ਨਾਮੀ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਬਾਰੇ ਹੋ ਰਹੇ ਨੇ ਰੋਜ਼ ਨਵੇਂ ਖੁਲਾਸੇ

0
454

dilpreet-baba-episode
ਗੈਂਗਸਟਰ ਦਾ ਸਾਥ ਦੇਣ ਦੇ ਦੋਸ਼ ‘ਚ ਦੋ ਸਕੀਆਂ ਭੈਣਾਂ ਗ੍ਰਿਫ਼ਤਾਰ
ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਪੁਲੀਸ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਵੱਲੋਂ ਗੈਂਗਸਟਰ ਦਿਲਪ੍ਰੀਤ ਸਿੰਘ ਉਰਫ਼ ਬਾਬਾ ਦੀ ਕਥਿਤ ਪ੍ਰੇਮਿਕਾ ਰੁਪਿੰਦਰ ਕੌਰ ਵਾਸੀ ਨਵਾਂ ਸ਼ਹਿਰ ਹਾਲ ਵਾਸੀ ਸੈਕਟਰ-38, ਚੰਡੀਗੜ੍ਹ ਅਤੇ ਉਸ ਦੀ ਭੈਣ ਹਰਪ੍ਰੀਤ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਭੈਣਾਂ ‘ਤੇ ਗੈਂਗਸਟਰ ਬਾਬਾ ਨੂੰ ਆਪਣੇ ਘਰ ਵਿੱਚ ਪਨਾਹ ਦੇਣ ਅਤੇ ਨਸ਼ੀਲੇ ਪਦਾਰਥ ਤੇ ਅਸਲਾ ਛੁਪਾ ਕੇ ਰੱਖਣ ਦਾ ਦੋਸ਼ ਹੈ।
ਇਸ ਗੱਲ ਦਾ ਖ਼ੁਲਾਸਾ ਇੱਥੇ ਪੰਜਾਬ ਪੁਲੀਸ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਦੇ ਏਆਈਜੀ ਵਰਿੰਦਰਪਾਲ ਸਿੰਘ ਨੇ ਕੀਤਾ। ਉਨ੍ਹਾਂ ਦੱਸਿਆ ਕਿ ਰੁਪਿੰਦਰ ਕੌਰ ਨੂੰ ਮੁਹਾਲੀ ਦੇ ਸੈਕਟਰ-91 ‘ਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹ ਇੱਥੇ ਆਪਣੇ ਨਜ਼ਦੀਕੀ ਰਿਸ਼ਤੇਦਾਰ ਦੇ ਘਰ ਆਈ ਸੀ ਜਦੋਂਕਿ ਉਸ ਦੀ ਭੈਣ ਹਰਪ੍ਰੀਤ ਕੌਰ ਨੂੰ ਨਵਾਂ ਸ਼ਹਿਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਗੈਂਗਸਟਰ ਦਿਲਪ੍ਰੀਤ ਸਿੰਘ ਨੂੰ ਬੀਤੇ ਦਿਨੀਂ ਸੈਕਟਰ-43 ਦੇ ਬੱਸ ਅੱਡੇ ਨੇੜਿਓਂ ਪੁਲੀਸ ਮੁਕਾਬਲੇ ਦੌਰਾਨ ਕਾਬੂ ਕੀਤਾ ਗਿਆ ਸੀ। ਉਹ ਇਸ ਸਮੇਂ ਪੁਲੀਸ ਦੇ ਸਖ਼ਤ ਪਹਿਰੇ ਹੇਠ ਪੀਜੀਆਈ ਵਿੱਚ ਜ਼ੇਰੇ ਇਲਾਜ ਹੈ। ਉਸ ਦੇ ਪੱਟ ਵਿੱਚ ਗੋਲੀ ਲੱਗੀ ਹੈ।
ਏਆਈਜੀ ਵਰਿੰਦਰਪਾਲ ਸਿੰਘ ਨੇ ਦੱਸਿਆ ਕਿ ਕਪੂਰਥਲਾ ਜੇਲ੍ਹ ਵਿੱਚ ਨਿਆਂਇਕ ਹਿਰਾਸਤ ਦੌਰਾਨ ਗੈਂਗਸਟਰ ਦਿਲਪ੍ਰੀਤ ਦਾ ਹਰਪ੍ਰੀਤ ਕੌਰ ਨਾਲ ਸੰਪਰਕ ਹੋਇਆ ਸੀ। ਜੇਲ੍ਹ ‘ਚੋਂ ਰਿਹਾਅ ਹੋਣ ਮਗਰੋਂ ਉਹ ਚੰਗੇ ਦੋਸਤ ਬਣ ਗਏ ਅਤੇ ਹੌਲੀ-ਹੌਲੀ ਉਸ ਦੇ ਗਰੋਹ ਦੇ ਮੈਂਬਰ ਵੀ ਉਨ੍ਹਾਂ ਦੇ ਘਰ ਆਉਣ-ਜਾਣ ਲੱਗ ਪਏ। ਇਸ ਦੌਰਾਨ ਹਰਪ੍ਰੀਤ ਦੀ ਛੋਟੀ ਭੈਣ ਰੁਪਿੰਦਰ ਕੌਰ ਵੀ ਦਿਲਪ੍ਰੀਤ ਦੀ ਦੋਸਤ ਬਣ ਗਈ। ਪੁਲੀਸ ਅਨੁਸਾਰ ਪਿਛਲੇ ਸਾਲ ਨਵੰਬਰ ਵਿੱਚ ਹਰਪ੍ਰੀਤ ਨੇ ਚੰਡੀਗੜ੍ਹ ਦੇ ਸੈਕਟਰ-38ਸੀ ਵਿੱਚ ਕਿਰਾਏ ‘ਤੇ ਮਕਾਨ ਲੈ ਕੇ ਰਹਿਣਾ ਸ਼ੁਰੂ ਕਰ ਦਿੱਤਾ ਸੀ। ਦਿਲਪ੍ਰੀਤ ਨੇ ਪੁਲੀਸ ਤੋਂ ਬਚਣ ਲਈ ਆਪਣੀ ਦਾੜ੍ਹੀ, ਮੁੱਛਾਂ ਅਤੇ ਸਿਰ ਦੇ ਵਾਲ ਕੱਟ ਕੇ ਆਪਣਾ ਹੁਲੀਆ ਬਦਲ ਲਿਆ। ਗੈਂਗਸਟਰ ਦਿਲਪ੍ਰੀਤ ਨੇ ਆਪਣਾ ਫਰਜ਼ੀ ਨਾਂ ਗਗਨਦੀਪ ਸਿੰਘ ਰੱਖ ਲਿਆ ਅਤੇ ਚੰਡੀਗੜ੍ਹ ਵਿੱਚ ਉਹ ਹਰਪ੍ਰੀਤ ਦਾ ਪਤੀ ਬਣ ਕੇ ਰਹਿਣ ਲੱਗ ਪਿਆ।
ਏਆਈਜੀ ਨੇ ਦੱਸਿਆ ਕਿ ਦੋਵੇਂ ਭੈਣਾਂ ਤੋਂ ਮੁੱਢਲੀ ਪੁੱਛ-ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦਿਲਪ੍ਰੀਤ ਪਹਿਲਾਂ ਅਫੀਮ ਦਾ ਨਸ਼ਾ ਕਰਦਾ ਸੀ ਪ੍ਰੰਤੂ ਇਸ ਸਾਲ ਫਰਵਰੀ ਤੋਂ ਉਸ ਨੇ ਹੈਰੋਇਨ ਦਾ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ। ਬਾਅਦ ਵਿੱਚ ਉਸਨੇ ਹੈਰੋਇਨ ਅਤੇ ਹਥਿਆਰ ਵੇਚਣ ਦਾ ਧੰਦਾ ਸ਼ੁਰੂ ਕਰ ਲਿਆ। ਮੁਲਜ਼ਮ ਭੈਣਾਂ ਨੇ ਦੱਸਿਆ ਕਿ ਗੈਂਗਸਟਰ ਦਿਲਪ੍ਰੀਤ ਸਿੰਘ ਨੇ ਪੈਸੇ ਇਕੱਠੇ ਕਰਨ ਲਈ ਮਸ਼ਹੂਰ ਕਾਰੋਬਾਰੀਆਂ, ਪ੍ਰਮੁੱਖ ਲੋਕ ਗਾਇਕਾਂ ਅਤੇ ਅਦਾਕਾਰਾਂ ਨੂੰ ਡਰਾ ਧਮਕਾ ਕੇ ਫਿਰੌਤੀ ਮੰਗਣ ਦਾ ਧੰਦਾ ਸ਼ੁਰੂ ਕਰ ਲਿਆ। ਪੁਲੀਸ ਨੇ ਮੁਲਜ਼ਮ ਭੈਣਾਂ ਦੇ ਘਰਾਂ ‘ਚੋਂ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ, ਅਸਲਾ ਅਤੇ ਗੋਲੀ ਸਿੱਕਾ ਵੀ ਬਰਾਮਦ ਕੀਤਾ ਹੈ।
ਉਧਰ, ਪੁਲੀਸ ਵੱਲੋਂ ਮੰਗਲਵਾਰ ਦੇਰ ਸ਼ਾਮ ਮੁਲਜ਼ਮ ਭੈਣਾਂ ਰੁਪਿੰਦਰ ਕੌਰ ਅਤੇ ਹਰਪ੍ਰੀਤ ਕੌਰ ਨੂੰ ਡਿਊਟੀ ਮੈਜਿਸਟਰੇਟ ਦੇ ਸਾਹਮਣੇ ਉਨ੍ਹਾਂ ਦੇ ਘਰ ਪੇਸ਼ ਕੀਤਾ ਗਿਆ ਅਤੇ ਜੱਜ ਉਨ੍ਹਾਂ ਨੂੰ 5 ਦਿਨ ਦੇ ਪੁਲੀਸ ਰਿਮਾਂਡ ‘ਤੇ ਭੇਜ ਦਿੱਤਾ।
ਗੈਂਗਸਟਰ ਦਿਲਪ੍ਰੀਤ ਦੀ ਗ੍ਰਿਫ਼ਤਾਰੀ ਤੋਂ ਇਕ ਦਿਨ ਬਾਅਦ ਪੁਲੀਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਦਿਲਪ੍ਰੀਤ ਬਾਬਾ ਨਸ਼ਿਆਂ ਤੇ ਔਰਤਾਂ ਨਾਲ ਸਬੰਧਾਂ ਦਾ ਆਦੀ ਸੀ। ਉਹ ਅਕਸਰ  ਲਾਪ੍ਰਵਾਹੀ ਨਾਲ ਘੁੰਮਦਾ ਫਿਰਦਾ ਸੀ ਅਤੇ ਫਿਲਮਾਂ ਆਦਿ ਦੇਖਦਾ ਸੀ। ਉਸ ਨੂੰ ਰਹਿਣ ਲਈ ਸਹਾਰਾ ਦੇਣ ਵਾਲੀਆਂ ਦੋ ਭੈਣਾਂ ਦੀ ਗ੍ਫ਼ਿਤਾਰੀ ਦੀ ਸੂਚਨਾ ਦਿੰਦਿਆਂ ਪੁਲੀਸ ਨੇ ਦੱਸਿਆ ਕਿ ਹਰਪ੍ਰੀਤ ਕੌਰ ਵਿਧਵਾ ਅਤੇ ਦੋ ਬੱਚਿਆਂ ਦੀ ਮਾਂ ਹੈ ਅਤੇ ਉਸ ਦੀ ਛੋਟੀ ਭੈਣ ਰੁਪਿੰਦਰ ਕੌਰ, ਜੋ ਆਪਣੇ ਪਤੀ ਤੋਂ ਵੱਖ ਰਹਿ ਰਹੀ ਹੈ, ਗੈਂਗਸਟਰ ਦਿਲਪ੍ਰੀਤ ਦੀਆਂ ਸਾਥਣਾਂ ਸਨ। ਨਾਟਕੀ ਢੰਗ ਨਾਲ ਲੱਭੇ ਜਾਣ ਅਤੇ ਗ੍ਫ਼ਿਤਾਰ ਹੋਣ ਤੋਂ ਇਕ ਹਫ਼ਤਾ ਪਹਿਲਾਂ ਦਿਲਪ੍ਰੀਤ ਸਿੰਘ ਨੇ ਆਪਣੀ ਮਹਿਲਾ ਮਿੱਤਰ ਰੁਪਿੰਦਰ ਕੌਰ ਨਾਲ ਚੰਡੀਗੜ੍ਹ ਦੇ ਇਲਾਂਟੇ ਮਾਲ ਵਿੱਚ ਦੋ ਫਿਲਮਾਂ ਦੇਖੀਆਂ ਸਨ। ਉਸ ਦੇ ਬੈਗ ਵਿੱਚੋਂ 3 ਜੁਲਾਈ ਦੇ 10.15 ਵਜੇ ਦੇ ਫਿਲਮ ‘ਰੇਸ 3’ ਦੇ ਸ਼ੋਅ ਦੀਆਂ ਟਿਕਟਾਂ ਮਿਲੀਆਂ ਹਨ। ਰੁਪਿੰਦਰ ਕੌਰ ਨੇ ਵੀ ਮੰਨਿਆ ਕਿ ਉਸ ਨੇ ਦਿਲਪ੍ਰੀਤ ਨਾਲ ਫਿਲਮ ਦੇਖੀ ਸੀ ਅਤੇ ਇਸ ਤੋਂ ਬਾਅਦ 5 ਜਾਂ 6 ਜੁਲਾਈ ਨੂੰ ਫਿਰ ਫਿਲਮ ‘ਸੰਜੂ’ ਦੇਖੀ ਸੀ। ਪੁਲੀਸ ਦਾ ਕਹਿਣਾ ਹੈ ਕਿ ਦਿਲਪ੍ਰੀਤ ਦੇ ਗੈਂਗ ਵਿੱਚ ਮੁੱਖ ਤੌਰ ‘ਤੇ 21 ਮੈਂਬਰ ਹਨ ਜਿਨ੍ਹਾਂ ‘ਚੋਂ ਅੱਠ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਦਾ ਨੇੜਲਾ ਸਾਥੀ ਹਰਵਿੰਦਰ ਰਿੰਡਾ ਅਜੇ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ।
