ਮਰੋ ਜਾਂ ਵਿਰੋਧ ਕਰੋ : ਨਸ਼ਿਆਂ ਖਿਲਾਫ ਮੁਹਿੰਮ ਨੇ ਸਾਰਾ ਪੰਜਾਬ ਹਲੂਣਿਆ

0
252

main
ਮੁੱਖ ਮੰਤਰੀ ਵੱਲੋਂ ਨਸ਼ਿਆਂ ਨਾਲ ਹੋਈਆਂ ਮੌਤਾਂ ਦੀ ਜਾਂਚ ਦੇ ਹੁਕਮ
ਬਰਖਾਸਤ ਡੀਐਸਪੀ ਦਲਜੀਤ ਸਿੰਘ ਢਿੱਲੋਂ ਦਾ ਚਾਰ-ਦਿਨਾ ਪੁਲੀਸ ਰਿਮਾਂਡ
ਪਿੰਡਾਂ ‘ਚ ਨਸ਼ਾ-ਤਸਕਰਾਂ ਦਾ ਹੋਣ ਲੱਗਿਆ ਕੁਟਾਪਾ

ਚੰਡੀਗੜ੍ਹ/ਬਿਊਰੋ ਨਿਊਜ਼ :
”ਮਰੋ ਜਾਂ ਵਿਰੋਧ ਕਰੋ” ਦੇ ਬੈਨਰ ਹੇਠ ਪੰਜਾਬ ‘ਚ ਸ਼ੁਰੂ ਹੋਈ ਨਸ਼ਿਆਂ ਖਿਲਾਫ ਮੁਹਿੰਮ ਨੇ ਪੰਜਾਬ ਦੀ ਸਿਆਸਤ, ਸਰਕਾਰ, ਅਫਸਰਸ਼ਾਹੀ ਸਮੇਤ ਸਮੁੱਚੇ ਪੰਜਾਬ ਨੂੰ ਝੰਜੋੜਿਆ ਹੈ। ਹਾਲਾਂ ਕਿ ਇਸ ਮੁਹਿੰਮ ਉਤੇ ਨਸ਼ਿਆਂ ਵਰਗੀ ਵਿਕਰਾਲ ਸਮੱਸਿਆ ਦੇ ਸਥਾਈ ਹੱਲ ਲਈ ਕੋਈ ਠੋਸ ਪ੍ਰੋਗਰਾਮ ਨਾ ਦੇਣ ਅਤੇ ਬਿਨਾ ਕਿਸੇ ਲੀਫਰਸ਼ਿਪ ਦੇ ਆਪ-ਮੁਹਾਰੀ ਸ਼ੁਰੂ ਹੋਣ ਕਰਕੇ ਪ੍ਰਸ਼ਨ ਚਿੰਨ ਵੀ ਖੜ੍ਹੇ ਹੋ ਰਹੇ ਹਨ ਪਰ ਫਿਲਹਾਲ ੧ ਜੁਲਾਈ ਤੋਂ 7 ਜੁਲਾਈ ਤਕ ਨਸ਼ਿਆਂ ਖਿਲਾਫ ਕਾਲਾ ਹਫਤਾ ਮਨਾਉਣ ਦਾ ਸੋਸ਼ਲ ਮੀਡੀਆ ਉਤੇ ਦਿਤਾ ਗਿਆ ਹੋਕਾ ਇਕ ਵਾਰ ਤਾਂ ਨਸ਼ਿਆਂ ਦੇ ਮਾਮਲੇ ‘ਚ ਘੇਸਲ ਮਾਰ ਕੇ ਬੈਠੀ ”ਅੰਨ੍ਹੀ-ਬੋਲੀ” ਸਰਕਾਰ ਨੂੰ ਜਗਾਉਣ ਦਾ ਹੀਲਾ ਬਣਿਆ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਨਸ਼ਾ ਤਸਕਰਾਂ ਨੂੰ ਸਖ਼ਤ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਉਹ ਨਸ਼ਿਆਂ ਦੀ ਸਮਗਲਿੰਗ ਛੱਡ ਦੇਣ ਤੇ ਜਾਂ ਫਿਰ ਨਤੀਜੇ ਭੁਗਤਣ ਲਈ ਤਿਆਰ ਰਹਿਣ। ਮੁੱਖ ਮੰਤਰੀ ਨੇ ਨਸ਼ਿਆਂ ਦੇ ਸਮਗਲਰਾਂ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਸਬੰਧੀ ਕੇਂਦਰ ਸਰਕਾਰ ਨੂੰ ਸਿਫ਼ਾਰਸ਼ ਕਰਨ ਦਾ ਫੈਸਲਾ ਲੈਣ ਤੋਂ ਬਾਅਦ ਹਾਲ ਹੀ ਵਿਚ ਨਸ਼ਿਆਂ ਨਾਲ ਹੋਈਆਂ ਮੌਤਾਂ ਦੀ ਜਾਂਚ ਦੇ ਹੁਕਮ ਵੀ ਦੇ ਦਿੱਤੇ ਹਨ। ਦੋਸ਼ੀਆਂ ਵਿਰੁੱਧ ਉਨ੍ਹਾਂ ਦੀ ਸਿਆਸੀ ਪਹੁੰਚ ਦਾ ਬਿਨਾਂ ਲਿਹਾਜ਼ ਕੀਤੇ ਸਖ਼ਤ ਕਾਰਵਾਈ ਕਰਨ ਲਈ ਹੁਕਮ ਦਿੱਤੇ ਗਏ ਹਨ।
