ਪੰਜਾਬ ਪੁਲਿਸ ਦੇ 26 ਸਾਲ ਪੁਰਾਣੇ ਦੋ ਝੂਠੇ ਮੁਕਾਬਲਿਆਂ ਦਾ ਸੱਚ ਉਜਾਗਰ

0
102

fake_encounter_harpal-s
ਦੋ ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰਨ ਵਾਲੇ ਪੁਲਸੀਆਂ ਨੂੰ ਉਮਰ ਕੈਦ
ਮੋਹਾਲੀ/ਬਿਊਰੋ ਨਿਊਜ਼ :
ਪੰਜਾਬ ਪੁਲਿਸ ਨੇ ਖਾੜਕੂਵਾਦ ਦੌਰਾਨ ਕਿਵੇਂ ਬੇਕਸੂਰ ਸਿੱਖ ਗੱਭਰੂਆਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰ ਮੁਕਾਇਆ ਸੀ, ਉਸ ਦਾ ਇਕ ਵਾਰ ਫਿਰ ਪਰਦਾਫਾਸ਼ ਹੋਇਆ ਹੈ। ਪੰਜਾਬ ਦੇ ਮੋਹਾਲੀ ਦੀ ਅਦਾਲਤ ਨੇ ਦੋ ਦਿਨ ਦੋ ਵੱਖ ਵੱਖ ਕਥਿਤ ਪੁਲਿਸ ਮੁਕਾਬਲਿਆਂ ਨੂੰ ਝੂਠੇ ਕਰਾਰ ਦਿੰਦਿਆਂ ਦੋ ਸਿੱਖ ਨੌਜਵਾਨਾਂ ਦੇ ਕਾਤਲ ਪੁਲਸ ਅਫਸਰਾਂ ਨੂੰ 26 ਸਾਲ ਬਾਅਦ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਪਹਿਲੇ ਕੇਸ ਵਿਚ ਲਗਭਗ 26 ਸਾਲ ਪਹਿਲਾਂ ਸਤੰਬਰ 1992 ਵਿਚ ਪੰਜਾਬ ਪੁਲਸ ਵਲੋਂ ਬਿਆਸ ਖੇਤਰ ਦੇ ਇਕ ਨਾਬਾਲਗ ਨੌਜਵਾਨ ਨੂੰ ਪੁਲਸ ਮੁਕਾਬਲੇ ਵਿਚ ਮਾਰਨ ਦੇ ਦੋਸ਼ ਵਿਚ ਸੀਬੀਆਈ. ਅਦਾਲਤ ਨੇ ਉਸ ਵੇਲੇ ਦੇ ਬਿਆਸ ਪੁਲਸ ਸਟੇਸ਼ਨ ਦੇ ਐੱਸਐੱਚਓ. ਰਘੁਬੀਰ ਸਿੰਘ ਨਿਵਾਸੀ ਗੜਸ਼ੰਕਰ (ਹੁਸ਼ਿਆਰਪੁਰ) ਤੇ ਇਕ ਹੈੱਡ ਕਾਂਸਟੇਬਲ ਦਾਰਾ ਸਿੰਘ ਨੂੰ ਧਾਰਾ 302 ਵਿਚ ਉਮਰ ਕੈਦ, ਧਾਰਾ 364 ਵਿਚ 10 ਸਾਲ ਕੈਦ ਅਤੇ ਧਾਰਾ 218 ਵਿਚ ਦੋ ਸਾਲ ਕੈਦ ਦੀ ਸਜਾ ਸੁਣਾਈ ਹੈ। ਸੀਬੀਆਈ. ਕੋਰਟ ਦੇ ਐਡੀਸ਼ਨਲ ਸੈਸ਼ਨ ਜੱਜ ਨਿਰਭਉ ਸਿੰਘ ਗਿੱਲ ਦੀ ਸੀਬੀਆਈ. ਅਦਾਲਤ ਨੇ ਫ਼ੈਸਲਾ ਸੁਣਾਉਂਦਿਆਂ ਬਿਆਸ ਥਾਣੇ ਦੇ ਪੁਲਿਸ ਅਫ਼ਸਰ ਰਘਬੀਰ ਸਿੰਘ ਅਤੇ ਦਾਰਾ ਸਿੰਘ ਨੂੰ ਇੱਕ ਨੌਜਵਾਨ ਨੂੰ ਘਰੋਂ ਚੁੱਕ ਕੇ ਅਤੇ ਉਸ ‘ਤੇ ਤਸ਼ੱਦਦ ਕਰਨ ਉਪਰੰਤ ਉਸ ਦਾ ਫ਼ਰਜ਼ੀ ਮੁਕਾਬਲਾ ਬਣਾ ਕੇ ਮਾਰਨ ਦਾ ਦੋਸ਼ੀ ਮੰਨਦਿਆਂ ਇਹ ਸਜ਼ਾ ਸੁਣਾਈ ਹੈ। ਇਸ ਫੈਸਲੇ ਵਿਚ ਤਿੰਨ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਗਿਆ ਹੈ ਜਦੋਂਕਿ ਤਿੰਨ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।
ਕੇਸ ਦੀ ਸ਼ਿਕਾਇਤਕਰਤਾ ਅਤੇ ਸ਼ਹੀਦ ਨੌਜਵਾਨ ਦੀ ਮਾਂ ਬਲਵਿੰਦਰ ਕੌਰ ਨਿਵਾਸੀ ਪਿੰਡ ਪੱਲਾ (ਅੰਮ੍ਰਿਤਸਰ) ਵੱਲੋਂ ਵਕੀਲ ਐਡਵੋਕੇਟ ਸਤਨਾਮ ਸਿੰਘ ਬੈਂਸ ਨੇ ਦੱਸਿਆ ਕਿ 14 ਸਤੰਬਰ 1992 ਨੂੰ ਲਗਭਗ 15 ਸਾਲ ਦੇ ਹਰਪਾਲ ਸਿੰਘ ਨੂੰ ਬਿਆਸ ਪੁਲਸ ਨੇ ਘਰ ‘ਚੋਂ ਚੁੱਕ ਲਿਆ ਸੀ। ਉਸ ਤੋਂ ਬਾਅਦ 17 ਅਤੇ 18 ਸਤੰਬਰ ਦੀ ਦਰਮਿਆਨੀ ਰਾਤ ਨੂੰ ਉਸ ਨੂੰ ਨਿੱਝਰ ਪਿੰਡ ਵਿਚ ਹੋਏ ਪੁਲਸ ਮੁਕਾਬਲੇ ਵਿਚ ਮਰਿਆ ਹੋਇਆ ਵਿਖਾ ਦਿੱਤਾ ਗਿਆ। ਪੁਲਸ ਨੇ ਉਸ ਦੀ ਲਾਸ਼ ਤਕ ਪਰਿਵਾਰ ਨੂੰ ਨਹੀਂ ਦਿੱਤੀ ਅਤੇ ਉਸ ਨੂੰ ਅਣਪਛਾਤਾ ਐਲਾਨ ਕਰ ਕੇ ਸਸਕਾਰ ਕਰ ਦਿੱਤਾ। ਆਪਣੇ ਇਕਲੌਤੇ ਪੁੱਤਰ ਦੀ ਭਾਲ ਵਿਚ ਭਟਕਦੀ ਹੋਈ ਉਸ ਦੀ ਵਿਧਵਾ ਮਾਤਾ ਬਲਵਿੰਦਰ ਕੌਰ ਨੇ ਪਤਾ ਲਗਾਉਣਾ ਸ਼ੁਰੂ ਕੀਤਾ। ਉਨ੍ਹੀਂ ਦਿਨੀਂ ਵੱਡੀ ਗਿਣਤੀ ਵਿਚ ਲਾਸ਼ਾਂ ਪੁਲਸ ਨੇ ਅਣਪਛਾਤੀਆਂ ਐਲਾਨ ਕੇ ਸਸਕਾਰ ਕਰ ਦਿੱਤੇ ਸਨ। ਇਹ ਮਾਮਲਾ ਸੁਪਰੀਮ ਕੋਰਟ ਤਕ ਗਿਆ ਤਾਂ ਸੁਪਰੀਮ ਕੋਰਟ ਨੇ ਸੰਨ 1996 ਵਿਚ ਕੇਸ ਦੀ ਜਾਂਚ ਸੀਬੀਆਈ. ਨੂੰ ਸੌਂਪ ਦਿੱਤੀ ਸੀ । ਸੀਬੀਆਈ. ਨੇ ਇਸ ਸਬੰਧੀ ਆਈਪੀਸੀ. ਦੀ ਧਾਰਾ 302, 364, 218, 34 ਅਤੇ 120ਬੀ ਦੇ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਇਸ ਕੇਸ ‘ਚ ਕੁੱਲ 8 ਲੋਕਾਂ ਨੂੰ ਮੁਲਜ਼ਮ ਅਤੇ ਕੁੱਲ 21 ਲੋਕਾਂ ਨੂੰ ਗਵਾਹ ਬਣਾਇਆ ਗਿਆ ਸੀ । ਉਪਰੰਤ 10 ਅਗਸਤ 1999 ਨੂੰ ਸੀਬੀਆਈ. ਅਦਾਲਤ ਵਲੋਂ ਮੁਲਜ਼ਮਾਂ ਖਿਲਾਫ ਦੋਸ਼ ਤੈਅ ਕੀਤੇ ਗਏ ਸਨ। ਕਰੀਬ 20 ਸਾਲ ਬਾਅਦ ਹੁਣ ਅਦਾਲਤ ਨੇ ਇਹ ਫੈਸਲਾ ਸੁਣਾਇਆ।
ਹਰਪਾਲ ਸਿੰਘ ਆਪਣੀ ਮਾਂ ਦਾ ਇਕਲੌਤਾ ਪੁੱਤਰ ਸੀ ਤੇ ਮਾਂ ਬਲਵਿੰਦਰ ਕੌਰ ਇਨਸਾਫ਼ ਲਈ ਸੰਨ 1992 ਤੋਂ ਹੀ ਲੜਾਈ ਲੜ ਰਹੀ ਸੀ। ਐਡਵੋਕੇਟ ਬੈਂਸ ਮੁਤਾਬਿਕ ਪੰਜਾਬ ‘ਚ ਪੁਲਿਸ ਵਲੋਂ ਅਣਪਛਾਤੀਆਂ ਲਾਸ਼ਾਂ ਦੱਸ ਕੇ ਸਸਕਾਰ ਕਰਨ ਦਾ ਮਾਮਲਾ ਜਸਵੰਤ ਸਿੰਘ ਖਾਲੜਾ ਵਲੋਂ ਚੁੱਕਿਆ ਗਿਆ ਸੀ, ਇਹ ਮਾਮਲਾ ਵੀ ਉਸ ਸਮੇਂ ਸੁਰਖੀਆਂ ‘ਚ ਰਿਹਾ ਸੀ।