ਜ਼ਿਕਰਯੋਗ ਹੈ ਕਿ ਦਿਲਪ੍ਰੀਤ ਸੈਕਟਰ 38 ਵੈਸਟ ਦੇ ਗੁਰਦੁਆਰੇ ਦੇ ਬਾਹਰ ਹੁਸ਼ਿਆਰਪੁਰ ਦੇ ਇਕ ਪਿੰਡ ਦੇ ਸਰਪੰਚ ਸਤਨਾਮ ਸਿੰਘ ਦਾ ਸ਼ਰੇਆਮ ਕਤਲ ਕਰਨ ਦੇ ਮਾਮਲੇ ਵਿਚ ਚੰਡੀਗੜ੍ਹ ਪਲੀਸ ਨੂੰ ਵੀ ਲੋੜੀਂਦਾ ਸੀ। ਉਸ ਨੇ ਪੰਜਾਬੀ ਗਾਇਕ ਪਰਮੀਸ਼ ਵਰਮਾ ਨੂੰ ਗੋਲੀ ਮਾਰੀ ਸੀ ਅਤੇ ਕੁਝ ਦਿਨ ਪਹਿਲਾਂ ਗਾਇਕ ਤੇ ਅਭਿਨੇਤਾ ਗਿੱਪੀ ਗਰੇਵਾਲ ਨੂੰ ਮਾਰਨ ਦੀ ਧਮਕੀ ਵੀ ਦਿੱਤੀ ਸੀ। ਦਿਲਪ੍ਰੀਤ ਫੇਸਬੁੱਕ ਰਾਹੀਂ ਕਈ ਹਸਤੀਆਂ ਨੂੰ ਧਮਕੀਆਂ ਦੇ ਚੁੱਕਾ ਹੈ ਅਤੇ ਪੰਜਾਬ ਵਿੱਚ ਉਸ ਖਿਲਾਫ਼ 25 ਦੇ ਕਰੀਬ ਕੇਸ ਦਰਜ ਹਨ।
ਸੂਤਰਾਂ ਅਨੁਸਾਰ ਪੰਜਾਬ ਪੁਲੀਸ ਨੂੰ ਦਿਲਪ੍ਰੀਤ ਦੇ ਸੈਕਟਰ 43 ਸਥਿਤ ਅੰਤਰਰਾਜੀ ਬੱਸ ਅੱਡੇ ਨੇੜੇ ਪਹੁੰਚਣ ਦੀ ਐਤਵਾਰ ਨੂੰ ਸੂਹ ਮਿਲੀ ਸੀ। ਪੰਜਾਬ ਪੁਲੀਸ ਦੇ ਕਾਊਂਟਰ ਇੰਟੈਲੀਜੈਂਸ ਤੇ ਜਲੰਧਰ ਦਿਹਾਤੀ ਪੁਲੀਸ ਦੀਆਂ ਟੀਮਾਂ ਸਵੇਰੇ ਤੋਂ ਹੀ ਚੰਡੀਗੜ੍ਹ ਵਿਚ ਸਰਗਰਮ ਸਨ। ਪੰਜਾਬ ਪੁਲੀਸ ਦੀ ਟੀਮ ਨੇ ਐਸਐਸਸਪੀ ਗੁਰਪ੍ਰੀਤ ਸਿੰਘ ਭੁੱਲਰ, ਡੀਐਸਪੀਜ਼ ਤਜਿੰਦਰ ਸਿੰਘ ਸੰਧੂ, ਰਾਕੇਸ਼ ਯਾਦਵ ਅਤੇ ਮੁਕੇਸ਼ ਕੁਮਾਰ ਦੀ ਅਗਵਾਈ ਹੇਠਲੀ ਟੀਮ ਤੇ ਚੰਡੀਗੜ੍ਹ ਪੁਲੀਸ ਦੀ ਕਰਾਈਮ ਬਰਾਂਚ ਦੀ ਟੀਮ ਨੇ ਇੰਸਪੈਕਟਰ ਅਮਨਜੋਤ ਸਿੰਘ ਦੀ ਅਗਵਾਈ ਹੇਠ ਬੱਸ ਅੱਡੇ ਨੇੜੇ ਸਾਦੇ ਕੱਪੜਿਆਂ ਵਿਚ ਗੁਪਤ ਨਾਕੇ ਲਾਏ ਹੋਏ ਸਨ। ਇਸ ਦੌਰਾਨ ਪੰਜਾਬ ਪੁਲੀਸ ਟੀਮ ਦੀ ਬੱਸ ਅੱਡੇ ਦੇ ਬਾਹਰ ਪਾਰਕਿੰਗ ਨੇੜੇ ਦੁਪਹਿਰ 12:25 ਵਜੇ ਦਿਲਪ੍ਰੀਤ ਦੀ ਕਾਰ ਉਪਰ ਨਜ਼ਰ ਪਈ। ਪੁਲੀਸ ਦੇ ਇਕ ਅਧਿਕਾਰੀ ਨੇ ਕਾਰ ਦੇ ਅਗਲੇ ਸ਼ੀਸ਼ੇ ‘ਤੇ ਇੱਟ ਮਾਰੀ ਤਾਂ ਦਿਲਪ੍ਰੀਤ ਨੇ ਕਾਰ ਪਿੱਛੇ ਵੱਲ ਭਜਾ ਲਈ। ਉਥੇ ਪਹਿਲਾਂ ਹੀ ਚੰਡੀਗੜ੍ਹ ਦੀ ਅਪਰਾਧ ਸ਼ਾਖਾ ਦਾ ਇੰਸਪੈਕਟਰ ਅਮਨਜੋਤ ਸਿੰਘ ਨਿੱਜੀ ਫੌਰਚੂਨਰ ਗੱਡੀ (ਸੀਐਚ01ਏਆਰ5194) ਵਿਚ ਟੀਮ ਸਮੇਤ ਤਾਇਨਾਤ ਸੀ ਅਤੇ ਉਸ ਨੇ ਗੱਡੀ ਦਿਲਪ੍ਰੀਤ ਦੀ ਬੈਕ ਆ ਰਹੀ ਕਾਰ ਵਿਚ ਮਾਰ ਦਿੱਤੀ। ਪੁਲੀਸ ਅਨੁਸਾਰ ਫਿਰ ਦਿਲਪ੍ਰੀਤ ਨੇ ਰਿਵਾਲਵਰ ਨਾਲ ਗੋਲੀ ਚਲਾ ਦਿੱਤੀ। ਇਸ ਦੇ ਜਵਾਬ ‘ਚ ਪੰਜਾਬ ਪੁਲੀਸ ਨੇ ਵੀ ਗੋਲੀ ਚਲਾਈ ਜੋ ਦਿਲਪ੍ਰੀਤ ਦੇ ਪੱਟ ਉਪਰ ਲੱਗੀ ਅਤੇ ਪੁਲੀਸ ਨੇ ਉਸ ਨੂੰ ਦਬੋਚ ਲਿਆ। ਦਿਲਪ੍ਰੀਤ ਦੀ ਕਾਰ ਕੋਲ ਉਸ ਦਾ ਕਾਲੇ ਰੰਗ ਦਾ ਰਿਵਾਲਵਰ ਡਿੱਗਾ ਪਿਆ ਸੀ ਅਤੇ ਕਾਰ ਵਿਚ ਫੌਇਲ ਪੇਪਰ ਤੇ ਲਾਈਟਰ ਮਿਲਿਆ ਹੈ। ਕਾਰ ਦੀ ਡਿੱਕੀ ਵਿਚੋਂ 310 ਬੋਰ ਦੀ ਬੰਦੂਕ, 59 ਕਾਰਤੂਸ, 2 ਹਾਕੀਆਂ ਅਤੇ ਨਕਲੀ ਦਾੜ੍ਹੀ ਬਰਾਮਦ ਹੋਈ ਹੈ।
ਐਸਐਸਪੀ ਗੁਰਪ੍ਰੀਤ ਸਿੰਘ ਭੁੱਲਰ ਅਤੇ ਐਸਐਸਓਸੀ ਦੇ ਏਆਈਜੀ ਵਰਿੰਦਰਪਾਲ ਸਿੰਘ ਨੇ ਇਥੇ ਪੁਲੀਸ ਹੈੱਡਕੁਆਰਟਰ ਵਿਚ ਪੱਤਰਕਾਰਾਂ ਨੂੰ ਦੱਸਿਆ ਕਿ ਦਿਲਪ੍ਰੀਤ ਅੱਜ-ਕੱਲ ਪੰਜਾਬ ਅਤੇ ਹੋਰ ਰਾਜਾਂ ਵਿਚ ਚਿੱਟਾ ਅਤੇ ਗੋਲੀ-ਸਿੱਕਾ ਗੈਂਗਸਟਰਾਂ ਨੂੰ ਸਪਲਾਈ ਕਰਦਾ ਸੀ। ਉਨ੍ਹਾਂ ਦੱਸਿਆ ਕਿ ਇਸ ਨੇ ਆਪਣੀ ਠਾਹਰ ਚੰਡੀਗੜ੍ਹ ਦੇ ਸੈਕਟਰ 38 ਵੈਸਟ ਵਿਚ ਰੁਪਿੰਦਰ ਕੌਰ ਦੇ ਕਿਰਾਏ ਦੇ ਘਰ ਅਤੇ ਉਸ ਦੀ ਭੈਣ ਹਰਪ੍ਰੀਤ ਕੌਰ ਦੇ  ਨਵਾਂ ਸ਼ਹਿਰ ਸਥਿਤ ਘਰ ਵਿਚ ਰੱਖੀ ਹੋਈ ਸੀ। ਸ੍ਰੀ ਭੁੱਲਰ ਅਨੁਸਾਰ ਨਵਾਂ ਸ਼ਹਿਰ ਵਿਚ ਹਰਪ੍ਰੀਤ ਕੌਰ ਦੇ ਘਰ ਛਾਪਾ ਮਾਰ ਕੇ ਇਕ ਕਿਲੋ ਹੈਰੋਇਨ, ਮਰਦਾਨਗੀ ਤਾਕਤ ਵਧਾਉਣ ਵਾਲੇ ਕੈਪਸੂਲ, ਇਲੈਟ੍ਰਿਕ ਕੰਡਾ, ਬੋਰ ਪੰਪ ਐਕਸ਼ਨ ਰਾਈਫਲ, 40 ਕਾਰਤੂਸ ਅਤੇ ਫੋਨ ਬਰਾਮਦ ਕੀਤੇ ਹਨ।
ਉਧਰ ਪੰਜਾਬ ਦੇ ਡੀਜੀਪੀ (ਇੰਟੈਲੀਜੈਂਸ) ਦਿਨਕਰ ਗੁਪਤਾ ਨੇ ਕਿਹਾ ਹੈ ਕਿ ਦਿਲਪ੍ਰੀਤ ਦੀ ਗ੍ਰਿਫ਼ਤਾਰੀ ਨਾਲ ਨਾਰਕੋ -ਗੈਂਗਸਟਰਜ਼ ਦਾ ਖ਼ੁਲਾਸਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਦਿਲਪ੍ਰੀਤ  ਹੈਰੋਇਨ ਦੀ ਕੀਤੀ ਸਪਲਾਈ ਦੀ ਰਾਸ਼ੀ ਲੈਣ ਲਈ ਚੰਡੀਗੜ੍ਹ ਆਇਆ ਸੀ। ਸ੍ਰੀ ਗੁਪਤਾ ਅਨੁਸਾਰ ਦਿਲਪ੍ਰੀਤ ਨੂੰ ਜਲੰਧਰ ਦਿਹਾਤੀ ਪੁਲੀਸ ਦੇ ਐਸਐਸਪੀ ਗੁਰਪ੍ਰੀਤ ਸਿੰਘ ਭੁੱਲਰ ਅਤੇ ਸਟੇਟ ਕਾਊਂਟਰ ਇੰਟੈਂਲੀਜੈਂਸ ਦੇ ਸਾਂਝੇ ਅਪਰੇਸ਼ਨ ਨਾਲ ਕਾਬੂ ਕੀਤਾ ਗਿਆ ਹੈ ਅਤੇ ਇਸ ਅਪਰੇਸ਼ਨ ਵਿਚ ਚੰਡੀਗੜ੍ਹ ਪੁਲੀਸ ਦੀ ਕੋਈ ਭੂਮਿਕਾ ਨਹੀਂ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਹੀ ਦਿਲਪ੍ਰੀਤ ਨੇ ਸੋਸ਼ਲ ਮੀਡੀਆ ਉਪਰ ਡਰੱਗਜ਼ ਵਿਰੁੱਧ ਪੋਸਟ ਪਾਈ ਸੀ। ਹੈਰਾਨੀ ਵਾਲੀ ਗੱਲ ਇਹ ਹੈ ਕਿ ਚੰਡੀਗੜ੍ਹ ਪੁਲੀਸ ਦੇ ਅਧਿਕਾਰੀ ਦਾਅਵਾ ਕਰ ਰਹੇ ਹਨ ਕਿ ਇਹ ਅਪਰੇਸ਼ਨ ਚੰਡੀਗੜ੍ਹ ਅਤੇ ਪੰਜਾਬ ਪੁਲੀਸ ਨੇ ਸਾਂਝੇ ਤੌਰ ‘ਤੇ ਕੀਤਾ ਹੈ। ਮੌਕੇ ਦੇ ਹਾਲਾਤ ਵੀ ਇਹੋ ਬਿਆਨ ਕਰਦੇ ਹਨ ਪਰ ਪੰਜਾਬ ਪੁਲੀਸ ਕੁਝ ਹੋਰ ਹੀ ਕਹਿ ਰਹੀ ਹੈ।