ਗੈਂਗਸਟਰ ਰੁਪਿੰਦਰ ਗਾਂਧੀ ਦੇ ਭਰਾ ਮਨਿੰਦਰ ਗਾਂਧੀ ਦੀ ਗੋਲੀਆਂ ਮਾਰ ਕੇ ਹੱਤਿਆ

0
616

gangster-rupinder-gandhi-brother-murder
ਫ਼ਿਲਮੀ ਅੰਦਾਜ਼ ‘ਚ ਕਈ ਵਾਹਨ ਬਦਲ ਕੇ ਹਮਲਾਵਰ ਹੋਏ ਫ਼ਰਾਰ
ਖੰਨਾ/ਬਿਊਰੋ ਨਿਊਜ਼ :
ਇੱਥੋਂ ਕੁਝ ਕਿੱਲੋਮੀਟਰ ਦੂਰ ਪਿੰਡ ਰਸੂਲੜਾ ਵਿਖੇ ਪੰਜਾਬ ਦੇ ਪ੍ਰਸਿੱਧ ‘ਗਾਂਧੀ ਗੈਂਗ’ ਦੇ ਪਹਿਲੇ ਮੁਖੀ ਮਰਹਮੂ ਰੁਪਿੰਦਰ ਗਾਂਧੀ ਦੇ ਭਰਾ ਮਨਮਿੰਦਰ ਸਿੰਘ ਉਰਫ਼ ਮਿੰਦੀ ਗਾਂਧੀ ਦਾ ਦੋ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਮਨਮਿੰਦਰ ਸਵੇਰੇ ਵੇਲੇ ਜਦੋਂ ਆਪਣੇ ਖੇਤਾਂ ਵਿਚ ਮਜ਼ਦੂਰਾਂ ਤੋਂ ਝੋਨੇ ‘ਤੇ ਸਪਰੇਅ ਕਰਵਾ ਰਿਹਾ ਸੀ ਤਾਂ ਉਸ ਵੇਲੇ ਪੈਦਲ ਆਏ ਦੋ ਮੋਨੇ ਹਮਲਾਵਰਾਂ, ਜਿਨ੍ਹਾਂ ਦੇ ਮੂੰਹ ਢਕੇ ਹੋਏ ਸਨ, ਨੇ ਮਨਮਿੰਦਰ ‘ਤੇ ਗੋਲੀਆਂ ਦੀ ਵਾਛੜ ਕਰ ਦਿੱਤੀ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਮਨਮਿੰਦਰ ਨੂੰ ਗੰਭੀਰ ਜ਼ਖ਼ਮੀ ਹਾਲਤ ਵਿਚ ਲੁਧਿਆਣਾ ਦੇ ਐਸ.ਪੀ.ਐਸ. ਹਸਪਤਾਲ ਵਿਚ ਪਹੁੰਚਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਜ਼ਿਲ੍ਹਾ ਖੰਨਾ ਦੇ ਮੁਖੀ ਐਸ.ਐਸ.ਪੀ. ਨਵਜੋਤ ਸਿੰਘ ਮਾਹਲ, ਐਸ.ਪੀ.ਆਈ. ਰਵਿੰਦਰਪਾਲ ਸਿੰਘ ਸੰਧੂ, ਐਸ.ਪੀ.ਐਚ. ਬਲਵਿੰਦਰ ਸਿੰਘ ਭੀਖੀ ਅਤੇ ਡੀ.ਐਸ.ਪੀ. ਜਗਵਿੰਦਰ ਸਿੰਘ ਚੀਮਾ ਪੁਲਿਸ ਫੋਰਸ ਸਮੇਤ ਮੌਕੇ ‘ਤੇ ਪਹੁੰਚੇ। ਪੁਲਿਸ ਸੂਤਰਾਂ ਅਨੁਸਾਰ ਤਕਰੀਬਨ ਪੌਣੇ 8 ਵਜੇ ਮਨਮਿੰਦਰ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਪਿੰਡ ਰਸੂਲੜਾ ਉੱਪਰ 2 ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਚਲਾਈਆਂ ਜੋ ਉਸ ਦੇ ਸਿਰ, ਛਾਤੀ ਅਤੇ ਪੇਟ ਵਿਚ ਵੱਜੀਆਂ। ਹਮਲਾਵਰ ਮਨਮਿੰਦਰ ਦਾ ਹੀ ਬੁਲੇਟ ਮੋਟਰਸਾਈਕਲ ਲੈ ਕੇ ਫ਼ਰਾਰ ਹੋ ਗਏ। ਉਨ੍ਹਾਂ ਨੇ ਮਨਮਿੰਦਰ ਦੇ ਘਰ ਅੱਗੇ ਆ ਕੇ ਵੀ ਹਵਾਈ ਫਾਇਰ ਕੀਤੇ। ਇਸ ਦਰਮਿਆਨ ਘਟਨਾ ਦਾ ਪਤਾ ਲੱਗਣ ‘ਤੇ ਮਨਮਿੰਦਰ ਦੇ ਭਤੀਜੇ ਦਵਿੰਦਰ ਸਿੰਘ ਨੋਨੂੰ ਨੇ ਆਪਣੀ ਸਕਾਰਪੀਓ ਗੱਡੀ ‘ਤੇ ਹਮਲਾਵਰਾਂ ਦਾ ਪਿੱਛਾ ਕੀਤਾ। ਦੱਸਿਆ ਜਾਂਦਾ ਹੈ ਕਿ ਮਲੇਰਕੋਟਲਾ ਰੋਡ ‘ਤੇ ਆ ਕੇ ਉਸ ਨੇ ਹਮਲਾਵਰਾਂ ਦੇ ਮੋਟਰਸਾਈਕਲ ਨੂੰ ਫੇਟ ਵੀ ਮਾਰੀ। ਇੱਥੇ ਵੀ ਹਮਲਾਵਰਾਂ ਵੱਲੋਂ ਹਵਾਈ ਫਾਇਰ ਕੀਤੇ ਜਾਣ ਦੀ ਸੂਚਨਾ ਹੈ। ਬਾਅਦ ਵਿਚ ਹਮਲਾਵਰਾਂ ਨੇ ਪਿਸਤੌਲ ਦੀ ਨੋਕ ‘ਤੇ ਇਕ ਇਨੋਵਾ ਗੱਡੀ ਖੋਹ ਲਈ ਅਤੇ ਫਿਰ ਰਸੂਲੜਾ ਪਿੰਡ ਵੱਲ ਚਲੇ ਗਏ। ਹਮਲਾਵਰਾਂ ਨੇ ਥੋੜ੍ਹੀ ਦੂਰ ਜਾ ਕੇ ਹੀ ਇਨੋਵਾ ਗੱਡੀ ਛੱਡ ਕੇ ਇਕ ਰਾਹਗੀਰ ਤੋਂ ਮੋਟਰਸਾਈਕਲ ਖੋਹ ਲਿਆ ਅਤੇ ਪਿੰਡਾਂ ਦੇ ਰਸਤੇ ਫ਼ਰਾਰ ਹੋ ਗਏ। ਪਤਾ ਲੱਗਾ ਹੈ ਕਿ ਬਾਅਦ ਵਿਚ ਖੰਨਾ ਪੁਲਿਸ ਨੂੰ ਇਕ ਹੋਰ ਮੋਟਰਸਾਈਕਲ ਲਾਵਾਰਸ ਖੜ੍ਹਾ ਮਿਲਿਆ, ਜਿਸ ਬਾਰੇ ਸ਼ੱਕ ਹੈ ਕਿ ਹਮਲਾਵਰ ਇਸ ਮੋਟਰਸਾਈਕਲ ‘ਤੇ ਆਏ ਹੋਣਗੇ। ਪੁਲਿਸ ਨੂੰ ਘਟਨਾ ਸਥਾਨ ਤੋਂ ਪਿਸਤੌਲ ਦਾ ਮੈਗਜ਼ੀਨ ਅਤੇ 4 ਚੱਲੇ ਕਾਰਤੂਸ ਵੀ ਮਿਲੇ। ਪੁਲਿਸ ਮਾਮਲੇ ਦੀ ਜਾਂਚ ਲਈ ਫੋਰੈਂਸਿਕ ਜਾਂਚ ਟੀਮ ਦੀ ਮਦਦ ਵੀ ਲੈ ਰਹੀ ਹੈ।