ਮੁੱਖ ਮੰਤਰੀ ਨੇ ਇਕ ਟਵੀਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਨਸ਼ਾ ਤਸਕਰਾਂ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੀ ਕੇਂਦਰ ਸਰਕਾਰ ਨੂੰ ਸਿਫਾਰਸ਼ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਸਰਕਾਰ ਵੱਲੋਂ ਇਸ ਸਮੱਸਿਆ ਨਾਲ ਨਜਿੱਠਣ ਲਈ ਕਾਨੂੰਨ ਵਿੱਚ ਤਬਦੀਲੀ ਲਿਆਂਦੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ, ”ਨਸ਼ਾ ਤਸਕਰਾਂ ਨੇ ਪੰਜਾਬ ਦਾ ਬਹੁਤ ਜ਼ਿਆਦਾ ਨੁਕਸਾਨ ਕਰ ਦਿੱਤਾ ਹੈ ਅਤੇ ਉਹ ਸਪੱਸ਼ਟ ਕਰਨਾ ਚਾਹੁੰਦੇ ਹਨ ਕਿ ਉਹ ਇਸ ਨੂੰ ਜਾਰੀ ਨਹੀਂ ਰਹਿਣ ਦੇਣਗੇ।” ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕਰੇਗੀ।
ਨਸ਼ਿਆਂ ਨਾਲ ਮੌਤਾਂ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਅਜਿਹੇ ਮਾਮਲੇ ਵਧੇ ਹਨ ਅਤੇ ਉਨ੍ਹਾਂ ਦੀ ਸਰਕਾਰ ਨੇ ਨਸ਼ਾ ਤਸਕਰਾਂ ਨਾਲ ਸਖ਼ਤੀ ਨਾਲ ਨਜਿੱਠਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੂੰ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਨਾਲ ਤਾਲਮੇਲ ਕਰਨ ਲਈ ਆਖਿਆ ਹੈ, ਤਾਂ ਜੋ ਨਸ਼ੇੜੀਆਂ ਨੂੰ ਢੁਕਵਾਂ ਇਲਾਜ ਮੁਹੱਈਆ ਕਰਵਾਇਆ ਜਾ ਸਕੇ।
ਇਸੇ ਤਰ੍ਹਾਂ ਔਰਤਾਂ ਨੂੰ ਨਸ਼ਿਆਂ ਵਿੱਚ ਧੱਕਣ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਬਰਖ਼ਾਸਤ ਡੀਐਸਪੀ ਦਲਜੀਤ ਸਿੰਘ ਢਿੱਲੋਂ ਨੂੰ ਪੰਜਾਬ ਪੁਲੀਸ ਦੇ ਸਟੇਟ ਕਰਾਈਮ ਵਿੰਗ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਡੀਐਸਪੀ ਖ਼ਿਲਾਫ਼ ਬੀਤੇ ਦਿਨੀਂ ਥਾਣਾ ਸਟੇਟ ਕਰਾਈਮ ਵਿਚ ਐਨਡੀਪੀਐਸ ਅਤੇ ਹੋਰ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਗਿਆ ਹੈ।
ਕੈਪਟਨ ਸਰਕਾਰ ਨੇ ਪੰਜਾਬ ਪੁਲੀਸ ਅਕੈਡਮੀ ਫਿਲੌਰ ਦੀ ਡਾਇਰੈਕਟਰ ਅਨੀਤਾ ਪੁੰਜ ਵੱਲੋਂ ਕੀਤੀ ਗਈ ਪੜਤਾਲ ਤੋਂ ਬਾਅਦ ਤੱਥਾਂ ਦਾ ਕਾਨੂੰਨੀ ਜਾਇਜ਼ਾ ਲੈਣ ਪਿੱਛੋਂ ਬੀਤੇ ਦਿਨ ਹੀ ਭਾਰਤੀ ਸੰਵਿਧਾਨ ਦੀ ਧਾਰਾ 311(2) (ਬੀ) ਤਹਿਤ ਢਿੱਲੋਂ ਨੂੰ ਬਰਖ਼ਾਸਤ ਕਰ ਦਿੱਤਾ ਸੀ ਅਤੇ ਅੱਜ ਉਸ ਨੂੰ ਗ੍ਰਿਫ਼ਤਾਰ ਵੀ ਕਰ ਲਿਆ। ਇਸ ਤੋਂ ਪਹਿਲਾਂ ਲੰਘੀ 28 ਜੂਨ ਨੂੰ ਡੀਐਸਪੀ ਨੂੰ ਲੁਧਿਆਣਾ ਦੀ ਇੱਕ ਲੜਕੀ ਨੂੰ ਨਸ਼ੇ ਵਿੱਚ ਧੱਕਣ ਦੇ ਦੋਸ਼ਾਂ ਕਾਰਨ ਮੁਅੱਤਲ ਕੀਤਾ ਗਿਆ ਸੀ। ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਲੜਕੀ ਨੂੰ ਨਸ਼ਿਆਂ ਵਿੱਚ ਧੱਕਣ ਵਾਲੇ ਪੁਲੀਸ ਅਫ਼ਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਸੀ।
ਸਰਕਾਰੀ ਵਕੀਲ ਅਤੇ ਪੰਜਾਬ ਪੁਲੀਸ ਦੇ ਸਟੇਟ ਕਰਾਈਮ ਵਿੰਗ ਦੇ ਏਆਈਜੀ ਰਾਕੇਸ਼ ਕੌਸ਼ਲ ਦੀ ਅਗਵਾਈ ਹੇਠ ਡੀਐਸਪੀ ਢਿੱਲੋਂ ਨੂੰ ਮੁਹਾਲੀ ਦੇ ਚੀਫ਼ ਜੁਡੀਸ਼ਲ ਮੈਜਿਸਟਰੇਟ ਮੋਹਿਤ ਬਾਂਸਲ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੁਲੀਸ ਨੇ ਮੁਲਜ਼ਮ ਡੀਐਸਪੀ ਦੇ ਸੱਤ ਦਿਨ ਦੇ ਪੁਲੀਸ ਰਿਮਾਂਡ ਦੀ ਮੰਗ ਕਰਦਿਆਂ ਕਿਹਾ ਕਿ ਮੁਲਜ਼ਮ ਕੋਲੋਂ ਨਸ਼ਿਆਂ ਦੇ ਮਾਮਲੇ ਵਿੱਚ ਕਾਫੀ ਕੁਝ ਬਰਾਮਦ ਕਰਨਾ ਹੈ ਅਤੇ ਮਾਮਲੇ ਦੇ ਵੱਖ ਵੱਖ ਪਹਿਲੂਆਂ ‘ਤੇ ਪੁੱਛਗਿੱਛ ਕਰਨੀ ਹੈ। ਉਨ੍ਹਾਂ ਦੱਸਿਆ ਕਿ ਬਰਖ਼ਾਸਤ ਡੀਐਸਪੀ ਖ਼ਿਲਾਫ਼ ਔਰਤਾਂ ਨੂੰ ਨਸ਼ਿਆਂ ਵਿੱਚ ਧੱਕਣ ਦੇ ਗੰਭੀਰ ਦੋਸ਼ ਲੱਗੇ ਹਨ।
ਉਧਰ ਬਚਾਅ ਪੱਖ ਦੇ ਵਕੀਲਾਂ ਨੇ ਪੁਲੀਸ ਰਿਮਾਂਡ ਦੀ ਮੰਗ ਦਾ ਵਿਰੋਧ ਕਰਦਿਆਂ ਕਿਹਾ ਕਿ ਡੀਐਸਪੀ ਢਿੱਲੋਂ ਨੂੰ ਝੂਠੇ ਕੇਸ ਵਿੱਚ ਫਸਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਕੇਸ ਪੂਰੀ ਤਰ੍ਹਾਂ ਰਾਜਨੀਤੀ ਤੋਂ ਪ੍ਰੇਰਿਤ ਹੈ। ਵਕੀਲ ਨੇ ਸਿੱਧੇ ਤੌਰ ‘ਤੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਨਾਂ ਲੈਂਦਿਆਂ ਕਿਹਾ ਕਿ ਸਾਬਕਾ ਮੰਤਰੀ ਦੀ ਡੀਐਸਪੀ ਢਿੱਲੋਂ ਨਾਲ ਲਾਗਡਾਟ ਸੀ ਅਤੇ ਉਨ੍ਹਾਂ ਖ਼ਿਲਾਫ਼ ਡੀਡੀਆਰ ਵੀ ਦਰਜ ਹਨ। ਸਾਬਕਾ ਮੰਤਰੀ ਆਪਣੀ ਪਾਰਟੀ ਦੀ ਸਰਕਾਰ ਹੋਣ ਕਾਰਨ ਆਪਣਾ ਰਸੂਖ ਵਰਤ ਕੇ ਪੁਲੀਸ ਅਫ਼ਸਰ ‘ਤੇ ਝੂਠਾ ਕੇਸ ਪੁਆ ਕੇ ਉਸ ਨੂੰ ਬਦਨਾਮ ਕਰ ਰਿਹਾ ਹੈ।
ਮੁਹਾਲੀ ਅਦਾਲਤ ਦੇ ਬਾਹਰ ਪੁਲੀਸ ਰੋਕਾਂ ਦੇ ਬਾਵਜੂਦ ਬਰਖ਼ਾਸਤ ਡੀਐਸਪੀ ਦਲਜੀਤ ਸਿੰਘ ਢਿੱਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਨਿਰਦੋਸ਼ ਹੈ। ਉਸ ਖ਼ਿਲਾਫ਼ ਲਾਏ ਸਾਰੇ ਦੋਸ਼ ਬੇਬੁਨਿਆਦ ਅਤੇ ਮਨਘੜਤ ਹਨ। ਮੀਡੀਆ ਕਰਮੀ ਡੀਐਸਪੀ ਤੋਂ ਸਵਾਲ ਪੁੱਛ ਹੀ ਰਹੇ ਸਨ ਕਿ ਪੁਲੀਸ ਕਰਮਚਾਰੀ ਉਸ ਦੀ ਖਿੱਚ ਧੂਹ ਕਰਦੇ ਹੋਏ ਉੱਥੋਂ ਲੈ ਕੇ ਚਲੇ ਗਏ।
ਇਸੇ ਦੌਰਾਨ ਪੰਜਾਬ ਦੇ ਪਿੰਡਾਂ ਵਿਚ ਨਸ਼ਾ ਤਸਕਰਾਂ ਦਾ ਲੋਕਾਂ ਵੱਲੋਂ ਕੁਟਾਪਾ ਚਾੜ੍ਹੇ ਜਾਣ ਦੀਆਂ ਖਬਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ, ਜਿਸ ਨਾਲ ਸਰਕਾਰ ਵਾਸਤੇ ਅਮਨ ਕਾਨੂੰਨ ਦੇ ਪੱਖ ਤੋਂ ਨਵੀਂ ਸਮੱਸਿਆ ਖੜ੍ਹੀ ਹੋ ਸਕਦੀ ਹੈ। ਸਮਰਾਲਾ ਨੇੜੇ ਪਿੰਡ ਉਟਾਲਾਂ ਦੇ ਵਸਨੀਕਾਂ ਨੇ ਨਸ਼ਾ ਤਸਕਰਾਂ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਉਟਾਲਾਂ ਵਿਚ ਇੱਕਠੇ ਹੋਏ ਪਿੰਡ ਵਾਸੀਆਂ ਨੇ ਸ਼ਰੇਆਮ ਪਿੰਡ ਵਿਚ ਨਸ਼ਾ ਵੇਚ ਰਹੇ ਕਰੀਬ ਪੰਜ ਤਸਕਰਾਂ ਨੂੰ ਘੇਰਾ ਪਾ ਲਿਆ। ਇਸ ਦੌਰਾਨ 3 ਤਸਕਰ ਤਾਂ ਭੱਜ ਗਏ, ਜਦੋਂਕਿ ਦੋ ਤਸਕਰ ਭੀੜ ਦੇ ਧੱਕੇ ਚੜ੍ਹ ਗਏ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਇਹ ਸਾਰੇ ਤਸਕਰ ਪਿੰਡ ਦੇ ਨੌਜਵਾਨਾਂ ਨੂੰ ਸਮੈਕ ਦੀਆਂ ਪੁੜੀਆਂ ਸਪਲਾਈ ਕਰ ਰਹੇ ਸਨ। ਅਜੇ ਇਕ ਦਿਨ ਪਹਿਲਾਂ ਹੀ ਪਿੰਡ ਵਾਸੀਆਂ ਨੇ ਐੱਸਐੱਸਪੀ ਖੰਨਾ ਨੂੰ 12 ਤਸਕਰਾਂ ਦੇ ਨਾਵਾਂ ਦੀ ਸੂਚੀ ਸੌਂਪਦੇ ਹੋਏ ਦੱਸਿਆ ਸੀ ਕਿ ਉਨ੍ਹਾਂ ਦੇ ਪਿੰਡ ਵਿੱਚ ਸ਼ਰੇਆਮ ਨਸ਼ਾ ਵਿਕਦਾ ਹੈ।
ਜਾਣਕਾਰੀ ਅਨੁਸਾਰ ਐਂਟੀ ਡਰੱਗਜ਼ ਕਮੇਟੀ ਸਮਰਾਲਾ ਅਤੇ ਪਿੰਡ ਉਟਾਲਾਂ ਵਾਸੀਆਂ ਵੱਲੋਂ ਪਿੰਡ ਵਿੱਚ ਨਸ਼ਾ ਵੇਚਣ ਵਾਲੇ ਵਿਅਕਤੀਆਂ ‘ਤੇ ਨਜ਼ਰ ਰੱਖੀ ਜਾ ਰਹੀ ਸੀ ਅਤੇ ਐੱਸਐੱਸਪੀ ਨੂੰ ਮਿਲ ਕੇ ਨਸ਼ਾ ਵੇਚਣ ਵਾਲੇ 12 ਤਸਕਰਾਂ ਦੀ ਸੂਚੀ ਸੌਂਪੀ ਗਈ ਸੀ। ਬੇਖੌਫ਼ ਨਸ਼ਾ ਤਸਕਰਾਂ ਨੇ ਰੋਜ਼ ਦੀ ਤਰ੍ਹਾਂ ਪਿੰਡ ਵਿੱਚ ਨੌਜਵਾਨਾਂ ਨੂੰ ਸਮੈਕ ਦੀਆਂ ਪੁੜੀਆਂ ਅਤੇ ਹੋਰ ਨਸ਼ੇ ਸਪਲਾਈ ਕਰਨੇ ਸ਼ੁਰੂ ਕਰ ਦਿੱਤੇ। ਜਦੋਂ ਇਸ ਗੱਲ ਦੀ ਭਿਣਕ ਲੋਕਾਂ ਨੂੰ ਪਈ ਤਾਂ ਉਨ੍ਹਾਂ ਇੱਕਠੇ ਹੋ ਕੇ ਪਿੰਡ ਨੂੰ ਚੁਫੇਰਿਓਂ ਘੇਰਾ ਪਾ ਲਿਆ। ਇਸ ਦੌਰਾਨ ਦੋ ਤਸਕਰ ਲੋਕਾਂ ਦੇ ਅੜਿੱਕੇ ਚੜ੍ਹ ਗਏ। ਪਿੰਡ ਵਾਲਿਆਂ ਨੇ ਤਸਕਰਾਂ ਦੀ ਚੰਗੀ ਭੁਗਤ ਸਵਾਰੀ ਤੇ ਪੁਲੀਸ ਨੂੰ ਇਤਲਾਹ ਦਿੱਤੀ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਅੱਧੇ ਘੰਟੇ ਬਾਅਦ ਪੁੱਜੀ, ਜਿਸ ਕਾਰਨ 3 ਤਸਕਰ ਭਜਣ ਵਿੱਚ ਸਫ਼ਲ ਹੋ ਗਏ। ਲੋਕਾਂ ਨੇ ਦੋ ਤਸਕਰਾਂ ਨੂੰ ਪੁਲੀਸ ਹਵਾਲੇ ਕਰ ਦਿੱਤਾ। ਉਨ੍ਹਾਂ ਕੋਲੋਂ ਸਮੈਕ ਵੀ ਬਰਾਮਦ ਹੋਈ ਹੈ।
