ਸਿੱਖ ਸੰਗਤ ਨੇ ਗੁਰੂ ਦੇ ਦਰਾਂ ‘ਤੇ ਸਿਜਦਾ ਕਰਕੇ ਆਖਿਆ ”ਖੁਸ਼-ਆਮਦੀਦ 2019”

0
46

darbar-sahib
ਵੱਡੀ ਗਿਣਤੀ ਸ਼ਰਧਾਲੂ ਦਰਬਾਰ ਸਾਹਿਬ ਨਤਮਸਤਕ
ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਲੱਗੀਆਂ ਭਾਰੀ ਰੌਣਕਾਂ
ਪੰਜਾਬ ਭਰ ਦੇ ਗੁਰਦੁਆਰਿਆਂ ਵਿਚ ਸਜੇ ਦਰਬਾਰ

ਅੰਮ੍ਰਿਤਸਰ/ਬਿਊਰੋ ਨਿਊਜ਼ :
ਦੁਨੀਆ ਭਰ ਵਿਚ ਵਸਦੇ ਸਿੱਖਾਂ ਨੇ ਨਵੇ ਵਰ੍ਹੇ-2019 ਨੂੰ ਜੀ ਆਇਆਂ ਆਖਦਿਆਂ ਗੁਰੂ ਘਰਾਂ ਵਿਚ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਜਦਾ ਕੀਤਾ ਤੇ ਅਰਦਾਸ ਵਿਚ ”ਸਰਬੱਤ ਦਾ ਭਲਾ” ਮੰਗਿਆ। ਲੱਖਾਂ ਦੀ ਗਿਣਤੀ ਵਿਚ ਸੰਗਤ ਨੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋ ਕੇ ਨਵੇਂ ਵਰ੍ਹੇ-2019 ਨੂੰ ਜੀ ਆਇਆਂ ਆਖਿਆ ਅਤੇ ਪਰਿਵਾਰ ਸਮੇਤ ਕੁੱਲ ਦੁਨੀਆ ਦੀ ਸੁੱਖ ਸ਼ਾਂਤੀ ਲਈ ਅਰਦਾਸ ਕੀਤੀ। ਇਥੇ ਕੜਾਕੇ ਦੀ ਠੰਢ ਦੇ ਬਾਵਜੂਦ ਰਾਤ ਤੋਂ ਹੀ ਸੰਗਤ ਦੀ ਆਮਦ ਸ਼ੁਰੂ ਹੋ ਗਈ ਸੀ। ਨਵੇਂ ਵਰ੍ਹੇ ਮੌਕੇ ਸ੍ਰੀ ਦਰਬਾਰ ਸਾਹਿਬ ਵਿਖੇ ਆਈਆਂ ਸੰਗਤਾਂ ਵਿਚ ਦੇਸ਼ ਵਿਦੇਸ਼ ਅਤੇ ਦੂਰ ਦੁਰਾਡੇ ਸਮੇਤ ਸਥਾਨਕ ਸੰਗਤ ਸ਼ਾਮਲ ਸੀ।
ਸੰਗਤ ਨੇ ਵਧੇਰੇ ਸਮਾਂ ਗੁਰੂ ਘਰ ਦੀ ਪਰਿਕਰਮਾ ਵਿੱਚ ਹੀ ਬਿਤਾਇਆ, ਜਿਥੇ ਉਨ੍ਹਾਂ ਸਾਲ-2018 ਨੂੰ ਅਲਵਿਦਾ ਆਖਿਆ ਤੇ ਨਵੇਂ ਵਰ੍ਹੇ ਨੂੰ ਖੁਸ਼ਆਮਦੀਦ ਕਿਹਾ। ਪ੍ਰਭਾਤ ਵੇਲੇ ਪਾਲਕੀ ਸਾਹਿਬ ਦੀ ਆਮਦ ਨਾਲ ਹੀ ਸੰਗਤ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣਾ ਸ਼ੁਰੂ ਕਰ ਦਿੱਤਾ, ਜੋ ਸਾਰਾ ਦਿਨ ਜਾਰੀ ਰਿਹਾ।
ਸ਼੍ਰੋਮਣੀ ਕਮੇਟੀ ਦੇ ਅਨੁਮਾਨ ਮੁਤਾਬਕ ਨਵੇਂ ਵਰ੍ਹੇ ਨੂੰ ਜੀ ਆਇਆਂ ਕਹਿਣ ਲਈ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪੁੱਜੀ ਸੰਗਤ ਦੀ ਗਿਣਤੀ ਦੋ ਦਿਨਾਂ ਵਿਚ ਲਗਪਗ ਪੰਜ ਲੱਖ ਤੋਂ ਵੱਧ ਰਹੀ ਹੈ। ਸੰਗਤ ਦੀ ਵੱਡੀ ਗਿਣਤੀ ਵਿਚ ਆਮਦ ਹੋਣ ਕਾਰਨ ਇਥੇ ਸ੍ਰੀ ਹਰਿਮੰਦਰ ਸਾਹਿਬ ਦੀਆਂ ਸਰਾਵਾਂ ਅਤੇ ਨੇੜਲੇ ਹੋਟਲਾਂ, ਗੈਸਟ ਹਾਊਸ ਆਦਿ ਵਿਚ ਵੀ ਕਮਰੇ ਪੂਰੀ ਤਰ੍ਹਾਂ ਬੁੱਕ ਸਨ। ਪਰਿਕਰਮਾ ਵਿਚ ਖਾਸ ਕਰ ਕੇ ਸ੍ਰੀ ਅਕਾਲ ਤਖ਼ਤ ਦੇ ਸਾਹਮਣੇ ਤਾਂ ਖੜ੍ਹੇ ਹੋਣ ਲਈ ਵੀ ਥਾਂ ਨਹੀਂ ਸੀ।
ਇਸੇ ਤਰ੍ਹਾਂ ਪਾਰਕਿੰਗ ਦੀਆਂ ਥਾਵਾਂ ਵੀ ਪੂਰੀ ਤਰ੍ਹਾਂ ਭਰ ਗਈਆਂ ਸਨ ਅਤੇ ਕਾਰਾਂ ਦੀਆਂ ਕਤਾਰਾਂ ਦੋ ਕਿਲੋਮੀਟਰ ਦੂਰ ਤਕ ਲੱਗੀਆਂ ਹੋਈਆਂ ਸਨ। ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਨੇ ਦੱਸਿਆ ਕਿ ਦੋ ਦਿਨਾਂ ਵਿਚ ਪੰਜ ਤੋਂ ਛੇ ਲੱਖ ਸੰਗਤ ਨੇ ਮੱਥਾ ਟੇਕਿਆ ਹੈ। ਇਹ ਸੰਗਤ ਦੇਸ਼ ਵਿਦੇਸ਼ ਅਤੇ ਭਾਰਤ ਦੇ ਕਈ ਸ਼ਹਿਰਾਂ ਤੋਂ ਪੁੱਜੀ ਸੀ। ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਵਿੱਚ ਇਨ੍ਹਾਂ ਦਿਨਾਂ ਦੌਰਾਨ ਡੇਢ ਗੁਣਾ ਵੱਧ ਰਾਸ਼ਨ ਪਕਾਇਆ ਗਿਆ ਹੈ।
ਸੰਗਤ ਦੀ ਭਾਰੀ ਆਮਦ ਨੂੰ ਧਿਆਨ ਵਿੱਚ ਰੱਖਦਿਆਂ ਇਥੇ ਵਿਸ਼ੇਸ਼ ਪ੍ਰਬੰਧ ਵੀ ਕੀਤੇ ਗਏ ਸਨ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਵਧ ਰਹੀ ਮਾਨਤਾ ਦੇ ਸਿੱਟੇ ਵਜੋਂ ਹੀ ਸੰਗਤ ਦੀ ਭਾਰੀ ਆਮਦ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵੀ ਇਸੇ ਤਰ੍ਹਾਂ ਸੰਗਤ ਦੀ ਭਾਰੀ ਆਮਦ ਹੋਈ ਸੀ।
ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਲੱਗੀਆਂ ਭਾਰੀ ਰੌਣਕਾਂ : ਨਵੇਂ ਸਾਲ ਦੇ ਪਹਿਲੇ ਦਿਨ ਦੀ ਸ਼ੁਰੂਆਤ ਕਰਨ ਲਈ ਗੁਰੂ ਨਗਰੀ ‘ਚ ਸ਼ਰਧਾਲੂਆਂ ਦੀ ਆਸਥਾ ਦਾ ਸੈਲਾਬ ਵੇਖਣ ਨੂੰ ਮਿਲਿਆ। ਬੀਤੀ ਦੇਰ ਰਾਤ ਤੋਂ ਹੀ ਹਜ਼ਾਰਾਂ ਦੀ ਗਿਣਤੀ ‘ਚ ਸ਼ਰਧਾਲੂ ਸ੍ਰੀ ਆਨੰਦਪੁਰ ਸਾਹਿਬ ਪਹੁੰਚੇ ਹੋਏ ਸਨ ਅਤੇ ਤੜਕਸਾਰ ਤੋਂ ਹੀ ਸੰਘਣੀ ਧੁੰਦ ਵਿਚ ਪਵਿੱਤਰ ਸਰੋਵਰ ‘ਚ ਇਸ਼ਨਾਨ ਕਰਨ ਮਗਰੋਂ ਉਨ੍ਹਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਮਗਰੋਂ ਨਵੇਂ ਸਾਲ ਦੀ ਸ਼ੁਰੂਆਤ ਕੀਤੀ।
ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੰਗਤਾਂ ਦੀ ਭਾਰੀ ਆਮਦ ਬਾਰੇ ਗੱਲਬਾਤ ਕਰਦੇ ਹੋਏ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਦੱਸਿਆ ਕਿ ਸਵੇਰੇ ਤੋਂ ਹੀ ਹਜ਼ਾਰਾਂ ਦੀ ਗਿਣਤੀ ‘ਚ ਸੰਗਤ ਆਪਣੀਆਂ ਹਾਜ਼ਰੀਆਂ ਗੁਰੂ ਘਰ ‘ਚ ਲਗਵਾ ਰਹੀ ਸੀ। ਪ੍ਰਸਿੱਧ ਅਦਾਕਾਰ ਤੇ ਗਾਇਕ ਹਰਭਜਨ ਮਾਨ ਨੇ ਵੀ ਤਖਤ ਸੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕ ਕੇ ਆਪਣੇ ਨਵੇਂ ਵਰ੍ਹੇ ਦੀ ਸ਼ੁਰੂਆਤ ਕੀਤੀ।
ਸ੍ਰੀ ਆਨੰਦਪੁਰ ਸਾਹਿਬ ਵਿਖੇ ਹੀ ਸਥਿਤ ਵਿਸ਼ਵ ਪ੍ਰਸਿੱਧ ਵਿਰਾਸਤ-ਏ-ਖਾਲਸਾ ਵਿਖੇ ਵੀ ਸੈਲਾਨੀਆਂ ਦੀ ਭੀੜ ਆਮ ਨਾਲੋਂ ਬੁਹਤ ਜ਼ਿਆਦਾ ਵੇਖਣ ਨੂੰ ਮਿਲੀ। ਵਿਰਾਸਤ-ਏ-ਖਾਲਸਾ ਦੇ ਅਧਿਕਾਰੀਆਂ ਅਨੁਸਾਰ ਨਵੇਂ ਸਾਲ ਦੇ ਪਹਿਲੇ ਦਿਨ ਸੈਲਾਨੀਆਂ ਦੀ ਆਮਦ ਨੇ ਪਿਛਲੇ 5 ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ ਅਤੇ ਸਾਰਾ ਦਿਨ ਹੀ ਲਗਾਤਾਰ ਆਮਦ ਬਰਕਰਾਰ ਰਹੀ ਹੈ।
