ਪੰਜਾਬੀ ਨੌਜਵਾਨ ਦੀ ਕੈਨੇਡਾ ਵਿਚ ਗੋਲੀਆਂ ਲੱਗਣ ਨਾਲ ਮੌਤ

0
25

gagan-dhaliwal
ਜਗਰਾਉਂ /ਬਿਊਰੋ ਨਿਊਜ਼ :
ਪੰਜਾਬ ਦੇ ਜਗਰਾਉਂ ਨੇੜਲੇ ਪਿੰਡ ਅਗਵਾੜ ਲੋਪੋਂ ਨਾਲ ਸਬੰਧਤ 20 ਸਾਲਾ ਪੰਜਾਬੀ ਨੌਜਵਾਨ ਗਗਨ ਧਾਲੀਵਾਲ ਦੀ ਕੈਨੇਡਾ ਵਿਚ ਗੋਲੀਆਂ ਲੱਗਣ ਨਾਲ ਮੌਤ ਹੋ ਗਈ ਹੈ। ਗੋਲੀਬਾਰੀ ਦੀ ਇਸ ਘਟਨਾ ਮਗਰੋਂ ਜਗਰਾਉਂ ਸ਼ਹਿਰ ਦੇ ਅਗਵਾੜ ਲੋਪੋਂ ਪਿੰਡ ਦੇ ਲੋਕ ਸਦਮੇ ‘ਚ ਹਨ। ਪਿੰਡ ਦੇ ਲੋਕਾਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਸਬੰਧਤ ਪਰਿਵਾਰ ਪਿਛਲੇ ਲੰਬੇ ਅਰਸੇ ਤੋਂ ਕੈਨੇਡਾ ਰਹਿ ਰਿਹਾ ਹੈ।
ਮਿਲੀ ਜਾਣਕਾਰੀ ਅਨੁਸਾਰ ਗਗਨ ਧਾਲੀਵਾਲ ਦੇ ਦਿਲ ਕੋਲ ਦੋ ਗੋਲੀਆਂ ਲੱਗੀਆਂ ਤੇ ਉਸ ਨੇ ਆਪਣੇ ਦਾਦਾ ਅਤੇ ਮਾਂ ਦੇ ਹੱਥਾਂ ਵਿਚ ਹੀ ਪ੍ਰਾਣ ਤਿਆਗ ਦਿੱਤੇ। ਪਰਿਵਾਰ ਦੇ ਜਾਣੂ ਇਸ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਦੱਸ ਰਹੇ ਸਨ ਕਿ ਇਹ ਪਰਿਵਾਰ ਸਮਾਜ ਸੇਵਾ ਨੂੰ ਸਮਰਪਿਤ ਹੈ।
ਉਧਰ ਕੈਨੇਡਾ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਐਬਟਸਫੋਰਡ ਵਿਚ ਹੋਈ ਗੋਲੀਬਾਰੀ ਵਿਚ ਨੌਜਵਾਨ ਗਗਨ ਧਾਲੀਵਾਲ ਦੀ ਮੌਤ ਹੋ ਗਈ ਜਦੋਂਕਿ ਉਸ ਦੀ ਭੂਆ ਦਾ ਪੁੱਤ ਜ਼ਖ਼ਮੀ ਹੋ ਗਿਆ, ਜੋ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਇਸ ਘਟਨਾ ਮਗਰੋਂ ਐਬਟਸਫੋਰਡ ਪੁਲੀਸ ਗੈਂਗ ਹਿੰਸਾ ਤੇ ਨਸ਼ਾ ਤਸਕਰਾਂ ਖ਼ਿਲਾਫ਼ ਮੁੜ ਸਰਗਰਮ ਹੋ ਗਈ ਹੈ। ਗਗਨ ਦੇ ਪਿਤਾ ਗੁਰਚਰਨ ਸਿੰਘ ਧਾਲੀਵਾਲ ਐਬਟਸਫੋਰਡ ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਰਹਿ ਚੁੱਕੇ ਹਨ।
ਗਗਨ ਦੇ ਪਿਤਾ ਨੇ ਦੱਸਿਆ ਕਿ ਗੈਂਗਵਾਰ ਦੇ ਚਲਦਿਆਂ ਨੌਜਵਾਨਾਂ ਲਈ ਹਾਲਾਤ ਸਾਜ਼ਗਾਰ ਨਾ ਹੋਣ ਕਾਰਨ ਉਨ੍ਹਾਂ ਕੁਝ ਮਹੀਨੇ ਪਹਿਲਾਂ ਗਗਨ ਨੂੰ ਪੰਜਾਬ ਭੇਜ ਦਿੱਤਾ ਸੀ ਤੇ ਉਹ ਅਜੇ ਕੁਝ ਦਿਨ ਪਹਿਲਾਂ ਹੀ ਵਾਪਸ ਕੈਨੇਡਾ ਆਇਆ ਸੀ। ਰਾਤ ਨੂੰ ਉਹ ਆਪਣੀ ਭੂਆ ਦੇ ਪੁੱਤ ਨਾਲ ਗੈਰਾਜ ਵਿਚ ਬੈਠਾ ਸੀ ਕਿ ਹਮਲਾਵਰਾਂ ਨੇ ਨੇੜਿਓਂ ਆ ਕੇ ਉਨ੍ਹਾਂ ਨੂੰ ਗੋਲੀਆਂ ਮਾਰੀਆਂ ਤੇ ਫ਼ਰਾਰ ਹੋ ਗਏ। ਉਧਰ ਮਾਮਲੇ ਦੀ ਜਾਂਚ ਕਰ ਰਹੀ ਪੁਲੀਸ ਦਾ ਕਹਿਣਾ ਹੈ ਕਿ ਉਨ੍ਹਾਂ ਕਿ ਹੱਥ ਹਮਲਾਵਰਾਂ ਬਾਰੇ ਕੁਝ ਸੁਰਾਗ ਲੱਗੇ ਹਨ। ਗਗਨ ਦੀ ਛਾਤੀ ਵਿਚ ਲੱਗੀਆਂ ਦੋ ਗੋਲੀਆਂ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਜ਼ਖ਼ਮੀ 15 ਸਾਲਾ ਲੜਕੇ ਦੀ ਹਾਲਤ ਸਥਿਰ ਦੱਸੀ ਜਾਂਦੀ ਹੈ।