ਸਰੀ ਵਿੱਚ ਪੰਜਾਬਣ ਭਵਕਿਰਨ ਢੇਸੀ ਦਾ ਕਤਲ

0
197

dhesi-bhavkiran
ਵੈਨਕੂਵਰ/ਬਿਊਰੋ ਨਿਊਜ਼ :
ਦੱਖਣੀ ਸਰੀ ਵਿਚ ਕਾਰ ਵਿਚੋਂ ਮਿਲੀ ਸੜੀ ਹੋਈ ਲਾਸ਼ ਦੀ ਪਛਾਣ 19 ਸਾਲਾ ਪੰਜਾਬਣ ਮੁਟਿਆਰ ਭਵਕਿਰਨ ਢੇਸੀ ਵਜੋਂ ਹੋਈ ਹੈ। ਪੁਲੀਸ ਅਨੁਸਾਰ ਕਤਲ ਬਾਅਦ ਭਵਕਿਰਨ ਦੀ ਲਾਸ਼ ਨੂੰ ਕਾਰ ਵਿਚ ਰੱਖ ਕੇ ਅੱਗ ਲਾਈ ਗਈ ਹੈ। ਪੁਲੀਸ ਤਰਜਮਾਨ ਮੇਗਨ ਫੌਸਟਰ ਅਨੁਸਾਰ ਕੁੜੀ ਦਾ ਅਪਰਾਧਕ ਰਿਕਾਰਡ ਨਹੀਂ ਸੀ ਪਰ ਮੁਢਲੇ ਸੰਕੇਤਾਂ ਮੁਤਾਬਕ ਉਸ ਦੀ ਹੱਤਿਆ ਮਿੱਥ ਕੇ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਪਿਛੇ ਗੈਂਗਵਾਰ ਜਾਂ ਨਸ਼ਾ ਗਰੋਹ ਦਾ ਹੱਥ ਨਹੀਂ ਲੱਗਦਾ। ਭਵਕਿਰਨ ਢੇਸੀ ਕਾਲਜ ਵਿਚ ਪੜ੍ਹਦੀ ਸੀ ਅਤੇ ਕੁਝ ਸਮਾਂ ਪਹਿਲਾਂ ਉਸ ਦਾ ਗੁਰਦਾ ਬਦਲਿਆ ਸੀ। ਪੁਲੀਸ ਅਨੁਸਾਰ ਕਤਲ ਤੋਂ ਚਾਰ ਕੁ ਘੰਟੇ ਪਹਿਲਾਂ ਕੁੜੀ ਨੂੰ ਆਮ ਹਾਲਤ ਵਿਚ ਵੇਖਿਆ ਗਿਆ ਸੀ। ਕੁੜੀ ਦੇ ਮਾਪਿਆਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਉਨ੍ਹਾਂ ਦਾ ਕਿਸੇ ਨਾਲ ਵੈਰ ਵਿਰੋਧ ਨਹੀਂ ਹੈ। ਪੁਲੀਸ ਨੇ ਇਸ ਮਾਮਲੇ ਦੀ ਪੜਤਾਲ ਆਰੰਭ ਦਿੱਤੀ ਹੈ। ਕੁੜੀ ਦੀ ਲਾਸ਼ ‘ਤੇ ਜ਼ਖ਼ਮਾਂ ਦੇ ਕਈ ਨਿਸ਼ਾਨ ਹਨ। ਪੁਲੀਸ ਵੱਲੋਂ ਕੁੜੀ ਦੇ ਪਰਿਵਾਰ, ਰਿਸ਼ਤੇਦਾਰਾਂ ਤੇ ਜਾਣਕਾਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਆਮ ਲੋਕਾਂ ਤੋਂ ਵੀ ਸਹਿਯੋਗ ਮੰਗਿਆ ਹੈ।