ਮਿਸ਼ਨ 2019 : ਕਾਂਗਰਸ ਨੂੰ ਪੰਜਾਬ ਤੋਂ ਬੜੀਆਂ ਆਸਾਂ

0
92

Majitha: AICC Vice President Rahul Gandhi flanked by PPCC president  Capt Amrinder Singh  and Navjot Singh Sidhu at an election campaign rally at Majitha on Friday. PTI Photo  (PTI1_27_2017_000117B)

ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਵਿਚ ਕਾਂਗਰਸ ਨੂੰ ਪਿਛਲੀਆਂ 2014 ਦੀਆਂ ਲੋਕ ਸਭਾ ਚੋਣਾਂ ਵਿਚ ਪੰਜ ਹਲਕਿਆਂ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਮਿਸ਼ਨ ੨੦੧੯ ਵਿਚ ਕਾਂਗਰਸ ਕੋਈ ਵੀ ਢਿੱਲ ਨਹੀਂ ਵਰਤਣਾ ਚਾਹੁੰਦੀ। ਪੰਜਾਬ ਪ੍ਰਦੇਸ਼ ਕਾਂਗਰਸ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਦੇ ਪੰਜ ਹਾਰੇ ਹੋਏ ਲੋਕ ਸਭਾ ਹਲਕਿਆਂ ਲਈ  ਉਮੀਦਵਾਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਤੇ ਇਸ ਸਿਲਸਿਲੇ ਵਿਚ ਪੰਜੇ ਲੋਕ ਸਭਾ ਹਲਕਿਆਂ ਦੇ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਪਹਿਲੇ ਗੇੜ ਦੀ ਗੱਲਬਾਤ ਕਰਕੇ ਸੰਭਾਵੀਂ ਉਮੀਦਵਾਰਾਂ ਦਾ ਜਾਇਜ਼ਾ ਲਿਆ ਗਿਆ। ਇਹ ਉਹ ਲੋਕ ਸਭਾ ਹਲਕੇ ਹਨ ਜਿਨ੍ਹਾਂ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਨੇ ਵਿਚਾਰ ਚਰਚਾ ਲਈ  ਇਨ੍ਹਾਂ ਹਲਕਿਆਂ ਦੇ ਜ਼ਿਲ੍ਹਾ ਪ੍ਰਧਾਨ ਅਤੇ ਹੋਰ ਸੀਨੀਅਰ ਆਗੂ ਅੱਜ ਚੰਡੀਗੜ੍ਹ ਬੁਲਾਏ ਸਨ ਤਾਂ ਕਿ ਉਨ੍ਹਾਂ ਨਾਲ ਸੰਭਾਵੀ ਉਮੀਦਵਾਰਾਂ ਬਾਰੇ ਚਰਚਾ ਕੀਤੀ ਜਾ ਸਕੇ।
ਇਨ੍ਹਾਂ ਪੰਜ ਲੋਕ ਸਭਾ ਹਲਕਿਆਂ ਵਿਚ ਫਤਿਹਗੜ੍ਹ ਸਾਹਿਬ, ਸੰਗਰੂਰ, ਫਰੀਦਕੋਟ, ਖਡੂਰ ਸਾਹਿਬ ਅਤੇ ਹੁਸ਼ਿਆਰਪੁਰ ਸ਼ਾਮਲ ਹਨ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਵਿਸ਼ੇਸ਼ ਤੌਰ ‘ਤੇ ਇਥੇ ਪੁੱਜੇ ਸਨ। ਇਨ੍ਹਾਂ ਮੀਟਿੰਗਾਂ ਲਈ ਹਰੇਕ ਲੋਕ ਸਭਾ ਹਲਕੇ ਵਿੱਚ ਪੈਂਦੇ ਵਿਧਾਨ ਸਭਾ ਹਲਕਿਆਂ ਲਈ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਉਮੀਦਵਾਰ ਭਾਵ ਜਿੱਤੇ ਤੇ ਹਾਰੇ ਸੱਦੇ ਹੋਏ ਸਨ।  