ਭਗਵੰਤ ਮਾਨ ਨੂੰ ਸੌਂਪੀ ‘ਆਪ’ ਦੀ ਕਮਾਂਡ

0
249

bhagwant-mann
ਗੁਰਪ੍ਰੀਤ ਵੜੈਚ ਨੂੰ ਕਨਵੀਨਰੀ ਤੋਂ ਹਟਾਇਆ
ਅਮਨ ਅਰੋੜਾ ਨੂੰ ਬਣਾਇਆ ਉਪ ਪ੍ਰਧਾਨ
ਨਾਰਾਜ਼ ਘੁੱਗੀ ਬੋਲੇ-ਇਵੇਂ ਹੀ ਕਰਨੀ ਸੀ ਤਾਂ ਪਹਿਲਾਂ ਦੱਸ ਦਿੰਦੇ
ਖਹਿਰਾ ਨੇ ਚੀਫ਼ ਵ੍ਹਿਪ ਤੇ ਬੁਲਾਰੇ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
ਸਰਬਜੀਤ ਕੌਰ ਮਾਣੂੰਕੇ ਵਿਧਾਇਕ ਦਲ ਦੀ ਉਪ ਮੁਖੀ ਬਣੀ
ਪੰਜਾਬ ਬਾਰੇ ਵੱਖਰੀ ਪੀ.ਏ.ਸੀ. ਬਣਾਉਣ ਦਾ ਫ਼ੈਸਲਾ
ਚੰਡੀਗੜ੍ਹ/ਬਿਊਰੋ ਨਿਊਜ਼ :
ਆਮ ਆਦਮੀ ਪਾਰਟੀ ਨੇ ਪੰਜਾਬ ਅੰਦਰ ਹੋਈ ਟੁੱਟ-ਭੱਜ ਨੂੰ ਜੋੜਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਇਸ ਤਹਿਤ ਸੋਮਵਾਰ ਨੂੰ ਦਿੱਲੀ ਵਿਚ ਹੋਈ ਮੀਟਿੰਗ ਦੌਰਾਨ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬ ਕਨਵੀਨਰ ਦਾ ਅਹੁਦਾ ਖ਼ਤਮ ਕਰ ਦਿੱਤਾ ਤੇ ਸੂਬਾ ਪ੍ਰਧਾਨ ਦਾ ਨਵਾਂ ਅਹੁਦਾ ਬਣਾ ਦਿੱਤਾ। ਸੰਸਦ ਮੈਂਬਰ ਭਗਵੰਤ ਮਾਨ ਨੂੰ ਪ੍ਰਧਾਨ ਬਣਾਇਆ ਗਿਆ ਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੂੰ ਉਪ ਪ੍ਰਧਾਨ। ਗੁਰਪ੍ਰੀਤ ਘੁੱਗੀ ਨੂੰ ਕਨਵੀਨਰੀ ਤੋਂ ਹਟਾ ਕੇ ਇਹ ਅਹੁਦਾ ਹੀ ਖ਼ਤਮ ਕਰ ਦਿੱਤਾ ਗਿਆ ਹੈ। ਇਸ ਫ਼ੈਸਲੇ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ, ਗੁਰਪ੍ਰੀਤ ਸਿੰਘ ਘੁੱਗੀ ਸਮੇਤ ਕਈ ਨੇਤਾ ਨਾਰਾਜ਼ ਹਨ। ਖਹਿਰਾ ਨੇ ਚੀਫ਼ ਵ੍ਹਿਪ ਅਤੇ ਬੁਲਾਰੇ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।