ਦੋਵੇਂ ਤਸਕਰਾਂ ਨੂੰ ਪੁਲੀਸ ਥਾਣੇ ਲੈ ਗਈ ਤੇ ਨਾਲ ਹੀ ਪਿੰਡ ਵਾਸੀ ਵੀ ਥਾਣੇ ਪੁੱਜ ਗਏ। ਪਿੰਡ ਵਾਸੀਆਂ ਅਨੁਸਾਰ ਪੁਲੀਸ ਤਸਕਰਾਂ ਖ਼ਿਲਾਫ਼ ਕੇਸ ਦਰਜ ਕਰਨ ‘ਚ ਦੇਰੀ ਅਤੇ ਆਨਾਕਾਨੀ ਕਰਨ ਲੱਗੀ ਤਾਂ ਉਹ ਰੋਹ ਵਿਚ ਆ ਗਏ। ਇਸ ਦੌਰਾਨ ਥਾਣੇ ਵਿੱਚ ਮੌਜੂਦ ਇਕ ਹੌਲਦਾਰ ਤਸਕਰਾਂ ਨੂੰ ਕਾਬੂ ਕਰਨ ਵਾਲੀ ਭੀੜ ਨਾਲ ਹੀ ਉਲਝ ਪਿਆ। ਰੋਹ ਵਿੱਚ ਆਏ ਲੋਕਾਂ ਨੇ ਪੁਲੀਸ ‘ਤੇ ਤਸਕਰਾਂ ਦੀ ਮਦਦ ਦਾ ਦੋਸ਼ ਲਾਉਂਦੇ ਹੋਏ ਥਾਣੇ ਦੇ ਬਾਹਰ ਹੀ ਲੁਧਿਆਣਾ-ਚੰਡੀਗੜ੍ਹ ਹਾਈਵੇਅ ‘ਤੇ ਧਰਨਾ ਲਾ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਇਸ ਮੌਕੇ ਐਂਟੀ ਡਰੱਗਜ਼ ਕਮੇਟੀ ਦੇ ਪ੍ਰਧਾਨ ਇੰਦਰੇਸ਼ ਜੈਦਕਾ, ਰੁਪਿੰਦਰ, ਸਨੀ ਵਰਮਾ, ਹਰਪ੍ਰੀਤ ਸਿੰਘ ਤੇ ਡਿੰਪਲ ਉਟਾਲ ਸਮੇਤ ਹਾਜ਼ਰ ਲੋਕਾਂ ਨੇ ਦੋਸ਼ ਲਾਇਆ ਕਿ ਤਸਕਰਾਂ ਦੀਆਂ ਸੂਚੀਆਂ ਦਿੱਤੇ ਜਾਣ ਮਗਰੋਂ ਵੀ ਪੁਲੀਸ ਹਰਕਤ ਵਿਚ ਨਹੀਂ ਆਈ ਤੇ ਅਖ਼ੀਰ ਪਿੰਡ ਵਾਸੀਆਂ ਨੂੰ ਮੋਰਚਾ ਖੋਲ੍ਹਣਾ ਪਿਆ। ਮਾਮਲਾ ਭਖ਼ਦਾ ਵੇਖ ਡਿਊਟੀ ਅਫ਼ਸਰ ਜਸਵਿੰਦਰ ਸਿੰਘ ਨੇ ਫੜੇ ਗਏ ਦੋਵੇ ਤਸਕਰਾਂ ਖ਼ਿਲਾਫ਼ ਤੁਰੰਤ ਕੇਸ ਦਰਜ ਕਰਨ ਦਾ ਐਲਾਨ ਕਰਕੇ ਧਰਨਾ ਚੁਕਵਾਇਆ।
ਇਸ ਦੌਰਾਨ ਪੁਲੀਸ ਨੇ ਲੋਕਾਂ ਨਾਲ ਉਲਝਣ ਵਾਲੇ ਹੌਲਦਾਰ ਨੂੰ ਤੁਰੰਤ ਪ੍ਰਭਾਵ ਨਾਲ ਲਾਈਨ ਹਾਜ਼ਰ ਕਰਦੇ ਹੋਏ ਉਸ ਦੀ ਸਮਰਾਲਾ ਥਾਣੇ ਤੋਂ ਪੁਲੀਸ ਲਾਈਨ ਖੰਨਾ ਵਿੱਚ ਰਵਾਨਗੀ ਪਾ ਦਿੱਤੀ। ਪੁਲੀਸ ਹਵਾਲੇ ਕੀਤੇ ਦੋਵੇਂ ਤਸਕਰਾਂ ਦੀ ਪਛਾਣ ਅਨਵਰ ਖਾਂ ਪੁੱਤਰ ਸਦੀਕ ਮੁਹੰਮਦ ਅਤੇ ਹਰਮਿੰਦਰ ਦਾਸ ਪੁੱਤਰ ਦਰਸ਼ਨ ਦਾਸ ਵਾਸੀ ਪਿੰਡ ਉਟਾਲਾਂ ਵਜੋਂ ਹੋਈ ਹੈ। ਪੁਲੀਸ ਨੇ ਇਨ੍ਹਾਂ ਦੋਹਾਂ ਤਸਕਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਇਸੇ ਦੌਰਾਨ ਪੰਜਾਬ ਵਿੱਚ ਵੱਖ ਵੱਖ ਥਾਵਾਂ ਉੱਤੇ ਨਸ਼ੇ ਕਰਨ ਕਾਰਨ ਤਿੰਨ ਨੌਜਵਾਨਾਂ ਦੀਆਂ ਮੌਤਾਂ ਹੋਣ ਦੀਆਂ ਖ਼ਬਰਾਂ ਹਨ। ਇੱਕ ਨੌਜਵਾਨ ਦੋਰਾਹਾ ਨੇੜੇ ਪਿੰਡ ਰਾਮਪੁਰ ‘ਚ, ਇੱਕ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਛੋੜ ਵਿੱਚ ਅਤੇ ਇਕ ਨੌਜਵਾਨ ਨਵਾਂਸ਼ਹਿਰ ਜ਼ਿਲ੍ਹੇ ਦੇ ਸ਼ਹਿਰ ਬਲਾਚੌਰ ਵਿੱਚ ਵੱਧ ਨਸ਼ਾ ਕਰਨ ਕਾਰਨ ਮੌਤ ਦੇ ਮੂੰਹ ਜਾ ਪਿਆ।
ਡਰੱਗ ਰੂਪੀ ਦੈਂਤ ਨੇ ਦੋਰਾਹਾ ਦੇ ਇੱਕ ਹੋਰ ਨੌਜਵਾਨ ਨੂੰ ਨਿਗਲ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਦੋਰਾਹੇ ਨੇੜਲੇ ਪਿੰਡ ਰਾਮਪੁਰ ਦੀ ਪੱਤੀ ਚੰਦੂ ਦਾ ਰਹਿਣ ਵਾਲਾ 25 ਸਾਲਾ ਨੌਜਵਾਨ ਸਤਨਾਮ ਸਿੰਘ ਪੁੱਤਰ ਰਾਜਿੰਦਰ ਸਿੰਘ ਪਿਛਲੇ ਕੁਝ ਸਾਲਾਂ ਤੋਂ ਬੁਰੀ ਸੰਗਤ ਦਾ ਸ਼ਿਕਾਰ ਹੋ ਗਿਆ ਸੀ ਤੇ ਨਸ਼ੇ ਦੀ ਦਲਦਲ ਵਿਚ ਫਸ ਗਿਆ ਸੀ। ਖੇਤਾਂ ਵਿੱਚ ਪਾਏ ਮਕਾਨ ਵਿਚ ਰਹਿੰਦੇ ਸਤਨਾਮ ਸਿੰਘ ਨੂੰ ਘਰ ਨੇੜਿਓਂ ਲੰਘਦੀ ਇੱਕ ਲਿੰਕ ਸੜਕ ਕਿਨਾਰੇ ਖੇਤਾਂ ਵਿੱਚ ਪਏ ਨੂੰ ਦੇਖਿਆ ਗਿਆ, ਜਿਸ ਨੂੰ ਪਰਿਵਾਰ ਅਤੇ ਹੋਰ ਪਿੰਡ ਵਾਸੀਆਂ ਨੇ ਤੁਰੰਤ ਹਸਪਤਾਲ ਲਿਆਂਦਾ, ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਛੋੜ ਵਿੱਚ ਇੱਕ ਹੋਰ ਨੌਜਵਾਨ ਨਸ਼ੇ ਦੀ ਓਵਰਡੋਜ਼ ਕਾਰਨ ਆਪਣੀ ਜਾਨ ਗੁਆ ਬੈਠਾ ਹੈ। ਮ੍ਰਿਤਕ ਦੀ ਪਛਾਣ ਛੋੜ ਵਾਸੀ ਗੁਰਮੀਤ ਸਿੰਘ ਪੁੱਤਰ ਮਨੋਹਰ ਲਾਲ ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਗੁਰਮੀਤ ਸਿੰਘ ਨਸ਼ੇ ਦੀ ਆਦੀ ਸੀ ਅਤੇ ਕਾਫ਼ੀ ਸਮੇਂ ਤੋਂ ਨਸ਼ਾ ਕਰਦਾ ਆ ਰਿਹਾ ਸੀ। ਉਨ੍ਹਾਂ ਨੇ ਆਪਣੇ ਪੁੱਤਰ ਦੀ ਮੌਤ ਲਈ ਪੰਜਾਬ ਸਰਕਾਰ ਨੂੰ ਜਿੰਮੇਵਾਰ ਠਹਿਰਾਉਂਦਿਆਂ ਨਸ਼ਿਆਂ ਉੱਤੇ ਕਾਬੂ ਪਾਉਣ ਦੀ ਮੰਗ ਕੀਤੀ ਹੈ।
ਬਲਾਚੌਰ ਦੇ ਵਾਰਡ ਸੱਤ ਨੇੜੇ ਝਾੜੀਆਂ ਵਿੱਚੋਂ ਇੱਕ ਨਾਮਲੂਮ ਨੌਜਵਾਨ ਦੀ ਲਾਸ਼ ਮਿਲੀ ਹੈ। ਨੌਜਵਾਨ ਦੀ ਪਛਾਣ ਅਦਿੱਤਿਆ ਪਾਠਕ ਉਰਫ ਦਮਨੀ ਵਜੋਂ ਹੋਈ ਹੈ। ਮੁੱਖ ਥਾਣਾ ਅਫਸਰ ਬਲਾਚੌਰ ਅਜੇ ਕੁਮਾਰ ਅਤੇ ਡੀ.ਐੱਸ.