ਹਿੰਦੂਤਵੀ ਅਨਸਰਾਂ ਨੇ ਭੜਕਾਈ ਸੀ ‘ਭੀਮਾ-ਕੋਰੇਗਾਓਂ ‘ਚ ਹਿੰਸਾ

0
92

bhima_koregaon-victory-pillar
ਭੀਮਾ-ਕੋਰੇਗਾਓਂ ਵਿੱਚ ਜਿੱਤ ਮੀਨਾਰ ਦੀ ਝਲਕ।
ਪੁਣੇ/ਬਿਊਰੋ ਨਿਊਜ਼:
ਮਹਾਰਾਸ਼ਟਰ ‘ਚ ਜਾਤ ਆਧਾਰਿਤ ਹਿੰਸਾ ਦਾ ਮੁੱਖ ਕੇਂਦਰ ਰਹੇ ਭੀਮਾ-ਕੋਰੇਗਾਓਂ ਪਿੰਡ ਦੇ ਵਸਨੀਕਾਂ ਨੇ ਦੋਸ਼ ਲਾਇਆ ਹੈ ਕਿ ਬਾਹਰੀ ਹਿੰਦੂਤਵੀ ਤਾਕਤਾਂ ਨੇ ਹਿੰਸਾ ਭੜਕਾਈ। ਉਨ੍ਹਾਂ ਦਾਅਵਾ ਕੀਤਾ ਕਿ ਵਿਸ਼ਾਲ ਸਮਾਗਮ ਦੌਰਾਨ ਸੁਰੱਖਿਆ ਦੇ ਢੁਕਵੇਂ ਪ੍ਰਬੰਧ ਨਾ ਹੋਣ ਕਰਕੇ ਵੀ ਗੜਬੜ ਫੈਲੀ।
ਭੀਮਾ-ਕੋਰੇਗਾਓਂ ਪਿੰਡ ਦੀ ਸਰਪੰਚ ਸੁਨੀਤਾ ਕਾਂਬਲੇ ਨੇ ਕਿਹਾ ਕਿ ਕੁਝ ਬਾਹਰੀ ਅਨਸਰਾਂ ਨੇ ਪਿੰਡ ‘ਚ ਅਸ਼ਾਂਤੀ ਫੈਲਾਈ। ਉਨ੍ਹਾਂ ਕਿਹਾ ਕਿ ਹਿੰਸਾ ਦੌਰਾਨ ਜਿਨ੍ਹਾਂ ਲੋਕਾਂ ਦੀ ਜਾਇਦਾਦ ਅਤੇ ਵਾਹਨ ਨੁਕਸਾਨੇ ਗਏ ਹਨ, ਉਸ ਦਾ ਮੁਆਵਜ਼ਾ ਸਰਕਾਰ ਅਦਾ ਕਰੇ। ਉਨ੍ਹਾਂ ਮੰਗ ਕੀਤੀ ਕਿ ਝੜਪਾਂ ਦੌਰਾਨ ਮਾਰੇ ਗਏ ਰਾਹੁਲ ਫਟਾਂਗਲੇ ਦੇ ਨਜ਼ਦੀਕੀਆਂ ਨੂੰ ਇਕ ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ। ਇਕ ਹੋਰ ਪਿੰਡ ਵਾਸੀ ਵਰੁਸ਼ਲੀ ਗਾਵਾਨੇ ਦਾਅਵਾ ਕੀਤਾ ਕਿ ਭੀੜ ਨੇ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ‘ਤੇ ਹਮਲੇ ਕੀਤੇ।
ਉਸ ਨੇ ਦੋਸ਼ ਲਾਇਆ ਕਿ ਕੁਝ ਬਾਹਰੀ ਅਨਸਰਾਂ ਨੇ ਨੇਤਰਹੀਣ ਲੜਕੀ ਨਾਲ ਵੀ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਕਿਹਾ ਕਿ ਪਿਛਲੇ ਤਿੰਨ ਦਿਨਾਂ ਤੋਂ ਪਿੰਡ ਵਾਸੀਆਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ‘ਪਿੰਡ ‘ਚ ਪਾਣੀ ਅਤੇ ਬਿਜਲੀ ਤਕ ਨਹੀਂ ਹੈ ਪਰ ਬਦਕਿਸਮਤੀ ਨਾਲ ਸਰਕਾਰ ਨੇ ਹਾਲਾਤ ‘ਤੇ ਕੋਈ ਗੌਰ ਨਹੀਂ ਕੀਤਾ ਹੈ।’ ਉਧਰ ਪਿੰਡ ਵਾਸੀ ਗੋਵਿੰਦ ਗਾਇਕਵਾੜ ਦੀ ‘ਸਮਾਧੀ’ ਭੀਮਾ-ਕੋਰਗਾਓਂ ਨੇੜੇ ਵਧੂ ਬਡਰੁਕ ‘ਚ ਬਣਾਉਣ ਲਈ ਬਜ਼ਿੱਦ ਹਨ ਜਿਸ ਨੂੰ ਭੀੜ ਨੇ ਤੋੜ ਦਿੱਤਾ ਸੀ।