ਭੀਮਾ ਕੋਰੇਗਾਓਂ ਹਿੰਸਾ ਦੇ ਸਬੰਧ ‘ਚ ਮੇਵਾਨੀ ਤੇ ਖਾਲਿਦ ਖ਼ਿਲਾਫ਼ ਕੇਸ

0
253

bhima-coregaoan-meyvani-umer-khalid
ਪੁਣੇ/ਬਿਊਰੋ ਨਿਊਜ਼:
ਇਥੇ ਭੀਮਾ ਕੋਰੇਗਾਓਂ ਜੰਗ ਦੀ 200 ਵੀਂ ਵਰ੍ਹੇਗੰਢ ਮੌਕੇ ਕਰਵਾਏ ਸਮਾਗਮ ਦੌਰਾਨ ਕਥਿਤ ਭੜਕਾਊ ਭਾਸ਼ਣ ਦੇਣ ਦੇ ਦੋਸ਼ ਹੇਠ ਪੁਲੀਸ ਨੇ ਦਲਿਤ ਆਗੂ ਜਿਗਨੇਸ਼ ਮੇਵਾਨੀ ਅਤੇ ਜਵਾਹਰਲਾਲ ਨਹਿਰ ਯੂਨੀਵਰਸਿਟੀ ਦੇ ਵਿਦਿਆਰਥੀ ਆਗੂ ਉਮਰ ਖਾਲਿਦ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਹ ਸਮਾਗਮ 31 ਦਸੰਬਰ ਨੂੰ ਹੋਇਆ ਸੀ। ਦੋਵਾਂ ਆਗੂਆਂ ਖ਼ਿਲਾਫ਼ ਕਥਿਤ ਤੌਰ ‘ਤੇ ਮਰਾਠਾ ਅਤੇ ਦਲਿਤ ਫਿਰਕਿਆਂ ਵਿੱਚ ਫੁੱਟ ਅਤੇ ਅਸੰਤੋਸ਼ ਫੈਲਾਉਣ ਦਾ ਦੋਸ਼ ਹੈ। ਜ਼ਿਕਰਯੋਗ ਹੈ ਕਿ ਭੀਮ ਕੋਰੇਗਾਓਂ ਜੰਗ ਦੀ 200ਵੀਂ ਵਰ੍ਹੇਗੰਢ ਮੌਕੇ ਸ਼ਨੀਵਾਰ ਵਾਡਾ ਵਿੱਚ ‘ਇਲਗਾਰ ਪ੍ਰੀਸ਼ਦ’ ਕਰਵਾਈ ਗਈ ਸੀ, ਜਿਸ ਵਿੱਚ ਗੁਜਰਾਤ ਤੋਂ ਨਵੇਂ ਚੁਣੇ ਵਿਧਾਇਕ ਜਿਗਨੇਸ਼ ਮੇਵਾਨੀ ਅਤੇ ਖਾਲਿਦ ਨੇ ਸ਼ਿਰਕਤ ਕੀਤੀ ਸੀ। ਇਥੋਂ ਦੇ ਵਸਨੀਕ ਅਕਸ਼ੈ ਬਿੱਕਰ ਨੇ ਪੁਲੀਸ ਨੂੰ ਸ਼ਿਕਾਇਤ ਦੇ ਕੇ ਦੋਸ਼ ਲਾਇਆ ਸੀ ਕਿ ਮੇਵਾਨੀ  ਅਤੇ ਖਾਲਿਦ ਨੇ ਸਮਾਗਮ ਦੌਰਾਨ ਭੜਕਾਊ ਤਕਰੀਰ ਕੀਤੀ। ਇਸ ਕਾਰਨ ਦੋਵਾਂ ਫਿਕਰਿਆਂ ਵਿੱਚ ਫੁਟ ਅਤੇ ਅਸੰਤੋਸ਼ ਫੈਲਿਆ ਅਤੇ ਭੀਮ ਕੋਰੇਗਾਓਂ ਵਿੱਚ ਇਕ ਜਨਵਰੀ ਨੂੰ ਹਿੰਸਾ ਹੋਈ। ਬਿੱਕਰ ਨੇ ਇਹ ਸ਼ਿਕਾਇਤ ਦੱਖਣ ਜਿਮਖਾਨਾ ਪੁਲੀਸ ਨੂੰ ਦਿੱਤੀ ਜੋ ਅੱਗੇ ਵਿਸ਼ਰਾਮਬਾਗ ਥਾਣੇ ਨੂੰ ਭੇਜੀ ਗਈ ਜਿਸ ਨੇ ਅੱਜ ਦੋਵਾਂ ਆਗੂਆਂ ਖ਼ਿਲਾਫ਼ ਕੇਸ ਦਰਜ ਕੀਤਾ।
ਇਸੇ ਦੌਰਾਨ ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਭੀਮ ਕੋਰੇਗਾਓਂ ਵਿੱਚ ਕੱਲ੍ਹ ਦਲਿਤ ਧੜਿਆਂ ਵੱਲੋਂ ਕੀਤੇ ਗਏ ਰੋਸ ਪ੍ਰਦਰਸ਼ਨ ਵਿੱਚ 30 ਪੁਲੀਸ ਵਾਲੇ ਜ਼ਖ਼ਮੀ ਹੋਏ ਹਨ। ਮਹਾਰਾਸ਼ਟਰ ਪੁਲੀਸ ਨੇ ਇਸ ਮਾਮਲੇ ਵਿੱਚ ਵੱਖ ਵੱਖ ਥਾਣਿਆਂ ਵਿੱਚ 16 ਕੇਸ ਦਰਜ ਕੀਤੇ ਹਨ ਤੇ 300 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਇਸ ਦੇ ਨਾਲ ਹੀ ਜ਼ਿਲ੍ਹੇ ਵਿੱਚ ਤਣਾਅ ਦੇ ਮੱਦੇਨਜ਼ਰ ਕੋਹਲਾਪੁਰ ਵਿੱਚ ਇੰਟਰਨੈਟ ਸੇਵਾ ਬੰਦ ਕਰ ਦਿੱਤੀ ਗਈ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਦੌਰਾਨ ਹੋਈ ਹਿੰਸਾ ਵਿੱਚ ਮਹਾਰਾਸ਼ਟਰ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀਆਂ 200 ਬੱਸਾਂ ਨੂੰ ਨੁਕਸਾਨ ਪੁੱਜਿਆ ਹੈ।