ਗੌਰਤਲਬ ਹੈ ਕਿ ਰੁਪਿੰਦਰ ਸਿੰਘ ਗਾਂਧੀ ਦਾ ਕਤਲ 2003 ਵਿਚ ਹੋਇਆ ਸੀ। ਉਸ ਤੋਂ ਬਾਅਦ ਇਹ ਗੈਂਗ ਹੌਲੀ-ਹੌਲੀ ਚੱਲਦਾ ਰਿਹਾ। ਪਿਛਲੇ ਕੁਝ ਸਾਲਾਂ ਤੋਂ ਇਸ ਗਰੁੱਪ ਦੀਆਂ ਗਤੀਵਿਧੀਆਂ ਵਿਚ ਤੇਜ਼ੀ ਆਈ ਹੈ ਅਤੇ ਜੀ.ਜੀ.ਐਸ.ਯੂ. (ਗਾਂਧੀ ਗਰੁੱਪ ਆਫ਼ ਸਟੂਡੈਂਟ ਯੂਨੀਅਨ) ਦੇ ਨਾਂਅ ‘ਤੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਤੱਕ ਇਹ ਯੂਨੀਅਨ ਬਣ ਚੁੱਕੀ ਹੈ। ਤਕਰੀਬਨ 2 ਸਾਲ ਪਹਿਲਾਂ ਰੁਪਿੰਦਰ ਗਾਂਧੀ ਦੇ ਜੀਵਨ ‘ਤੇ ਇਕ ਫ਼ੀਚਰ ਫ਼ਿਲਮ ‘ਰੁਪਿੰਦਰ ਗਾਂਧੀ ਦ ਗੈਂਗਸਟਰ’ ਬਣੀ ਸੀ, ਜਿਸ ਦੀ ਕਾਫ਼ੀ ਚਰਚਾ ਹੋਈ ਸੀ। ਹੁਣ ਇਸੇ ਕੜੀ ਨੂੰ ਅੱਗੇ ਤੋਰਦੇ ਹੋਏ ਦੂਜੀ ਫ਼ਿਲਮ ‘ਰੁਪਿੰਦਰ ਗਾਂਧੀ ਦ ਰੌਬਿਨ ਹੁੱਡ’ ਬਣਾਈ ਗਈ ਹੈ, ਜੋ 8 ਸਤੰਬਰ ਨੂੰ ਰਿਲੀਜ਼ ਕੀਤੀ ਜਾਣੀ ਹੈ। ਹਮਲੇ ਦਾ ਸ਼ਿਕਾਰ ਹੋਏ ਮਨਮਿੰਦਰ ਸਿੰਘ ਮਿੰਦੀ ਪਿੰਡ ਰਸੂਲੜਾ ਦੇ ਸਰਪੰਚ ਵੀ ਰਹੇ। ਮਨਮਿੰਦਰ ਸਿੰਘ ਦੇ ਦੋ ਬੱਚੇ ਬੇਟਾ (7) ਅਤੇ ਬੇਟੀ (9) ਅਤੇ ਪਤਨੀ ਭਵਨੀਤ ਕੌਰ ਹਨ। ਮਨਮਿੰਦਰ ਦੀ ਮ੍ਰਿਤਕ ਦੇਹ ਪੋਸਟਮਾਰਟਮ ਲਈ ਖੰਨਾ ਦੇ ਸਿਵਲ ਹਸਪਤਾਲ ਲਿਆਂਦੀ ਗਈ। ਇਸ ਮੌਕੇ ਮ੍ਰਿਤਕ ਦੇ ਪਰਿਵਾਰਕ ਮੈਂਬਰ ਰਿਸ਼ਤੇਦਾਰ ਅਤੇ ਗਾਂਧੀ ਗਰੁੱਪ ਦੇ ਮੈਂਬਰ ਵੱਡੀ ਗਿਣਤੀ ਵਿਚ ਹਾਜ਼ਰ ਸਨ ਅਤੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰਨ ਦੀ ਮੰਗ ਕਰ ਰਹੇ ਸਨ। ਖੰਨਾ ਦੇ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਕਿਹਾ ਕਿ ਪੁਲਿਸ ਸਾਰੇ ਮਾਮਲੇ ਦੀ ਜਾਂਚ ਬਾਰੀਕੀ ਨਾਲ ਕਰ ਰਹੀ ਹੈ। ਸ. ਮਾਹਲ ਨੇ ਦਾਅਵਾ ਕੀਤਾ ਕਿ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।