ਕੈਪਟਨ ਦਾ ਰੋਡ ਸ਼ੋਅ ਬਣਿਆ ਟਿਕਟ ਦਾਅਵੇਦਾਰਾਂ ਦਾ ਸ਼ਕਤੀ ਪ੍ਰਦਰਸ਼ਨ

0
520

captain-da-road-show
ਕੈਪਸ਼ਨ-ਸੰਗਰੂਰ ਵਿੱਚ ਰੋਡ ਸ਼ੋਅ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵਰਕਰਾਂ ਦੀਆਂ ਸ਼ੁਭ ਕਾਮਨਾਵਾਂ ਕਬੂਲਦੇ ਹੋਏ।
ਸੰਗਰੂਰ/ਬਿਊਰੋ ਨਿਊਜ਼ :
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦਾ  ਸ਼ੁਰੂ ਹੋਇਆ ਰੋਡ ਸ਼ੋਅ ਵੱਖ-ਵੱਖ ਹਲਕਿਆਂ ਤੋਂ ਚੋਣ ਲੜਨ ਦੇ ਦਾਅਵੇਦਾਰਾਂ ਦਾ ਸ਼ਕਤੀ ਪ੍ਰਦਰਸ਼ਨ ਹੋ ਨਿਬੜਿਆ। ਵੱਖ-ਵੱਖ ਹਲਕਿਆਂ ਦੇ ਆਗੂਆਂ ਵਲੋਂ ਕੈਪਟਨ ਅਮਰਿੰਦਰ ਸਿੰਘ ਦੀ ਆਮਦ ਮੌਕੇ ਇੱਕੋ ਥਾਂ ਸਾਂਝੇ ਤੌਰ ‘ਤੇ ਇੱਕਜੁੱਟਤਾ ਦਰਸਾਉਣ ਦੀ ਬਜਾਏ ਆਪੋ ਆਪਣੀ ਸਿਆਸੀ ਡਫਲੀ ਵਜਾਉਣ ਨੂੰ ਹੀ ਤਰਜੀਹ ਦਿੱਤੀ ਗਈ। ਰੋਡ ਸ਼ੋਅ ਅੱਗੇ ਟਿਕਟ ਦੇ ਦਾਅਵੇਦਾਰਾਂ ਦੇ ਸਮਰਥਕ ਆਪੋ ਆਪਣੇ ਆਗੂਆਂ ਦੇ ਹੱਕ ਵਿਚ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਇੱਕ ਦੂਜੇ ਤੋਂ ਵੱਧ ਸਿਆਸੀ ਤਾਕਤ ਦਰਸਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਸਨ।
ਕੈਪਟਨ ਅਮਰਿੰਦਰ ਸਿੰਘ ਦੇ ਰੋਡ ਸ਼ੋਅ ਦੌਰਾਨ ਸ਼ਹਿਰ ਵਿੱਚ ਕਰੀਬ ਅੱਧੀ ਦਰਜਨ ਤੋਂ ਵੱਧ ਥਾਵਾਂ ਉਪਰ ਵੱਖ-ਵੱਖ ਹਲਕਿਆਂ ਤੋਂ ਟਿਕਟ ਦੇ ਦਾਅਵੇਦਾਰਾਂ ਵਲੋਂ ਕੈਪਟਨ ਦਾ ਸਵਾਗਤ ਕੀਤਾ ਗਿਆ। ਜਿਉਂ ਹੀ ਪਟਿਆਲਾ ਰੋਡ ਤੋਂ ਕੈਪਟਨ ਦਾ ਰੋਡ ਸ਼ੋਅ ਸ਼ਹਿਰ ਵਿੱਚ ਦਾਖਲ ਹੋਇਆ ਤਾਂ ਫੁਹਾਰਾ ਚੌਕ ਵਿਚ ਸਾਬਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਦੀ ਅਗਵਾਈ ਹੇਠ ਕੈਪਟਨ ਉਪਰ ਫੁੱਲਾਂ ਦੀ ਵਰਖਾ ਕਰਦਿਆਂ ਭਰਵਾਂ ਸਵਾਗਤ ਕੀਤਾ ਗਿਆ। ਫਿਰ ਥੋੜ੍ਹੀ ਹੀ ਦੂਰ ਕਾਲੀ ਦੇਵੀ ਮੰਦਿਰ ਅੱਗੇ ਦਿੜਬਾ ਹਲਕੇ ਨਾਲ ਸਬੰਧਤ ਮਾਸਟਰ ਅਜੈਬ ਸਿੰਘ ਰਟੋਲਾਂ, ਪੂਨਮ ਕਾਂਗੜਾ ਵਲੋਂ ਸਵਾਗਤ ਕੀਤਾ ਗਿਆ। ਉਸ ਤੋਂ ਅੱਗੇ ਹੀ ਸੁਨਾਮ ਹਲਕੇ ਤੋਂ ਪਾਰਟੀ ਟਿਕਟ ਦੇ ਦਾਅਵੇਦਾਰ ਰਾਜਿੰਦਰ ਦੀਪਾ ਵਲੋਂ ਆਪਣੇ ਸਮਰਥਕਾਂ ਸਣੇ ਰੋਡ ਸ਼ੋਅ ਦਾ ਸਵਾਗਤ ਕੀਤਾ ਗਿਆ। ਵੱਡੇ ਚੌਕ ਵਿਚ ਪੰਜਾਬ ਕਾਂਗਰਸ ਦੇ ਉਪ ਪ੍ਰਧਾਨ ਤੇ ਸਾਬਕਾ ਵਿਧਾਇਕ ਸੁਰਿੰਦਰਪਾਲ ਸਿੰਘ ਸਿਬੀਆ ਦੇ ਵੱਡੀ ਗਿਣਤੀ ਵਿਚ ਸ਼ਾਮਲ ਸਮਰਥਕਾਂ ਅਤੇ ਸਾਬਕਾ ਸੰਸਦ ਮੈਂਬਰ ਵਿਜੇਇੰਦਰ ਸਿੰਗਲਾ ਦੇ ਸਮਰਥਕਾਂ ਵਲੋਂ ਵੀ ਸਵਾਗਤ ਕੀਤਾ ਗਿਆ। ਬੱਸ ਸਟੈਂਡ ਦੇ ਨਜ਼ਦੀਕ ਵੱਡੀ ਤਾਦਾਦ ਵਿਚ ਆਪਣੇ ਸਮਰਥਕਾਂ ਸਣੇ ਸੁਨਾਮ ਤੋਂ ਟਿਕਟ ਦੀ ਦਾਅਵੇਦਾਰ ਦਾਮਨ ਬਾਜਵਾ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਫਿਰ ਭਗਵਾਨ ਮਹਾਂਵੀਰ ਚੌਕ ਵਿਚ ਜ਼ਿਲ੍ਹਾ ਕਾਂਗਰਸ ਕਮੇਟੀ ਪ੍ਰਧਾਨ ਰਾਜਿੰਦਰ ਸਿੰਘ ਰਾਜਾ, ਸੁਨਾਮ ਹਲਕੇ ਦੇ ਆਗੂ ਨਵਦੀਪ ਸਿੰਘ ਮੋਖਾ, ਸਾਬਕਾ ਮੰਤਰੀ ਬਲਦੇਵ ਸਿੰਘ ਮਾਨ, ਹਰਿੰਦਰ ਸਿੰਘ ਲਖਮੀਰਵਾਲਾ ਵਲੋਂ ਸਵਾਗਤ ਕੀਤਾ। ਰੋਡ ਸ਼ੋਅ ਵਾਲੀ ਬੱਸ ਵਿਚ ਵਿਜੇਇੰਦਰ ਸਿੰਗਲਾ ਮੌਜੂਦ ਸਨ ਜਦੋਂ ਕਿ ਸ਼ਹਿਰ ਵਿਚ ਥਾਂ-ਥਾਂ ਤੋਂ ਹਲਕਾ ਆਗੂਆਂ ਨੂੰ ਬੱਸ ਵਿਚ ਚੜ੍ਹਾਇਆ ਗਿਆ। ਭਗਵਾਨ ਮਹਾਂਵੀਰ ਚੌਕ ਵਿਚ ਤਾਂ ਸੁਰਿੰਦਰਪਾਲ ਸਿੰਘ ਸਿਬੀਆ ਦੇ ਸਮਰਥਕਾਂ ਵਲੋਂ ਉਨ੍ਹਾਂ ਨੂੰ ਮੋਢਿਆਂ ਉਪਰ ਚੁੱਕ ਕੇ ਰੋਡ ਸ਼ੋਅ ਵਾਲੀ ਬੱਸ ਦੇ ਅੱਗੇ ਖੂਬ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ। ਸ਼ਕਤੀ ਪ੍ਰਦਰਸ਼ਨਾਂ ਦੌਰਾਨ ਨਾਅਰੇਬਾਜ਼ੀ ਦੇ ਸ਼ੋਰ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਟਿਕਟ ਦੇ ਦਾਅਵੇਦਾਰਾਂ ਦੇ ਸਮਰਥਕਾਂ ਨੂੰ ਕਿਹਾ ਕਿ ਉਨ੍ਹਾਂ ਵੇਖ ਲਿਆ ਹੈ ਕਿ ਤੁਸੀਂ ਆਪੋ ਆਪਣੇ ਉਮੀਦਵਾਰਾਂ ਨੂੰ ਪੇਸ਼ ਕਰ ਰਹੇ ਹੋ। ਟਿਕਟ ਬਾਰੇ ਫੈਸਲਾ 3 ਦਸੰਬਰ ਨੂੰ ਹੋਵੇਗਾ ਜੋ ਕਿ ਸਾਰਿਆਂ ਉਪਰ ਲਾਗੂ ਹੋਵੇਗਾ। ਸ਼ਹਿਰ ਵਿਚ ਵੱਡੇ ਚੌਕ ਅਤੇ ਭਗਵਾਨ ਮਹਾਂਵੀਰ ਚੌਂਕ ਵਿਚ ਹੀ ਕੈਪਟਨ ਨੇ ਸੰਬੋਧਨ ਕਰਨ ਤੋਂ ਪਾਸਾ ਵੱਟਿਆ।