ਅਦਾਲਤ ਵਿਚ ਸਰਕਾਰੀ ਵਕੀਲ ਵਜੋਂ ਕੇਸ ਦੀ ਪੈਰਵਾਈ ਗੁਰਵਿੰਦਰਜੀਤ ਸਿੰਘ ਮੁਤਾਬਕ ਪੁਲਸ ਨੇ ਸਟੋਰੀ ਬਣਾਈ ਸੀ ਕਿ 17 ਅਤੇ 18 ਸਤੰਬਰ 1992 ਦੀ ਰਾਤ ਨੂੰ ਪੁਲਸ ਪਾਰਟੀ ਗਸ਼ਤ ‘ਤੇ ਸੀ। ਪਿੰਡ ਨਿੱਝਰ ਦੇ ਨਜ਼ਦੀਕ ਇਕ ਮੋਟਰਸਾਈਕਲ ‘ਤੇ ਦੋ ਨੌਜਵਾਨ ਆ ਰਹੇ ਸਨ ਜਿਨ੍ਹਾਂ ਨੇ ਪੁਲਸ ਨੂੰ ਵੇਖਦੇ ਹੀ ਫਾਇਰਿੰਗ ਸ਼ੁਰੂ ਕਰ ਦਿੱਤੀ ਸੀ। ਪੁਲਸ ਵਲੋਂ ਕੀਤੀ ਗਈ ਜਵਾਬੀ ਫਾਇਰਿੰਗ ਵਿਚ ਇਕ ਦੀ ਮੌਤ ਹੋ ਗਈ ਸੀ ਜਦੋਂਕਿ ਦੂਜਾ ਫਰਾਰ ਹੋ ਗਿਆ ਸੀ। ਕਰੀਬ 16 ਦਿਨਾਂ ਬਾਅਦ ਦੂਜੇ ਫਰਾਰ ਨੌਜਵਾਨ ਹਰਜੀਤ ਸਿੰਘ ਨੂੰ ਕਿਸੇ ਹੋਰ ਮੁਕਾਬਲੇ ‘ਚ ਮਾਰਿਆ ਗਿਆ ਦਿਖਾ ਦਿੱਤਾ ਗਿਆ। ਪੁਲਿਸ ਦੀ ਕਹਾਣੀ ਮੁਤਾਬਿਕ ਮੁਕਾਬਲੇ ਦੌਰਾਨ 217 ਗੋਲੀਆਂ ਚੱਲੀਆਂ ਸਨ ਤੇ ਹਰਪਾਲ ਸਿੰਘ ਕੋਲੋਂ ਏਕੇ. 47 ਰਾਈਫਲ ਬਰਾਮਦ ਹੋਈ ਸੀ। ਉਧਰ ਪੋਸਟਮਾਰਟਮ ਦੀ ਰਿਪੋਰਟ ਮੁਤਾਬਿਕ ਹਰਪਾਲ ਸਿੰਘ ਦੇ ਸਿਰ ‘ਚ 3 ਮੀਟਰ ਦੀ ਦੂਰੀ ਤੋਂ ਦੋ ਗੋਲੀਆਂ ਵੱਜੀਆਂ ਸਨ। ਇਥੇ ਹੀ ਬਸ ਨਹੀਂ, ਇਸ ਮੁਕਾਬਲੇ ‘ਚ ਨਾ ਤਾਂ ਪੁਲਿਸ ਦੀ ਗੱਡੀ ‘ਤੇ ਕੋਈ ਗੋਲੀ ਲੱਗੀ ਸੀ ਤੇ ਨਾ ਹੀ ਕੋਈ ਪੁਲਿਸ ਕਰਮਚਾਰੀ ਹੀ ਜ਼ਖ਼ਮੀ ਹੋਇਆ ਸੀ। ਪੁਲਿਸ ਦਾ ਕਹਿਣਾ ਸੀ ਕਿ ਇਸ ਮੁਕਾਬਲੇ ਦੌਰਾਨ ਸੀਆਰਪੀਐਫ਼. ਦੀ ਇਕ ਟੁਕੜੀ ਵੀ ਉਨ੍ਹਾਂ ਦੇ ਨਾਲ ਸੀ, ਜਦਕਿ ਸੀਆਰਪੀਐਫ਼. ਨੂੰ ਇਸ ਮਾਮਲੇ ‘ਚ ਗਵਾਹ ਹੀ ਨਹੀਂ ਬਣਾਇਆ ਗਿਆ। ਇਸ ਤੋਂ ਇਲਾਵਾ ਪੁਲਿਸ ਕੋਲ ਇਸ ਮੁਕਾਬਲੇ ਸਬੰਧੀ ਨਾ ਤਾਂ ਕੋਈ ਰਿਕਾਰਡ ਸੀ ਤੇ ਨਾ ਹੀ ਪੁਲਿਸ ਥਾਣੇ ਦੇ ਮਾਲਖ਼ਾਨੇ ‘ਚ ਉਸ ਮੁਕਾਬਲੇ ਦੌਰਾਨ ਚੱਲੇ ਅਸਲ੍ਹੇ ਦਾ ਕੋਈ ਰਿਕਾਰਡ ਮੌਜੂਦ ਸੀ। ਪੁਲਸ ਅਦਾਲਤ ਵਿਚ ਚੱਲੀ ਕਾਰਵਾਈ ਦੌਰਾਨ ਉਸ ਸਮੇਂ ਮੁਕਾਬਲੇ ਦੌਰਾਨ ਚੱਲੇ ਹੋਏ ਕਾਰਤੂਸ ਤਕ ਦਾ ਰਿਕਾਰਡ ਪੇਸ਼ ਨਹੀਂ ਕਰ ਸਕੀ। ਨਾ ਹੀ ਮੁਕਾਬਲੇ ਦੌਰਾਂਨ ਪੰਜਾਬ ਪੁਲਿਸ ਦਾ ਸਾਥ ਦੇਣ ਵਾਲੀ ਸੀਆਰਪੀਐਫ ਦੀ ਟੁਕੜੀ ਦਾ ਪਤਾ ਲੱਗਿਆ। ਤਮਾਮ ਸਬੂਤਾਂ ਤੋਂ ਜ਼ਾਹਰ ਸੀ ਕਿ ਉਕਤ ਪੁਲਿਸ ਮੁਕਾਬਲਾ ਫਰਜ਼ੀ ਸੀ।
ਜਿਨ੍ਹਾਂ ਤਿੰਨ ਮੁਲਜ਼ਮਾਂ ਨੂੰ ਕੇਸ ਵਿਚੋਂ ਬਰੀ ਕੀਤਾ ਗਿਆ ਹੈ, ਉਨ੍ਹਾਂ ਵਿਚ ਜਸਵੀਰ ਸਿੰਘ, ਨਿਰਮਲਜੀਤ ਸਿੰਘ ਅਤੇ ਪਰਮਜੀਤ ਸਿੰਘ ਦੇ ਨਾਮ ਸ਼ਾਮਲ ਹਨ ।
ਇਸ ਕੇਸ ਦੇ ਤਿੰਨ ਹੋਰ ਮੁਲਜ਼ਮਾਂ ਪੁਲਸ ਦੇ ਸਬ-ਇੰਸਪੈਕਟਰ ਰਾਮ ਲੁਭਾਇਆ, ਹੈੱਡ ਕਾਂਸਟੇਬਲ ਹੀਰਾ ਸਿੰਘ ਅਤੇ ਕਾਂਸਟੇਬਲ ਸਵਿੰਦਰਪਾਲ ਸਿੰਘ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ।
ਦੂਜੇ ਕੇਸ ਵਿਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਜੱਜ ਹਰਜੀਤ ਸਿੰਘ ਨੇ ਸੰਨ 1992 ਵਿਚ 22 ਸਾਲਾ ਸਿੱਖ ਨੌਜਵਾਨ ਹਰਜੀਤ ਸਿੰਘ ਗੋਰਾ ਨੂੰ ਝੂਠਾ ਪੁਲਸ ਮੁਕਾਬਲਾ ਬਣਾ ਕੇ ਮੁਕਾਉਣ ਦੇ ਦੋਸ਼ੀ ਸਾਬਕਾ ਪੁਲਸ ਇੰਸਪੈਕਟਰ ਗਿਆਨ ਸਿੰਘ ਅਤੇ ਸਾਬਕਾ ਏ.ਐਸ.ਆਈ ਨਰਿੰਦਰ ਸਿੰਘ ਮੱਲ੍ਹੀ ਨੂੰ ਭਾਰਤੀ ਸਜਾਵਲੀ ਦੀ ਧਾਰਾ-364 ‘ਚ ੳੁਮਰ ਕੈਦ ਦੀ ਸਜ਼ਾ ਅਤੇ 1 ਲੱਖ ਰਪਏ ਹਰਜੀਤ ਸਿੰਘ ਦੇ ਪਰਿਵਾਰ ਨੂੰ ਦੇਣ ਦਾ ਫੈਸਲਾ ਸੁਣਾਇਆ ਹੈ।
