ਪਿੰਡ ਸਮੀਰੋਵਾਲ ਦੀ ਗਲੀ ‘ਚੋਂ ਸੁਖਮਨੀ ਸਾਹਿਬ ਦੇ ਅੰਗ ਮਿਲੇ

0
360

ਨੂਰਪੁਰ ਬੇਦੀ/ਬਿਊਰੋ ਨਿਊਜ਼ :
ਨਜ਼ਦੀਕੀ ਪਿੰਡ ਸਮੀਰੋਵਾਲ ਦੀ ਇਕ ਗਲੀ ਵਿਚੋਂ ਗੁਟਕਾ ਸਾਹਿਬ (ਸੁਖਮਨੀ ਸਾਹਿਬ) ਦੇ ਬਿਖਰੇ ਹੋਏ ਅੰਗ ਬਰਾਮਦ ਹੋਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ ਸਾਢੇ 7 ਕੁ ਵਜੇ ਜਦੋਂ ਪਿੰਡ ਦਾ ਇਕ ਬਜ਼ੁਰਗ ਵਰਿਆਮ ਸਿੰਘ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਜਾ ਰਿਹਾ ਸੀ ਤਾਂ ਉਸ ਦੀ ਨਜ਼ਰ ਗਲੀ ਵਿਚ ਸੁਖਮਨੀ ਸਾਹਿਬ ਦੇ ਵਿਖਰੇ ਹੋਏ ਅੰਗਾਂ ‘ਤੇ ਪਈ।
ਸੁਖਮਨੀ ਸਾਹਿਬ ਦੇ ਸਮੁੱਚੇ ਅੰਗ ਗੁਰਦੁਆਰਾ ਸਾਹਿਬ ਦੇ ਲਾਗੇ ਅਤੇ ਗਲੀ ਵਿਚ ਕਈ ਜਗ੍ਹਾ ਬਿਖਰੇ ਮਿਲੇ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪਿੰਡ ਵਾਸੀ ਇਕੱਤਰ ਹੋ ਗਏ ਤੇ ਉਨ੍ਹਾਂ ਪੂਰੇ ਅਦਬ ਤੇ ਸਤਿਕਾਰ ਨਾਲ ਅੰਗਾਂ ਨੂੰ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਲਿਆਂਦਾ।
ਇਸ ਮੌਕੇ ਵਿਸ਼ੇਸ਼ ਤੋਰ ‘ਤੇ ਸੂਚਨਾ ਮਿਲਣ ‘ਤੇ ਪਹੁੰਚੇ ਤਖ਼ਤ ਸ੍ਰੀ   ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਦੇ ਹੈੱਡ ਗ੍ਰੰਥੀ ਫੂਲਾ ਸਿੰਘ ਨੇ ਜਪੁਜੀ ਸਾਹਿਬ ਦਾ ਪਾਠ ਕਰ ਕੇ ਖਿਮਾ ਯਾਚਨਾ ਕੀਤੀ।
ਜ਼ਿਕਰਯੋਗ ਹੈ ਕਿ ਜਿਸ ਗਲੀ ਵਿਚੋਂ ਅੰਗ ਬਰਾਮਦ ਹੋਏ ਹਨ ਉਸ ਗਲੀ ਵਿਚ ਸਥਿਤ ਪਿੰਡ ਦੇ ਇਕਮਾਤਰ ਗੁਰੂਦੁਆਰਾ ਸਾਹਿਬ ਵਿਖੇ ਕਈ ਕੈਮਰੇ ਲੱਗੇ ਹੋਣ ਦੇ ਨਾਲ-ਨਾਲ ਹਾਈ ਸਕਿਉਰਿਟੀ ਅਲਾਰਮ ਸਿਸਟਮ ਵੀ ਲੱਗਿਆ ਹੋਇਆ ਹੈ।
ਪੁਲੀਸ ਅਧਿਕਾਰੀਆਂ ਵਲੋਂ ਉਕਤ ਕੈਮਰਿਆਂ ਦੀ ਸਮੁੱਚੀ ਫੁਟੇਜ ਗੌਰ ਨਾਲ ਦੇਖੀ ਗਈ। ਪਿੰਡ ਵਾਸੀਆਂ ਨੇ ਦੱਸਿਆ ਕਿ ਫੁਟੇਜ਼ ਤੋਂ ਪਤਾ ਲੱਗਦਾ ਹੈ ਕਿ ਗੁਰੂਦੁਆਰਾ ਸਾਹਿਬ ਦੇ ਸਮੁੱਚੇ ਗੁਟਕੇ ਸਹੀ ਸਲਾਮਤ ਹਨ ਤੇ ਇਹ ਗੁਟਕਾ ਸਾਹਿਬ ਗੁਰਦੁਆਰਾ ਸਾਹਿਬ ਤੋਂ ਨਹੀਂ ਲਿਜਾਇਆ ਗਿਆ ਹੈ। ਇਸ ਘਟਨਾ ਦੀ ਸੂਚਨਾ ਮਿਲਣ ‘ਤੇ ਐੱਸ.ਪੀ. ਹੈੱਡਕੁਆਰਟਰ ਰੂਪਨਗਰ ਅਜਿੰਦਰ ਸਿੰਘ, ਡੀ.ਐੱਸ.ਪੀ. ਆਨੰਦਪੁਰ ਸਾਹਿਬ ਸੰਤ ਸਿੰਘ ਧਾਲੀਵਾਲ ਤੇ ਥਾਣਾ ਮੁਖੀ ਨੂਰਪੁਰ ਬੇਦੀ ਸਰਬਜੀਤ ਸਿੰਘ ਤੁਰੰਤ ਮੌਕੇ ‘ਤੇ ਪਹੁੰਚ ਗਏ।
ਐੱਸ.ਪੀ. ਅਜਿੰਦਰ ਸਿੰਘ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਅੰਦਰ ਪਏ ਸਮੁੱਚੇ ਗੁਟਕੇ ਸਹੀ ਸਲਾਮਤ ਹਨ ਤੇ ਇਹ ਘਿਨੌਣੀ ਹਰਕਤ ਕਿਸੀ ਬਾਹਰੀ ਤੇ ਗਲਤ ਅਨਸਰ ਨੇ ਕੀਤੀ ਲੱਗਦੀ  ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਨਾਮਲੂਮ ਵਿਅਕਤੀਆਂ ਖਿਲਾਫ਼ 295 ਏ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।