ਨੈਣਾ ਦੇਵੀ ਵਿਖੇ ਡੇਢ ਲੱਖ ਸ਼ਰਧਾਲੂਆਂ ਨੇ ਮੱਥਾ ਟੇਕਿਆ : ਉਤਰ ਭਾਰਤ ਦੇ ਪ੍ਰਸਿੱਧ ਸ਼ਕਤੀ ਪੀਠ ਮਾਤਾ ਨੈਣਾ ਦੇਵੀ ਵਿਖੇ ਨਵੇਂ ਸਾਲ ਦੀ ਆਮਦ ਮੌਕੇ ਚਾਰ ਰੋਜ਼ਾ ਮੇਲੇ ਦੌਰਾਨ ਡੇਢ ਲੱਖ ਸ਼ਰਧਾਲੂਆਂ ਨੇ ਮਾਤਾ ਦੇ ਦਰਬਾਰ ਵਿਚ ਮੱਥਾ ਟੇਕ ਕੇ ਆਪਣੀ ਹਾਜ਼ਰੀ ਦਰਜ ਕਰਵਾਈ। ਜੇਕਰ ਨਵੇਂ ਸਾਲ ਦੇ ਪਹਿਲੇ ਦਿਨ ਦੀ ਗੱਲ ਕੀਤੀ ਜਾਵੇ ਤਾਂ ਸਵੇਰੇ 2 ਤੋਂ ਲੈ ਕੇ ਸ਼ਾਮ ਸਾਢੇ 6 ਵਜੇ ਤਕ ਲਗਾਤਾਰ ਸ਼ਰਧਾਲੂਆਂ ਦੀ ਕਤਾਰਾਂ ਮੰਦਰ ਵਿਚ ਮੱਥਾ ਟੇਕਣ ਦੇ ਲਈ ਲੱਗੀਆਂ ਹੋਈਆਂ ਸਨ।
ਪੰਜਾਬ ਭਰ ਦੇ ਗੁਰਦੁਆਰਿਆਂ ਵਿਚ ਸਜੇ ਗੁਰਬਾਣੀ ਕੀਰਤਨ ਦਰਬਾਰ : ਇਤਿਹਾਸਿਕ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਵਿਚ ਨਵੇਂ ਸਾਲ ਮੌਕੇ ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ਨਤਮਸਤਕ ਹੋਈ। ਸਵੇਰ ਤੋਂ ਹੀ ਗੁਰਦੁਆਰੇ ਵਿਚ ਸੰਗਤ ਦੀਆਂ ਲੰਮੀਆਂ ਕਤਾਰਾਂ ਲੱਗਣੀਆਂ ਸ਼ੁਰੂ ਹੋ ਗਈਆਂ ਸਨ, ਜਿਸ ਕਾਰਨ ਆਵਾਜਾਈ ਵਿਚ ਕਾਫੀ ਵਿਘਨ ਪਿਆ ਅਤੇ ਦੁਪਹਿਰ ਨੂੰ ਕੁਝ ਸਮੇਂ ਲਈ ਸਰਹਿੰਦ ਤੋਂ ਫ਼ਤਹਿਗੜ੍ਹ ਸਾਹਿਬ ਨੂੰ ਜਾਂਦੇ ਮੁਖ ਮਾਰਗ ‘ਤੇ ਆਵਾਜਾਈ ਬੰਦ ਵੀ ਰੱਖਣੀ ਪਈ।
ਇਸੇ ਤਰ੍ਹਾਂ ਸ੍ਰੀ ਚਮਕੌਰ ਸਾਹਿਬ, ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਕੀਰਤਪੁਰ ਸਾਹਿਬ, ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ ਤੇ ਹੋਰ ਗੁਰੂ ਅਸਥਾਨਾਂ ਉਤੇ ਵੀ ਨਵੇਂ ਵਰ੍ਹੇ ਦੀ ਆਮਦ ਦੀ ਖੁਸ਼ੀ ਵਿਚ ਸਿੱਖ ਸੰਗਤਾਂ ਨੇ ਸੰਸਾਰ ਭਰ ਵਿਚ ਅਮਨ-ਸ਼ਾਂਤੀ ਦੀ ਬਹਾਲੀ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।