ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ

0
39

gangwar_canada
ਵੈਨਕੂਵਰ/ਬਿਊਰੋ ਨਿਊਜ਼ :

ਕੈਨੇਡਾ ਵਿਚ ਪੰਜਾਬੀ ਮੂਲ ਦੇ 19 ਸਾਲਾ ਵਰਿੰਦਰਪਾਲ ਦੀ ਗੈਂਗਵਾਰ ਵਿਚ ਮੌਤ ਹੋਣ ਦੀ ਖਬਰ ਹੈ। ਪੁਲਿਸ ਮੁਤਾਬਕ ਕੈਨੇਡਾ ਦੇ ਸਰੀ ਤੋਂ ਕੁਝ ਹੀ ਦੂਰੀ ਤੇ ਪੈਂਦੇ ਇਲਾਕੇ ਮਿਸ਼ਨ ਵਿਚ ਲੰਡਨ ਐਵੀਨਿਊ ਕੋਲ ਸਥਿਤ ਜੰਕਸ਼ਨ ਸ਼ੌਪਿੰਗ ਸੈਂਟਰ ਦੀ ਪਾਰਕਿੰਗ ਵਿਚ ਇਕ ਪੰਜਾਬੀ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿਤਾ ਗਿਆ ਹੈ। ਰਾਤ ਕਰੀਬ 9 ਵਜੇ ਗੋਲ਼ੀਆਂ ਦੀਆਂ ਆਵਾਜ਼ਾਂ ਨਾਲ ਪੂਰੀ ਕਾਲੋਨੀ ਗੂੰਜ ਉੱਠੀ। ਪੁਲਿਸ ਮਾਮਲੇ ਵਿੱਚ ਸੀਸੀਟੀਵੀ ਤਸਵੀਰਾਂ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਘਟਨਾ ਵਿਚ ਮਾਰੇ ਗਏ ਨੌਜਵਾਨ ਵਰਿੰਦਰਪਾਲ ਗਿੱਲ ਉਰਫ ਵੀਪੀ. ਉਹੀ ਨੌਜਵਾਨ ਹੈ, ਜਿਸ ਬਾਰੇ ਅਗਸਤ ਵਿਚ ਐਬਟਸਫੋਰਡ ਪੁਲਿਸ ਨੇ ਲੋਕਾਂ ਨੂੰ ਸੁਚੇਤ ਸਾਵਧਾਨ ਕੀਤਾ ਸੀ। ਉਸ ਮੌਕੇ ਪੁਲਿਸ ਦਾ ਮੰਨਣਾ ਸੀ ਕਿ, ਇਸ ਨੌਜਵਾਨ ਦੀ ਮੌਜੂਦਗੀ ਲੋਕਾਂ ਲਈ ਗੰਭੀਰ ਖ਼ਤਰਾ ਬਣ ਸਕਦੀ ਹੈ। ਪੁਲਿਸ ਦਾ ਕਹਿਣਾ ਸੀ ਕਿ, ਵਰਿੰਦਰਪਾਲ ਗਿੱਲ ਦੇ ਐਬਟਸਫੋਰਡ ਅਤੇ ਲੋਅਰ ਮੇਨਲੈਂਡ ਵਿਚ ਜਾਰੀ ਗੈਂਗ ਸੰਬੰਧੀ ਝਗੜੇ ਵਿਚ ਸ਼ਾਮਲ ਹੋਣ ਕਰਕੇ ਉਸ ਦੀ ਜਾਨ ਨੂੰ ਖਤਰਾ ਹੈ। ਇਸੇ ਕਾਰਨ ਵਰਿੰਦਰਪਾਲ ਗਿੱਲ ਦੀ ਕਿਤੇ ਵੀ ਜਨਤਕ ਥਾਂ ਉਤੇ ਮੌਜੂਦਗੀ ਲੋਕਾਂ ਦੀ ਸੁਰੱਖਿਆ ਨੂੰ ਵੀ ਖਤਰੇ ਵਿਚ ਪਾ ਸਕਦੀ ਸੀ।
ਮਾਮਲੇ ਦੀ ਜਾਂਚ ਕਰ ਰਹੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਵਿਚ ਇਕ ਸ਼ਖ਼ਸ ਨੂੰ ਹਿਰਾਸਤ ਵਿਚ ਲਿਆ ਗਿਆ ਹੈ, ਪਰ ਹਾਲੇ ਉਸ ‘ਤੇ ਕੋਈ ਇਲਜ਼ਾਮ ਤੈਅ ਨਹੀਂ ਹੋਏ। ਇਹ ਵੀ ਆਖਿਆ ਜਾ ਰਿਹਾ ਹੈ ਕਿ, ਇਹ ਸ਼ਖਸ ਸਿਰਫ ਜਾਣਕਾਰੀ ਹਾਸਲ ਕਰਨ ਲਈ ਹਿਰਾਸਤ ਵਿਚ ਲਿਆ ਗਿਆ ਹੈ।