ਨਹੀਂ ਰਹੇ ਕਿਊਬਾ ਦੇ ਸਾਬਕਾ ਰਾਸ਼ਟਰਪਤੀ ਫ਼ੀਦਲ ਕਾਸਤਰੋ

0
1103

fidel-castro
ਹਵਾਨਾ/ਬਿਊਰੋ ਨਿਊਜ਼ :
ਕਿਊਬਾ ਦੇ ਸਾਬਕਾ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਫ਼ੀਦਲ ਕਾਸਤਰੋ ਦਾ ਸ਼ਨਿੱਚਰਵਾਰ ਨੂੰ ਦੇਹਾਂਤ ਹੋ ਗਿਆ। ਉਨ੍ਹਾਂ ਦੇ ਭਰਾ ਤੇ ਰਾਸ਼ਟਰਪਤੀ ਰਾਉਲ ਕਾਸਤਰੋ ਨੇ ਇਸ ਦਾ ਐਲਾਨ ਕੀਤਾ। 90 ਸਾਲ ਦੇ ਕਾਸਤਰੋ ਕਾਫ਼ੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਸਾਲ 2008 ਵਿਚ ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਰਾਸ਼ਟਰਪਤੀ ਦਾ ਅਹੁਦਾ ਛੱਡ ਦਿੱਤਾ ਸੀ। ਪਰ ਉਹ ਕਿਊਬਾ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਬਣੇ ਹੋਏ ਸਨ। ਕਾਸਤਰੋ 1959 ਤੋਂ ਦਸੰਬਰ 1976 ਤਕ ਕਿਊਬਾ ਦੇ ਪ੍ਰਧਾਨ ਮੰਤਰੀ ਅਤੇ ਫਿਰ ਕਿਊਬਾ ਦੀ ਰਾਜ ਪ੍ਰੀਸ਼ੱਦ ਦੇ ਰਾਸ਼ਟਰਪਤੀ ਰਹੇ। ਫ਼ੀਦਲ ਕਰਾਂਤੀਕਾਰੇ ਨੇਤਾ ਸਨ।
ਉਹ ਇਕ ਅਮੀਰ ਪਰਿਵਾਰ ਵਿਚ ਪੈਦਾ ਹੋਏ ਅਤੇ ਕਾਨੂੰਨ ਦੀ ਡਿਗਰੀ ਹਾਸਲ ਕੀਤੀ, ਜਦਕਿ ਹਵਾਨਾ ਯੂਨੀਵਰਸਿਟੀ ਵਿਚ ਅਧਿਐਨ ਕਰਦਿਆਂ ਉਨ੍ਹਾਂ ਨੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਕੀਤੀ ਅਤੇ ਕਿਊਬਾ ਦੀ ਸਿਆਸਤ ਵਿਚ ਇਕ ਮਾਨਤਾ ਪ੍ਰਾਪਤ ਵਿਅਕਤੀ ਬਣ ਗਏ। ਉਨ੍ਹਾਂ ਦਾ ਸਿਆਸੀ ਜੀਵਨ ਫੁਲਗੇਕਿਓ ਬਤਿਸਤਾ ਸ਼ਾਸਨ ਅਤੇ ਸੰਯੁਕਤ ਰਾਜ ਅਮਰੀਕਾ ਦਾ ਕਿਊਬਾ ਦੇ ਰਾਸ਼ਟਰ ਹਿਤ ਵਿਚ ਸਿਆਸੀ ਤੇ ਕਾਰਪੋਰੇਟ ਕੰਪਨੀਆਂ ਦੇ ਪ੍ਰਭਾਵ ਦੇ ਆਲੋਚਕ ਵਾਲਾ ਰਿਹਾ ਹੈ।
