ਪਲਾਟ ਅਲਾਟ ਮਾਮਲੇ ‘ਚ ਸੀਬੀਆਈ ਵੱਲੋਂ ਹੁੱਡਾ ਖ਼ਿਲਾਫ਼ ਕੇਸ ਦਰਜ

0
417

bhupinder-hooda
ਚੰਡੀਗੜ੍ਹ/ਬਿਊਰੋ ਨਿਊਜ਼ :
ਸੀਬੀਆਈ ਨੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਖ਼ਿਲਾਫ਼ ਐਸੋਸੀਏਟਿਡ ਜਰਨਲਜ਼ ਲਿਮਟਿਡ (ਏਜੇਐਲ) ਨੂੰ ਪੰਚਕੂਲਾ ਵਿੱਚ ਨੇਮਾਂ ਦੀ ਉਲੰਘਣਾ ਕਰਕੇ ਜ਼ਮੀਨ ਅਲਾਟ ਕੀਤੇ ਜਾਣ ਦੇ ਮਾਮਲੇ ਵਿਚ ਕੇਸ ਦਰਜ ਕੀਤਾ ਹੈ। ਹੁੱਡਾ ਖ਼ਿਲਾਫ਼ ਦਰਜ ਐਫਆਈਆਰ ਮੁਤਾਬਕ ਏਜੇਐਲ ਨੂੰ 1982 ਵਿੱਚ ਪੰਚਕੂਲਾ ਵਿਚ ਪਲਾਟ ਅਲਾਟ ਕੀਤਾ ਗਿਆ ਸੀ, ਪਰ ਜਦੋਂ ਦਸ ਸਾਲ ਦੇ ਵਕਫ਼ੇ ਬਾਅਦ ਵੀ ਇਸ ‘ਤੇ ਕੋਈ ਉਸਾਰੀ ਨਾ ਹੋਈ ਤਾਂ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ (ਹੁੱਡਾ) ਨੇ ਪਲਾਟ ਦਾ ਕਬਜ਼ਾ ਵਾਪਸ ਲੈ ਲਿਆ। ਸ੍ਰੀ ਹੁੱਡਾ ਨੇ 2005 ਵਿੱਚ ਮੁੱਖ ਮੰਤਰੀ ਤੇ ਹੁੱਡਾ ਦੇ ਚੇਅਰਮੈਨ ਵਜੋਂ ਨੇਮਾਂ ਦੀ ਕਥਿਤ ਉਲੰਘਣਾ ਕਰਦਿਆਂ ਇਸੇ ਪਲਾਟ ਨੂੰ ਪੁਰਾਣੀ ਕੀਮਤ ‘ਤੇ ਮੁੜ ਏਜੇਐਲ ਨੂੰ ਅਲਾਟ ਕਰ ਦਿੱਤਾ। ਯਾਦ ਰਹੇ ਕਿ ਏਜੇਐਲ ‘ਤੇ ਗਾਂਧੀ ਪਰਿਵਾਰ ਸਮੇਤ ਹੋਰਨਾਂ ਸੀਨੀਅਰ ਕਾਂਗਰਸੀ ਆਗੂਆਂ ਦਾ ਕਬਜ਼ਾ ਹੈ ਤੇ ਇਸ ਵੱਲੋਂ ‘ਨੈਸ਼ਨਲ ਹੈਰਲਡ’ ਅਖ਼ਬਾਰ ਚਲਾਇਆ ਜਾਂਦਾ ਹੈ। ਐਫਆਈਆਰ ਵਿੱਚ ਸਾਬਕਾ ਮੁੱਖ ਮੰਤਰੀ ਤੋਂ ਇਲਾਵਾ ਹੁੱਡਾ ਦੇ ਤਤਕਾਲੀਨ ਮੁੱਖ ਪ੍ਰਸ਼ਾਸਕ, ਟਾਊਨ ਤੇ ਪਲਾਨਿੰਗ ਕਮਿਸ਼ਨ ਦੇ ਤਤਕਾਲੀਨ ਵਿੱਤ ਕਮਿਸ਼ਨਰ ਤੇ ਮੈਸਰਜ਼ ਏਜੇਐਲ ਦੇ ਵੀ ਨਾਂ ਸ਼ਾਮਲ ਹਨ। ਇਸ ਦੌਰਾਨ ਸਾਬਕਾ ਮੁੱਖ ਮੰਤਰੀ ਨੇ ਦਾਅਵਾ ਕੀਤਾ ਹੈ ਉਨ੍ਹਾਂ ਏਜੇਐਲ ਨੂੰ ਜ਼ਮੀਨ ਦੇ ਕੇ ਕੁਝ ਗ਼ਲਤ ਨਹੀਂ ਕੀਤਾ ਤੇ ਸੀਬੀਆਈ ਵੱਲੋਂ ਦਰਜ ਕੇਸ ਸਿਆਸੀ ਬਦਲਾਖੋਰੀ ਦਾ ਨਤੀਜਾ ਹੈ।