ਟਰੂਡੋ ਨਾਲ ਆਏ ਪੰਜਾਬੀ ਸੰਸਦ ਮੈਂਬਰਾਂ ਨੇ ‘ਸੱਚ ਦੀ ਕੰਧ’ ਅੱਗੇ ਕੀਤਾ ਸਿਜਦਾ

0
243

canadian-mps
ਕੈਨੇਡੀਅਨ ਸੰਸਦ ਮੈਂਬਰਾਂ ਦਾ ਵਫ਼ਦ ਯਾਦਗਾਰ ‘ਸੱਚ ਦੀ ਕੰਧ’ ਵਿਖੇ ਇੱਕ ਕਲਾਕ੍ਰਿਤੀ ਕੋਲ ਤਸਵੀਰ ਖਿਚਵਾਉਂਦਾ ਹੋਇਆ।
ਨਵੀਂ ਦਿੱਲੀ/ਬਿਊਰੋ ਨਿਊਜ਼
ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨਾਲ ਪਰਵਾਸੀ ਪੰਜਾਬੀ ਕੈਨੇਡੀਅਨ ਸੰਸਦ ਮੈਂਬਰਾਂ ਦੇ ਵਫ਼ਦ ਨੇ ਦਿੱਲੀ ਦੇ ਇਤਿਹਾਸਕ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਮੱਥਾ ਟੇਕ ਕੇ ਸ਼ੁਕਰਾਨਾ ਕੀਤਾ। ਉਨ੍ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਵੰਬਰ 1984 ਦੇ ਸਿੱਖ ਕਤਲੇਆਮ ਦੀ ਯਾਦ ਵਿੱਚ ਬਣਾਈ ਗਈ ‘ਸੱਚ ਦੀ ਕੰਧ’ ਦਾ ਦੌਰਾ ਕੀਤਾ।  ਪਰਵਾਸੀ ਸੰਸਦ ਮੈਂਬਰਾਂ ਨੂੰ ਦਿੱਲੀ ਕਮੇਟੀ ਵੱਲੋਂ ਫ਼ਤਿਹ ਦਿਵਸ ਬਾਰੇ ਕਿਤਾਬ, ਸਿੱਕਾ ਤੇ ਸ੍ਰੀ ਸਾਹਿਬ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਕੈਨੇਡੀਅਨ ਸੰਸਦ ਮੈਂਬਰ ਰਣਦੀਪ ਸਿੰਘ ਸਰਾਇ ਨੇ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਵਿਦੇਸ਼ਾਂ ਵਿੱਚ ਰਹਿੰਦੇ ਸਿੱਖ ਵੀ ਨਵੰਬਰ 1984 ਨੂੰ ਨਹੀਂ ਭੁੱਲੇ ਹਨ ਅਤੇ ਹਰ ਸਾਲ ਸੰਸਦ ਤੋਂ ਲੈ ਕੇ ਹੋਰ ਮੰਚਾਂ ‘ਤੇ ਉਨ੍ਹਾਂ ਨੂੰ ਯਾਦ ਕੀਤਾ ਜਾਂਦਾ ਹੈ। ਸੰਸਦ ਮੈਂਬਰ ਰਾਜ ਗਰੇਵਾਲ ਨੇ ਕਿਹਾ ਕਿ ਭਾਰਤ ਤੇ ਕੈਨੇਡਾ ਦੇ ਸਬੰਧ ਮਜ਼ਬੂਤ ਹੋਏ ਹਨ। ਉਨ੍ਹਾਂ ਕਰਤਾਰ ਸਿੰਘ ਸਰਾਭਾ ਨੂੰ ਵੀ ਯਾਦ ਕੀਤਾ। ਦਿੱਲੀ ਦੀ ਜੰਮਪਲ ਤੇ ਬਰੈਂਪਟਨ ਦੀ ਸੰਸਦ ਮੈਂਬਰ ਕਮਲ ਖਹਿਰਾ ਨੇ ਕਿਹਾ ਕਿ ਉਹ ਬਚਪਨ ਵਿੱਚ ਗੁਰਦੁਆਰਾ ਬੰਗਲਾ ਸਾਹਿਬ ਜਾਂਦੇ ਸਨ। ਸੋਨੀਆ ਸਿੱਧੂ ਨੇ ਦੱਸਿਆ ਕਿ ਕੈਨੇਡਾ, ਵਿਦਿਆਰਥੀਆਂ ਨੂੰ ਬਹੁਤ ਸਹੂਲਤਾਂ ਦੇ ਰਿਹਾ ਹੈ। ਰੂਬੀ ਸਹੋਤਾ ਨੇ ਪੰਜਾਬ ਨਾਲ ਜੁੜੇ ਰਹਿਣ ਦੀ ਤਾਂਘ ਪ੍ਰਗਟਾਈ। ਸਾਰੇ ਸੰਸਦ ਮੈਂਬਰਾਂ ਅਤੇ ਪਰਵਾਸੀ ਮਹਿਮਾਨਾਂ ਨੂੰ ਰਕਾਬ ਗੰਜ ਵਿਖੇ ਸਿਰੋਪੇ ਭੇਟ ਕੀਤੇ ਗਏ। ਇਸ ਦੌਰਾਨ ਪਰਵਾਸੀਆਂ ਨੂੰ ‘ਸੱਚ ਦੀ ਕੰਧ’ ਯਾਦਗਾਰ ਦਿਖਾਉਂਦਿਆਂ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਇਹ ਯਾਦਗਾਰ ਸਰਕਾਰੀ ਰੁਕਾਵਟਾਂ ਦੇ ਬਾਵਜੂਦ ਬਣਾਈ ਗਈ ਹੈ। ਇਸ ਮੌਕੇ ਅਵਤਾਰ ਸਿੰਘ ਹਿੱਤ, ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ, ਬਿੰਨੀਪੈਗ ਦੇ ਸੰਸਦ ਮੈਂਬਰ ਕੇਵਿਨ ਰੇਮਰੂਕਸ ਹਾਜ਼ਰ ਸਨ।
ਸਿੱਖ ਕਤਲੇਆਮ ਦੀਆਂ ਵਿਧਵਾਵਾਂ ਦਾ ਦਰਦ ਵੰਡਾਇਆ
ਕੈਨੇਡੀਅਨ ਸੰਸਦ ਮੈਂਬਰਾਂ ਨੇ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਦੇ ਇਲਾਕੇ ਤਿਲਕ ਵਿਹਾਰ ਦਾ ਦੌਰਾ ਕੀਤਾ। ਇਸ ਮੌਕੇ ਡੀਡੀਏ ਦੀ ਕਲੋਨੀ ਦੀਆਂ ਵਿਧਵਾਵਾਂ ਦੀ ਹਾਲਤ ਵੇਖਕੇ ਉਹ ਜਜ਼ਬਾਤੀ ਹੋ ਗਏ। ਤਿੰਨਾਂ ਮਹਿਲਾ ਸੰਸਦ ਮੈਂਬਰਾਂ ਦਾ ਉਸ ਵੇਲੇ ਰੋਣਾ ਨਿਕਲ ਆਇਆ ਜਦੋਂ ਉਨ੍ਹਾਂ ਪੀੜਤਾਂ ਦੀ ਦਾਸਤਾਨ ਸੁਣੀ। ਇਸ ਦੌਰਾਨ ਇਸ  ਵਫ਼ਦ ਦਾ ਸਵਾਗਤ ਗੁਰਦੁਆਰਾ ਸ਼ਹੀਦ ਗੰਜ ਵਿਖੇ 11 ਮੈਂਬਰਾਂ ਵੱਲੋਂ ਗੁਰਦਿਆਲ ਸਿੰਘ ਨਾਂਗੂ ਦੀ ਅਗਵਾਈ ਹੇਠ ਕੀਤਾ ਗਿਆ ਗਿਆ। ਦਿੱਲੀ ਕਮੇਟੀ ਮੈਂਬਰ ਆਤਮਾ ਸਿੰਘ ਲੁਬਾਣਾ ਨੇ ਦੱਸਿਆ ਕਿ ਕੈਨੇਡਿਆਈ ਆਗੂ ਰਣਦੀਪ ਸਿੰਘ ਨੇ ਵਿਧਵਾਵਾਂ ਨੂੰ ਭਰੋਸਾ ਦਿੱਤਾ ਕਿ ਇਸ ਨਾ-ਇਨਸਾਫ਼ੀ ਲਈ ਉਹ ਕੌਮਾਂਤਰੀ ਪੱਧਰ ‘ਤੇ ਆਵਾਜ਼ ਚੁੱਕਦੇ ਰਹਿਣਗੇ। ਸੰਸਦ ਮੈਂਬਰਾਂ ਨੇ ਮੰਗ ਕੀਤੀ ਕਿ ਕਥਿਤ ਦੋਸ਼ੀਆਂ ਨੂੰ ਸਜ਼ਾਵਾਂ ਦੇ ਕੇ ਇਨਸਾਫ਼ ਕੀਤਾ ਜਾਣਾ ਚਾਹੀਦਾ ਹੈ।