ਉਨ੍ਹਾਂ ਨੂੰ ਉਤਸ਼ਾਹੀ ਪਰ ਸੀਮਤ ਸਮਰਥਕ ਮਿਲੇ ਅਤੇ ਉਨ੍ਹਾਂ ਨੇ ਅਧਿਕਾਰੀਆਂ ਦਾ ਧਿਆਨ ਆਕਰਸ਼ਤ ਕੀਤਾ। ਉਨ੍ਹਾਂ ਨੇ ਮੋਂਕਾਡਾ ਬੈਰਕੋ ‘ਤੇ 1953 ਵਿਚ ਅਸਫਲ ਹਮਲੇ ਦੀ ਅਗਵਾਈ ਕੀਤੀ, ਜਿਸ ਮਗਰੋਂ ਉਹ ਗ੍ਰਿਫ਼ਤਾਰ ਹੋ ਗਏ, ਉਨ੍ਹਾਂ ‘ਤੇ ਮੁਕੱਦਮਾ ਚੱਲਿਆ, ਉਹ ਜੇਲ੍ਹ ਵਿਚ ਰਹੇ ਤੇ ਬਾਅਦ ਵਿਚ ਰਿਹਾਅ ਕਰ ਦਿੱਤੇ ਗਏ। ਕਾਸਤਰੋ ਕਿਊਬਾ ਦੀ ਕਰਾਂਤੀ ਰਾਹੀਂ ਅਮਰੀਕਾ ਸਮਰਥਿਤ ਫੁਲਗੇਕਿਓ ਬਤਿਸਤਾ ਦੀ ਤਾਨਾਸ਼ਾਹੀ ਨੂੰ ਉਖਾੜ ਕੇ ਸੱਤਾ ਵਿਚ ਆਏ ਅਤੇ ਉਸ ਤੋਂ ਬਾਅਦ ਕਿਊਬਾ ਦੇ ਪ੍ਰਧਾਨ ਮੰਤਰੀ ਬਣੇ। 1965 ਵਿਚ ਉਹ ਕਿਊਬਾ ਦੀ ਕਮਿਊਨਿਸਟ ਪਾਰਟੀ ਦੇ ਪਹਿਲੇ ਸਕੱਤਰ ਬਣ ਗਏ ਅਤੇ ਕਿਊਬਾ ਨੂੰ ਇਕ-ਦਲੀ ਸਮਾਜਵਾਦੀ ਗਣਤੰਤਰ ਬਣਾਉਣ ਵਿਚ ਅਗਵਾਈ ਕੀਤੀ। 1976 ਵਿਚ ਉਹ ਰਾਜ ਪ੍ਰੀਸ਼ੱਦ ਤੇ ਮੰਤਰੀ ਪ੍ਰੀਸ਼ੱਦ ਦੇ ਮੁਖੀ ਬਣ ਗਏ। ਉਨ੍ਹਾਂ ਨੇ ਕਿਊਬਾ ਦੇ ਸਸ਼ਤਰ ਬਲਾਂ ਦੇ ਕਮਾਂਡਰ ਇਨ ਚੀਫ਼ ਦਾ ਅਹੁਦਾ ਵੀ ਆਪਣੇ ਕੋਲ ਹੀ ਰੱਖਿਆ। ਕਾਸਤਰੋ ਵਲੋਂ ਤਾਨਾਸ਼ਾਹੀ ਦੀ ਆਲੋਚਨਾ ਦੇ ਬਾਵਜੂਦ ਉਨ੍ਹਾਂ ਨੂੰ ਤਾਨਾਸ਼ਾਹ ਵਜੋਂ ਹੀ ਦੇਖਿਆ ਗਿਆ। ਸਿਹਤ ਠੀਕ ਨਾ ਹੋਣ ਕਾਰਨ ਉਨ੍ਹਾਂ ਨੇ ਆਪਣੇ ਪਹਿਲੇ ਉਪ ਰਾਸ਼ਟਰਪਤੀ ਰਾਉਲ ਕਾਸਤਰੋ, ਉਨ੍ਹਾਂ ਦੇ ਛੋਟੇ ਭਰਾ ਹਨ, ਨੂੰ 31 ਜੁਲਾਈ 2006 ਦੇ ਦਿਨ ਆਪਣੀਆਂ ਜ਼ਿੰਮੇਵਾਰੀਆਂ ਦੇ ਦਿੱਤੀਆਂ।

ਮਹਾਨ ਕਰਾਂਤੀਕਾਰੀ ਫੀਦਲ ਕਾਸਤਰੋ ਦਾ ਜਾਣਾ…
ਪ੍ਰਕਾਸ਼ ਕੇ.ਰੇ.
ਫੀਦਲ ਕਾਸਤਰੋ ਦੀ ਅਗਵਾਈ ਹੇਠ 1950ਵੇਂ ਦਹਾਕੇ ਦੇ ਸ਼ੁਰੂਆਤੀ ਵਰ੍ਹਿਆਂ ਵਿਚ ਬਾਗ਼ੀਆਂ ਦੀ ਇਕ ਛੋਟੀ ਟੁਕੜੀ ਜਨਰਲ ਬਤਿਸਤਾ ਦੀ ਤਾਨਾਸ਼ਾਹੀ ਖ਼ਿਲਾਫ਼ ਸੰਘਰਸ਼ ਕਰ ਰਹੀ ਸੀ। ਜ਼ਿਆਦਾਤਰ ਬਾਗ਼ੀ ਮਾਰੇ ਗਏ ਤੇ ਫੀਦਲ ਗ੍ਰਿਫ਼ਤਾਰ ਹੋ ਗਏ। ਸਾਲ 1953 ਵਿਚ ਸੁਣਵਾਈ ਦੌਰਾਨ ਇਸ ਨੌਜਵਾਨ ਵਕੀਲ ਨੇ ਯਾਦਗਾਰ ਭਾਸ਼ਣ ਦਿੱਤਾ ਸੀ ਜਿਸ ਦੀਆਂ ਆਖ਼ਰੀ ਪੰਕਤੀਆਂ ਇਸ ਪ੍ਰਕਾਰ ਸਨ-”ਮੈਨੂੰ ਸਜ਼ਾ ਦਿਓ, ਮੈਨੂੰ ਇਸ ਦੀ ਪ੍ਰਵਾਹ ਨਹੀਂ ਹੈ। ਇਤਿਹਾਸ ਮੈਨੂੰ ਸਹੀ ਸਿੱਧ ਕਰੇਗਾ।” ਅਗਲੇ ਸਾਲ ਉਨ੍ਹਾਂ ਨੂੰ ਰਿਹਾਅ ਕੀਤਾ ਗਿਆ ਤੇ ਉਨ੍ਹਾਂ ਨੇ ਫਿਰ ਤੋਂ ਵਿਦਰੋਹ ਦੀ ਕਮਾਂਡ ਸੰਭਾਲ ਲਈ। ਉਸ ਤੋਂ ਬਾਅਦ ਅੱਜ ਤਕ ਦਾ ਵਿਸ਼ਵ ਇਤਿਹਾਸ ਕਾਸਤਰੋ ਦੇ ਕਾਰਨਾਮਿਆਂ ਅਤੇ ਪ੍ਰਾਪਤੀਆਂ ਦੇ ਜ਼ਿਕਰ ਨਾਲ ਭਰਿਆ ਪਿਆ ਹੈ। ਨੱਬੇ ਸਾਲ ਦੀ ਉਮਰ ਵਿਚ ਦੁਨੀਆ ਨੂੰ ਅਲਵਿਦਾ ਕਹਿਣ ਵਾਲੇ ਕਾਸਤਰੋ ਦੀ ਮਹਾਨਤਾ ਇਸ ਗੱਲ ਤੋਂ ਸਿੱਧ ਹੁੰਦੀ ਹੈ ਕਿ ਅੱਜ ਤਕ ਉਨ੍ਹਾਂ ਦੇ ਵਿਰੋਧੀ ਵੀ ਉਨ੍ਹਾਂ ਦੇ ਯੋਗਦਾਨਾਂ ਦੀ ਚਰਚਾ ਕਰ ਰਹੇ ਹਨ। ਉਨ੍ਹਾਂ ਦਾ ਜਾਣਾ ਨਿਸ਼ਚਤ ਤੌਰ ‘ਤੇ ਇਕ ਯੁੱਗ ਦਾ ਵਿਰਾਮ ਹੈ। ਭਾਰਤ ਅਤੇ ਦੁਨੀਆ ਦੇ ਵਿਕਾਸ਼ਸ਼ੀਲ ਅਤੇ ਅਵਿਕਸਤ ਮੁਲਕਾਂ ਨੇ ਆਪਣਾ ਇਕ ਹਮਦਰਦ ਸਾਥੀ ਗਵਾ ਲਿਆ ਹੈ। ਵਿਸ਼ਵਕ ਸ਼ਾਂਤੀ ਅਤੇ ਨਿਆਂ ਪੱਖੀਆਂ ਨੇ ਆਪਣਾ ਸਰਪ੍ਰਸਤ ਗਵਾ ਦਿੱਤਾ ਹੈ।

ਭਾਰਤ ਦੇ ਗੂੜ੍ਹੇ ਮਿੱਤਰ ਸਨ ਫੀਦਲ ਕਾਸਤਰੋ
ਪਿਛਲੇ 6 ਦਹਾਕਿਆਂ ਤੋਂ ਵੱਧ ਸਮੇਂ ਤੋਂ ਕਿਊਬਾ ਅਤੇ ਭਾਰਤ ਵਿਚਾਲੇ ਗੂੜ੍ਹੀ ਦੋਸਤੀ ਰਹੀ ਹੈ। ਕਿਊਬਾ ਦੇ ਮੁਸ਼ਕਲ ਦੌਰ ਵਿਚ ਭਾਰਤ ਨੇ ਮਦਦ ਦਾ ਹੱਥ ਵਧਾਇਆ ਹੈ, ਤਾਂ ਕਿਊਬਾ ਨੇ ਵੀ ਕੌਮਾਂਤਰੀ ਮੰਚਾਂ ‘ਤੇ ਹਮੇਸ਼ਾ ਭਾਰਤ ਦਾ ਸਾਥ ਦਿੱਤਾ ਹੈ। ਸਾਲ 1959 ਵਿਚ ਫੀਦਲ ਕਾਸਤਰੋ ਦੀ ਅਗਵਾਈ ਵਿਚ ਹੋਈ ਕਰਾਂਤੀ ਦੇ ਤੁਰੰਤ ਬਾਅਦ ਕਿਊਬਾ ਦੀ ਨਵੀਂ ਸਰਕਾਰ ਨੂੰ ਮਾਨਤਾ ਦੇਣ ਵਾਲੇ ਮੁਲਕਾਂ ਵਿਚ ਭਾਰਤ ਵੀ ਸੀ। ਉਸੇ ਸਾਲ ਕਰਾਂਤੀ ਦੇ ਮੋਢੀ ਯੋਧਾ ਤੇ ਫੀਦਲ ਦੇ ਕਰੀਬੀ ਸਹਿਯੋਗੀ ਚੀ ਗਵੇਰਾ ਭਾਰਤ ਦੀ ਇਤਿਹਾਸਕ ਯਾਤਰਾ ‘ਤੇ ਆਏ ਸਨ। ਦਹਾਕਿਆਂ ਤਕ ਇਸ ਯਾਤਰਾ ਬਾਰੇ ਜਾਣਕਾਰੀਆਂ ਜਨਤਕ ਨਹੀਂ ਹੋ ਸਕੀਆਂ ਸਨ। ਸਾਲ 2007 ਵਿਚ ਸੀਨੀਅਰ ਪੱਤਰਕਾਰ ਓਮ ਥਾਨਵੀ ਨੇ ਚੀ ਗਵੇਰਾ ਦੀ ਉਸ ਯਾਤਰਾ ਦੇ ਦਸਤਾਵੇਜ਼ ਅਤੇ ਚਿੱਤਰਾਂ ਦੇ  ਆਧਾਰ ‘ਤੇ ਲੇਖ ਲਿਖਿਆ ਸੀ। ਗਵੇਰਾ ਦੀ ਯਾਤਰਾ ਦਾ ਉਦੇਸ਼ ਹਮਦਰਦੀ ਰੱਖਣ ਵਾਲੇ ਉਨ੍ਹਾਂ ਮੁਲਕਾਂ ਤੋਂ ਨਵੀਂ ਸਰਕਾਰ ਲਈ ਸਮਰਥਨ ਤੇ ਸਹਿਯੋਗ ਹਾਸਲ ਕਰਨਾ ਸੀ ਜੋ ਆਜ਼ਾਦੀ ਦੇ ਨਾਲ ਆਪਣੀਆਂ ਵਿਦੇਸ਼ੀ ਨੀਤੀਆਂ ਤਿਆਰ ਕਰ ਰਹੇ ਸਨ। ਉਸ ਸਮੇਂ ਤਕ ਭਾਰਤ ਗੁੱਟ ਨਿਰਲੇਪ ਅੰਦੋਲਨ ਦੀ ਅਗਵਾਈ ਬਣ ਚੁੱਕੀ ਸੀ। ਚੀ ਗਵੇਰਾ ਨੇ ਕਿਊਬਾ ਵਾਪਸ ਆ ਕੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਦ੍ਰਿਸ਼ਟੀਕੋਣ ਦੀ ਖੂਬ ਪ੍ਰਸੰਸਾ ਕੀਤੀ ਸੀ। ਉਨ੍ਹਾਂ ਨੇ ਲਿਖਿਆ ਸੀ ਕਿ ‘ਬਿਨਾਂ ਸ਼ੱਕ ਕਿਊਬਾ ਅਤੇ ਭਾਰਤ ਭਰਾ-ਭਰਾ ਹਨ, ਅਤੇ ਪਰਮਾਣੂ ਪ੍ਰੋਜੈਕਟਰਾਂ ਅਤੇ ਮਿਸਾਈਲਾਂ ਦੇ ਮੌਜੂਦਾ ਯੁੱਗ ਵਿਚ ਪੂਰੀ ਦੁਨੀਆ ਦੇ ਲੋਕਾਂ ਵਿਚਾਲੇ ਇਹੀ ਸਬੰਧ ਬਣਨਾ ਚਾਹੀਦਾ ਹੈ।’ ਇਸ ਦੌਰੇ ਦੇ ਕੁਝ ਸਮੇਂ ਬਾਅਦ ਹੀ ਜਨਵਰੀ 1960 ਵਿਚ ਭਾਰਤ ਨੇ ਕਿਊਬਾ ਦੀ ਰਾਜਧਾਨੀ ਹਵਾਨਾ ਵਿਚ ਆਪਣਾ ਦੂਤਾਵਾਸ ਖੋਲ੍ਹ ਦਿੱਤਾ ਸੀ।
ਬਾਅਦ ਦੇ ਵਰ੍ਹਿਆਂ ਵਿਚ ਭਾਰਤ ਅਤੇ ਕਿਊਬਾ ਦੇ ਸਿਆਸੀ ਤੇ ਆਰਥਿਕ ਸਬੰਧ ਮਜ਼ਬੂਤ ਬਣਦੇ ਚਲੇ ਗਏ। ਸਾਲ 1960 ਵਿਚ ਫੀਦਲ ਕਾਸਤਰੋ ਕਿਊਬਾ ਦੇ ਪ੍ਰਧਾਨ ਮੰਤਰੀ ਵਜੋਂ ਸੰਯੁਕਤ ਰਾਸ਼ਟਰ ਸੰਘ ਦੀ ਮੀਟਿੰਗ ਵਿਚ ਹਿੱਸਾ ਲੈਣ ਲਈ ਨਿਊਯਾਰਕ ਗਏ ਸਨ। ਅਮਰੀਕਾ ਨਾਲ ਤਣਾਅਪੂਰਨ ਸਬੰਧਾਂ ਕਾਰਨ ਵੱਡੇ ਹੋਟਲਾਂ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪ੍ਰਤੀਨਿਧ ਮੰਡਲ ਨੂੰ ਆਪਣੇ ਉਥੇ ਰੱਖਣ ਤੋਂ ਮਨ੍ਹਾ ਕਰ ਦਿੱਤਾ ਸੀ। ਉਦੋਂ ਕਾਸਤਰੋ ਨੇ ਸੰਘ ਦੇ ਹੈੱਡਕੁਆਰਟਰ ਦੇ ਵਿਹੜੇ ਵਿਚ ਤੰਬੂ ਲਾ ਕੇ ਰਹਿਣ ਦੀ ਚਿਤਾਵਨੀ ਦਿੱਤੀ ਸੀ, ਪਰ ਬਾਅਦ ਵਿਚ ਹੋਟਲ ਨੇ ਉਨ੍ਹਾਂ ਨੂੰ ਸੱਦਾ ਦਿੱਤਾ ਸੀ। ਉਸ ਹੋਟਲ ਵਿਚ ਅਨੇਕਾਂ ਮੁਲਕਾਂ ਦੇ ਨੇਤਾਵਾਂ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ। ਵਰ੍ਹਿਆਂ ਬਾਅਦ ਫੀਦਲ ਕਾਸਤਰੋ ਨੇ ਸਾਬਕਾ ਵਿਦੇਸ਼ ਮੰਤਰੀ ਕੁੰਵਰ ਨਟਵਰ ਸਿੰਘ ਨੂੰ ਦੱਸਿਆ ਸੀ ਕਿ ਪੰਡਤ ਨਹਿਰੂ ਸਭ ਤੋਂ ਪਹਿਲਾਂ ਮਿਲਣ ਆਏ ਸਨ ਤੇ ਉਨ੍ਹਾਂ ਦੀ ਇਸ ਫ਼ਿਰਾਖ਼ਦਿਲੀ ਨੂੰ ਉਹ ਹਮੇਸ਼ਾ ਯਾਦ ਰੱਖਦੇ ਸਨ। ਕਾਸਤਰੋ ਅਨੁਸਾਰ, ”ਮੇਰੀ ਉਮਰ 34 ਸਾਲ ਸੀ ਤੇ ਮੈਂ ਬਹੁਤ ਜਾਣਾ-ਪਛਾਣਿਆ ਨਹੀਂ ਸੀ। ਮੈਂ ਤਣਾਅ ਵਿਚ ਸੀ। ਨਹਿਰੂ ਨੇ ਮੇਰਾ ਹੌਸਲਾ ਵਧਾਇਆ। ਮੇਰਾ ਤਣਾਅ ਦੂਰ ਹੋ ਗਿਆ।”
ਨਹਿਰੂ ਤੋਂ ਸ਼ੁਰੂ ਹੋਈ ਦੋਵੇਂ ਮੁਲਕਾਂ ਦੀ ਨੇੜਤਾ ਨੂੰ ਇੰਦਰਾ ਗਾਂਧੀ ਦੇ ਕਾਰਜਕਾਲ ਵਿਚ ਹੋਰ ਤੇਜ਼ੀ ਮਿਲੀ। ਸਾਲ 1983 ਵਿਚ ਕਾਸਤਰੋ ਗੁੱਟ ਨਿਰਲੇਪ ਅੰਦੋਲਨ ਦੀ ਅਗਵਾਈ ਭਾਰਤ ਨੂੰ ਸੌਂਪਣ ਆਏ ਸਨ। ਮੰਚ ‘ਤੇ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਗਲਾ ਲਾਉਣ ਦੀ ਤਸਵੀਰ ਕੌਮਾਂਤਰੀ ਸਿਆਸਤ ਦੇ ਇਤਿਹਾਸ ਦੀ ਸਭ ਤੋਂ ਜ਼ਿਕਰਯੋਗ ਤਸਵੀਰਾਂ ਵਿਚ ਗਿਣੀ ਜਾਂਦੀ ਹੈ। ਇਸ ਤੋਂ ਪਹਿਲਾਂ ਦੋਵੇਂ ਨੇਤਾਵਾਂ ਦੀਆਂ ਅਨੇਕਾਂ ਮੁਲਾਕਾਤਾਂ ਹੋ ਚੁੱਕੀਆਂ ਸਨ।
ਅਮਰੀਕੀ ਰੋਕਾਂ ਕਾਰਨ 1992 ਵਿਚ ਕਿਊਬਾ ਨੂੰ ਵੱਡੇ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪਿਆ ਸੀ। ਉਦੋਂ ਮਾਰਕਸਵਾਦੀ ਕਮਿਊਨਿਸਟ ਪਾਰਟੀ, ਭਾਰਤੀ ਕਮਿਊਨਿਸਟ ਪਾਰਟੀ ਅਤੇ ਕਾਂਗਰਸ ਦੇ ਯਤਨਾਂ ਨਾਲ ਲੋਕਾਂ ਵਲੋਂ ਜੁਟਾਈ ਗਈ 10 ਹਜ਼ਾਰ ਟਨ ਕਣਕ ਅਤੇ 10 ਹਜ਼ਾਰ ਟਨ ਚੌਲ ਕਿਊਬਾ ਨੂੰ ਭੇਜੇ ਗਏ ਸਨ। ਫੀਦਲ ਕਾਸਤਰੋ ਅਨਾਜ ਨਾਲ ਲੱਦੇ ਜਹਾਜ਼ ਦੇ ਸਵਾਗਤ ਲਈ ਖ਼ੁਦ ਮੌਜੂਦ ਸਨ। ਉਨ੍ਹਾਂ ਨੇ ਇਸ ਸਹਿਯੋਗ ਨੂੰ ‘ਭਾਰਤ ਦੀ ਰੋਟੀ’ ਦੀ ਸੰਗਿਆ ਦਿੱਤੀ ਸੀ, ਕਿਉਂਕਿ ਇਸ ਅਨਾਜ ਨਾਲ ਕਿਊਬਾ ਦੇ 1.10 ਕਰੋੜ ਲੋਕਾਂ ਵਿਚ ਹਰ ਇਕ ਨੂੰ ਬਰੈੱਡ ਦਿੱਤੀ ਜਾ ਸਕਦੀ ਸੀ। ਸਾਲ 2008 ਵਿਚ ਭਾਰਤ ਨੇ ਸਮੁੰਦਰੀ ਤੂਫ਼ਾਨ ਨਾਲ ਹੋਈ ਬਰਬਾਦੀ ਦੌਰਾਨ ਕਿਊਬਾ ਨੂੰ 20 ਲੱਖ ਡਾਲਰ ਦੀ ਨਕਦ ਸਹਾਇਤਾ ਦਿੱਤੀ ਸੀ। ਉਸੇ ਸਾਲ ਭਾਰਤ ਨੇ 1.28 ਅਰਬ ਰੁਪਏ ਦਾ ਵਿਆਜ ਸਮੇਤ ਕਰਜ਼ ਵੀ ਮੁਆਫ਼ ਕੀਤਾ ਸੀ। ਕਿਊਬਾ ਦਾ ਸਿਹਤ ਤੰਤਰ ਦੁਨੀਆ ਦੀ ਬਿਹਤਰੀਨ ਵਿਵਸਥਾਵਾਂ ਵਿਚ ਗਿਣਿਆ ਜਾਂਦਾ ਹੈ। ਦੋਵੇਂ ਦੇਸ਼ ਇਸ ਖੇਤਰ ਵਿਚ ਸਹਿਯੋਗ ਨੂੰ ਮਜ਼ਬੂਤ ਬਣਾਉਣ ਲਈ ਯਤਨਸ਼ੀਲ ਰਹੇ।

