ਪੰਜਾਬ ਦੀਆਂ ਕੁੜੀਆਂ ਨੂੰ ਦੁਬਈ ‘ਚ ਵੇਚਣ ਦੇ ਧੰਦੇ ਦਾ ਪਰਦਾਫਾਸ਼

0
146

dubai_news

ਅੰਮ੍ਰਿਤਸਰ/ਬਿਊਰੋ ਨਿਊਜ਼ :

ਪੰਜਾਬ ਦੀਆਂ ਮੁਟਿਆਰਾਂ ਨੂੰ ਦੁਬਈ ਵਿਚ ਨੌਕਰੀ ਤੇ ਸੁਨਹਿਰੀ ਭਵਿੱਖ ਦਾ ਲਾਲਚ ਦੇ ਕੇ ਉੱਥੋਂ ਦੇ ਸ਼ੇਖਾਂ ਕੋਲ ਵੇਚਿਆ ਜਾ ਰਿਹਾ ਹੈ। ਇਸ ਗੱਲ ਦਾ ਖ਼ੁਲਾਸਾ ਦੁਬਈ ਦੇ ਸ਼ੇਖਾਂ ਦੇ ਚੁੰਗਲ ਵਿਚੋਂ ਮੁਸ਼ਕਲ ਨਾਲ ਆਪਣੀ ਜਾਨ ਬਚਾ ਕੇ ਘਰ ਪੁੱਜੀਆਂ ਜ਼ਿਲ੍ਹਾ ਤਰਨ ਤਾਰਨ ਦੀਆਂ ਤਿੰਨ ਕੁੜੀਆਂ ਨੇ ਕੀਤਾ ਹੈ।ਪੰਜਾਬੀ ਕੁੜੀਆਂ ਨੂੰ ਦੁਬਈ ਵੇਚਣ ਦੇ ਚਾਰ ਮਾਮਲੇ ਸਾਹਮਣੇ ਆਉਣ ਮਗਰੋਂ ਤਰਨ ਤਾਰਨ ਪੁਲਿਸ ਨੇ ਦੋ ਔਰਤਾਂ ਨੂੰ ਗ੍ਰਿਫਤਾਰ ਕੀਤਾ ਹੈ। ਅੰਮ੍ਰਿਤਸਰ ਦੇ ਆਈਜੀ  ਐਸਪੀਐਸ ਪਰਮਾਰ ਤੇ ਤਰਨ ਤਾਰਨ ਦੇ ਐਸਐਸਪੀ ਦਰਸ਼ਨ ਸਿੰਘ ਮਾਨ ਨੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ‘ਤੇ ਛੇੜਛਾੜ ਤੇ ਮਨੁੱਖੀ ਤਸਕਰੀ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਤੋਂ ਇਲਾਵਾ ਕੇਰਲਾ ਨਿਵਾਸੀ ਇਬਰਾਹਿਮ ਨੂੰ ਗ੍ਰਿਫ਼ਤਾਰ ਕਰਨ ਲਈ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੱਲੋਂ ਟਵੀਟ ਕੀਤੇ ਜਾਣ ਮਗਰੋਂ ਪੰਜਾਬ ਸਰਕਾਰ ਤੇ ਪੁਲਿਸ ਹਰਕਤ ਵਿਚ ਆਈ। ਇਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਤਰਨ ਤਾਰਨ ਵਿਚ ਮਾਮਲਾ ਦਰਜ ਕੀਤਾ । ਇਸ ਤੋਂ ਬਾਅਦ ਪਿਛਲੇ ਚੌਵੀ ਘੰਟੇ ਵਿਚ ਪੁਲਿਸ ਨੇ ਮਾਂ-ਧੀ ਨੂੰ ਗ੍ਰਿਫਤਾਰ ਕੀਤਾ ਹੈ ਤੇ ਇਕ ਲੜਕੀ ਨੂੰ ਬਾਹਰ ਜਾਣ ਤੋਂ ਬਚਾਇਆ ਹੈ। ਹੁਣ ਤਕ ਲੜਕੀਆਂ ਨੂੰ ਧੋਖੇ ਨਾਲ ਵਿਦੇਸ਼ ਭੇਜਣ ਦੇ ਚਾਰ ਮਾਮਲੇ ਸਾਹਮਣੇ ਆ ਚੁੱਕੇ ਹਨ।

ਕੁੜੀਆਂ ਨੇ ਦੱਸਿਆ ਕਿ ਪਿੰਡ ਪੰਡੋਰੀ ਗੋਲਾ ਦੀ ਇਕ ਮਹਿਲਾ ਏਜੰਟ ਨੇ ਉਨ੍ਹਾਂ ਨੂੰ ਦੁਬਈ ਵਿਚ ਕਿਸੇ ਪੰਜਾਬੀ ਪਰਿਵਾਰ ਦੇ ਘਰ ਬੱਚੇ ਦੀ ਦੇਖਭਾਲ ਕਰਨ ਬਦਲੇ ਚੰਗੀ ਤਨਖਾਹ ਦਿਵਾਉਣ ਦੇ ਲਾਲਚ ਵਿਚ ਦੁਬਈ ਭੇਜਿਆ ਸੀ। ਉਨ੍ਹਾਂ ਦੱਸਿਆ ਕਿ ਦੁਬਈ ਹਵਾਈ ਅੱਡੇ ‘ਤੇ ਪਹੁੰਚਦਿਆਂ ਹੀ ਉਨ੍ਹਾਂ ਦੇ ਪਾਸਪੋਰਟ ਤੇ ਮੋਬਾਈਲ ਫੋਨ ਖੋਹ ਲਏ ਗਏ। ਪਹਿਲਾਂ ਦੋ ਦਿਨਾਂ ਤਕ ਉਨ੍ਹਾਂ ਨੂੰ ਬੰਦ ਕਮਰੇ ਵਿਚ ਬੰਧਕ ਬਣਾ ਕੇ ਰੱਖਿਆ ਗਿਆ ਤੇ ਫਿਰ ਵੱਖ-ਵੱਖ ਸ਼ੇਖਾਂ ਦੇ ਘਰ ਭੇਜ ਦਿੱਤਾ ਗਿਆ।ਸ਼ੇਖਾਂ ਨੇ ਕੁੜੀਆਂ ਅੱਗੇ ਸ਼ਰਤ ਰੱਖੀ ਕਿ ਜਾਂ ਤਾਂ ਉਹ ਡਾਂਸ ਬਾਰ ਵਿਚ ਜਾ ਕੇ ਕੰਮ ਕਰਨ ਤੇ ਜਾਂ ਫਿਰ ਉਨ੍ਹਾਂ ਦੇ ਘਰ ਦਾ ਕੰਮ ਕਰਨ। ਕੁੜੀਆਂ ਨੇ ਦੱਸਿਆ ਕਿ ਉਨ੍ਹਾਂ ਬਾਰ ਗਰਲ ਦਾ ਕੰਮ ਨਾ ਮਨਜ਼ੂਰ ਕਰਕੇ ਘਰ ਦੇ ਕੰਮ ਦੀ ਸ਼ਰਤ ਮੰਨ ਲਈ। ਘਰ ਵਿਚ ਵੀ ਉਨ੍ਹਾਂ ਨਾਲ ਬਹੁਤ ਮੰਦਾ ਸਲੂਕ ਕੀਤਾ ਗਿਆ। ਜਦੋਂ ਕੁੜੀਆਂ ਨੇ ਆਪਣੇ ਘਰ ਜਾਣ ਲਈ ਕਿਹਾ ਤਾਂ ਉਨ੍ਹਾਂ ਨੂੰ ਧਮਕੀ ਦਿੱਤੀ ਗਈ।
ਇਸੇ ਦੌਰਾਨ ਕੁੜੀਆਂ ਨੇ ਕਿਸੇ ਤਰੀਕੇ ਆਪਣੇ ਘਰਦਿਆਂ ਨਾਲ ਸਾਰੀ ਗੱਲ ਸਾਂਝੀ ਕੀਤੀ। ਇਸ ਪਿੱਛੋਂ ਸੁਸ਼ਮਾ ਸਵਰਾਜ ਨੇ ਦੁਬਈ ਦੇ ਹਮਰੁਤਬਾ ਮੰਤਰੀ ਤੇ ਪੰਜਾਬ ਸਰਕਾਰ ਨਾਲ ਗੱਲਬਾਤ ਚਲਾ ਕੇ ਕਾਰਵਾਈ ਕੀਤੀ ਤੇ ਤਿੰਨਾਂ ਕੁੜੀਆਂ ਨੂੰ ਸਹੀ ਸਲਾਮਤ ਆਪਣੇ ਘਰ ਵਾਪਸ ਲਿਆਉਣ ਵਿਚ ਮਦਦ ਕੀਤੀ।