ਕੌਮਾਂਤਰੀ ਫ਼ਿਲਮ ਫੈਸਟੀਵਲਾਂ ‘ਚ ਨਾਮਨਾ ਖੱਟਣ ਮਗਰੋਂ  ਦੁਨੀਆ ਭਰ ਵਿਚ 21 ਜੁਲਾਈ ਨੂੰ ਰਿਲੀਜ਼ ਹੋਵੇਗੀ ‘ਦੀ ਬਲੈਕ ਪ੍ਰਿੰਸ’

0
348

black-prince-satinder
ਲਾਸ ਏਂਜਲਸ/ਬਿਊਰੋ ਨਿਊਜ਼ :
ਕੌਮਾਂਤਰੀ ਪੱਧਰ ‘ਤੇ ਹੋਏ ਫ਼ਿਲਮ ਫੈਸਟੀਵਲਾਂ ਵਿਚ ਕਈ ਐਵਾਰਡਾਂ ਨਾਲ ਨਿਵਾਜੀ ਗਈ ‘ਦੀ ਬਲੈਕ ਪ੍ਰਿੰਸ’ ਦੁਨੀਆ ਭਰ ਦੇ ਸਿਨੇਮਾ ਘਰਾਂ ਵਿਚ 21 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਕੌਮਾਂਤਰੀ ਪੱਧਰ ‘ਤੇ ਦਰਸ਼ਕਾਂ ਦੇ ਭਰਵੇਂ ਹੁੰਗਾਰੇ ਮਗਰੋਂ ਬੇਸਬਰੀ ਨਾਲ ਉਡੀਕੀ ਜਾ ਰਹੀ ਇਹ ਫ਼ਿਲਮ ਆਪਣੀਆਂ ਨਵੀਂਆਂ ਪੈੜਾਂ ਦੀ ਛਾਪ ਛੱਡਣ ਲਈ ਅੱਗੇ ਵੱਧ ਰਹੀ ਹੈ। ਇਹ ਇਤਿਹਾਸਕ ਡਰਾਮਾ ਪੰਜਾਬ ਰਿਆਸਤ ਦੇ ਆਖ਼ਰੀ ਵਾਰਿਸ ਮਹਾਰਾਜਾ ਦਲੀਪ ਸਿੰਘ, ਜਿਨ੍ਹਾਂ ਨੂੰ ‘ਦੀ ਬਲੈਕ ਪ੍ਰਿੰਸ’ ਵਜੋਂ ਵੀ ਜਾਣਿਆ ਜਾਂਦਾ ਹੈ, ਦੀ ਅਸਲ ਜ਼ਿੰਦਗੀ ‘ਤੇ ਆਧਾਰਤ ਹੈ।
ਬਰਿਲਸਟਿਨ ਐਂਟਰਟੇਨਮੈਂਟ ਪਾਰਟਨਰਜ਼ ਵਲੋਂ ਨਿਰਮਤ ਇਸ ਫ਼ਿਲਮ ਦੇ ਡਾਇਰੈਕਟਰ ਕਵੀ ਰਾਜ਼ ਹਨ, ਜਿਨ੍ਹਾਂ ਨੇ ਪੂਰੀ ਲਗਨ ਤੇ ਮਿਹਨਤ ਨਾਲ ਇਸ ਵਿਚਲੇ ਭਾਵਨਾਤਮਕ ਰੂਪਾਂ ਨੂੰ ਛੋਹਿਆ ਹੈ। ਗਾਇਕ ਅਤੇ ਕਵੀ ਸਤਿੰਦਰ ਸਰਤਾਜ ਨੇ ਮਹਾਰਾਜ ਦਲੀਪ ਸਿੰਘ ਦਾ ਕਿਰਦਾਰ ਬਾਖ਼ੂਬੀ ਨਿਭਾਉਂਦਿਆਂ ਆਪਣੇ ਫ਼ਿਲਮੀ ਸਫ਼ਰ ਦੀ ਬਿਹਤਰੀਨ ਸ਼ੁਰੂਆਤ ਕੀਤੀ ਹੈ। ਬਾਲੀਵੁੱਡ ਦੀ ਉੱਘੀ ਅਦਾਕਾਰਾ ਸ਼ਬਾਨਾ ਆਜ਼ਮੀ ਨੇ ਮਹਾਰਾਜਾ ਦਲੀਪ ਸਿੰਘ ਦੀ ਮਾਂ ਰਾਣੀ ਜਿੰਦਾ ਦਾ ਕਿਰਦਾਰ ਨਿਭਾਇਆ ਹੈ ਜਦਕਿ ਜੈਸਨ ਫਲੇਮਿੰਗ, ਅਮਾਂਡਾ ਰੂਟ, ਕੀਥ ਡਫੀ, ਡੈਵਿਡ ਐਸੈਕਸ, ਕੈਨੇਡੀਅਨ ਅਦਾਕਾਰ ਰੂਪ ਮੈਗੋਨ ਤੇ ਸੋਫ਼ੀਆ ਸਟੀਵਨਜ਼ ਨੇ ਆਪਣੇ ਆਪਣੇ ਕਿਰਦਾਰ ਬਾਖ਼ੂਬੀ ਨਿਭਾਏ ਹਨ।
ਵਰਲਡ ਵਾਈਡ ਰਿਲੀਜ਼ ਤੋਂ ਪਹਿਲਾਂ ‘ਦੀ ਬਲੈਕ ਪ੍ਰਿੰਸ’ ਨੇ ‘ਬੈਸਟ ਡਰਾਮਾ ਫੀਚਰ (ਲਾਸ ਏਂਜਲਸ ਫ਼ਿਲਮ ਐਵਾਰਡਜ਼), ਸੈਪਸ਼ਲ ਜਿਊਰੀ ਰੈਮੀ ਐਵਾਰਡ (50 ਵਾਂ ਸਾਲਾਨਾ ਵਰਲਡ ਫੈਸਟ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ, ਹਿਊਜ਼ਟਨ), ਸਤਿੰਦਰ ਸਰਤਾਜ ਲਈ ਬੈਸਟ ਮੇਲ ਡੈਬਿਊ ਐਵਾਰਡ (ਲੰਡਨ ਇੰਡੀਪੈਂਡੈਂਟ ਫ਼ਿਲਮ ਫੈਸਟੀਵਲ) ਸਮੇਤ ਕਈ ਐਵਾਰਡ ਜਿੱਤੇ ਹਨ। ਵੱਖ ਵੱਖ ਸ਼ਹਿਰਾਂ ਵਿਚ ਹੋਏ ਫ਼ਿਲਮ ਫੈਸਟੀਵਲਾਂ ਦੌਰਾਨ ਫ਼ਿਲਮ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਅਮਰੀਕਾ, ਲੰਡਨ ਤੇ ਭਾਰਤ ਤੋਂ ਇਲਾਵਾ ਜਰਮਨ, ਸਿੰਗਾਪੁਰ, ਕੀਨੀਆ ਤੇ ਯੂ.ਏ.ਈ. ਨੇ ‘ਦੀ ਬਲੈਕ ਪ੍ਰਿੰਸ’ ਵਿਚ ਦਿਲਚਸਪੀ ਦਿਖਾਈ ਹੈ।