ਫੀਦਲ ਕਾਸਤਰੋ ਦਾ ਜੀਵਨ
ਅਗਸਤ, 1926-ਪੂਰਬੀ ਕਿਊਬਾ ਦੇ ਪੇਂਡੂ ਇਲਾਕੇ ਬੀਰਨ ਵਿਚ ਜਨਮ।
ਜੁਲਾਈ, 1953- ਸੇਂਤੀਆਗੋ ਡੀ ਕਿਊਬਾ ਵਿਚ ਲੋਕਾਂ ਦੀ ਅਗਵਾਈ ਕਰਦਿਆਂ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ 15 ਵਰ੍ਹਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ। ਜਨਰਲ ਬਤਿਸਤਾ ‘ਤੇ ਹਮਲਾ ਕਰਦਿਆਂ ਉਨ੍ਹਾਂ ਨੇ ਇਕ ਇਤਿਹਾਸਕ ਭਾਸ਼ਣ ਦਿੱਤਾ ਸੀ, ਜੋ ‘ਹਿਸਟਰੀ ਵਿਲ ਐਬਸੋਲਵ ਮੀ’ ਦੇ ਨਾਂ ਨਾਲ ਪ੍ਰਸਿੱਧ ਹੋਈ।
ਜੁਲਾਈ, 1955- ਫੀਦਲ ਤੇ ਉਨ੍ਹਾਂ ਦੇ ਸਾਥੀਆਂ ਨੂੰ ਆਮ ਮੁਆਫ਼ੀ ਦਿੰਦੇ ਹੋਏ ਜੇਲ੍ਹ ਤੋਂ ਮੁਕਤ ਕਰਕੇ ਮੈਕਸੀਕੋ ਭੇਜ ਦਿੱਤਾ ਗਿਆ। ਉਥੇ ਫੀਦਲ ਦੀ ਮੁਲਾਕਾਤ ਅਰਜਟੀਨਾ ਦੇ ਕਰਾਂਤੀਕਾਰੀ ਚੀ ਗਵੇਰਾ ਨਾਲ ਹੋਈ। ਜਨਰਲ ਬਤਿਸਤਾ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਇਕ ਸਾਲ ਮਗਰੋਂ ਉਹ ਫੇਰ ਮੈਕਸੀਕੋ ਤੋਂ ਕਿਊਬਾ ਪਰਤੇ ਤੇ ਅੰਦੋਲਨ ਸ਼ੁਰੂ ਕਰ ਦਿੱਤਾ।
ਜਨਵਰੀ 1959- ਦੋ ਵਰ੍ਹਿਆਂ ਤੋਂ ਜ਼ਿਆਦਾ ਸਮੇਂ ਤਕ ਜਾਰੀ ਅੰਦੋਲਨ ਮਗਰੋਂ ਜਨਰਲ ਬਤਿਸਤਾ ਡੋਮਿਨਿਕਨ ਰਿਪਬਲਿਕਨ ਭੱਜ ਗਿਆ ਤੇ ਫੀਦਲ ਕਾਸਤਰੋ ਨੂੰ ਕਿਊਬਾ ਦਾ ਪ੍ਰਧਾਨ ਮੰਤਰੀ ਐਲਾਨ ਦਿੱਤਾ ਗਿਆ।
ਜੂਨ 1960- ਅਮਰੀਕਾ ਦੀ ਪ੍ਰਭੂਸੱਤਾ ਵਿਚ ਰਹੀਆਂ ਤੇਲ ਰਿਫਾਇਨਰੀਆਂ ਨੂੰ ਕਿਊਬਾ ਨੇ ਐਕਵਾਇਰ ਕਰ ਲਿਆ ਤੇ ਉਨ੍ਹਾਂ ਸਾਰੀਆਂ ਦਾ ਕੌਮੀਕਰਨ ਕਰ ਦਿੱਤਾ।
ਅਕਤੂਬਰ 1960- ਖੁਰਾਕ ਸਮੱਗਰੀਆਂ ਤੇ ਦਵਾਈਆਂ ਤੋਂ ਇਲਾਵਾ ਕਿਊਬਾ ਨੂੰ ਕੀਤੀਆਂ ਜਾਣ ਵਾਲੀਆਂ ਹੋਰ ਸਾਰੀਆਂ ਸਮੱਗਰੀਆਂ ਦੇ ਨਿਰਯਾਤ ਨੂੰ ਅਮਰੀਕਾ ਨੇ ਪਾਬੰਦੀ ਲਾ ਦਿੱਤੀ।
