ਪੰਜਾਬ ਦੇ ਦੋ ਨੌਜਵਾਨਾਂ ਦੀ ਨਿਊਜ਼ੀਲੈਂਡ ਵਿਚ ਹਾਦਸੇ ਦੌਰਾਨ ਮੌਤ

0
49

car-crash

ਆਕਲੈਂਡ/ਬਿਊਰੋ ਨਿਊਜ਼ :

ਨਿਊਜ਼ੀਲੈਂਡ ਵਿਚ ਪੰਜਾਬ ਦੇ ਦੋ ਨੌਜਵਾਨਾਂ ਦੀ ਇਕ ਸਡਕ ਹਾਦਸੇ ਦੌਰਾਨ ਮੌਤ ਹੋਣ ਦਾ ਦੁਖਦ ਸਮਾਚਾਰ ਹੈ। ਅਧਿਕਾਰਤ ਸੁਤਰਾਂ ਮੁਤਾਬਕ ਵਾਇਆਕਾਟੋ ਇਲਾਕੇ ‘ਚ ਹੋਏ ਸੜਕ ਹਾਦਸੇ ਵਿਚ ਦੋ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ, ਜਦੋਂਕਿ ਇੱਕ ਗੰਭੀਰ ਜ਼ਖ਼ਮੀ ਹੋ ਗਿਆ। ਮ੍ਰਿਤਕ ਨੌਜਵਾਨਾਂ ‘ਚੋਂ ਇਕ ਦੀ ਭੈਣ ਟੋਕਾਰੂਆ ਰਹਿੰਦੀ ਸੀ, ਜਿਸ ਨੂੰ ਮਿਲ ਕੇ ਉਹ ਵਾਪਸ ਆਕਲੈਂਡ ਆ ਰਹੇ ਸਨ।
ਜਾਣਕਾਰੀ ਅਨੁਸਾਰ ਹਾਦਸੇ ਦੌਰਾਨ ਮੌਤ ਦਾ ਸ਼ਿਕਾਰ ਹੋਇਆ ਬਿਕਰਮ ਸਿੰਘ ਸੰਧੂ (21 ਸਾਲ) ਅੰਮ੍ਰਿਤਸਰ ਦੇ ਪਿੰਡ ਬਲੱਗਣ ਦਾ ਜੰਮਪਲ ਸੀ, ਜਦੋਂਕਿ ਮੁਕਲ (23 ਸਾਲ) ਦਿੱਲੀ ਨਾਲ ਸਬੰਧਤ ਸੀ। ਜ਼ਖ਼ਮੀ ਹੋਇਆ 21 ਸਾਲਾ ਅਮਿਤ ਸ਼ਰਮਾ ਪੁੱਤਰ ਬ੍ਰਿਜ ਸ਼ਰਮਾ, ਸੰਗਰੂਰ ਸ਼ਹਿਰ ਦੀ ਆਫ਼ੀਸਰ ਕਾਲੋਨੀ ਨਾਲ ਸਬੰਧਿਤ ਹੈ। ਘਟਨਾ ਤੋਂ ਤੁਰੰਤ ਬਾਅਦ ਪੁਲੀਸ ਨੇ ਜ਼ਖ਼ਮੀ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਅਮਿਤ ਆਈਸੀਯੂ ਵਿਚ ਹੈ।
ਬਿਕਰਮ ਦੇ ਦੋਸਤ ਜਰਨੈਲ ਸਿੰਘ ਨੇ ਦੱਸਿਆ ਕਿ ਇਹ ਤਿੰਨੋਂ ਆਕਲੈਂਡ ਦੀ ਵਕਾਰੀ ਸੰਸਥਾ ਯੂਨੀਟੈੱਕ ‘ਚੋਂ ਸਿਵਲ ਇੰਜਨੀਅਰਿੰਗ ਦਾ ਡਿਪਲੋਮਾ ਕਰ ਚੁੱਕੇ ਸਨ, ਜਿਸ ਪਿੱਛੋਂ ਅਮਿਤ ਅਤੇ ਬਿਕਰਮ ਤਾਂ ਇੱਕ ਸਾਲ ਦੇ ਓਪਨ ਵਰਕ ਪਰਮਿਟ ‘ਤੇ ਸਨ, ਜਦੋਂਕਿ ਮੁਕਲ ਨੇ ਪੜ੍ਹਾਈ ਜਾਰੀ ਰੱਖਦਿਆਂ ਡਿਗਰੀ ਕੋਰਸ ਵਿਚ ਦਾਖਲਾ ਲੈ ਲਿਆ ਸੀ।
ਖਬਰ ਹੈ ਕਿ ਅਮਿਤ ਦੀ ਭੈਣ ਨੂੰ ਭਾਰਤ ਤੋਂ ਨਿਊਜ਼ੀਲੈਂਡ ਦਾ ਵੀਜ਼ਾ ਮਿਲ ਗਿਆ ਹੈ, ਜਦੋਂਕਿ ਬਿਕਰਮ ਅਤੇ ਮੁਕਲ ਦੀਆਂ ਲਾਸ਼ਾਂ ਦਾ ਰੋਟੋਰੋਆ ਵਿਚ ਪੋਸਟਮਾਰਟਮ ਹੋਣ ਤੋਂ ਬਾਅਦ ਭਾਰਤ ਭੇਜਣ ਲਈ ਪ੍ਰਬੰਧ ਕੀਤਾ ਜਾਵੇਗਾ। ਇਸ ਘਟਨਾ ਤੋਂ ਤੁਰੰਤ ਬਾਅਦ ਕਮਿਊਨਿਟੀ ਆਗੂ ਦਲਜੀਤ ਸਿੰਘ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ।