ਕਾਂਗਰਸ ਸਮੇਤ 21 ਪਾਰਟੀਆਂ ਵੱਲੋਂ ਤੇਲ ਦੀਆਂ ਵਧੀਆਂ ਕੀਮਤਾਂ ਕਾਰਨ ਮੋਦੀ ਸਰਕਾਰ ਦਾ ”ਪਿੱਟ-ਸਿਆਪਾ”

0
119
New Delhi: Former prime minister Manmohan Singh, Congress President Rahul Gandhi, NCPs Sharad Pawar and other leaders at a dharna during the Bharat Bandh protest called by Congress and other parties against fuel price hike and depreciation of the rupee, in New Delhi, Monday, Sept 10, 2018. Tribune Photo.Mukesh Aggarwal
ਤੇਲ ਕੀਮਤਾਂ ਵਿਚ ਬੇਤਹਾਸ਼ਾ ਵਾਧੇ ਖ਼ਿਲਾਫ਼ ਭਾਰਤ ਬੰਦ ਦੌਰਾਨ ਨਵੀਂ ਦਿੱਲੀ ਵਿਖੇ ਧਰਨੇ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਰਾਹੁਲ ਗਾਂਧੀ, ਸ਼ਰਦ ਪਵਾਰ ਤੇ ਹੋਰਨਾਂ ਪਾਰਟੀਆਂ ਦੇ ਆਗੂ ਇਕਮੁੱਠਤਾ ਜ਼ਾਹਰ ਕਰਦੇ ਹੋਏ। 

ਨਵੀਂ ਦਿੱਲੀ/ਬਿਊਰੋ ਨਿਊਜ਼ :
ਪੈਟਰੋਲ ਅਤੇ ਡੀਜ਼ਲ ਦੀਆਂ ਅਸਮਾਨੀਂ ਚੜ੍ਹ ਰਹੀਆਂ ਕੀਮਤਾਂ ਦੇ ਵਿਰੋਧ ‘ਚ ਕਾਂਗਰਸ ਸਮੇਤ 21 ਪਾਰਟੀਆਂ ਨੇ ਪ੍ਰਦਰਸ਼ਨ ਕਰਦਿਆਂ ਸਰਕਾਰ ‘ਤੇ ਜ਼ੋਰ ਪਾਇਆ ਕਿ ਪੈਟਰੋਲੀਅਮ ਵਸਤਾਂ ਨੂੰ ਜੀਐਸਟੀ (ਗੁੱਡਜ਼ ਐਂਡ ਸਰਵਿਸਿਜ਼ ਟੈਕਸ) ਦੇ ਘੇਰੇ ‘ਚ ਲਿਆਂਦਾ ਜਾਵੇ। ਕੁਝ ਥਾਵਾਂ ‘ਤੇ ਹਿੰਸਕ ਪ੍ਰਦਰਸ਼ਨਾਂ ਨੂੰ ਛੱਡ ਕੇ ਬੰਦ ਸ਼ਾਂਤੀਪੂਰਨ ਰਿਹਾ। ਉਂਝ ਬਿਹਾਰ, ਕੇਰਲਾ, ਕਰਨਾਟਕ, ਅਸਾਮ ਅਤੇ ਉੜੀਸਾ ‘ਚ ਬੰਦ ਦਾ ਅਸਰ ਦੇਖਣ ਨੂੰ ਮਿਲਿਆ ਅਤੇ ਜਨਜੀਵਨ ਲੀਹ ਤੋਂ ਉਤਰ ਗਿਆ। ਸੂਬਿਆਂ ਦੀਆਂ ਰਾਜਧਾਨੀਆਂ ਤੋਂ ਮਿਲੀਆਂ ਰਿਪੋਰਟਾਂ ਮੁਤਾਬਕ ਜਬਰੀ ਬੰਦ ਕਰਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਕਈ ਕਾਂਗਰਸ ਕਾਰਕੁਨਾਂ ਨੂੰ ਹਿਰਾਸਤ ‘ਚ ਲੈ ਲਿਆ ਗਿਆ। ਰਾਜਧਾਨੀ ਦਿੱਲੀ ‘ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਹੇਠ ਰਾਮਲੀਲਾ ਮੈਦਾਨ ‘ਚ ਰੈਲੀ ਕੀਤੀ ਗਈ ਜਿਸ ‘ਚ ਸੋਨੀਆ ਗਾਂਧੀ, ਮਨਮੋਹਨ ਸਿੰਘ, ਗੁਲਾਮ ਨਬੀ ਆਜ਼ਾਦ, ਅਹਿਮਦ ਪਟੇਲ, ਐਨਸੀਪੀ ਸੁਪਰੀਮੋ ਸ਼ਰਦ ਪਵਾਰ, ਜਨਦਾ ਦਲ (ਯੂ) ਦੇ ਬਾਗੀ ਆਗੂ ਸ਼ਰਦ ਯਾਦਵ, ਆਮ ਆਦਮੀ ਪਾਰਟੀ ਦੇ ਸੰਜੇ ਸਿੰਘ, ਤ੍ਰਿਣਮੂਲ ਕਾਂਗਰਸ ਦੇ ਸੁਖੇਂਦੂ ਸ਼ੇਖਰ ਰੌਇ ਅਤੇ ਹੋਰ ਪਾਰਟੀਆਂ ਦੇ ਆਗੂ ਹਾਜ਼ਰ ਸਨ। ਬੰਦ ਨੂੰ 21 ਪਾਰਟੀਆਂ ਨੇ ਹਮਾਇਤ ਦਿੱਤੀ ਜਿਨ੍ਹਾਂ ‘ਚ ਸਮਾਜਵਾਦੀ ਪਾਰਟੀ, ਬਹੁਜਨ ਸਮਾਜ ਪਾਰਟੀ, ਰਾਸ਼ਟਰੀ ਲੋਕ ਦਲ, ਰਾਸ਼ਟਰੀ ਜਨਤਾ ਦਲ, ਸੀਪੀਆਈ, ਸੀਪੀਐਮ, ਏਆਈਡੀਯੂਐਫ, ਨੈਸ਼ਨਲ ਕਾਨਫਰੰਸ, ਜੇਐਮਐਮ, ਜੇਵੀਐਮ, ਡੀਐਮਕੇ, ਟੀਡੀਪੀ, ਆਰਐਸਪੀ ਅਤੇ ਹੋਰ ਪਾਰਟੀਆਂ ਸ਼ਾਮਲ ਸਨ।
ਕਾਂਗਰਸ ਵਰਕਰਾਂ ਨੇ ਕਈ ਪੈਟਰੋਲ ਪੰਪਾਂ ‘ਤੇ ਧਰਨੇ ਦੇ ਕੇ ਤੇਲ ਕੀਮਤਾਂ ‘ਚ ਵਾਧੇ ਦਾ ਵਿਰੋਧ ਕੀਤਾ। ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਵਧਦੀਆਂ ਤੇਲ ਕੀਮਤਾਂ ਅਤੇ ਰਾਫਾਲ ਲੜਾਕੂ ਜੈੱਟਾਂ ਦੇ ਸੌਦੇ ਬਾਰੇ ਪ੍ਰਧਾਨ ਮੰਤਰੀ ਦੀ ਖਾਮੋਸ਼ੀ ‘ਤੇ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਮੁਲਕ ‘ਚ ਨਫ਼ਰਤ ਫੈਲਾ ਕੇ ਲੋਕਾਂ ‘ਚ ਵੰਡੀਆਂ ਪਾਈਆਂ ਜਾ ਰਹੀਆਂ ਹਨ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਸਾਰੀਆਂ ਵਿਰੋਧੀ ਧਿਰਾਂ ਨੂੰ ਮਤਭੇਦ ਭੁਲਾ ਕੇ ਖੁਦਮੁਖਤਿਆਰੀ ਅਤੇ ਜਮਹੂਰੀਅਤ ਨੂੰ ਬਚਾਉਣ ਲਈ ਇਕਜੁੱਟ ਹੋਣਾ ਚਾਹੀਦਾ ਹੈ। ਸੀਪੀਐਮ ਆਗੂ ਸੀਤਾਰਾਮ ਯੇਚੁਰੀ ਨੇ ਸੰਸਦ ਮਾਰਗ ਪੁਲੀਸ ਸਟੇਸ਼ਨ ‘ਤੇ ਗ੍ਰਿਫ਼ਤਾਰੀ ਦਿੱਤੀ। ਬਿਹਾਰ ‘ਚ ਭੰਨ-ਤੋੜ ਤੇ ਅੱਗਜ਼ਨੀ ਹੋਈ ਅਤੇ ਰੇਲ ਤੇ ਸੜਕ ਆਵਾਜਾਈ ‘ਚ ਵਿਘਨ ਪਾਇਆ ਗਿਆ। ਪੁਰਾਣੇ ਪਟਨਾ ਸ਼ਹਿਰ ‘ਚ ਰੇਲ ਪਟੜੀਆਂ ‘ਤੇ ਸੜਦੇ ਟਾਇਰ ਸੁੱਟੇ ਗਏ ਤਾਂ ਜੋ ਰੇਲਾਂ ਨਾ ਚਲ ਸਕਣ। ਜਹਾਨਾਬਾਦ ‘ਚ ਇਕ ਐਂਬੂਲੈਂਸ ਦੇ ਧਰਨੇ ਦੌਰਾਨ ਫਸ ਜਾਣ ਕਰਕੇ ਦੋ ਵਰ੍ਹਿਆਂ ਦੀ ਬੱਚੀ ਦੀ ਮੌਤ ਹੋ ਗਈ। ਭਾਜਪਾ ਨੇ ਦੋਸ਼ ਲਾਇਆ ਕਿ ਐਂਬੂਲੈਂਸ ਨੂੰ ਪ੍ਰਦਰਸ਼ਨਕਾਰੀਆਂ ਨੇ ਰੋਕਿਆ ਜਦਕਿ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅਜਿਹਾ ਕੁਝ ਨਹੀਂ ਹੋਇਆ। ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ‘ਚ ਪ੍ਰਦਰਸ਼ਨਕਾਰੀਆਂ ਨੇ ਸਕੂਲ ਬੱਸਾਂ ਨੂੰ ਨਿਸ਼ਾਨਾ ਬਣਾਇਆ। ਮਹਾਰਾਸ਼ਟਰ, ਮੱਧ ਪ੍ਰਦੇਸ਼, ਛੱਤੀਸਗੜ੍ਹ, ਗੁਜਰਾਤ ਅਤੇ ਕਈ ਹੋਰ ਥਾਵਾਂ ‘ਤੇ ਸਕੂਲ, ਕਾਲਜ ਅਤੇ ਕਾਰੋਬਾਰੀ ਅਦਾਰੇ ਬੰਦ ਰਹੇ। ਕਈ ਥਾਵਾਂ ‘ਤੇ ਪੈਟਰੋਲ ਪੰਪ ਵੀ ਬੰਦ ਰੱਖੇ ਗਏ। ਉੜੀਸਾ ‘ਚ ਕਾਂਗਰਸ ਵੱਲੋਂ ਰੇਲ ਪਟੜੀਆਂ ‘ਤੇ ਪ੍ਰਦਰਸ਼ਨ ਕਾਰਨ 10 ਗੱਡੀਆਂ ਨੂੰ ਰੱਦ ਕਰਨਾ ਪਿਆ।
