ਅਮਰੀਕਾ ਤੇ ਉਤਰ ਕੋਰੀਆ ਨੇ ਦਾਗ਼ੀਆਂ ਸ਼ਬਦੀ ਮਿਜ਼ਾਈਲਾਂ

0
457

donald-trump-is-preparing-for-a-strike-on-kim-jong-un-605994
ਟਰੰਪ ਬੋਲੇ-ਅਜਿਹਾ ਹਸ਼ਰ ਕਰਾਂਗੇ ਕਿ ਦੁਨੀਆ ਨੇ ਕਦੇ ਦੇਖਿਆ ਨਹੀਂ ਹੋਣਾ
ਕਿਮ ਨੇ ਅਮਰੀਕਾ ਦੇ ਗੁਆਮ ‘ਤੇ ਹਮਲੇ ਦੀ ਦਿੱਤੀ ਧਮਕੀ
ਬੈਲਿਸਟਿਕ ਮਿਜ਼ਾਈਲ ਦੀ ਜ਼ਦ ਵਿਚ ਲਾਸ ਏਂਜਲਸ ਤੇ ਸ਼ਿਕਾਗੋ ਵੀ
ਵਾਸ਼ਿੰਗਟਨ/ਬਿਊਰੋ ਨਿਊਜ਼ :
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਪਰਮਾਣੂ ਹਥਿਆਰ ਸਮਰੱਥ ਉਤਰ ਕੋਰੀਆ ਨੂੰ ਧਮਕੀ ਦਿੰਦਿਆਂ ਵਾਅਦਾ ਕੀਤਾ ਹੈ ਕਿ ਉਹ ਉਸ ਦਾ ਅਜਿਹਾ ਹਸ਼ਰ ਕਰੇਗਾ ਕਿ ਦੁਨੀਆ ਨੇ ਕਦੇ ਅਜਿਹਾ ਦੇਖਿਆ ਨਹੀਂ ਹੋਣਾ। ਟਰੰਪ ਦੀ ਇਹ ਸਖ਼ਤ ਧਮਕੀ ‘ਦੀ ਵਾਸ਼ਿੰਗਟਨ ਪੋਸਟ’ ਅਖ਼ਬਾਰ ਵਲੋਂ ਅਮਰੀਕੀ ਖ਼ੁਫੀਆ ਸੇਵਾਵਾਂ ਦੇ ਹਵਾਲੇ ਨਾਲ ਦਿੱਤੀ ਗਈ ਖ਼ਬਰ ਮਗਰੋਂ ਆਈ, ਜਿਸ ਵਿਚ ਕਿਹਾ ਗਿਆ ਕਿ ਉਤਰ ਕੋਰੀਆ ਦੀ ਕਿਮ ਜੋਂਗ ਉਨ ਸਰਕਾਰ ਨੇ ਪਰਮਾਣੂ ਹਥਿਆਰ ਦਾ ਨਿਰਮਾਣ ਕੀਤਾ ਹੈ ਜੋ ਏਨਾ ਛੋਟਾ ਹੈ ਕਿ ਉਸ ਦੀਆਂ ਮਿਜ਼ਾਈਲਾਂ ਵਿਚ ਲਾਇਆ ਜਾ ਸਕਦਾ ਹੈ। ਉਧਰ ਉਤਰ ਕੋਰੀਆ ਨੇ ਕਿਹਾ ਕਿ ਅਮਰੀਕਾ ਦੇ ਪ੍ਰਸ਼ਾਂਤ ਖੇਤਰ ਦੇ ਗੁਆਮ ‘ਤੇ ਮਿਜ਼ਾਈਲ ਹਮਲੇ ਦੀ ਯੋਜਨਾ ਹੈ।
ਟਰੰਪ ਨੇ ਨਿਊਜਰਸੀ ਵਿਚ ਆਪਣੇ ਗੋਲਫ਼ ਕਲੱਬ ਵਿਚ ਤਾਜ਼ਾ ਸੰਕਟ ਬਾਰੇ ਮੀਟਿੰਗ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਉਤਰ ਕੋਰੀਆ ਲਈ ਇਹ ਬਿਹਤਰ ਹੋਵੇਗਾ ਕਿ ਉਹ ਅਮਰੀਕਾ ਨੂੰ ਹੋਰ ਧਮਕੀਆਂ ਦੇਣੀਆਂ ਬੰਦ ਕਰ ਦੇਵੇ। ਨਹੀਂ ਤਾਂ ਅਸੀਂ ਉਸ ਦਾ ਅਜਿਹਾ ਹਸ਼ਰ ਕਰਾਂਗੇ ਕਿ ਦੁਨੀਆ ਨੇ ਅਜਿਹਾ ਮੰਜਰ ਪਹਿਲਾਂ ਕਦੇ ਦੇਖਿਆ ਨਹੀਂ ਹੋਵੇਗਾ।’ ਉਨ੍ਹਾਂ ਕਿਹਾ ਕਿ ਉਤਰ ਕੋਰੀਆ ਨੂੰ ਆਪਣੀਆਂ ਹਰਕਤਾਂ ਦਾ ਮੁੱਲ ਚੁਕਾਉਣਾ ਪਏਗਾ।
ਇਸ ਤੋਂ ਪਹਿਲਾਂ ਪਰਮਾਣੂ ਹਥਿਆਰ ਪ੍ਰੋਗਰਾਮ ਵਾਪਸ ਲੈਣ ਤੋਂ ਪਿਓਂਗਯਾਂਗ ਦੇ ਇਨਕਾਰ ਕਰਨ ਤੋਂ ਬਾਅਦ ਸੰਯੁਕਤ ਰਾਸ਼ਟਰ ਵਿਚ ਅਮਰੀਕਾ ਦੀ ਰਾਜਦੂਤ ਨਿੱਕੀ ਹੇਲੀ ਨੇ ਕਿਹਾ ਸੀ ਕਿ ਵਾਸ਼ਿੰਗਟਨ ਅਤੇ ਕੌਮਾਂਤਰੀ ਭਾਈਚਾਰਾ ਉਤਰ ਕੋਰੀਆ ਤੋਂ ਡਰਨ ਵਾਲਾ ਨਹੀਂ। ਹੇਲੀ ਨੇ ਕਿਹਾ, ‘ਜੋ ਹੋ ਰਿਹਾ ਹੈ, ਉਹਦੇ ਲਈ ਸਾਨੂੰ ਸਾਰਿਆਂ ਨੂੰ ਚਿੰਤਤ ਹੋਣਾ ਚਾਹੀਦਾ ਹੈ। ਉਤਰ ਕੋਰੀਆ ਦੇਖ ਸਕਦਾ ਹੈ ਕਿ ਕੌਮਾਂਤਰੀ ਭਾਈਚਾਰਾ ਇਕਜੁਟ ਹੈ। ਚੀਨ ਤੇ ਰੂਸ ਨੇ ਮੂੰਹ ਨਹੀਂ ਮੋੜਿਆ। ਸੁਰੱਖਿਆ ਕੌਂਸਲ ਦੇ ਸਾਰੇ ਮੈਂਬਰਾਂ ਤੇ ਕੌਮਾਂਤਰੀ ਭਾਈਚਾਰੇ ਦਾ ਕਹਿਣਾ ਹੈ ਕਿ ਹੁਣ ਬਹੁਤ ਹੋਇਆ। ਤੁਹਾਨੂੰ ਇਸ ਨੂੰ ਰੋਕਣਾ ਹੀ ਪਏਗਾ।’ ਜਪਾਨੀ ਰੱਖਿਆ ਮੰਤਰਾਲੇ ਦੀ ਇਕ ਰਿਪੋਰਟ ਮੁਤਾਬਕ ਉਤਰ ਕੋਰੀਆ ਤੋਂ ਹੋਣ ਵਾਲਾ ਖ਼ਤਰਾ ‘ਨਵੇਂ ਪੱਧਰ’ ‘ਤੇ ਪਹੁੰਚ ਗਿਆ ਹੈ। ਅਜਿਹਾ ਇਸ ਲਈ ਕਿਉਂਕਿ ਉਤਰ ਕੋਰੀਆ ਹੁਣ ਅੰਤਰਮਹਾਂਦੀਪ ਬੈਲਿਸਿਟਕ ਮਿਜ਼ਾਈਲ (ਆਈ.ਸੀ.ਬੀ.ਐਮ.) ਦਾਗਣ ਦੇ ਸਮਰਥ ਹੋ ਗਿਆ ਹੈ। ਇਹੀ ਨਹੀਂ ਉਤਰ ਕੋਰੀਆ ਦੀ ਪਰਮਾਣੂ ਹਥਿਆਰ ਯੋਜਨਾ ਵੀ ਕਾਫ਼ੀ ਉਨਤ ਹੋ ਗਈ ਹੈ। ਮਾਹਰਾਂ ਦਾ ਕਹਿਣਾ ਹੈ ਕਿ ਆਈ.ਸੀ.ਬੀ.ਐਮ. ਦੀ ਜ਼ਦ ਵਿਚ ਅਮਰੀਕਾ ਦੇ ਮੁੱਖ ਭੂ-ਭਾਗ ਨਾਲ ਜ਼ਿਆਦਾ ਵੱਡੇ ਖੇਤਰ ਆ ਸਕਦੇ ਹਨ। ਇਨ੍ਹਾਂ ਖੇਤਰਾਂ ਵਿਚ ਲਾਸ ਏਂਜਲਸ ਤੇ ਸ਼ਿਕਾਗੋ ਵੀ ਸ਼ਾਮਲ ਹਨ।
ਟਰੰਪ ਨੇ ਕਿਹਾ ਕਿ ਉਤਰ ਕੋਰੀਆ ਦਾ ਆਗੂ ਕਿਮ ਜੋਂਗ ਉਨ ਸਾਧਾਰਨ ਬਿਆਨ ਜਾਰੀ ਕਰਨ ਦੀ ਥਾਂ ਬਹੁਤ ਧਮਕੀਆਂ ਦੇ ਰਿਹਾ ਹੈ ਤੇ ਇਹ ਧਮਕੀਆਂ ਉਸ ਨੂੰ ਬਹੁਤ ਮਹਿੰਗੀਆਂ ਪੈਣਗੀਆਂ। ਟਰੰਪ ਦਾ ਇਹ ਬਿਆਨ ਉਦੋਂ ਆਇਆ ਜਦੋਂ ਅਮਰੀਕੀ ਖ਼ੁਫੀਆ ਅਧਿਕਾਰੀਆਂ ਨੇ ਰਿਪੋਰਟ ਕੀਤਾ ਕਿ ਉਤਰ ਕੋਰੀਆ ਨੇ ਆਪਣੇ ਪਰਮਾਣੂ ਪ੍ਰੋਗਰਾਮ ਨੂੰ ਅੱਗੇ ਵਧਾਉਂਦਿਆਂ ਲਘੂ ਪਰਮਾਣੂ ਹਥਿਆਰ ਵਿਕਸਤ ਕੀਤਾ ਹੈ ਜੋ ਮਿਜ਼ਾਈਲ ਵਾਂਗ ਵਰਤਿਆ ਜਾ ਸਕਦਾ ਹੈ। ਪਿਛਲੇ ਹਫ਼ਤਿਆਂ ਦੌਰਾਨ ਉਤਰ ਕੋਰੀਆ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਉਸ ਨੇ ਦੋ ਇੰਟਰਕੋਂਟੀਨੈਂਟਲ ਬੈਲਿਸਟਿਕ ਮਿਜ਼ਾਈਲਾਂ ਦਾ ਸਫਲਤਾ ਪੂਰਵਕ ਪਰੀਖਣ ਕੀਤਾ ਹੈ ਤੇ ਇਨ੍ਹਾਂ ਦੀ ਸਮਰਥਾ ਅਲਾਸਕਾ ਤੱਕ ਮਾਰ ਕਰਨ ਦੀ ਹੈ।