16 ਅਪ੍ਰੈਲ, 1961-ਕਾਸਤਰੋ ਨੇ ਕਿਊਬਾ ਨੂੰ ਸਮਾਜਵਾਦੀ ਰਾਸ਼ਟਰ ਐਲਾਨ ਦਿੱਤਾ।
17 ਅਪ੍ਰੈਲ, 1961- ਅਮਰੀਕਾ ਦੇ ਸੀ.ਆਈ.ਏ. ਵਲੋਂ ਸਿਖਲਾਈ ਹਾਸਲ ਅਤੇ ਵਿੱਤੀ ਮਦਦ ਪ੍ਰਾਪਤ ਕਿਊਬਾਈ ਅਮਰੀਕੀਆਂ ਨੇ ਬੇ ਆਫ ਪਿਗਸ ਵਲੋਂ ਕਿਊਬਾ ਦੀ ਸਰਕਾਰ ਨੂੰ ਸੱਤਾ ਤੋਂ ਲਾਹੁਣ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਹੇ।
7 ਫਰਵਰੀ 1962- ਅਮਰੀਕਾ ਨੇ ਕਿਊਬਾ ਤੋਂ ਕੀਤੀਆਂ ਜਾਣ ਵਾਲੀਆਂ ਸਾਰੀਆਂ ਵਸਤੂਆਂ ਦੀ ਦਰਾਮਦ ‘ਤੇ ਪਾਬੰਦੀ ਲਾ ਦਿੱਤੀ।
ਅਕਤੂਬਰ, 1962- ਕਿਊਬਾ ਮਿਜ਼ਾਈਲ ਸੰਕਟ-ਅਮਰੀਕਾ ਅਤੇ ਸੋਵੀਅਤ ਸਘ ਵਿਚਾਲੇ ਜਾਰੀ ਸ਼ੀਤ ਯੁੱਧ ਦੇ ਦੌਰ ਵਿਚ ਇਹ ਦੋਵੇਂ ਹੀ ਦੇਸ਼ ਆਪਣੇ ਹਿਤਾਂ ਦੇ ਅਨੁਕੂਲ ਹੋਰਨਾਂ ਮੁਲਕਾਂ ਵਿਚ ਬੈਲਿਸਟਿਕ ਮਿਜ਼ਾਈਲ ਤੈਨਾਤ ਕਰਨ ਦੀਆਂ ਕੋਸ਼ਿਸ਼ਾਂ ਵਿਚ ਜੁਟੇ ਸਨ। ਇਟਲੀ ਅਤੇ ਤੁਰਕੀ ਵਿਚ ਅਮਰੀਕੀ ਬੈਲਿਸਟਿਕ ਮਿਜ਼ਾਈਲਾਂ ਦੀ ਤੈਨਾਤੀ ਮਗਰੋਂ ਉਸ ਵੇਲੇ ਦੇ ਸੋਵੀਅਤ ਨੇਤਾ ਨਿਕਿਤਾ ਖ਼ੁਰਸ਼ੇਵ ਨੇ ਕੂਬਾ ਵਿਚ ਇਨ੍ਹਾਂ ਦੀ ਤੈਨਾਤੀ ਲਈ ਕਾਸਤਰੋ ਨੂੰ ਰਜ਼ੀ ਕਰਦਿਆਂ ਮਿਜ਼ਾਈਲ ਲਾਂਚ ਫੈਸਲਿਟੀ ਦੀ ਸ਼ੁਰੂਆਤ ਕਰ ਦਿੱਤੀ। ਅਮਰੀਕਾ ਨੂੰ ਇਸ ਦੀ ਭਿਣਕ ਲੱਗ ਗਈ। ਇਕ ਸਮੇਂ ਤਣਾਅ ਵਧ ਗਿਆ ਸੀ ਕਿ ਅਮਰੀਕਾ ਤੇ ਸੋਵੀਅਤ ਸੰਘ ਵਿਚਾਲੇ ਪਰਮਾਣੂ ਯੁੱਧ ਦੀ ਨੌਬਤ ਤੱਕ ਆ ਗਈ ਸੀ। ਅਮਰੀਕਾ ਦੇ ਉਸ ਵੇਲੇ ਦੇ ਰਾਸ਼ਟਰਪਤੀਆਂ ਜਾਨ ਐਫ. ਕੈਨੇਡੀ ਤੇ ਖ਼ੁਰਸ਼ੇਵ ਵਿਚਾਲੇ ਹੋਏ ਸਮਝੌਤੇ ਮਗਰੋਂ ਇਸ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਗਿਆ।
ਮਾਰਚ, 1968- ਫੀਦਲ ਕਾਸਤਰੋ ਸਰਕਾਰ ਨੇ ਕਿਊਬਾ ਦੇ ਸਾਰੇ ਨਿੱਜੀ ਉਦਯੋਗਾਂ ਅਤੇ ਕਾਰੋਬਾਰ ਨੂੰ ਜਨਤਕ ਖੇਤਰ ਤਹਿਤ ਐਕਵਾਇਰ ਕਰ ਲਿਆ।
