ਗਾਂਧੀ ਨੇ ਅਫ਼ੀਮਚੀਆਂ ਦਾ ਪੰਜਾਬ ਬਣਾਉਣ ਦੀ ਮੁਹਿੰਮ ਵਿੱਢੀ

0
43

gandhi* ਸਿਆਸਤ ਦੇ ਮਸਖਰੇ ਸਿੱਧੂ ਨੇ ਗਾਂਧੀ ਦੀ ਕੀਤੀ ਹਮਾਇਤ,ਅਖੇ ‘ਚਿੱਟੇ ਤੋਂ ਚੰਗੀ’
ਚੰਡੀਗੜ੍ਹ/ਬਿਊਰੋ ਨਿਊਜ਼ :
ਸਭ ਤੋਂ ਪਹਿਲਾਂ ਅਫ਼ੀਮ ਦੀ ਖੇਤੀ ਸਬੰਧੀ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਡਾਕਟਰ ਧਰਮਵੀਰ ਗਾਂਧੀ ਨੇ ਆਵਾਜ਼ ਚੁੱਕਣੀ ਸ਼ੁਰੂ ਕੀਤੀ। ਇਸ ਤੋਂ ਬਾਅਦ ਕਿਸਾਨ ਯੂਨੀਅਨਾਂ ਨੇ ਵੀ ਡਾਕਟਰ ਧਰਮਵੀਰ ਗਾਂਧੀ ਦੀ ਦਲੀਲ ਨਾਲ ਸਹਿਮਤੀ ਪ੍ਰਗਟਾਈ। ਮਾਮਲਾ ਕੁਝ ਦਿਨ ਸ਼ਾਂਤ ਰਹਿਣ ਤੋਂ ਬਾਅਦ ਹੁਣ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਡਾਕਟਰ ਗਾਂਧੀ ਦੀ ਮੰਗ ਨਾਲ ਸੁਰ ਮਿਲਾ ਕੇ ਇਸ ਨੂੰ ਜਾਇਜ਼ ਕਰਾਰ ਦਿੱਤਾ ਹੈ। ਪਿਛਲੇ ਦਿਨੀਂ ਛਪਾਰ ਮੇਲੇ ਦੌਰਾਨ ਅਹਿਮਦਗੜ੍ਹ ਮੰਡੀ ਵਿੱਚ ਕਿਸਾਨਾਂ ਨੇ ਅਫ਼ੀਮ ਦੀ ਖੇਤੀ ਕਰਨ ਲਈ ਜ਼ਮੀਨ ਵਿਚ ਬੀਜ ਸੁੱਟ ਕੇ ਸੰਕੇਤਕ ਤੌਰ ਉੱਤੇ ਸ਼ੁਰੂ ਕਰਨ ਦਾ ਕਦਮ ਵੀ ਚੁੱਕਿਆ ਸੀ।
ਗਾਂਧੀ ਦਾ ਤਰਕ : ਇਸ ਮੁੱਦੇ ਉੱਤੇ ਡਾਕਟਰ ਧਰਮਵੀਰ ਗਾਂਧੀ ਨੇ ਆਖਿਆ ਹੈ ਕਿ ਸਰਕਾਰ ਦੀ ਨਿਗਰਾਨੀ ਹੇਠ ਪੰਜਾਬ ਦੇ ਰਵਾਇਤੀ ਨਸ਼ਿਆਂ, ਜਿਨ੍ਹਾਂ ਵਿੱਚ ਭੁੱਕੀ ਅਤੇ ਅਫ਼ੀਮ ਸ਼ਾਮਲ ਹੈ, ਨੂੰ ਕਾਨੂੰਨੀ ਤੌਰ ‘ਤੇ ਮਾਨਤਾ ਦੇਣੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਨੂੰ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਰਗੇ ਸੂਬਿਆਂ ਵਾਂਗ ਇੱਕ ਨੀਤੀ ਬਣਾਉਣੀ ਚਾਹੀਦੀ ਹੈ ਤਾਂ ਜੋ ਅਫ਼ੀਮ ਅਤੇ ਭੁੱਕੀ ਦੀ ਵਿੱਕਰੀ ਸਰਕਾਰੀ ਨਿਗਰਾਨੀ ਹੇਠ ਹੋਵੇ।
ਡਾਕਟਰ ਧਰਮਵੀਰ ਗਾਂਧੀ ਮੁਤਾਬਕ ਸਰਕਾਰ ਨੇ ਨਸ਼ੇ ਨੂੰ ਖ਼ਤਮ ਕਰਨ ਲਈ ਸਖ਼ਤ ਤੋਂ ਸਖ਼ਤ ਕਦਮ ਚੁੱਕ ਕੇ ਅਤੇ ਕਾਨੂੰਨ ਬਣਾ ਕੇ ਦੇਖ ਲਏ ਪਰ ਨਸ਼ੇ ਉੱਤੇ ਕਾਬੂ ਨਹੀਂ ਪਾਇਆ ਜਾ ਸਕਿਆ। ਡਾਕਟਰ ਗਾਂਧੀ ਮੁਤਾਬਕ ਜਿਨ੍ਹਾਂ ਦੇਸ਼ਾਂ ਨੇ ਸਮੇਂ ਮੁਤਾਬਕ ਆਪਣੀਆਂ ਨੀਤੀਆਂ ਬਦਲੀਆਂ ਹਨ, ਉਹ ਕਾਮਯਾਬ ਹੋਏ ਹਨ। ਉਨ੍ਹਾਂ ਆਖਿਆ ਕਿ ਪੰਜਾਬ ਅਫ਼ੀਮ ਅਤੇ ਭੁੱਕੀ ਹੁਣ ਵੀ ਮਿਲਦੀ ਹੈ ਪਰ ਡਰੱਗਜ਼ ਮਾਫ਼ੀਏ ਦੇ ਕੰਟਰੋਲ ਹੇਠ। ਉਨ੍ਹਾਂ ਦਲੀਲ ਦਿੰਦਿਆਂ ਆਖਿਆ ਕਿ 300 ਰੁਪਏ ਪ੍ਰਤੀ ਕਿੱਲੋ ਦੀ ਕੀਮਤ ਵਾਲੀ ਭੁੱਕੀ ਪੰਜ ਹਜ਼ਾਰ ਰੁਪਏ ਪ੍ਰਤੀ ਕਿੱਲੋ ਮਿਲ ਰਹੀ ਹੈ। ਡਾਕਟਰ ਗਾਂਧੀ ਨੇ ਦਲੀਲ ਦਿੰਦਿਆਂ ਆਖਿਆ ਕਿ ਉਹ ਮੰਗ ਸੰਸਦ ਵਿਚ ਵੀ ਉਠਾ ਚੁੱਕੇ ਹਨ ਅਤੇ ਇਸ ਤੋਂ ਇਲਾਵਾ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਵੀ ਮੁਲਾਕਾਤ ਕਰ ਚੁੱਕੇ ਹਨ ਪਰ ਅਫਸੋਸ ਹੁਣ ਤੱਕ ਪੰਜਾਬ ਸਰਕਾਰ ਵੱਲੋਂ ਇਸ ਮੰਗ ਉੱਤੇ ਕੋਈ ਜਵਾਬ ਨਹੀਂ ਦਿੱਤਾ ਗਿਆ।
ਡਾਕਟਰ ਗਾਂਧੀ ਨੇ ਦੱਸਿਆ ਕਿ ਉਹ ਲੋਕਾਂ ਅਤੇ ਕਿਸਾਨਾਂ ਨੂੰ ਇਸ ਸਬੰਧੀ ਜਾਗਰੂਕ ਕਰਨ ਲਈ ਛੇ ਰੈਲੀਆਂ ਵੀ ਕਰ ਚੁੱਕੇ ਹਨ। ਉਹਨਾਂ ਨਵਜੋਤ ਸਿੰਘ ਸਿੱਧੂ ਦੀ ਪ੍ਰਸੰਸਾ ਕਰਦੇ ਹੋਏ ਆਖਿਆ ਕਿ ਉਨ੍ਹਾਂ ਨੇ ਅਫ਼ੀਮ ਤੇ ਭੁੱਕੀ ਦੀ ਗੱਲ ਕਰ ਕੇ ਇੱਕ ਸਮਝਦਾਰੀ ਵਾਲੀ ਗੱਲ ਕੀਤੀ ਹੈ।

ਸਿੱਧੂ ਬੋਲਿਆ ਗਾਂਧੀ ਦੇ ਹੱਕ ‘ਚ : ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਨੇ ਪਟਿਆਲਾ ਦੇ ਸਾਂਸਦ ਧਰਮਵੀਰ ਗਾਂਧੀ ਵੱਲੋਂ ਅਫ਼ੀਮ ਤੇ ਭੁੱਕੀ ਨੂੰ ਕਾਨੂੰਨੀ ਕਰਨ ਦੀ ਮੰਗ ਨੂੰ ਜਾਇਜ਼ ਦੱਸਿਆ ਹੈ। ਸਿੱਧੂ ਨੇ ਆਖਿਆ ਕਿ ਉਹ ਇਹ ਮੰਗ ਚੁੱਕਣ ਲਈ ਧਰਮਵੀਰ ਗਾਂਧੀ ਦੀ ਸ਼ਲਾਘਾ ਕਰਦੇ ਹਨ। ਸਿੱਧੂ ਨੇ ਇੱਕ ਅਕਾਲੀ ਦਲ ਆਗੂ ਉੱਤੇ ਪੰਜਾਬ ਵਿੱਚ ‘ਚਿੱਟਾ’ (ਹੈਰੋਇਨ) ਲੈ ਕੇ ਆਉਣ ਦਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਉਨ੍ਹਾਂ (ਸਿੱਧੂ) ਦੇ ਇੱਕ ਰਿਸ਼ਤੇਦਾਰ ਅਫ਼ੀਮ ਨੂੰ ਦਵਾਈ ਵਜੋਂ ਵਰਤਦੇ ਸਨ।

ਕੀ ਕਹਿੰਦੇ ਹਨ ਮੁੱਖ ਮੰਤਰੀ ਕੈਪਟਨ : ਪੰਜਾਬ ਸਰਕਾਰ ਦੇ ਮੰਤਰੀ ਨਵਜੋਤ ਸਿੱਧੂ ਵਲੋਂ ਸੂਬੇ ਵਿਚ ਅਫੀਮ ਦੀ ਖੇਤੀ ਦਾ ਸਮਰਥਨ ਕਰਨ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਭਾਵੇਂ ਸਿੱਧੂ ਦੇ ਹੱਕ ਵਿਚ ਬੋਲੇ ਹਨ ਪਰ ਉਨ੍ਹਾਂ ਪੰਜਾਬ ਵਿਚ ਅਫੀਮ ਦੀ ਖੇਤੀ ਤੋਂ ਨਾਂਹ ਕੀਤੀ ਹੈ। ਕੈਪਟਨ ਨੇ ਕਿਹਾ ਕਿ ਸਿੱਧੂ ਨੇ ਅਫੀਮ ਦੀ ਖੇਤੀ ਦਾ ਸਮਰਥਨ ਦਵਾਈ ਵਜੋਂ ਵਰਤੋਂ ਕਰਨ ਲਈ ਕੀਤਾ ਹੈ ਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਰਾਸ਼ਟਰੀ ਡਰੱਗ ਨੀਤੀ ਬਣਾਉਣ ਦਾ ਮੁੜ ਸੱਦਾ ਦਿੱਤਾ ਹੈ ਤੇ ਕਿਹਾ ਹੈ ਕਿ ਨਸ਼ਿਆਂ ਦੀ ਸਮੱਸਿਆ ਨਾਲ ਪ੍ਰਭਾਵੀ ਤਰੀਕੇ ਨਾਲ ਨਿਪਟਣ ਲਈ ਕੇਂਦਰੀ ਪੱਧਰ ‘ਤੇ ਵਿਆਪਕ ਫਾਰਮੂਲਾ ਤਿਆਰ ਕਰਨ ਦੀ ਲੋੜ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਕੇਂਦਰ ਵਿਚ ਪ੍ਰਧਾਨ ਮੰਤਰੀ ਮੋਦੀ ਤੇ ਕੇਂਦਰੀ ਮੰਤਰੀ ਰਾਜਨਾਥ ਕੋਲ ਰਾਸ਼ਟਰੀ ਡਰੱਗ ਨੀਤੀ ਦਾ ਮੁੱਦਾ ਚੁੱਕਿਆ ਹੈ ਅਤੇ ਉਨ੍ਹਾਂ ਨੇ ਮੁੱਖ ਮੰਤਰੀਆਂ ਦੀ ਕਾਨਫਰੰਸ ਵਿਚ ਵੀ ਇਹ ਮਾਮਲਾ ਚੁੱਕਿਆ ਸੀ। ਨਸ਼ਿਆਂ ਦੇ ਖਾਤਮੇ ਵਾਸਤੇ ਸਪਸ਼ਟ ਵਿਧੀ-ਵਿਧਾਨ ਦੀ ਜ਼ਰੂਰਤ ਹੈ। ਉਨ੍ਹਾਂ ਇਸ ਸਮੱਸਿਆ ਨਾਲ ਨਿਪਟਣ ਲਈ ਰਾਸ਼ਟਰੀ ਨੀਤੀ ਦੀ ਜ਼ਰੂਰਤ ‘ਤੇ ਵਾਰ-ਵਾਰ ਜ਼ੋਰ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਰਗੇ ਸੂਬਿਆਂ ਵੱਲੋਂ ਅਫੀਮ ਦੀ ਖੇਤੀ ਕੀਤੀ ਜਾ ਰਹੀ ਹੈ ਜਿਸ ਵਾਸਤੇ ਪੰਜਾਬ ਲਾਹੇਵੰਦ ਮੰਡੀ ਬਣਿਆ ਆ ਰਿਹਾ ਹੈ। ਉਨ੍ਹਾਂ ਤੌਖਲਾ ਜ਼ਾਹਿਰ ਕੀਤਾ ਕਿ ਇਸ ਨਾਲ ਉਨ੍ਹਾਂ ਦੇ ਸੂਬੇ ਦੀ ਨੌਜਵਾਨ ਪੀੜ੍ਹੀ ਤਬਾਹ ਹੋ ਜਾਵੇਗੀ। ਮੁੱਖ ਮੰਤਰੀ ਵਜੋਂ ਆਪਣੇ ਸੰਨ 2007 ਦੇ ਪਿਛਲੇ ਕਾਰਜ ਕਾਲ ਤੋਂ ਹੀ ਅਜਿਹੀ ਨੀਤੀ ਦੀ ਮੰਗ ਕਰਦੇ ਆ ਰਹੇ ਹੋਣ ਦਾ ਜ਼ਿਕਰ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਇਨ੍ਹਾਂ ਤੱਥਾਂ ਨੂੰ ਸਹੀ ਮੰਨਿਆ ਹੈ ਕਿ ਕੁਝ ਸੂਬਿਆਂ ਵੱਲੋਂ ਅਫੀਮ ਦੀ ਖੇਤੀ ਦੀ ਵਧ ਰਹੀ ਮੰਗ ਦੇ ਕਾਰਨ ਇਹ ਮੁੱਦਾ ਕੇਂਦਰ ਬਿੰਦੂ ਵਿਚ ਆ ਗਿਆ ਹੈ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਹੁਣ ਇਸ ਮਾਮਲੇ ਨੂੰ ਹੱਲ ਕਰ ਲਿਆ ਜਾਵੇਗਾ।
ਉਨ੍ਹਾਂ ਕਿਹਾ, ”ਇੱਕ ਸੂਬਾ ਜੇ ਭੁੱਕੀ ਦੀ ਖੇਤੀ ਕਰ ਕੇ ਜੇ ਦੂਜੇ ਸੂਬੇ ਨੂੰ ਵੇਚੇਗਾ ਤਾਂ ਇਹ ਸਹੀ ਨਹੀਂ ਹੈ। ਇਸ ਨਾਲ ਨਵੀਂ ਪੀੜ੍ਹੀ ਬਰਬਾਦ ਹੋ ਰਹੀ ਹੈ।”

ਗਾਂਧੀ ਖ਼ਿਲਾਫ਼ ਦਰਜ ਹੋ ਸਕਦਾ ਹੈ ਕੇਸ : ਪਿਛਲੇ ਦਿਨੀਂ ਅਹਿਮਦਗੜ੍ਹ ਦੇ ਪਿੰਡ ਵਿੱਚ ਕਿਸਾਨ ਰੈਲੀ ਦੌਰਾਨ ਖੇਤ ਤਿਆਰ ਕਰਕੇ ਉਸ ਵਿੱਚ ਖਸਖਸ ਬੀਜਣਾ ਪਟਿਆਲਾ ਤੋਂ ਲੋਕ ਸਭਾ ਮੈਂਬਰ ਧਰਮਵੀਰ ਗਾਂਧੀ ਨੂੰ ਮਹਿੰਗਾ ਪੈ ਸਕਦਾ ਹੈ। ਰੈਲੀ ਦੌਰਾਨ ਖਸਖਸ ਬੀਜਣ ਦੀ ਵਾਇਰਲ ਹੋਈ ਵੀਡੀਓ ਦੀ ਜਾਂਚ ਕਰਕੇ ਹੁਣ ਪੁਲੀਸ ਇਸ ਮਾਮਲੇ ਵਿੱਚ ਲੋਕ ਸਭਾ ਮੈਂਬਰ ਗਾਂਧੀ ਤੇ ਹੋਰਨਾਂ ਖ਼ਿਲਾਫ਼ ਕੇਸ ਦਰਜ ਕਰ ਸਕਦੀ ਹੈ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਲੁਧਿਆਣਾ ਰੇਂਜ ਦੇ ਡੀਆਈਜੀ ਰਣਬੀਰ ਸਿੰਘ ਖੱਟੜਾ ਨੇ ਕਿਹਾ ਕਿ ਉਨ੍ਹਾਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਡੀਏ ਲੀਗਲ ਤੋਂ ਇਸ ਸਬੰਧੀ ਰਾਏ ਲਈ ਜਾ ਰਹੀ ਹੈ।