ਇਸੇ ਦੌਰਾਨ ਭਾਰਤ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਭਾਰੀ ਵਾਧੇ ਅਤੇ ਦੂਜੇ ਪਾਸੇ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਦੀ ਕੀਮਤ ‘ਚ ਜ਼ੋਰਦਾਰ ਗਿਰਾਵਟ ਦਾ ਰੁਝਾਨ ਰੁਕਣ ਦਾ ਨਾਂ ਨਹੀਂ ਲੈ ਰਿਹਾ। ਕੌਮੀ ਰਾਜਧਾਨੀ ਨਵੀਂ ਦਿੱਲੀ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨਵੀਂ ਬੁਲੰਦੀ ਕ੍ਰਮਵਾਰ 80.73 ਰੁਪਏ ਤੇ 72.83 ਰੁਪਏ ਫੀ ਲਿਟਰ ਉਤੇ ਜਾ ਪੁੱਜੀਆਂ। ਡਾਲਰ ਦੇ ਮੁਕਾਬਲੇ ਰੁਪਏ ਦੀ ਗਿਰਾਵਟ ਵੀ ਅੱਜ 72 ਰੁਪਏ ਦਾ ਅੰਕੜਾ ਪਾਰ ਕਰ ਗਈ। ਰੁਪਿਆ ਹੋਰ 72 ਪੈਸੇ ਘਟ ਕੇ ਹੁਣ ਤੱਕ ਦੀ ਸਭ ਤੋਂ ਹੇਠਲੀ ਕੀਮਤ 72.45 ਰੁਪਏ ਪ੍ਰਤੀ ਡਾਲਰ ਤੱਕ ਜਾ ਪੁੱਜਾ।
ਇਸ ਦੌਰਾਨ ਪੈਟਰੋਲ-ਡੀਜ਼ਲ ਕੀਮਤਾਂ ਨੂੰ ਠੱਲ੍ਹਣ ਲਈ ਇਨ੍ਹਾਂ ‘ਤੇ ਵਸੂਲੇ ਜਾ ਰਹੇ ਭਾਰੀ ਕਰਾਂ ਵਿੱਚ ਹਾਲੇ ਕਟੌਤੀ ਦੇ ਆਸਾਰ ਨਹੀਂ ਹਨ, ਕਿਉਂਕਿ ਕੇਂਦਰ ਤੇ ਬਹੁਤੀਆਂ ਰਾਜ ਸਰਕਾਰਾਂ ਇਸ ਕਾਰਨ ਮਾਲੀਏ ਦਾ ਨੁਕਸਾਨ ਝੱਲਣ ਲਈ ਤਿਆਰ ਨਹੀਂ ਹਨ। ਇਹ ਜਾਣਕਾਰੀ ਇਕ ਸਿਖਰਲੇ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਦਿਆਂ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਕਰ ਘਟਾਉਣ ਨਾਲ ਰਾਜਕੋਸ਼ੀ ਘਾਟਾ ਵਧੇਗਾ ਅਤੇ ਬਿਹਾਰ, ਕੇਰਲ ਤੇ ਪੰਜਾਬ ਵੀ ਵਿਕਰੀ ਕਰ (ਜਾਂ ਵੈਟ) ਘਟਾਉਣ ਦੀ ਹਾਲਤ ਵਿੱਚ ਨਹੀਂ ਹਨ। ਇਸ ਦੌਰਾਨ ਬੀਤੇ ਦਿਨ ਰਾਜਸਥਾਨ ਸਰਕਾਰ ਨੇ ਪੈਟਰੋਲ ਤੇ ਡੀਜ਼ਲ ਉਤੇ ਵੈਟ ‘ਚ ਚਾਰ ਫ਼ੀਸਦੀ ਕਟੌਤੀ ਤੇ ਆਂਧਰਾ ਪ੍ਰਦੇਸ਼ ਨੇ ਵੀ ਵਿਕਰੀ ਕਰ ‘ਚ ਕਟੌਤੀ ਰਾਹੀਂ ਇਨ੍ਹਾਂ ਦੀ ਕੀਮਤ ਦੋ-ਦੋ ਰੁਪਏ ਘਟਾਉਣ ਦਾ ਐਲਾਨ ਕੀਤਾ ਹੈ।