ਨੌਜਵਾਨ ਦੇ ਪਰਿਵਾਰ ਵਲੋਂ ਵਕੀਲ ਸਰਦਾਰ ਸਤਨਾਮ ਸਿੰਘ ਬੈਂਸ ਨੇ ਦੱਸਿਆ ਕਿ 11 ਨਵੰਬਰ 1992 ਨੂੰ ਦਬੁਰਜੀ ਚੌਕੀ ਤਰਨਤਾਰਨ ਦਾ ਥਾਣੇਦਾਰ ਨਰਿੰਦਰ ਸਿੰਘ ਮੱਲ੍ਹੀ ਪੁਲਸ ਦੀ ਧਾੜ ਸਮੇਤ ਹਰਜੀਤ ਸਿੰਘ ਗੋਰਾ ਦੇ ਘਰ ਤੜਕੇ 4 ਵਜੇ ਆ ਪਹੁੰਚਿਆ ਅਤੇ ਹਰਜੀਤ ਸਿੰਘ ਤੇ ਉਸਦੇ ਪਿਤਾ ਬਲਵੀਰ ਸਿੰਘ ਦੀਆਂ ਅੱਖਾਂ ਉੱਤੇ ਪੱਟੀਆਂ ਬੰਨ ੍ਹਕੇ ਘਰੋਂ ਚੁੱਕ ਲਿਆ। ਫੇਰ ਪਿਉ-ਪੁੱਤ ਦੋਹਾਂ ਨੂੰ ਵਿਜੇ ਨਗਰ ਥਾਣੇ ‘ਚ ਤੈਨਾਤ ਇੰਸਪੈਕਟਰ ਗਿਆਨ ਸਿੰਘ ਕੋਲ ਲੈ ਗਿਆ।ਪੁਲਸ ਨੇ ਪਿਤਾ ਬਲਵੀਰ ਸਿੰਘ ਨੂੰ 22 ਦਿਨ ਤਸੀਹੇ ਦੇਣ ਮਗਰੋਂ ਛੱਡ ਦਿੱਤਾ ਪਰ ਹਰਜੀਤ ਸਿੰਘ ਨੂੰ ਨਾ ਛੱਡਿਆ। ਇਸ ਮਗਰੋਂ ਹਰਜੀਤ ਸਿੰਘ ਦਾ ਕੋਈ ਥਹੁ-ਪਤਾ ਨਾ ਲੱਗਾ।22 ਸਾਲਾ ਹਰਜੀਤ ਸਿੰਘ ਗੋਰਾ ਸ੍ਰੀ ਦਰਬਾਰ ਸਾਹਿਬ ਵਿਖੇ ਰਾਜ ਮਿਸਤਰੀ ਦਾ ਕੰਮ ਕਰਦਾ ਸੀ। ਉਸ ਦੇ ਵਿਆਹ ਨੂੰ ਹਾਲੇ ਸਾਲ ਹੀ ਹੋਇਆ ਸੀ ਜਦੋਂ ਪੁਲਸ ਨੇ ਉਸ ਨੂੰ ਮਾਰ ਦਿੱਤਾ। ਹਰਜੀਤ ਸਿੰਘ ਦੇ ਭਰਾ ਕੁਲਦੀਪ ਸਿੰਘ ਕਾਲੇ ਨੂੰ ਵੀ ਪੁਲਸ ਮੁਕਾਬਲੇ ਵਿੱਚ ਮਾਰਨ ਦਾ ਪਰਚਾ ਪੁਲਸ ਨੇ ਸੁਲਤਾਨਵਿੰਡ ਥਾਣੇ ਵਿੱਚ ਦਰਜ ਕੀਤਾ ਹੋਇਆ ਹੈ। ਪਰਿਵਾਰ ਨੇ ਇਸ ਮੁਕਾਬਲੇ ਦੀ ਜਾਂਚ ਲਈ ਵੀ ਮੰਗ ਕੀਤੀ ਹੈ।