ਸਹਿਮਤ ਨਹੀਂ ਹੈ ਅਕਾਲੀ ਦਲ : ਦੂਜੇ ਪਾਸੇ ਇਸ ਮੁੱਦੇ ਉੱਤੇ ਸ਼੍ਰੋਮਣੀ ਅਕਾਲੀ ਬਾਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਪੰਜਾਬ ਵਿਚ ਅਫ਼ੀਮ ਦੀ ਖੇਤੀ ਦੀ ਖੁੱਲ ਦੇਣਾ ਨਸ਼ੇ ਉਤੇ ਕਾਬੂ ਪਾਉਣ ਦਾ ਕੋਈ ਪੱਕਾ ਅਤੇ ਸਾਰਥਿਕ ਹੱਲ ਨਹੀਂ ਹੈ। ਡਾ. ਚੀਮਾ ਨੇ ਆਖਿਆ ਕਿ ਜੇਕਰ ਸਰਕਾਰ ਇਸ ਦੀ ਖੁੱਲ੍ਹ ਦਿੰਦੀ ਹੈ ਤਾਂ ਇਹ ਕਦਮ ਸੂਬੇ ਦੇ ਲੋਕਾਂ ਨੂੰ ਹਨੇਰੇ ਵਿਚ ਧੱਕਣ ਵਾਲਾ ਹੋਵੇਗਾ। ਉਨ੍ਹਾਂ ਆਖਿਆ ਕਿ ਜੇਕਰ ਸਰਕਾਰ ਨੂੰ ਲਗਦਾ ਹੈ ਕਿ ਨਸ਼ੇ ਦੀ ਸਮੱਸਿਆ ਦਾ ਹੱਲ ਸਿਰਫ਼ ਅਫ਼ੀਮ ਦੀ ਖੇਤੀ ਨੂੰ ਖੁੱਲ੍ਹ ਦੇਣਾ ਹੈ, ਤਾਂ ਸਰਕਾਰ ਨੂੰ ਇਸ ਸਬੰਧੀ ਪੂਰੀ ਸਪਸ਼ਟ ਨੀਤੀ ਲੋਕਾਂ ਦੇ ਸਾਹਮਣੇ ਰੱਖਣੀ ਚਾਹੀਦੀ ਹੈ।

ਬ੍ਰਹਮਮਹਿੰਦਰਾ, ਤ੍ਰਿਪਤ ਬਾਜਵਾ ਨੇ ਅਫੀਮਚੀਆਂ ਦੇ ਪੰਜਾਬ ਦਾ ਕੀਤਾ ਵਿਰੋਧ : ਸਿਹਤ ਮੰਤਰੀ ਬ੍ਰਹਮਮਹਿੰਦਰਾ ਤੇ ਸ਼ਹਿਰੀ ਵਿਕਾਸ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਪੋਸਤ ਦੀ ਖੇਤੀ ਦਾ ਵਿਰੋਧ ਕੀਤਾ। ਇਨ੍ਹਾਂ ਦਾ ਕਹਿਣਾ ਸੀ ਕਿ ਨਸ਼ਿਆਂ ਦੀ ਲਪੇਟ ਵਿਚ ਆ ਚੁੱਕੀ ਨੌਜਵਾਨ ਪੀੜ੍ਹੀ ਨੂੰ ਕਿਸੇ ਹੋਰ ਨਸ਼ੇ ਵਿਚ ਧਕੇਲਣਾ ਗਲਤ ਹੋਵੇਗਾ। ਸਰਕਾਰ ਇਕ ਨਸ਼ੇ ਨੂੰ ਖਤਮ ਕਰਨ ਲਈ ਦੂਸਰੇ ਨਸ਼ੇ ਨੂੰ ਉਤਸ਼ਾਹਿਤ ਨਹੀਂ ਕਰੇਗੀ। ਸਰਕਾਰ ਪੰਜਾਬ ਵਿਚ ਨਸ਼ੇ ਦੀ ਖੇਤੀ ਨਹੀਂ ਹੋਣ ਦੇਵੇਗੀ।