ਇਸੇ ਦੌਰਾਨ ਪਾਰਟੀ ਨੇ ਪੰਜਾਬ ਲਈ ਸਿਆਸੀ ਮਾਮਲਿਆਂ ਬਾਰੇ ਵੱਖਰੀ ਕਮੇਟੀ (ਪੀਏਸੀ) ਬਣਾਉਣ ਦਾ ਵੀ ਫੈਸਲਾ ਕੀਤਾ ਤਾਂ ਕਿ ਸੂਬਾਈ ਇਕਾਈ ਆਜ਼ਾਦਾਨਾ ਫੈਸਲੇ ਲੈ ਸਕੇ। ਪਾਰਟੀ ਦੀ ਪੀਏਸੀ ਦੀ ਨਵੀਂ ਦਿੱਲੀ ਵਿੱਚ ਹੋਈ ਮੀਟਿੰਗ ਦੌਰਾਨ ਪੰਜਾਬ ਇਕਾਈ ਨੂੰ ਲੀਹ ਉਤੇ ਪਾਉਣ ਲਈ ਖਾਕੇ ਨੂੰ ਵੀ ਮਨਜ਼ੂਰੀ ਦਿੱਤੀ ਗਈ। ਜਗਰਾਓਂ ਤੋਂ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਨੂੰ ਵਿਧਾਨ ਸਭਾ ਵਿੱਚ ਪਾਰਟੀ ਵਿਧਾਇਕ ਦਲ ਦਾ ਉਪ ਮੁਖੀ ਨਿਯੁਕਤ ਕੀਤਾ ਗਿਆ ਹੈ।
ਪਾਰਟੀ ਤਰਜਮਾਨ ਨੇ ਕਿਹਾ ਕਿ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਨਵੀਂ ਦਿੱਲੀ ਵਿੱਚ ਪੀਏਸੀ ਦੀ ਹੋਈ ਮੀਟਿੰਗ ਵਿੱਚ ਇਹ ਨਿਯੁਕਤੀਆਂ ਕੀਤੀਆਂ ਗਈਆਂ। ਇਸ ਤੋਂ ਪਹਿਲਾਂ ਵਿਧਾਇਕਾਂ, ਜ਼ੋਨ ਇੰਚਾਰਜਾਂ ਅਤੇ ਪਾਰਟੀ ਦੀਆਂ ਮੁਹਰੈਲ ਜਥੇਬੰਦੀਆਂ ਦੇ ਮੁਖੀਆਂ ਨਾਲ ਲੰਮਾ ਸਮਾਂ ਮੀਟਿੰਗ ਕੀਤੀ ਗਈ। ਪਾਰਟੀ ਦੀ ਕੌਮੀ ਲੀਡਰਸ਼ਿਪ ਨੇ  ਵਿਧਾਇਕਾਂ ਤੇ ਅਹੁਦੇਦਾਰਾਂ ਨਾਲ ਸਾਂਝੀਆਂ ਮੀਟਿੰਗਾਂ ਤੋਂ ਪਹਿਲਾਂ ਇਕੱਲੇ ਇਕੱਲੇ ਦੇ ਵਿਚਾਰ ਸੁਣੇ। ਇਸ ਤੋਂ ਬਾਅਦ ਪੀਏਸੀ ਵਿੱਚ ਅੰਤਮ ਫੈਸਲਿਆਂ ਉਤੇ ਮੋਹਰ ਲੱਗੀ। ਕਮੇਟੀ ਨੇ ਪੰਜਾਬ ਵਿੱਚ ਚਾਰ ਮੀਤ ਪ੍ਰਧਾਨਾਂ ਦੀ ਨਿਯੁਕਤੀ ਦਾ ਵੀ ਫੈਸਲਾ ਕੀਤਾ। ਇਨ੍ਹਾਂ ਵਿਚੋਂ ਦੋ ਮਾਲਵਾ ਖਿੱਤੇ ਅਤੇ ਇਕ ਇਕ ਦੋਆਬਾ ਤੇ ਮਾਝਾ ਖਿੱਤੇ ਵਿੱਚ ਬਣਾਏ ਜਾਣਗੇ। ਪਾਰਟੀ ਬੁਲਾਰੇ ਨੇ ਕਿਹਾ ਕਿ ਭਗਵੰਤ ਮਾਨ ਸੂਬਾਈ ਪ੍ਰਧਾਨ ਦੀ ਹੈਸੀਅਤ ਵਿੱਚ ਪਾਰਟੀ ਦੇ ਸਾਰੇ ਮਾਮਲਿਆਂ ਲਈ ਜ਼ਿੰਮੇਵਾਰ ਹੋਣਗੇ, ਜਦੋਂ ਕਿ ਅਮਨ ਅਰੋੜਾ ਖ਼ਾਸ ਤੌਰ ਉਤੇ ਸੂਬੇ ਵਿੱਚ ਪਾਰਟੀ ਢਾਂਚਾ ਵਿਕਸਤ ਕਰਨ ਉਤੇ ਕੰਮ ਕਰਨਗੇ। ਪੰਜਾਬ ਵਿੱਚ ਪਾਰਟੀ ਆਧਾਰ ਨੂੰ ਮੁੜ ਮਜ਼ਬੂਤ ਕਰਨ ਲਈ ਸਾਰੇ ਮਸਲਿਆਂ ਵਿੱਚ ਸੰਤੁਲਿਤ ਪਹੁੰਚ ਅਪਣਾਈ ਜਾਵੇਗੀ। ਬੁਲਾਰੇ ਨੇ ਕਿਹਾ ਕਿ ਪਾਰਟੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਿਰੁੱਧ ਹਮਲਾਵਰ ਰੁਖ਼ ਅਪਣਾਏਗੀ ਅਤੇ ਸਰਕਾਰ ਨੂੰ ਚੋਣਾਂ ਦੌਰਾਨ ਕੀਤੇ ਵਾਅਦਿਆਂ ਉਤੇ ਘੇਰੇਗੀ। ਪੀਏਸੀ ਨੇ ਸੂਬਾਈ ਇਕਾਈ ਨੂੰ ਲੋਕਾਂ ਵਿੱਚ ਜਾਣ ਅਤੇ ਕਾਂਗਰਸ ਸਰਕਾਰ ਨੂੰ ਹਰੇਕ ਵਾਅਦੇ ਪ੍ਰਤੀ ਜਵਾਬਦੇਹ ਬਣਾਉਣ ਦਾ ਆਦੇਸ਼ ਦਿੱਤਾ।

ਆਮ ਵਲੰਟੀਅਰ ਵਜੋਂ ਕੰਮ ਕਰਾਂਗਾ : ਖਹਿਰਾ
ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਪੰਜਾਬ ਦਾ ਪ੍ਰਧਾਨ ਬਣਾਉਣ ਮਗਰੋਂ ਰੋਸ ਵਜੋਂ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਚੀਫ਼ ਵ੍ਹਿਪ ਤੇ ਬੁਲਾਰੇ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਜਿੱਥੇ ਖਹਿਰਾ ਨੇ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਕੇ ਪਾਰਟੀ ਕੋਲ ਆਪਣੀ ਨਾਰਾਜ਼ਗੀ ਜਤਾ ਦਿੱਤੀ ਹੈ, ਉਥੇ ਪਾਰਟੀ ਦੇ ਕਨਵੀਨਰ ਰਹੇ ਗੁਰਪ੍ਰੀਤ ਸਿੰਘ ਘੁੱਗੀ ਵੀ ਭਗਵੰਤ ਮਾਨ ਨੂੰ ਪੰਜਾਬ ਦੀ ਕਮਾਨ ਸੌਂਪਣ ਤੋਂ ਕਾਫ਼ੀ ਨਾਰਾਜ਼ ਦੱਸੇ ਜਾ ਰਹੇ ਹਨ। ਗੱਲਬਾਤ ਕਰਦਿਆਂ ਸ. ਖਹਿਰਾ ਨੇ ਕਿਹਾ ਕਿ ਆਪਣੀ ਨਾਰਾਜ਼ਗੀ ਜਤਾਉਂਦਿਆਂ ਉਨ੍ਹਾਂ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਆਪਣੇ ਅਹੁਦਿਆਂ ਤੋਂ ਫ਼ਾਰਗ ਕਰਨ ਦੀ ਗੱਲ ਕਹਿ ਦਿੱਤੀ ਹੈ, ਪਰ ਉਨ੍ਹਾਂ ਅਜੇ ਪਾਰਟੀ ਨਹੀਂ ਛੱਡੀ ਹੈ। ਹਾਲਾਂਕਿ ਅਰਵਿੰਦ ਕੇਜਰੀਵਾਲ ਨੇ ਫ਼ਿਲਹਾਲ ਖਹਿਰਾ ਦਾ ਅਸਤੀਫ਼ਾ ਨਾਮਨਜ਼ੂਰ ਕਰ ਦਿੱਤਾ ਹੈ। ਖਹਿਰਾ ਨੇ ਕਿਹਾ ਕਿ ਉਨ੍ਹਾਂ ਅਰਵਿੰਦ ਕੇਜਰੀਵਾਲ ਨੂੰ ਕਿਹਾ ਹੈ ਕਿ ਇਨ੍ਹਾਂ ਅਹੁਦਿਆਂ ‘ਤੇ ਕਿਸੇ ਹੋਰ ਵੱਧ ਜ਼ਿੰਮੇਵਾਰ ਤੇ ਕਾਬਿਲ ਨੇਤਾ ਨੂੰ ਲਾ ਦਿੱਤਾ ਜਾਵੇ ਤੇ ਮੈਨੂੰ ਪਾਰਟੀ ਵਿਚ ਇਕ ਆਮ ਵਲੰਟੀਅਰ ਵਜੋਂ ਕੰਮ ਕਰਕੇ ਹੀ ਖ਼ੁਸ਼ੀ ਮਿਲੇਗੀ।

ਮੀਟਿੰਗ ਵਿਚ ਕੋਈ ਪਾਰਦਰਸ਼ਤਾ ਨਹੀਂ ਸੀ : ਘੁੱਗੀ
ਇਸ ਪੂਰੇ ਘਟਨਾਕ੍ਰਮ ‘ਤੇ ਗੁਰਪ੍ਰੀਤ ਸਿੰਘ ਘੁੱਗੀ ਦਾ ਕਹਿਣਾ ਹੈ, ‘ਮੈਨੂੰ ਇਸ ਗੱਲ ਦੀ ਸਮਝ ਹੀ ਨਹੀਂ ਆ ਰਹੀ ਕਿ ਇੰਨੇ ਵੱਡੇ ਬਦਲਾਅ ਦੀ ਪਾਰਟੀ ਵਿਚ ਕੀ ਜ਼ਰੂਰਤ ਆ ਪਈ ਸੀ ਤੇ ਕਿਨ੍ਹਾਂ ਮਾਪਦੰਡਾਂ ਨੂੰ ਅਪਣਾਉਂਦਿਆਂ ਇਹ ਤਬਦੀਲੀ ਕੀਤੀ ਗਈ ਹੈ। ਘੁੱਗੀ ਨੇ ਕਿਹਾ ਕਿ ਮੀਟਿੰਗ ਵਿਚ ਅਰਵਿੰਦ ਕੇਜਰੀਵਾਲ ਵੱਲੋਂ ਇਕ-ਇਕ ਮੈਂਬਰ ਨਾਲ ਗੁਪਤ ਮੁਲਾਕਾਤ ਕਰਨ ਮਗਰੋਂ ਇਹ ਫ਼ਰਮਾਨ ਜਾਰੀ ਕਰ ਦਿੱਤਾ ਗਿਆ ਤੇ ਉਹ ਸਮਝਦੇ ਹਨ ਕਿ ਇਸ ਸਬੰਧੀ ਫ਼ੈਸਲਾ ਲੈਣ ਲਈ ਮੀਟਿੰਗ ਵਿਚ ਕਿਸੇ ਕਿਸਮ ਦੀ ਪਾਰਦਰਸ਼ਤਾ ਨਹੀਂ ਸੀ। ਉਨ੍ਹਾਂ ਦੱਸਿਆ ਕਿ ਪਾਰਟੀ ਦੇ ਇਸ ਫ਼ੈਸਲੇ ਸਬੰਧੀ ਉਹ ਜਲਦ ਚੰਡੀਗੜ੍ਹ ਵਿਚ ਇਕ ਪ੍ਰੈੱਸ ਕਾਨਫ਼ਰੰਸ ਵੀ ਕਰਨ ਜਾ ਰਹੇ ਹਨ ।

ਕਪਿਲ ਮਿਸ਼ਰਾ ‘ਆਪ’ ਵਿਚੋਂ ਮੁਅੱਤਲ
ਕਪਿਲ ਦਾ ਦੋਸ਼-ਪੰਜਾਬ ਚੋਣਾਂ ‘ਚ ਟਿਕਟ ਲਈ ਪੈਸੇ, ਸ਼ਰਾਬ ਤੇ ਲੜਕੀਆਂ ਦਾ ਧੰਦਾ ਹੋਇਆ
ਨਵੀਂ ਦਿੱਲੀ/ਬਿਊਰੋ ਨਿਊਜ਼ :
ਆਮ ਆਦਮੀ ਪਾਰਟੀ (ਆਪ) ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਦੋ ਕਰੋੜ ਰੁਪਏ ਲੈਣ ਦੇ ਦੋਸ਼ ਲਾਉਣ ਵਾਲੇ ਕਪਿਲ ਮਿਸ਼ਰਾ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੁਅੱਤਲ ਕਰ ਦਿੱਤਾ। ਪਾਰਟੀ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ (ਪੀਏਸੀ) ਦੀ ਹੋਈ ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ। ਸ੍ਰੀ ਮਿਸ਼ਰਾ ਨੂੰ 6 ਮਈ ਨੂੰ ਮੰਤਰੀ ਦੇ ਅਹੁਦੇ ਤੋਂ ਹਟਾਇਆ ਗਿਆ ਸੀ। ਉਧਰ ਕਪਿਲ ਮਿਸ਼ਰਾ ਨੇ ਭ੍ਰਿਸ਼ਟਾਚਾਰ ਰੋਕੂ ਬਰਾਂਚ (ਏਸੀਬੀ) ਨੂੰ ‘ਆਪ’ ਕਨਵੀਨਰ ਕੇਜਰੀਵਾਲ ਖ਼ਿਲਾਫ਼ 400 ਕਰੋੜ ਦੇ ਟੈਂਕਰ ਘੁਟਾਲੇ ਬਾਰੇ ਸਬੂਤ ਪੇਸ਼ ਕੀਤੇ, ਜੋ ਇਸ ਘੁਟਾਲੇ ਦੀ ਜਾਂਚ ਵਿੱਚ ਦੇਰੀ ਨਾਲ ਸਬੰਧਤ ਦੱਸੇ ਜਾ ਰਹੇ ਹਨ। ਉਨ੍ਹਾਂ ਏਸੀਬੀ ਅਧਿਕਾਰੀਆਂ ਨੂੰ ਮਿਲਣ ਮਗਰੋਂ ਕਿਹਾ ਕਿ ”ਮੈਂ ਅਧਿਕਾਰੀਆਂ ਨੂੰ ਦੱਸਿਆ ਕਿ ਮੁੱਖ ਮੰਤਰੀ ਕਿਵੇਂ ਜਾਣ-ਬੁੱਝ ਕੇ ਰਿਪੋਰਟ ਵਿੱਚ ਦੇਰੀ ਕਰ ਰਹੇ ਹਨ ਤੇ ਕਿਵੇਂ ਜਨਤਾ ਦੇ ਪੈਸੇ ਦੀ ਬਰਬਾਦੀ ਹੋ ਰਹੀ ਹੈ।” ਉਨ੍ਹਾਂ ਇਹ ਵੀ ਕਿਹਾ ਕਿ ਹਾਲ ਵਿਚ ਹੀ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਟਿਕਟਾਂ ਲਈ ਪਾਰਟੀ ਨੇ ਪੈਸੇ, ਸ਼ਰਾਬ ਤੇ ਲੜਕੀ ਦਾ ਧੰਦਾ ਕੀਤਾ। ਮਿਸ਼ਰਾ ਨੇ ਕਿਹਾ ਕਿ ਪਾਰਟੀ ਨੇਤਾ ਸੰਜੇ ਸਿੰਘ ਦੇ ਰਿਸ਼ਤੇਦਾਰਾਂ ਨੇ ਪੰਜਾਬ ਵਿਧਾ ਸਭਾ ਚੋਣਾਂ ਵਿਚ ਟਿਕਟ ਦੇਣ ਬਦਲੇ ਅਮਰੀਕਾ ਵਿਚ ਲੋਕਾਂ ਤੋਂ ਪੈਸੇ ਲਏ। ਸ੍ਰੀ ਮਿਸ਼ਰਾ ਨੇ ਪ੍ਰੈੱਸ ਕਾਨਫਰੰਸ ਕਰ ਕੇ ਇਕ ”ਈ-ਮੇਲ ਆਈਡੀ” ਜਾਰੀ ਕੀਤੀ, ਜਿਸ ਰਾਹੀਂ ਉਨ੍ਹਾਂ ਦੇਸ਼-ਵਿਦੇਸ਼ ਦੇ ‘ਆਪ’ ਆਗੂਆਂ ਤੇ ਕਾਰਕੁਨਾਂ ਨੂੰ ਕਥਿਤ ਲੈਣ-ਦੇਣ ਜਾਂ ਹੋਰ ਸਬੂਤ ਭੇਜਣ ਲਈ ਕਿਹਾ। ਉਨ੍ਹਾਂ ਭਾਜਪਾ ਵਿੱਚ ਕਿਸੇ ਵੀ ਹਾਲਤ ਵਿੱਚ ਨਾ ਜਾਣ ਦਾ ਐਲਾਨ ਕੀਤਾ ਅਤੇ ‘ਆਪ’ ਆਗੂਆਂ ਨੂੰ ਉਨ੍ਹਾਂ (ਮਿਸ਼ਰਾ) ਨੂੰ ਪਾਰਟੀ ਵਿਚੋਂ ਕੱਢਣ ਦੀ ਚੁਣੌਤੀ ਦਿੱਤੀ। ਮੰਤਰੀ ਦੇ ਅਹੁਦੇ ਤੋਂ ਹਟਾਏ ਅਸੀਮ ਅਹਿਮਦ ਖ਼ਾਨ ਨੇ ਦੋਸ਼ ਲਾਇਆ ਕਿ ਸ੍ਰੀ ਕੇਜਰੀਵਾਲ ਨੇ ਉਨ੍ਹਾਂ ਤੋਂ ਵੀ ਕਥਿਤ ਤੌਰ ‘ਤੇ ਪੰਜ ਕਰੋੜ ਰੁਪਏ ਮੰਗੇ ਸਨ।

ਸਚਾਈ ਦੀ ਜਿੱਤ ਹੋਵੇਗੀ : ਕੇਜਰੀਵਾਲ
ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਘਿਰੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ‘ਸਚਾਈ ਦੀ ਜਿੱਤ ਹੋਵੇਗੀ।’ ਦਿੱਲੀ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਤੋਂ ਪਹਿਲਾਂ ਉਨ੍ਹਾਂ ਟਵੀਟ ਕੀਤਾ ਕਿ ‘ਸਚਾਈ ਜਿੱਤੇਗੀ ਅਤੇ ਇਸ ਦੀ ਸ਼ੁਰੂਆਤ ਵਿਸ਼ੇਸ਼ ਸੈਸ਼ਨ ਦੌਰਾਨ ਹੋਵੇਗੀ।’
ਕੇਜਰੀਵਾਲ ਦੇ ਸਾਢੂ ਦਾ ਦੇਹਾਂਤ :
ਕੇਜਰੀਵਾਲ ਦੇ ਸਾਢੂ ਸੁਰਿੰਦਰ ਕੁਮਾਰ ਬਾਂਸਲ, ਜਿਨ੍ਹਾਂ ਨੂੰ ਕਥਿਤ ਫਾਇਦਾ ਦੇਣ ਦਾ ਦੋਸ਼ ਕਪਿਲ ਮਿਸ਼ਰਾ ਨੇ ਲਗਾਇਆ ਹੈ, ਦਾ ਦਿਲ ਦਾ ਦੌਰਾ ਪੈਣ ਕਾਰਨ ਮੇਦਾਂਤਾ ਹਸਪਤਾਲ ਵਿੱਚ ਦੇਹਾਂਤ ਹੋ ਗਿਆ।