‘ਕੈਸ਼ਲੈੱਸ ਇਕਾਨਮੀ’  : ਡਿਜੀਟਲ ਭੁਗਤਾਨ ‘ਤੇ ਸਰਕਾਰ ਰੋਜ਼ ਦੇਵੇਗੀ ਇਨਾਮ

0
486

digital-payments
ਸੌ ਦਿਨ ਬਾਅਦ ਇਕ ਕਰੋੜ ਦਾ ਮੈਗਾ ਡਰਾਅ ਵੀ
ਨਵੀਂ ਦਿੱਲੀ/ਬਿਊਰੋ ਨਿਊਜ਼ :
ਨੋਟਬੰਦੀ ਤੋਂ ਬਾਅਦ ਡਿਜੀਟਲ ਭੁਗਤਾਨ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਨੇ ਕ੍ਰਿਸਮਸ ਤੋਂ ਇਨਾਮ ਦੇਣ ਦਾ ਐਲਾਨ ਕੀਤਾ ਹੈ। ਇਹ ਇਨਾਮ ਗਾਹਕਾਂ ਦੇ ਨਾਲ ਨਾਲ ਦੁਕਾਨਦਾਰਾਂ ਨੂੰ ਵੀ ਦਿੱਤੇ ਜਾਣਗੇ। ਇਨਾਮ ਰੋਜ਼ਾਨਾ ਅਤੇ ਹਫ਼ਤਾਵਾਰੀ ਆਧਾਰ ‘ਤੇ ਦਿੱਤੇ ਜਾਣਗੇ ਅਤੇ ਨਾਲ ਹੀ ਵੱਡਾ ਨਕਦੀ ਇਨਾਮ ਵੀ ਦਿੱਤਾ ਜਾਏਗਾ। ਕੁਲ 340  ਕਰੋੜ ਰੁਪਏ ਦੇ ਇਨਾਮ ਦਿੱਤੇ ਜਾਣਗੇ। ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਮਿਤਾਭ ਕਾਂਤ ਨੇ ‘ਲੱਕੀ ਗਾਹਕ ਯੋਜਨਾ’ ਅਤੇ ਡਿਜੀ ਧਨ ਵਪਾਰ ਯੋਜਨਾ’ ਦਾ ਐਲਾਨ ਕਰਦਿਆਂ ਕਿਹਾ ਕਿ ਇਨ੍ਹਾਂ ਦੇ ਘੇਰੇ ਵਿਚ 50 ਰੁਪਏ ਤੋਂ ਲੈ ਕੇ 3000 ਰੁਪਏ ਤਕ ਦੇ ਛੋਟੇ ਲੈਣ-ਦੇਣ ਆਉਣਗੇ। ਉਨ੍ਹਾਂ ਦੇਸ਼ਵਾਸੀਆਂ ਨੂੰ ਇਹ ਕ੍ਰਿਸਮਸ ਦਾ ਤੋਹਫ਼ਾ ਕਰਾਰ ਦਿੱਤਾ। ਉਨ੍ਹਾਂ ਦੱਸਿਆ ਕਿ ਪਹਿਲਾ ਡਰਾਅ 25 ਦਸੰਬਰ ਅਤੇ ਮੈਗਾ ਡਰਾਅ 14 ਅਪ੍ਰੈਲ ਨੂੰ ਡਾ. ਬੀ.ਆਰ. ਅੰਬੇਦਕਰ ਦੀ ਜਯੰਤੀ ‘ਤੇ ਕੱਢਿਆ ਜਾਏਗਾ। ਨੈਸ਼ਨਲ ਪੇਅਮੈਂਟ ਕਾਰਪੋਰੇਸ਼ਨ ਆਫ਼ ਇੰਡੀਆ 25 ਦਸੰਬਰ ਤੋਂ ਅਗਲੇ 100 ਦਿਨਾਂ ਤਕ 15 ਹਜ਼ਾਰ ਜੇਤੂਆਂ ਦਾ ਐਲਾਨ ਕਰੇਗਾ। ਹਰੇਕ ਜੇਤੂ ਨੂੰ 1000 ਰੁਪਏ ਦਿੱਤੇ ਜਾਣਗੇ। ਗਾਹਕਾਂ ਅਤੇ ਦੁਕਾਨਦਾਰਾਂ ਲਈ 7000 ਹਫ਼ਤਾਵਾਰੀ ਇਨਾਮ ਹੋਣਗੇ। ਗਾਹਕਾਂ ਲਈ ਮੈਗਾ ਇਨਾਮ ਇਕ ਕਰੋੜ ਰੁਪਏ, 50 ਲੱਖ ਅਤੇ 25 ਲੱਖ ਰੁਪਏ ਦਾ ਹੋਵੇਗਾ। ਵਪਾਰੀਆਂ ਜਾਂ ਦੁਕਾਨਦਾਰਾਂ ਲਈ ਇਹ 50 ਲੱਖ, 25 ਲੱਖ ਅਤੇ 5 ਲੱਖ ਰੁਪਏ ਹੋਏਗਾ।