ਪੰਜਾਬ ਵਿਚ ਕਦੋਂ ਹੋਈ ਅਫ਼ੀਮ ਦੀ ਖੇਤੀ ਗ਼ੈਰ-ਕਾਨੂੰਨੀ
* ਡਾਕਟਰਾਂ ਨੇ ਗਾਂਧੀ ਤੇ ਸਿੱਧੂ ਦੇ ਅਫੀਮਚੀ ਪੰਜਾਬ ਦੇ ਬਿਆਨ ਨੂੰ ਬਚਕਾਨਾ ਦੱਸਿਆ
ਚੰਡੀਗੜ੍ਹ ਦੇ ਪੀਜੀਆਈ ਦੇ ਨਸ਼ਾ ਛੁਡਾਊ ਕੇਂਦਰ ਦੇ ਡਾਕਟਰ ਦੇਬਸ਼ੀਸ਼ ਬਾਸੂ ਦੱਸਦੇ ਹਨ ਕਿ ਸੰਨ 1985 ਤੋਂ ਪਹਿਲਾਂ ਅਫ਼ੀਮ ਦੀ ਖੇਤੀ ਪੰਜਾਬ ਵਿਚ ਹੁੰਦੀ ਸੀ। ਪੰਜਾਬ ਵਿਚ ਨਸ਼ਿਆਂ ਬਾਰੇ ਸਟੱਡੀ ਕਰਨ ਵਾਲੇ ਡਾਕਟਰ ਬਾਸੂ ਨੇ ਦੱਸਿਆ ਕਿ ਸੰਨ 1985 ਵਿਚ ਐਨਡੀਪੀਐਸ ਐਕਟ ਆਇਆ ਜਿਸ ਵਿਚ ਅਫ਼ੀਮ ਦੀ ਖੇਤੀ ਨੂੰ ਗ਼ੈਰ-ਕਾਨੂੰਨੀ ਕਰਾਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਹਾਲਾਂਕਿ ਭੰਗ ਨੂੰ ਕਾਨੂੰਨ ਦੇ ਦਾਇਰੇ ਤੋਂ ਬਾਹਰ ਰੱਖਿਆ ਗਿਆ। ਪੰਜਾਬ ਦੇ ਨਸ਼ੇ ਬਾਰੇ ਸ਼ੋਧ ਕਰਨ ਬਾਰੇ ਡਾਕਟਰ ਦੇਵਸ਼ਿਸ ਬਾਸੂ ਨੇ ਦੱਸਿਆ ਕਿ ਦਵਾਈ ਵਾਸਤੇ ਅਫ਼ੀਮ ਦੀ ਖੇਤੀ ਦੇਸ ਦੇ ਕਈ ਸੂਬਿਆਂ ਵਿਚ ਹੋ ਰਹੀ ਹੈ। ਡਾਕਟਰ ਧਰਮਵੀਰ ਗਾਂਧੀ ਅਤੇ ਹੋਰਨਾਂ ਦੀ ਅਫ਼ੀਮ ਦੀ ਖੇਤੀ ਸਬੰਧੀ ਕੀਤੀ ਜਾ ਰਹੀ ਮੰਗ ਉੱਤੇ ਟਿੱਪਣੀ ਕਰਦੇ ਹੋਏ ਉਨ੍ਹਾਂ ਆਖਿਆ ਕਿ ਉਹ ਮੰਗ ਪਿੱਛੇ ਦੀ ਭਾਵਨਾ ਨੂੰ ਸਮਝਦੇ ਹਨ। ਇਸ ਮੰਗ ਦਾ ਆਧਾਰ ਇਹ ਹੈ ਕਿ ਜਦੋਂ ਨਸ਼ੇ ਦੀ ਵਰਤੋਂ ਕਰਨ ਵਾਲੇ ਨੂੰ ਅਫ਼ੀਮ ਜਾਂ ਭੁੱਕੀ ਨਹੀਂ ਮਿਲੇਗੀ ਤਾਂ ਉਹ ਸਿੰਥੈਟਿਕ ਨਸ਼ਿਆਂ ਵੱਲ ਰੁਖ਼ ਕਰੇਗਾ ਜੋ ਕਿ ਜ਼ਿਆਦਾ ਖ਼ਤਰਨਾਕ ਹੈ। ਉਨ੍ਹਾਂ ਆਖਿਆ ਕਿ ਭੁੱਕੀ ਅਤੇ ਅਫ਼ੀਮ ਦਾ ਸਰੀਰ ਉੱਤੇ ਮਾਰੂ ਅਸਰ ਘੱਟ ਪੈਂਦਾ ਹੈ। ਪਰ ਉਹ ਇਸ ਦਾ ਸਮਰਥਨ ਨਹੀਂ ਕਰਦੇ ਕਿਉਂਕਿ ਇਸ ਦਾ ਅਸਰ ਕੀ ਹੋਵੇਗਾ ਇਸ ਬਾਰੇ ਪਹਿਲਾਂ ਤੋਂ ਕੁਝ ਨਹੀਂ ਕਿਹਾ ਦਾ ਸਕਦਾ।
ਅੰਮ੍ਰਿਤਸਰ ਦੇ ਨਸ਼ਾ ਛੁਡਾਊ ਕੇਂਦਰ ਦੇ ਇੰਚਾਰਜ ਡਾਕਟਰ ਪੀ ਡੀ ਗਰਗ ਨੇ ਡਾਕਟਰ ਗਾਂਧੀ ਅਤੇ ਹੋਰਨਾਂ ਵੱਲੋਂ ਕੀਤੀ ਜਾ ਰਹੀ ਮੰਗ ਨੂੰ ਸਿਰੇ ਤੋਂ ਖ਼ਾਰਜ ਕਰਦਿਆਂ ਇਸ ਨੂੰ ਬੱਚਿਆਂ ਵਾਲਾ ਬਿਆਨ ਕਰਾਰ ਦਿੱਤਾ। ਉਨ੍ਹਾਂ ਆਖਿਆ ਕਿ ਇਸ ਨਾਲ ਨਸ਼ਿਆਂ ਦੀ ਸਮੱਸਿਆ ਸੂਬੇ ਵਿੱਚ ਹੋਰ ਵਧ ਸਕਦੀ ਹੈ ਕਿਉਂਕਿ ਲੋਕ ਖੁੱਲ੍ਹੇ ਤੌਰ ‘ਤੇ ਇਸ ਦਾ ਸੇਵਨ ਕਰਨ ਲੱਗ ਜਾਣਗੇ।
ਉਨ੍ਹਾਂ ਨੇ ਇਹ ਗੱਲ ਮੰਨੀ ਕਿ ਉਹ ਨਸ਼ਾ ਛਡਾਉਣ ਲਈ ਜਿਸ ਦਵਾਈ ਦੀ ਵਰਤੋਂ ਕਰਦੇ ਹਨ ਉਹ ਅਫ਼ੀਮ ਤੋਂ ਤਿਆਰ ਹੁੰਦੀ ਹੈ। ਉਨ੍ਹਾਂ ਕਿਹਾ, ”ਅਸੀਂ ਇਸ ਨੂੰ ਦਵਾਈ ਦੀ ਤਰਾਂ ਮਰੀਜ਼ਾਂ ਨੂੰ ਦਿੰਦੇ ਹਾਂ, ਕਿਉਂਕਿ ਸਾਨੂੰ ਇਸ ਦੇ ਨੁਕਸਾਨ ਵੀ ਪਤਾ ਹਨ।” ਸਪਸ਼ਟ ਹੈ ਕਿ ਅਫ਼ੀਮ ਦੀ ਖੇਤੀ ਸਬੰਧੀ ਰਾਜਨੀਤਿਕ ਪਾਰਟੀਆਂ ਅਤੇ ਜਾਣਕਾਰਾਂ ਦੀ ਰਾਏ ਵੱਖੋ ਵੱਖਰੀ ਹੈ ਪਰ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਅਫ਼ੀਮ ਦੀ ਖੇਤੀ ਦੀ ਮੰਗ ਪਹਿਲਾਂ ਨਾਲ ਵਧੇਰੇ ਇਸ ਸਮੇਂ ਚਰਚਾ ਵਿਚ ਹੈ। ਕੁਝ ਕਿਸਾਨ ਯੂਨੀਅਨਾਂ ਵੀ ਇਸ ਦੇ ਹੱਕ ਵਿਚ ਹਨ।