ਦਲ ਖ਼ਾਲਸਾ ਵਲੋਂ ਜਨ ਗਨ ਮਨ ਥੋਪਣ ਵਾਲੇ ਅਦਾਲਤੀ ਹੁਕਮ ਦਾ ਵਿਰੋਧ

0
187
dal-khalsa-leaders
ਹੁਸ਼ਿਆਰਪੁਰ/ਬਿਊਰੋ ਨਿਊਜ਼ :
ਦਲ ਖ਼ਾਲਸਾ ਨੇ ਭਾਰਤੀ ਸੁਪਰੀਮ ਕੋਰਟ ਵਲੋਂ ਸਿਨੇਮਾ ਘਰਾਂ ਵਿਚ ਫਿਲਮ ਚੱਲਣ ਤੋਂ ਪਹਿਲਾਂ ਅਖੌਤੀ ”ਰਾਸ਼ਟਰੀ ਗੀਤ” ਚਲਾਉਣ ਅਤੇ ਉਸ ਦੇ ਸਤਿਕਾਰ ਲਈ ਹਾਜ਼ਰ ਲੋਕਾਂ ਲਈ ਖੜ੍ਹੇ ਹੋਣ ਨੂੰ ਜ਼ਰੂਰੀ ਕਰਾਰ ਦੇਣ ਦੇ ਫੈਸਲੇ ਨਾਲ ਸਖਤ ਅਸਹਿਮਤੀ ਪ੍ਰਗਟਾਈ ਹੈ।
ਪਾਰਟੀ ਪ੍ਰਧਾਨ ਹਰਪਾਲ ਸਿੰਘ ਚੀਮਾ ਅਤੇ ਸਾਬਕਾ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਇਸ ਹੁਕਮ ਨੇ ਲੋਕਾਂ ਦੇ ਵਿਚਾਰਾਂ ਦੀ ਅਜ਼ਾਦੀ ਦੇ ਹੱਕ ‘ਤੇ ਭਾਰੀ ਸੱਟ ਮਾਰੀ ਹੈ। ਆਗੂਆਂ ਨੇ ਕਿਹਾ ਕਿ ਇਹ ਫੈਸਲਾ ਉਨ੍ਹਾਂ ਲੋਕਾਂ ‘ਤੇ ਇਕ ਖਾਸ ਕਿਸਮ ਦਾ ਰਾਸ਼ਟਰਵਾਦ ਥੌਪਣ ਲਈ ਵਰਤਿਆ ਜਾਵੇਗਾ ਜੋ ਹਿੰਦੁਤਵ ਵਿਚਾਰਧਾਰਾ ਨੂੰ ਪ੍ਰਵਾਨ ਨਹੀਂ ਕਰਦੇ ਅਤੇ ਨਾਲ ਹੀ ਲੋਕਾਂ ਨੂੰ ਮਿਲੇ ਵਿਚਾਰਾਂ ਦੀ ਆਜ਼ਾਦੀ ਦੇ ਹੱਕ ਨੂੰ ਖੋਹਣ ਦਾ ਵਸੀਲਾ ਵੀ ਬਣਾਇਆ ਜਾਵੇਗਾ। ਉਨ੍ਹਾਂ ਸਪਸ਼ਟ ਕੀਤਾ ਕਿ ਦਲ ਖਾਲਸਾ ਅਤੇ ਉਨ੍ਹਾਂ ਨਾਲ ਸਬੰਧਤ ਜਥੇਬੰਦੀਆਂ ਇਹ ਫੈਸਲਾ ਮੰਨਣ ਤੋਂ ਇਨਕਾਰੀ ਹਨ।
ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਸਿਨੇਮਾ ਵਿਚ ਮਨੋਰੰਜਨ ਕਰਨ ਲਈ ਜਾਂਦਾ ਹੈ ਨਾ ਕਿ ਆਪਣੀ ਦੇਸ਼ ਭਗਤੀ ਦਿਖਾਉਣ ਲਈ। ਉਨ੍ਹਾਂ ਹੈਰਾਨੀ ਪ੍ਰਗਟਾਉਂਦਿਆਂ ਕਿਹਾ ਕਿ ਹੋਰਨਾਂ ਦੇਸ਼ਾਂ ਵਿੱਚ ਵਸਦੇ ਸਿੱਖਾਂ, ਮੁਸਲਮਾਨਾਂ, ਈਸਾਈਆਂ, ਬੋਧੀਆਂ ਨੂੰ ਕਿਸੇ ਹੋਰ ਦੇਸ਼ ਦੇ ਰਾਸ਼ਟਰੀ ਗੀਤ ਪ੍ਰਤੀ ਆਪਣੀ ਵਫਾਦਾਰੀ ਸਾਬਤ ਕਰਨ ਲਈ ਮਜਬੂਰ ਕਿਵੇਂ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਬਣਾਉਣ ਦਾ ਕੰਮ ਅਦਾਲਤਾਂ ਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਨੋਟਬੰਦੀ ਦੇ ਡਰਾਮੇ ਦੇ ਫੈਸਲੇ ਨਾਲ ਲੱਖਾਂ ਆਮ ਲੋਕ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ, ਪਰ ਅਫਸੋਸ ਕਿ ਉਸ ਬਾਰੇ ਨਿਆਂਪਾਲਿਕਾ ਨੇ ਚੁੱਪੀ ਧਾਰੀ ਹੋਈ ਹੈ।