ਪੀ. ਅਨਿੱਲ ਕੋਹਲੀ ਮੌਕੇ ਤੇ ਪੁੱਜੇ। ਮ੍ਰਿਤਕ ਦੇ ਮਾਮੇ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਉਨ੍ਹਾਂ ਦਾ ਭਾਣਜਾ ਅਦਿੱਤਿਆ ਪਾਠਕ ਉਰਫ ਦਮਨੀ ਲੰਘੇ ਐਤਵਾਰ ਤੋਂ ਲਾਪਤਾ ਸੀ। ਨੌਜਵਾਨ ਦਮਨੀ ਦੀ ਮੌਤ ਨਸ਼ੀਲੇ ਪਦਾਰਥ ਦੀ ਓਵਰਡੋਜ਼ ਲੈਣ ਕਾਰਨ ਮੌਤ ਹੋਈ ਦੱਸੀ ਜਾ ਰਹੀ ਹੈ ।ਮ੍ਰਿਤਕ ਨੌਜਵਾਨ ਦਾ ਪਿਛੋਕੜ ਨੂਰਪੁਰ, ਜ਼ਿਲ੍ਹਾ ਰੂਪਨਗਰ ਦਾ ਹੈ ਅਤੇ ਉਹ ਕਾਫੀ ਅਰਸੇ ਤੋਂ ਬਲਾਚੌਰ ਵਿਖੇ ਤਬਦੀਲ ਹੋ ਕੇ ਆਏ ਸਨ । ਮ੍ਰਿਤਕ ਨੌਜਵਾਨ ਦਾ ਪਿਤਾ ਅਮਰੀਕਾ ਵਿੱਚ ਹੈ ਅਤੇ ਉਸ ਦੇ ਨਾਨਕੇ ਪਿੰਡ ਬੂਲੇਵਾਲ ਵਿਖੇ ਹਨ।

ਦੇਸੀ ਤੇ ਵਿਦੇਸ਼ੀ ਤਸਕਰਾਂ ਲਈ ‘ਚਿੱਟੇ ਦੀ ਮੰਡੀ’ ਬਣਿਆ ਪੰਜਾਬ
ਬਠਿੰਡਾ/ਬਿਊਰੋ ਨਿਊਜ਼ :

ਪੰਜਾਬ ਹੁਣ ਕਾਲੇ ਤਸਕਰਾਂ ਲਈ ‘ਚਿੱਟੇ ਦੀ ਮੰਡੀ’ ਬਣ ਗਿਆ ਹੈ, ਜਿਸ ‘ਚ ਕਰੀਬ 150 ਵਿਦੇਸ਼ੀ ਵਪਾਰੀ ਬਣ ਕੇ ਕੁੱਦੇ ਹਨ। ਸਰਕਾਰੀ ਅੰਕੜਿਆਂ ਅਨੁਸਾਰ ‘ਕਾਲੇ ਨੌਜਵਾਨਾਂ’ ਲਈ ਪੰਜਾਬ ਸਭ ਤੋਂ ਚੰਗੀ ‘ਚਿੱਟੇ ਦੀ ਮੰਡੀ’ ਹੈ, ਜਿੱਥੇ ਖ਼ਰੀਦਦਾਰਾਂ ਦੀ ਕੋਈ ਘਾਟ ਨਹੀਂ। ਪੰਜਾਬ ਦੀ ਪਟਿਆਲਾ, ਰੋਪੜ, ਜਲੰਧਰ ਤੇ ਅੰਮ੍ਰਿਤਸਰ ਜੇਲ੍ਹ ‘ਚ ਨਾਇਜੀਰੀਅਨ ਤਸਕਰ ਕਾਫ਼ੀ ਗਿਣਤੀ ਵਿੱਚ ਆਉਣ ਲੱਗੇ ਹਨ। ਦਿੱਲੀ ਦਾ ਉੱਤਮ ਨਗਰ ਇਨ੍ਹਾਂ ਕਾਲੇ ਤਸਕਰਾਂ ਦਾ ਅੱਡਾ ਬਣ ਗਿਆ ਹੈ, ਜਿੱਥੋਂ ਇਹ ਵਿਦੇਸ਼ੀ ਤਸਕਰ ਪੰਜਾਬ ‘ਚ ‘ਚਿੱਟਾ’ ਸਪਲਾਈ ਕਰਦੇ ਹਨ। ਇਹ ਤਸਕਰ ਨਾਇਜੀਰੀਆ, ਕੀਨੀਆ ਤੇ ਅਫ਼ਰੀਕਾ ਦੇ ਬਾਸ਼ਿੰਦੇ ਹਨ, ਜੋ ਬਿਜ਼ਨਸ ਵੀਜ਼ਾ ਅਤੇ ਵਿਦਿਆਰਥੀ ਵੀਜ਼ੇ ‘ਤੇ ਭਾਰਤ ਆਉਂਦੇ ਹਨ।
ਸੂਚਨਾ ਦਾ ਅਧਿਕਾਰ ਤਹਿਤ ਹਾਸਲ ਵੇਰਵਿਆਂ ਅਨੁਸਾਰ ਰੋਪੜ ਜੇਲ੍ਹ ਵਿੱਚ ਅਪਰੈਲ 2017 ਤੋਂ ਹੁਣ ਤੱਕ 22 ਕਾਲੇ ਤਸਕਰ ਆ ਚੁੱਕੇ ਹਨ, ਜਿਨ੍ਹਾਂ ਵਿਚੋਂ ਬਹੁਤ ਹਾਲੇ ਇਥੇ ਹੀ ਹਨ। ਇਨ੍ਹਾਂ ‘ਚੋਂ ਸਿਰਫ਼ ਇੱਕ ਕੀਨੀਆ ਦਾ ਹੈ ਜਦੋਂ ਕਿ ਬਾਕੀ ਨਾਇਜੀਰੀਆ ਦੇ ਹਨ। ਸਭਨਾਂ ‘ਤੇ ਐੱਨ.ਡੀ.ਪੀ.ਐਸ. ਐਕਟ ਤਹਿਤ ਕੇਸ ਦਰਜ ਹਨ। ਜੂਲੀਅਟ ਨਾਮ ਦੀ ਨਾਇਜੀਰੀਅਨ ਲੜਕੀ ਵੀ ਰੋਪੜ ਜੇਲ੍ਹ ਵਿੱਚ ਬੰਦ ਹੈ। ਇਨ੍ਹਾਂ ਤਸਕਰਾਂ ਵਿੱਚ ਸਭ ਤੋਂ ਛੋਟੀ ਉਮਰ ਦਾ ਦੂਮੀਲੈਲਾ ਸੈਮੁਅਲ (22) ਹੈ। ਨਸ਼ੇ ਦੇ ਕਾਰੋਬਾਰ ‘ਚ ਪੈਣ ਵਾਲੇ ਬਹੁਤੇ ਨਾਇਜੀਰੀਅਨ 25 ਤੋਂ 40 ਸਾਲ ਦੀ ਉਮਰ ਦੇ ਹਨ। ਰੋਪੜ ਜੇਲ੍ਹ ਵਿਚ ਸਾਲ 2018 ਵਿੱਚ 15 ਨਾਇਜੀਰੀਅਨ ਨਸ਼ਾ ਤਸਕਰੀ ਦੇ ਸਬੰਧ ਵਿੱਚ ਆਏ ਹਨ। ਮੁਹਾਲੀ ਪੁਲੀਸ ਵੱਲੋਂ ਜਨਵਰੀ 2018 ਤੋਂ ਹੁਣ ਤੱਕ 18 ਨਾਇਜੀਰੀਅਨ ਤਸਕਰ ਫੜੇ ਜਾ ਚੁੱਕੇ ਹਨ।