ਐਨ.ਬੀ.ਸੀ. ਨਿਊਜ਼ ਤੇ ਦੀ ਵਾਸ਼ਿੰਗਟਨ ਪੋਸਟ ਅਨੁਸਾਰ ਅਮਰੀਕੀ ਅਧਿਕਾਰੀਆਂ ਇਹ ਨਹੀਂ ਜਾਣਦੇ ਕਿ ਉਤਰ ਕੋਰੀਆ ਨੇ ਹਾਲੇ ਆਪਣੇ ਮੁੱਖ ਪਰਮਾਣੂ ਹਥਿਆਰ ਦਾ ਪਰੀਖਣ ਕੀਤਾ ਹੈ ਜਾਂ ਹਾਲੇ ਕਰਨਾ ਹੈ। ਸੋਮਵਾਰ ਨੂੰ ਉਤਰ ਕੋਰੀਆ ਨੇ ਵੀ ਇਸੇ ਤਰ੍ਹਾਂ ਦੀ ਧਮਕੀ ਅਮਰੀਕਾ ਨੂੰ ਦਿੱਤੀ ਸੀ। ਉਤਰ ਕੋਰੀਆ ਦਾ ਹਵਾਲਾ ਦਿੰਦਿਆਂ ਵਿਦੇਸ਼ ਮੰਤਰੀ ਰੀ ਯੋਂਗ ਹੋ ਨੇ ਬਿਆਨ ਦਿੱਤਾ ਸੀ ਕਿ ਉਹ ਆਪਣੇ ਰਣਨੀਤਕ ਪਰਮਾਣੂ ਤਾਕਤ ਨਾਲ ਅਮਰੀਕਾ ਨੂੰ ਸਬਕ ਸਿਖਾਉਣ ਲਈ ਤਿਆਰ ਹੈ।

ਉਤਰ ਕੋਰੀਆ ਨੇ ਦਿੱਤੀ ਹਮਲੇ ਦੀ ਧਮਕੀ :
ਉਤਰ ਕੋਰੀਆ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਦੀ ਅਮਰੀਕਾ ਦੇ ਪ੍ਰਸ਼ਾਂਤ ਖੇਤਰ ਦੇ ਗੁਆਮ ‘ਤੇ ਮਿਜ਼ਾਈਲ ਹਮਲੇ ਦੀ ਯੋਜਨਾ ਹੈ। ਅਜਿਹਾ ਉਤਰ ਕੋਰੀਆ ਨੇ ਟਰੰਪ ਵਲੋਂ ਦਿੱਤੀ ਗਈ ਧਮਕੀ ਤੋਂ ਬਾਅਦ ਕੀਤਾ। ਉਤਰ ਕੋਰੀਆ ਦੀ ਪੀਪਲਜ਼ ਆਰਮੀ (ਕੇ.ਪੀ.ਏ.) ਦੇ ਇਕ ਬੁਲਾਰੇ ਨੇ ਉਤਰ ਕੋਰੀਆ ਦੀ ਕੇ.ਸੀ.ਐਨ.ਏ. ਨਿਊਜ਼ ਏਜੰਸੀ ਦੇ ਬਿਆਨ ਵਿਚ ਕਿਹਾ ਕਿ ਇਕ ਵਾਰ ਕਿਮ ਜੋਂਗ ਉਨ ਨੇ ਫੈਸਲਾ ਕੀਤਾ ਹੈ, ਤਾਂ ਕਿਸੇ ਵੀ ਸਮੇਂ ਸਟਰਾਈਕ ਪਲਾਨ ਨੂੰ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਤਰ ਕੋਰੀਆ ਗੁਆਮ ਦੇ ਨਾਲ ਲਗਦੇ ਖੇਤਰਾਂ ਵਿਚ ਮੱਧ ਤੋਂ ਲੰਬੀ ਦੂਰੀ ਦੇ ਰਣਨੀਤਕ ਬੈਲਿਸਟਿਕ ਰਾਕੇਟ ਹਵਾਸੋਂਗ-12 ਦੇ ਨਾਲ ਨਾਲ ਗੁਆਮ ‘ਤੇ ਅਮਰੀਕਾ ਦੇ ਮੁੱਖ ਫ਼ੌਜੀ ਟਿਕਾਣਿਆਂ ਨੂੰ ਸ਼ਾਮਲ ਕਰਨ ਲਈ ਤਿਆਰ ਯੋਜਨਾ ਦੀ ਜਾਂਚ ਕਰ ਰਿਹਾ ਹੈ।