ਬੇਅਦਬੀ ਕਾਂਡ ‘ਚ ਲੋੜੀਂਦਾ ਡੇਰਾ ਪ੍ਰੇਮੀ ਜਿੰਮੀ ਦਿੱਲੀ ਹਵਾਈ ਅੱਡੇ ਤੋਂ ਕਾਬੂ

0
75

dera-follower-sacrilege
ਚੰਡੀਗੜ੍ਹ/ ਬਿਊਰੋ ਨਿਊਜ਼ :
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਕਾਂਡ ਵਿਚ ਨਾਮਜ਼ਦ ਡੇਰਾ ਪ੍ਰੇਮੀ ਜਤਿੰਦਰਬੀਰ ਸਿੰਘ ਅਰੋੜਾ ਉਰਫ਼ ਜਿੰਮੀ ਨੂੰ ਦਿੱਲੀ ਹਵਾਈ ਅੱਡੇ ਤੋਂ ਕਾਬੂ ਕਰ ਲਿਆ ਗਿਆ ਹੈ। ਉਹ ਚੋਰੀ-ਛੁਪੇ ਮਲੇਸ਼ੀਆ ਤੋਂ ਦੀਵਾਲੀ ਵਾਲੀ ਰਾਤ ਵਾਪਸ ਆ ਰਿਹਾ ਸੀ। ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ (ਸਿੱਟ) ਨੇ ਪਿੰਡ ਗੁਰੂਸਰ ਜਲਾਲ ਦੇ ਬੇਅਦਬੀ ਮਾਮਲੇ ‘ਚ ਭਗਤਾ ਭਾਈ ਦੇ ਇਸ ਡੇਰਾ ਪ੍ਰੇਮੀ ਜਿੰਮੀ ਨੂੰ ਦਿੱਲੀ ਦੇ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰਨ ਬਾਰੇ ਫਿਲਹਾਲ ਕੋਈ ਖੁਲਾਸਾ ਨਹੀਂ ਕੀਤਾ ਜਾ ਰਿਹਾ। ਦਮਲੀ ਜਾਣਕਾਰੀ ਮੁਤਾਬਕ ਤਿੰਨ ਹੋਰ ਡੇਰਾ ਪੈਰੋਕਾਰਾਂ ਨੂੰ ਵੀ ਸਿੱਟ ਟੀਮ ਨੇ ਭਗਤਾ ਤੋਂ ਹਿਰਾਸਤ ‘ਚ ਲਿਆ ਹੈ, ਜਿਸ ਬਾਰੇ ਪੁਲੀਸ ਅਧਿਕਾਰੀ ਚੁੱਪ ਹਨ। ਜਿੰਮੀ ਬੇਅਦਬੀ ਦੇ ਮਾਮਲਿਆਂ ਵਿਚ ਗ੍ਰਿਫਤਾਰੀ ਤੋਂ ਬਚਦਾ ਹੋਇਆ ਵਿਦੇਸ਼ ਖਿਸਕ ਗਿਆ ਸੀ।
ਸੂਤਰਾਂ ਅਨੁਸਾਰ ਜਿੰਮੀ ਮਲੇਸ਼ੀਆ ਤੋਂ ਦੀਵਾਲੀ ਵਾਲੀ ਰਾਤ ਵਾਪਸ ਆ ਰਿਹਾ ਸੀ ਜਿਸ ਦੀ ਪੁਲੀਸ ਨੂੰ ਗੁਪਤ ਸੂਚਨਾ ਮਿਲ ਗਈ ਸੀ। ਇਸ ਤੋਂ ਬਾਅਦ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਨੇ ਹਵਾਈ ਅੱਡਿਆਂ ‘ਤੇ ਪਹਿਲਾਂ ਹੀ ਲੁੱਕ ਆਊਟ ਨੋਟਿਸ ਦੇ ਦਿੱਤੇ ਸਨ। ਜਦੋਂ ਜਿੰਮੀ ਦਿੱਲੀ ਦੇ ਹਵਾਈ ਅੱਡੇ ‘ਤੇ ਉਤਰਿਆ ਤਾਂ ਉਸ ਤੋਂ ਕੁਝ ਸਮੇਂ ਬਾਅਦ ਡੀਆਈਜੀ ਰਣਬੀਰ ਸਿੰਘ ਖਟੜਾ ਦੀ ਅਗਵਾਈ ਹੇਠ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਤੇ ਰਸਤੇ ਵਿਚ ਹੀ ਉਸ ਕੋਲੋਂ ਪੁੱਛਗਿਛ ਕਰਨੀ ਸ਼ੁਰੂ ਕਰ ਦਿੱਤੀ। ਉਸ ਨੂੰ ਰਾਮਪੁਰਾ ਫੂਲ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਥੇ ਅਦਾਲਤ ਨੇ ਉਸ ਦਾ ਪੰਜ ਦਿਨ ਦਾ ਪੁਲੀਸ ਰਿਮਾਂਡ ਦੇ ਦਿੱਤਾ ਹੈ। ਇਸ ਗ੍ਰਿਫਤਾਰੀ ਨਾਲ ਪੁਲੀਸ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸਬੰਧਤ ਚਾਰ ਵੱਡੇ ਕੇਸ ਹੱਲ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਵਰਨਣਯੋਗ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਚਾਰ ਵੱਡੇ ਮਾਮਲੇ ਪਿਛਲੀ ਅਕਾਲੀ ਸਰਕਾਰ ਸਮੇਂ ਲਗਪਗ 25 ਕਿਲੋਮੀਟਰ ਦੇ ਇਲਾਕੇ ਵਿਚ ਵਾਪਰੇ ਸਨ ਤੇ ਇਨ੍ਹਾਂ ਵਿਚੋਂ ਦੋ ਬਰਗਾੜੀ ਤੇ ਬੁਰਜ ਜਵਾਹਰ ਸਿੰਘ ਵਾਲਾ ਦੇ ਮਾਮਲਿਆਂ ਦੀ ਜਾਂਚ ਸੀਬੀਆਈ ਨੂੰ ਦਿੱਤੀ ਗਈ ਸੀ ਜਦਕਿ ਭਗਤਾ ਭਾਈਕਾ ਤੇ ਮੱਲਕੇ ਦੀ ਜਾਂਚ ਪੰਜਾਬ ਪੁਲੀਸ ਵਲੋਂ ਗਠਿਤ ਕੀਤੀ ਗਈ ਵਿਸ਼ੇਸ਼ ਜਾਂਚ ਟੀਮ ਨੂੰ ਸੌਂਪੀ ਗਈ ਸੀ। ਸੀਬੀਆਈ ਦੀ ਜਾਂਚ ਦੇ ਨਤੀਜੇ ਅਜੇ ਤਕ ਨਹੀਂ ਆਏ।
ਸਿੱਟ ਭਗਤਾ ਦੇ ਡੇਰਾ ਪੈਰੋਕਾਰ ਜਿੰਮੀ ਬਾਰੇ ਸੂਚਨਾ ਇਕੱਤਰ ਕਰ ਰਹੀ ਸੀ। ਜਿੰਮੀ ਆਪਣੇ ਵਿਆਹ ਮਗਰੋਂ ਮਲੇਸ਼ੀਆ ਖਿਸਕ ਗਿਆ ਸੀ। ਸਿੱਟ ਨੇ ਕੁਝ ਦਿਨ ਪਹਿਲਾਂ ਸੰਗਰੂਰ ਜੇਲ੍ਹ ਚੋਂ ਪ੍ਰਿਥੀ ਨਾਮ ਦੇ ਡੇਰਾ ਪ੍ਰੇਮੀ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਸੀ। ਉਸ ਦੀ ਪੁੱਛਗਿੱਛ ਮਗਰੋਂ ਪਿੰਡ ਮੱਲ ਕੇ ਦੇ ਦੋ ਡੇਰਾ ਪ੍ਰੇਮੀ ਹਿਰਾਸਤ ਵਿਚ ਲਏ ਸਨ। ਹੁਣ ਆਖ਼ਰੀ ਮਾਮਲਾ ਗੁਰੂਸਰ ਮਹਿਰਾਜ ਦਾ ਬਚਿਆ ਸੀ ਜਿਸ ਦਾ ਰਾਹ ਵੀ ਪੱਧਰਾ ਹੁੰਦਾ ਜਾਪਦਾ ਹੈ। ਜ਼ਿਲ੍ਹਾ ਪੁਲੀਸ ਕਪਤਾਨ ਡਾ. ਨਾਨਕ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਮਗਰੋਂ ਅਗਲੇਰੀ ਕਾਰਵਾਈ ਆਰੰਭੀ ਜਾਵੇਗੀ।