ਐੱਸ.ਟੀ.ਐੱਫ. ਮੁਹਾਲੀ ਦੇ ਐਸ.ਪੀ. ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਦਿੱਲੀ ਦਾ ਉੱਤਮ ਨਗਰ ਇਨ੍ਹਾਂ ਕਾਲੇ ਤਸਕਰਾਂ ਦਾ ਅੱਡਾ ਬਣ ਗਿਆ ਹੈ। ਕਾਲੇ ਤਸਕਰ ਪੰਜਾਬ ਨੂੰ ਨਿਸ਼ਾਨਾ ਬਣਾਉਂਦੇ ਹਨ ਕਿਉਂਕਿ ਦੂਸਰੇ ਰਾਜਾਂ ਦੇ ਮੁਕਾਬਲੇ ਪੰਜਾਬ ਵਿੱਚ ਖ਼ਰੀਦਦਾਰ ਜ਼ਿਆਦਾ ਮਿਲ ਜਾਂਦੇ ਹਨ। ਸਰਕਾਰੀ ਤੱਥਾਂ ਅਨੁਸਾਰ ਪਟਿਆਲਾ ਜੇਲ੍ਹ ਵਿਚ ਇਕੱਲੇ ਸਾਲ 2018 ਵਿੱਚ 13 ਨਾਇਜੀਰੀਅਨ  ਅਤੇ ਅਫ਼ਰੀਕਨ ਆਏ ਹਨ। ਪਟਿਆਲਾ ਜੇਲ੍ਹ ਵਿਚ ਪੰਜ ਨਾਇਜੀਰੀਅਨ ਲੜਕੀਆਂ ਵੀ ਬੰਦ ਹਨ। ਜਲੰਧਰ ਦੀ (ਕਪੂਰਥਲਾ ਜੇਲ੍ਹ) ਜੇਲ੍ਹ ਵਿੱਚ 10 ਕਾਲੇ ਤਸਕਰ ਬੰਦ ਹਨ ਜਿਨ੍ਹਾਂ ਵਿੱਚ 5 ਨਾਇਜੀਰੀਅਨ, ਦੋ ਜਾਂਬੀਆ ਦੇ ਅਤੇ ਰਵਾਂਡਾ, ਕੀਨੀਆ ਤੇ ਦੱਖਣੀ ਅਫ਼ਰੀਕਾ ਦਾ ਇਕ ਇਕ ਤਸਕਰ ਸ਼ਾਮਲ ਹੈ।
ਦੋ ਨਾਇਜੀਰੀਅਨ  ਲੜਕੀਆਂ ਵੀ ਇਨ੍ਹਾਂ ਵਿੱਚ ਸ਼ਾਮਲ ਹਨ। ਬਠਿੰਡਾ ਜੇਲ੍ਹ ਵਿਚ ਵੀ ਪਿਛਲੇ ਸਮੇਂ ਦੌਰਾਨ ਦੋ ਨਾਇਜੀਰੀਅਨ ਬੰਦ ਰਹੇ ਹਨ। ਅੰਮ੍ਰਿਤਸਰ ਸਮੇਤ ਹੋਰਨਾਂ ਜੇਲ੍ਹਾਂ ਵਿਚ ਵੀ ਕਾਫ਼ੀ ਗਿਣਤੀ ਵਿੱਚ ਕਾਲੇ ਤਸਕਰ ਬੰਦ ਹਨ। ਕਈ ਜੇਲ੍ਹਾਂ ਵਿੱਚ ਨੇਪਾਲੀ ਵੀ ਤਸਕਰੀ ਕੇਸਾਂ ਵਿਚ ਬੰਦ ਹਨ। ਫ਼ਤਿਹਗੜ੍ਹ ਸਾਹਿਬ ਪੁਲੀਸ ਨੇ ਜੂਨ ਮਹੀਨੇ ਵਿੱਚ ਚਾਰ ਮੈਂਬਰੀ ਨਸ਼ਾ ਤਸਕਰ ਗਰੋਹ ਫੜਿਆ ਸੀ, ਜਿਸ ਵਿੱਚ ਨਾਇਜੀਰੀਅਨ ਵੀ ਸ਼ਾਮਿਲ ਸਨ। ਪੰਜਾਬ ਦੀ ਜਵਾਨੀ ਦਾ ਨਾਸ਼ ਕਰਨ ਵਿੱਚ ਇਨ੍ਹਾਂ ਕਾਲੇ ਤਸਕਰਾਂ ਦਾ ਵੱਡਾ ਹੱਥ ਹੈ ਜੋ ਸਥਾਨਕ ਤਸਕਰਾਂ ਨਾਲ ਗੱਠਜੋੜ ਕਰਕੇ ਕਾਲਾ ਧੰਦਾ ਕਰਦੇ ਹਨ।
ਲੁਧਿਆਣਾ ਦੇ ਪੁਲੀਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਨਾਇਜੀਰੀਅਨ ਤਸਕਰ ਜ਼ਿਆਦਾ ਵੱਡੇ ਸ਼ਹਿਰਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਅਤੇ ਸਥਾਨਕ ਤਸਕਰਾਂ ਨਾਲ ਗੱਠਜੋੜ ਬਣਾ ਕੇ ਨਸ਼ੇ ਦਾ ਕਾਰੋਬਾਰ ਕਰਦੇ ਹਨ।