ਫਰਵਰੀ, 1980- ਫੀਦਲ ਨੇ ਦਾਲੀਆ ਸੋਤੋ ਡੇਲ ਵੇਲੇ ਨਾਮਕ ਇਕ ਮਹਿਲਾ ਅਧਿਆਪਕ ਨਾਲ ਵਿਆਹ ਕਰ ਲਿਆ, ਜਿਸ ਨਾਲ ਸਾਲ 1961 ਤੋਂ ਉਨ੍ਹਾਂ ਦੇ ਸਬੰਧ ਸਨ ਤੇ ਉਹ ਉਨ੍ਹਾਂ ਦੇ ਪੰਜ ਬੱਚਿਆਂ ਦੀ ਮਾਂ ਸੀ।
ਅਪ੍ਰੈਲ, 1980- ਮੇਰੀਅਲ ਬੋਟਲਿਫਟ-ਕਿਊਬਾ ਦੇ ਇਤਿਹਾਸ ਵਿਚ ਇਹ ਵੱਡੀ ਘਟਨਾ ਹੈ, ਜਦੋਂ ਆਗਾਮੀ ਕਰੀਬ 6 ਮਹੀਨੇ ਤਕ ਉਥੋਂ ਦੇ ਮੇਰੀਅਲ ਹਾਰਬਰ ਤੋਂ ਲੋਕ ਸਮੁੰਦਰੀ ਜਹਾਜ਼ਾਂ ਰਾਹੀਂ ਅਮਰੀਕਾ ਚਲੇ ਗਏ। ਲਗਾਤਾਰ ਜਾਰੀ ਪਰਵਾਸ ਨੂੰ ਦੇਖਦਿਆਂ ਦੋਹਾਂ ਮੁਲਕਾਂ ਵਿਚਾਲੇ ਅਕਤੂਬਰ 1980 ਵਿਚ ਆਪਸੀ ਸਮਝੌਤਾ ਕੀਤਾ ਗਿਆ, ਪਰ ਉਦੋਂ ਤਕ ਕਰੀਬ ਸਵਾ ਲੱਖ ਕਿਊਬਾ ਦੇ ਨਾਗਰਿਕ ਅਮਰੀਕਾ ਦੇ ਫਲੋਰੀਡਾ ਪਹੁੰਚ ਚੁੱਕੇ ਸਨ।
ਅਗਸਤ, 1990- ਬਰਲਿਨ ਦੀ ਦੀਵਾਰ ਡਿਗਣ ਅਤੇ ਸੋਵੀਅਤ ਸੰਘ ਦੇ ਟੁੱਟਣ ਮਗਰੋਂ ਕਿਊਬਾ ਵਿਚ ਅਨਾਜ ਦੀ ਕਮੀ ਪੈਦਾ ਹੋਈ, ਜਿਸ ਨਾਲ ਨਜਿੱਠਣ ਲਈ ਉਨ੍ਹਾਂ ਨੇ ਖ਼ਾਸ ਮੁਹਿੰਮ ਦੀ ਸ਼ੁਰੂਆਤ ਕੀਤੀ।
ਅਗਸਤ, 1994 – ਕਾਸਤਰੋ ਨੇ ਇਕ ਵਾਰ ਫੇਰ ਐਲਾਨ ਕਰ ਦਿੱਤਾ ਕਿ ਦੇਸ਼ ਛੱਡ ਕੇ ਜਾਣ ਵਾਲਿਆਂ ਨੂੰ ਨਹੀਂ ਰੋਕਿਆ ਜਾਵੇਗਾ ਤੇ ਇਸ ਤਰ੍ਹਾਂ 40,000 ਲੋਕ ਅਮਰੀਕਾ ਚਲੇ ਗਏ।
ਸਤੰਬਰ 2000- ਸੰਯੁਕਤ ਰਾਸ਼ਟਰ ਦੇ ਸ਼ਤਾਬਦੀ ਸ਼ਿਖ਼ਰ ਸੰਮੇਲਨ ਦੌਰਾਨ ਫੀਦਲ ਤੇ ਉਸ ਵੇਲੇ ਦੇ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਨੇ ਹੱਥ ਮਿਲਾ ਕੇ ਇਕ-ਦੂਸਰੇ ਦਾ ਸਵਾਗਤ ਕੀਤਾ। ਇਸਤਰ੍ਹਾਂ ਸਾਲ 1960 ਮਗਰੋਂ ਫੀਦਲ ਨੇ ਪਹਿਲੀ ਵਾਰ ਕਿਸੇ ਅਮਰੀਕੀ ਰਾਸ਼ਟਰਪਤੀ ਨਾਲ ਹੱਥ ਮਿਲਾਇਆ।
ਜੁਲਾਈ, 2006- ਫੀਦਲ ਦੀ ਸਿਹਤ ਨਿਯਮਤ ਤੌਰ ‘ਤੇ ਖ਼ਰਾਬ ਰਹਿਣ ਕਾਰਨ ਉਨ੍ਹਾਂ ਦੇ ਛੋਟੇ ਭਰਾ ਰਾਉਲ ਕਾਸਤਰੋ ਨੇ ਸੱਤਾ ਦਾ ਕਾਰਜ ਭਾਰ ਲੈ ਲਿਆ।
ਫਰਵਰੀ, 2008 – ਫੀਦਲ ਨੇ ਰਾਸ਼ਟਰਪਤੀ ਦਾ ਅਹੁਦਾ ਸਥਾਈ ਤੌਰ ‘ਤੇ ਛੱਡ ਦਿੱਤਾ ਤੇ ਰਾਉਲ ਨੇ ਕਮਾਂਡ ਸੰਭਾਲ ਲਈ।