ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ, ਮੈਨੀਟੋਬਾ ਤੇ ਅਲਬਰਟਾ ਤੋਂ ਬਾਅਦ ਉਂਟਾਰੀਓ ਰਾਜ ਵਿਚ ਵੀ ਸਿੱਖਾਂ ਨੂੰ ਹੈਲਮਟ ਤੋਂ ਛੋਟ ਮਿਲੀ

0
127

canada-helmat
ਟੋਰਾਂਟੋ/ਬਿਊਰੋ ਨਿਊਜ਼ :

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ, ਮੈਨੀਟੋਬਾ ਤੇ ਅਲਬਰਟਾ ਤੋਂ ਬਾਅਦ ਉਂਟਾਰੀਓ ਰਾਜ ਵਿਚ ਵੀ ਸਿੱਖਾਂ ਨੂੰ ਹੈਲਮਟ ਤੋਂ ਛੋਟ ਮਿਲ ਗਈ ਹੈ। ਕੈਨੇਡਾ ‘ਚ ਸਿੱਖਾਂ ਦੇ ਚਹੇਤੇ ਪ੍ਰਾਂਤ ਉਂਟਾਰੀਓ ‘ਚ ਮੋਟਰਸਾਈਕਲ ਚਲਾਉਣ ਵਾਸਤੇ ਹੈਲਮਟ ਤੋਂ ਛੋਟ ਦੀ ਮੰਗ ਸਰਕਾਰ ਵਲੋਂ ਮੰਨ ਲਈ ਗਈ ਹੈ। ਮੁੱਖ ਮੰਤਰੀ ਡਗ ਫੋਰਡ ਨੇ ਦੱਸਿਆ ਕਿ ਸਿੱਖਾਂ ਨੂੰ ਹੈਲਮਟ ਤੋਂ ਛੋਟ ਦੇਣ ਦਾ ਜੋ ਵਾਅਦਾ ਕੀਤਾ ਸੀ, ਉਸ ਨੂੰ ਪੂਰਾ ਕਰਨ ਲਈ ਕਦਮ ਉਠਾਏ ਗਏ ਹਨ ਅਤੇ ਹਾਈਵੇ ਟ੍ਰੈਫਿਕ ਐਕਟ ‘ਚ ਸੋਧ ਕਰਨਾ ਮੰਨ ਲਿਆ ਗਿਆ ਹੈ। 18 ਅਕਤੂਬਰ ਤੱਕ ਸਾਰੀਆਂ ਕਾਨੂੰਨੀ ਕਾਰਵਾਈਆਂ ਮੁਕੰਮਲ ਹੋਣ ਤੋਂ ਬਾਅਦ ਸਿੱਖ ਦਸਤਾਰ ਸਜਾ ਕੇ ਮੋਟਰਸਾਈਕਲ ਅਤੇ ਈ-ਬਾਈਕ ਚਲਾ ਸਕਣਗੇ। ਬਰੈਂਪਟਨ ‘ਚ ਈ-ਬਾਈਕ ਚਲਾਉਣ ਵਾਲੇ ਸਿੱਖ ਬਜ਼ੁਰਗਾਂ ਦੇ ਪੁਲਿਸ ਵਲੋਂ ਚਲਾਨ ਕਰਨ ਦੀਆਂ ਖ਼ਬਰਾਂ ਚਰਚਾ ‘ਚ ਸਨ। ਫੋਰਡ ਸਰਕਾਰ ਦੇ ਪਹਿਲੇ 100 ਦਿਨਾਂ ‘ਚ ਸਿੱਖਾਂ ਨੂੰ ਇਸ ਛੋਟ ਦਾ ਤੋਹਫ਼ਾ ਦੇ ਦਿੱਤਾ ਹੈ ਅਤੇ ਸ੍ਰੀ ਫੋਰਡ ਨੇ ਬਰੈਂਪਟਨ ਪੁੱਜ ਕੇ ਇਸ ਦਾ ਐਲਾਨ ਕੀਤਾ।
ਸੰਸਦੀ ਸਕੱਤਰ ਪ੍ਰਭ ਸਰਕਾਰੀਆ ਨੇ ਵਿਧਾਨ ਸਭਾ ‘ਚ ਬਿੱਲ 41 (ਹਾਈਵੇ ਟ੍ਰੈਫਿਕ ਐਕਟ ਅਮੈਂਡਮੈਂਟ ਐਕਟ) ਪੇਸ਼ ਕੀਤਾ, ਜਿਸ ਦਾ ਮਕਸਦ ਸਿੱਖ ਮੋਟਰਸਾਈਕਲ ਚਾਲਕਾਂ ਨੂੰ ਹੈਲਮਟ ਤੋਂ ਛੋਟ ਦੇਣਾ ਹੈ। ਸਰਕਾਰੀਆ ਨੇ ਕਿਹਾ ਕਿ ਸਿੱਖ ਧਰਮ ਅਤੇ ਸਿੱਖਾਂ ਦੀ ਵੱਖਰੀ ਪਛਾਣ ਲਈ ਦਸਤਾਰ ਸਜਾਉਣਾ ਜ਼ਰੂਰੀ ਹੈ। ਇਹ ਵੀ ਕਿ ਕੈਨੇਡਾ ਦੇ ਪ੍ਰਾਂਤਾਂ ਬ੍ਰਿਟਿਸ਼ ਕੋਲੰਬੀਆ (ਸੰਨ 1999 ਤੋਂ), ਮੈਨੀਟੋਬਾ (ਸੰਨ 2000) ਅਤੇ ਅਲਬਰਟਾ (ਸੰਨ 2018) ‘ਚ ਮੋਟਰਸਾਈਕਲ ਚਾਲਕ ਸਿੱਖਾਂ ਨੂੰ ਅਜਿਹੀ ਛੋਟ ਮਿਲੀ ਹੋਈ ਹੈ, ਜਦਕਿ ਬਰਤਾਨੀਆ ‘ਚ ਸਿੱਖਾਂ ਨੂੰ ਇਹ ਸਹੂਲਤ ਸੰਨ 1976 ‘ਚ ਦਿੱਤੀ ਗਈ ਸੀ। ਕਮਾਲ ਦੀ ਗੱਲ ਤਾਂ ਇਹ ਹੈ ਕਿ ਉਂਟਾਰੀਓ ਦੀ ਪਿਛਲੀ ਵਿੱਨ ਸਰਕਾਰ ਨੇ ਸਿੱਖਾਂ ਨੂੰ ਸੜਕੀ ਸੁਰੱਖਿਆ ਨੂੰ ਪ੍ਰਮੁੱਖਤਾ ਦਿੰਦਿਆਂ ਹੈਲਮਟ ਤੋਂ ਛੋਟ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਸਿੱਖ ਮੋਟਰਸਾਈਕਲ ਕਲੱਬ ਆਫ਼ ਉਂਟਾਰੀਓ ਦੀ ਕਾਰਜਕਾਰਨੀ ਅਤੇ ਮੈਂਬਰ ਇਸ ਕਾਰਜ ਲਈ ਬੀਤੇ ਲੰਬੇ ਸਮੇਂ ਤੋਂ ਸਰਕਾਰਾਂ ਅਤੇ ਰਾਜਨੀਤਕ ਆਗੂਆਂ ਤੱਕ ਪਹੁੰਚ ਕਰ ਰਹੇ ਸਨ।