ਇਸ ਦੇ ਨਾਲ ਹੀ ਲੋਕ ਸਭਾ ਹਲਕੇ ਦਾ ਯੂਥ ਵਿੰਗ, ਮਹਿਲਾ ਵਿੰਗ ,ਐਸਸੀ.ਵਿੰਗ, ਸੇਵਾ ਦਲ ਦੇ ਪ੍ਰਧਾਨਾਂ ਨੂੰ ਵੀ ਬੁਲਾਇਆ ਗਿਆ ਸੀ। ਇਸ ਤਰ੍ਹਾਂ ਹਰੇਕ ਲੋਕ ਸਭਾ ਹਲਕੇ ਤੋਂ ਪੰਦਰਾਂ ਤੋਂ ਲੈ ਕੇ ਵੀਹ ਆਗੂ ਹਾਜ਼ਰ ਸਨ। ਇਨ੍ਹਾਂ ਮੀਟਿੰਗਾਂ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰਾਜਨੀਤਕ ਸਲਾਹਕਾਰ ਸੰਦੀਪ ਸੰਧੂ ਵੀ ਹਾਜ਼ਰ ਸਨ।
ਪਤਾ ਲੱਗਾ ਹੈ ਕਿ ਪੰਜੇ ਹਲਕਿਆਂ ਦੇ ਆਗੂਆਂ ਨਾਲ ਮੀਟਿੰਗਾਂ ਤੋਂ ਬਾਅਦ ਤਿੰਨ ਆਗੂਆਂ ਜਿਨ੍ਹਾਂ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਪੰਜਾਬ ਕਾਂਗਰਸ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਅਤੇ ਸੰਦੀਪ ਸੰਧੂ ਨੇ ਆਪਸ ਵਿੱਚ ਲੰਮੀ ਚੌੜੀ ਚਰਚਾ ਕੀਤੀ। ਮੀਟਿੰਗ ਵਿਚ ਕੁਝ ਨਾਂ ਵੀ ਸਾਹਮਣੇ ਆਏ ਸਨ। ਇਨ੍ਹਾਂ ਨਾਵਾਂ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਚਰਚਾ ਹੋਵੇਗੀ ਤੇ ਉਸ ਤੋਂ ਬਾਅਦ ਹੀ ਗੱਲ ਅੱਗੇ ਤੁਰੇਗੀ। ਪਰ ਕਾਂਗਰਸ ਪਾਰਟੀ ਨੇ ਸਬੰਧਤ ਲੋਕ ਸਭਾ ਹਲਕਿਆਂ ਦੇ ਆਗੂਆਂ ਨਾਲ ਮੁਢਲੇ ਗੇੜ ਦੀ ਗੱਲਬਾਤ ਕਰਕੇ ਜਾਇਜ਼ਾ ਲੈ ਲਿਆ ਹੈ ਕਿ ਇਨ੍ਹਾਂ ਹਲਕਿਆਂ ਤੋਂ ਕਿਹੜੇ ਕਿਹੜੇ ਆਗੂ ਉਮੀਦਵਾਰ ਹੋ ਸਕਦੇ ਹਨ। ਪਾਰਟੀ ਨੇ ਲੋਕ ਸਭਾ ਚੋਣਾਂ ਲਈ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰਕੇ ਇਹ ਸਾਫ ਕਰ ਦਿੱਤਾ ਹੈ ਕਿ ਕਾਂਗਰਸ ਵਿਰੋਧੀਆਂ ਨੂੰ ਸਖਤ ਟੱਕਰ ਦੇਣ ਦੇ ਰੌਂਅ ਵਿਚ ਹੈ। ਮੀਟਿੰਗ ਵਿਚ ਸ਼ਿਰਕਤ ਕਰਨ ਆਏ ਕੁਝ ਆਗੂਆਂ ਨੇ ਆਪਣੀ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਸੁਣਵਾਈ ਨਾ ਹੋਣ ਦੇ ਗਿਲੇ ਸ਼ਿਕਵੇ ਵੀ ਆਗੂਆਂ ਨਾਲ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਚੋਣਾਂ ਜਿੱਤਣ ਲਈ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ।