੀ ਅਤੇ ਕਾਂਗਰਸ ਤੇ ਕੁਝ ਹੋਰ ਪਾਰਟੀਆਂ ਨੇ ਜ਼ੋਰ ਪਾਇਆ ਸੀ ਕਿ ਪ੍ਰਧਾਨ ਮੰਤਰੀ ਸਦਨ ਵਿਚ ਹਾਜ਼ਰ ਰਹਿਣ ਅਤੇ ਉਹ ਲੋਕਾਂ ਨੂੰ ਹੋ ਰਹੀਆਂ ਦਿੱਕਤਾਂ ਸਬੰਧੀ ਬਿਆਨ ਦੇਣ। ਵਿਰੋਧੀ ਧਿਰ ਨੇ ਸ਼ੁਰੂ ਤੋਂ ਹੀ ਉਨ੍ਹਾਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਜ਼ੋਰ ਪਾਉਣਾ ਸ਼ੁਰੂ ਕਰ ਦਿੱਤਾ। ਅੰਨਾਡੀਐਮਕੇ ਮੈਂਬਰ ਕਾਵੇਰੀ ਦਰਿਆ ਦਾ ਪਾਣੀ ਤਾਮਿਲ ਨਾਡੂ ਨੂੰ   ਦੇਣ ਦੀ ਮੰਗ ਕਰਦਿਆਂ ਸਦਨ ਦੇ ਵਿਚਕਾਰ ਆ ਗਏ। ਸਦਨ ਵਿਚ ਹੰਗਾਮਾ ਹੁੰਦਿਆਂ ਦੇਖ ਕੇ ਕਾਰਵਾਈ ਨੂੰ ਵਾਰ-ਵਾਰ ਰੋਕਣਾ ਪਿਆ।  ਬਾਅਦ ਵਿਚ ਕਾਂਗਰਸ ਆਗੂ ਗ਼ੁਲਾਮ ਨਬੀ ਆਜ਼ਾਦ ਵੱਲੋਂ ਕੀਤੀ ਗਈ ਟਿੱਪਣੀ ਨਾਲ ਜ਼ੋਰਦਾਰ ਹੰਗਾਮਾ ਹੋ ਗਿਆ ਅਤੇ ਸਦਨ ਦੀ ਕਾਰਵਾਈ ਨੂੰ ਦੁਪਹਿਰ ਬਾਅਦ ਤਿੰਨ ਕੁ ਵਜੇ ਦਿਨ ਭਰ ਲਈ ਉਠਾ ਦਿੱਤਾ ਗਿਆ। ਸ੍ਰੀ ਆਜ਼ਾਦ ਨੇ ਕਿਹਾ ਕਿ ਜਦੋਂ ਤਕ ਪ੍ਰਧਾਨ ਮੰਤਰੀ ਸਦਨ ਵਿਚ ਨਹੀਂ ਆਉਂਦੇ, ਉਦੋਂ ਤੱਕ ਕਾਰਵਾਈ ਨੂੰ ਚਲਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦੇ ਫ਼ੈਸਲੇ ਕਾਰਨ 40 ਵਿਅਕਤੀ ਮਾਰੇ ਗਏ ਹਨ। ਕਾਂਗਰਸ ਆਗੂ ਨੇ ਕਿਹਾ, ”ਲੋਕ ਨੋਟਬੰਦੀ ਕਾਰਨ ਪਰੇਸ਼ਾਨ ਹਨ। ਮੌਤਾਂ ਦੀ ਗਿਣਤੀ 40 ਤਕ ਅੱਪੜ ਗਈ ਹੈ। ਪਾਕਿਸਤਾਨੀ ਦਹਿਸ਼ਤਗਰਦਾਂ ਵੱਲੋਂ ਉੜੀ ਵਿਚ ਕੀਤੇ ਗਏ ਹਮਲੇ ਦੌਰਾਨ ਅੱਧੀਆਂ ਵੀ ਮੌਤਾਂ ਨਹੀਂ ਹੋਈਆਂ ਸਨ। ਸਰਕਾਰ ਦੀ ਗ਼ਲਤ ਨੀਤੀ ਕਾਰਨ ਉਸ ਅੰਕੜੇ ਤੋਂ ਦੁਗਣੇ ਲੋਕ ਮਾਰੇ ਗਏ ਹਨ।” ਜ਼ਿਕਰਯੋਗ ਹੈ ਕਿ ਉੜੀ ਹਮਲੇ ਤੋਂ ਬਾਅਦ ਭਾਰਤੀ ਫ਼ੌਜ ਵੱਲੋਂ ਸਰਹੱਦ ਪਾਰ ਪਾਕਿਸਤਾਨ ਵਿਚ ਦਹਿਸ਼ਤਗਰਦਾਂ ਦੇ ਟਿਕਾਣਿਆਂ ‘ਤੇ ਹਮਲੇ ਕੀਤੇ ਗਏ ਸਨ। ਸ੍ਰੀ ਆਜ਼ਾਦ ਨੇ ਕਿਹਾ, ”ਭਾਜਪਾ ‘ਤੇ ਵੀ ਏਅਰ ਸਟਰਾਈਕ ਹੋਣਾ ਚਾਹੀਦਾ ਹੈ। ਤੁਹਾਡੀਆਂ ਗ਼ਲਤ ਨੀਤੀਆਂ ਲੋਕਾਂ ਦੇ ਕਤਲਾਂ ਲਈ ਜ਼ਿੰਮੇਵਾਰ ਹਨ।”
ਸੂਚਨਾ ਅਤੇ ਪ੍ਰਸਾਰਣ ਮੰਤਰੀ ਐਮ ਵੈਂਕਈਆ ਨਾਇਡੂ ਨੇ ਸੰਸਦ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਹਿਸ ਜਾਰੀ ਰਹਿਣੀ ਚਾਹੀਦੀ ਹੈ ਅਤੇ ਸਦਨ ਦੇ ਨਿਯਮਾਂ ਅਤੇ ਪ੍ਰਕਿਰਿਆ ਮੁਤਾਬਕ ਹੀ ਕਾਰਵਾਈ ਚਲੇਗੀ। ਉਨ੍ਹਾਂ ਕਿਹਾ ਕਿ ਬਹਿਸ ਸ਼ੁਰੂ ਕਰਾਉਣ ਵਾਲਿਆਂ ਨੂੰ ਹੁਣ ਮਹਿਸੂਸ ਹੋ ਰਿਹਾ ਹੈ ਕਿ ਪਾਸਾ ਪੁੱਠਾ ਪੈ ਗਿਆ ਹੈ। ਇਸ ਲਈ ਉਹ ਦੋਗਲੀਆਂ ਗੱਲਾਂ ਕਰ ਰਹੇ ਹਨ।