ਬਰਗਾੜੀ ਮੋਰਚਾ : ਪੰਜਾਬ ਦੀ ਨਵੀ ਸਿਆਸੀ ਸਫਬੰਦੀ ਦਾ ਕੇਂਦਰ ਬਣਿਆ

0
102

dal-khalsa-leaders-at-bargari-morcha
7 ਅਕਤੂਬਰ ਨੂੰ ਹੋਣ ਜਾ ਰਿਹਾ ਹੈ ਤਿਕੋਣਾ ਸ਼ਕਤੀ-ਪ੍ਰਦਰਸ਼ਨ
14 ਅਕਤੂਬਰ ਨੂੰ ਮਨਾਈ ਜਾ ਰਹੀ ਹੈ ਬਹਿਬਲ ਕਲਾਂ ਗੋਲੀ ਕਾਂਡ ਦੀ ਬਰਸੀ
ਬਾਦਲ ਦਲ ਤੇ ਮੋਰਚਾ ਸਮਰਥਕਾਂ ਵਿਚ ਟਕਰਾਅ ਦੇ ਹਾਲਾਤ
ਭਗਵਾਂ ਬ੍ਰਿਗੇਡ ਵੀ ਬਰਗਾੜੀ ਮੋਰਚੇ ਦੇ ਵਿਰੋਧ ਵਿਚ ਨਿਤਰਿਆ
ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲਕਲਾਂ ਗੋਲੀਕਾਂਡ ਦਾ ਇਨਸਾਫ ਮੰਗਣ ਸਮੇਤ ਹੋਰ ਪੰਥਕ ਮੰਗਾਂ ਨੂੰ ਲੈ ਕੇ ਸ਼ੁਰੂ ਹੋਇਆ ਬਰਗਾੜੀ ਮੋਰਚਾ ਰਾਜ ਦੀ ਸਿਆਸਤ ਦਾ ਕੇਂਦਰ ਬਿੰਦੂ ਬਣ ਗਿਆ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਬਰਗਾੜੀ ਮੋਰਚੇ ‘ਚੋਂ ਤੀਸਰੀ ਪੰਥਕ ਸਿਆਸੀ ਧਿਰ ਉਭਰ ਸਕਦੀ ਹੈ, ਜੋ ਬਾਦਲ ਦਲ, ‘ਆਪ’ ਅਤੇ ਕਾਂਗਰਸ ਤੋਂ ਨਿਰਾਸ਼ ਹੋ ਚੁੱਕੇ ਲੋਕਾਂ ਨੂੰ ਆਪਣੇ ਨਾਲ ਜੋੜ ਕੇ ਚੱਲ ਸਕਦੀ ਹੈ। ਕੁਝ ਸਿਆਸੀ ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਪੰਥਕ ਏਕਤਾ ਲਈ ਬੀਤੇ ਵਿਚ ਬਹੁਤੀ ਵਾਰ ਸੁਹਿਰਦ ਨਹੀਂ ਜਾਪਦੇ ਰਹੇ, ਇਸ ਲਈ ਇਹ ਏਕਤਾ ਹੋਣੀ ਅਸੰਭਵ ਹੈ। ਸ਼ਾਇਦ ਉਨ੍ਹਾਂ ਨੂੰ ਇਹ ਭਰਮ ਹੋ ਜਾਂਦਾ ਹੈ ਕਿ ਸੰਗਤਾਂ ਸਿਰਫ ਉਨ੍ਹਾਂ ਦੇ ਨਾਲ ਹੀ ਹਨ।
ਬਦਲ ਰਹੇ ਸਿਆਸੀ ਹਾਲਾਤ ਵਿਚ ਇਸੇ ਕਰਕੇ ਬਾਦਲ ਦਲ ਅਤੇ ਕਾਂਗਰਸ ਵੱਲੋਂ ਮੋਰਚੇ ਨੂੰ ਫੇਲ੍ਹ ਕਰਨ ਦੀ ਰਣਨੀਤੀ ਉਤੇ ਕੰਮ ਕੀਤਾ ਜਾ ਰਿਹਾ ਹੈ। ਦੋਵੇਂ ਪਾਰਟੀਆਂ ਬਰਗਾੜੀ ਧਿਰਾਂ ਦੇ 7 ਅਕਤੂਬਰ ਦੇ ਰੋਸ ਮਾਰਚ ਵਾਲੇ ਦਿਨ ਹੀ ਕ੍ਰਮਵਾਰ ਲੰਬੀ ਅਤੇ ਪਟਿਆਲੇ ਵਿਚ ਰੈਲੀਆਂ ਕਰ ਰਹੀਆਂ ਹਨ। ਪੰਜਾਬ ਦੀ ਰਾਜਨੀਤੀ ਵਿਚ ਆਪਣੀ ਜ਼ਮੀਨ ਤਲਾਸ਼ ਰਹੇ ‘ਆਪ’ ਵਿਚੋਂ ਬਾਗੀ ਹੋਏ ਖਹਿਰਾ ਧੜੇ ਨੇ ਖੁੱਲ੍ਹ ਕੇ ਮੋਰਚੇ ਦੀ ਹਮਾਇਤ ਕੀਤੀ ਹੈ, ਜਦਕਿ ਆਮ ਆਦਮੀ ਪਾਰਟੀ ਦੂਰ ਖੜ੍ਹ ਕੇ ਨਿਰਪੱਖ ਰਹਿਣ ਦੇ ਯਤਨਾਂ ਵਿਚ ਹੈ। ਖੂਫੀਆ ਰਿਪੋਰਟਾਂ ਮਿਲਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਵੀ ਖੁੱਲ੍ਹ ਕੇ ਬਰਗਾੜੀ ਮੋਰਚੇ ਦੇ ਖਿਲਾਫ ਖੜ੍ਹ ਗਈ ਹੈ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਅਚਨਚੇਤ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਦੀ ਬਿਆਨਬਾਜ਼ੀ ਵੀ ਮੋਰਚੇ ਖਿਲਾਫ ਆ ਰਹੀ ਹੈ। ਬੇਅਦਬੀ ਮਾਮਲਿਆਂ ਦੀ ਜਾਂਚ ਲਈ ਗਠਿਤ ਰਿਟਾਇਰਡ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਧਾਨ ਸਭਾ ਵਿਚ ਪੇਸ਼ ਕਰਨ ਤੋਂ ਬਾਅਦ ਹੀ ਕਾਂਗਰਸ ਨੇ ਬਰਗਾੜੀ ਮੋਰਚੇ ਤੋਂ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ ਸੀ।
ਮੋਰਚਾ ਪੱਖੀਆਂ ਵੱਲੋਂ 14 ਅਕਤੂਬਰ ਨੂੰ ਬਹਿਬਲ ਕਲਾਂ ਕਾਂਡ ਦੀ ਬਰਸੀ ਮਨਾਈ ਜਾ ਰਹੀ ਹੈ। ਇਸ ਤੋਂ ਪਹਿਲਾਂ 7 ਅਕਤੂਬਰ ਨੂੰ ਇਸ ਬਰਸੀ ਸਬੰਧੀ ਮਾਰਚ ਕੱਢਿਆ ਜਾਵੇਗਾ, ਜਿਸ ਨੂੰ ਦੇਖਦੇ ਹੋਏ ਖੁਫੀਆ ਏਜੰਸੀਆਂ ਨੇ ਕੈਪਟਨ ਸਰਕਾਰ ਨੂੰ ਅਲਰਟ ਕਰ ਦਿੱਤਾ ਹੈ। ਏਜੰਸੀਆਂ ਨੇ ਸਰਕਾਰ ਨੂੰ ਦਿੱਤੀ ਰਿਪੋਰਟ ਵਿਚ ਕਿਹਾ ਹੈ ਕਿ ਗੋਲੀਕਾਂਡ ਦੀ ਬਰਸੀ ‘ਤੇ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਹੈ।
ਏਜੰਸੀਆਂ ਦਾ ਕਹਿਣਾ ਹੈ ਕਿ ਬਾਦਲ ਦਲ ਤੇ ਗਰਮ ਖਿਆਲੀ ਜਥੇਬੰਦੀਆਂ ਵਲੋਂ ਗੋਲੀਕਾਂਡ ਨੂੰ ਲੈ ਕੇ ਟਕਰਾਅ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪੰਜਾਬ ਪੁਲਸ ਦੇ ਇੰਟੈਲੀਜੈਂਸ ਵਿੰਗ ਨੇ ਸੂਬਾ ਸਰਕਾਰ ਨੂੰ ਭੇਜੀ ਰਿਪੋਰਟ ਵਿਚ ਸਾਫ ਕਰ ਦਿੱਤਾ ਹੈ ਕਿ ਬਰਗਾੜੀ ਵਿਚ ਬਹਿਬਲ ਕਲਾਂ ਗੋਲੀਕਾਂਡ ਦੀ ਤੀਜੀ ਬਰਸੀ ‘ਤੇ ਹੋਣ ਵਾਲੇ ਪ੍ਰੋਗਰਾਮ ਦੌਰਾਨ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ ਅਤੇ ਸ਼ਰਾਰਤੀ ਤੱਤ ਮੌਕੇ ਦਾ ਫਾਇਦਾ ਚੁੱਕ ਕੇ ਮਾਹੌਲ ਨੂੰ ਖਰਾਬ ਕਰ ਸਕਦੇ ਹਨ, ਇਸ ਲਈ ਜੱਥੇਬੰਦੀਆਂ ਨਾਲ ਗੱਲਬਾਤ ਕਰਕੇ ਪ੍ਰੋਗਰਾਮ ਨੂੰ ਟਾਲ ਦਿੱਤਾ ਜਾਣਾ ਚਾਹੀਦਾ ਹੈ।
ਡੀਜੀਪੀ. ਇੰਟੈਲੀਜੈਂਸ ਦਿਨਕਰ ਗੁਪਤਾ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਗੁਪਤ ਰਿਪੋਰਟ ਭੇਜ ਦਿੱਤੀ ਗਈ ਹੈ।
ਕੀ ਕਹਿੰਦੇ ਹਨ ਭਾਈ ਧਿਆਨ ਸਿੰਘ ਮੰਡ : ਦੂਸਰੇ ਪਾਸੇ ਬਰਗਾੜੀ ਮੋਰਚੇ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਨੇ ਸਾਨੂੰ ਇਨਸਾਫ਼ ਨਹੀਂ ਦਿੱਤਾ, ਇਸੇ ਕਰਕੇ ਹੁਣ ਇਹ ਲੀਡਰ ਸਾਨੂੰ ਮੂੰਹ ਦਿਖਾਉਣ ਜੋਗੇ ਨਹੀਂ। ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਵਿੱਚ ਚੱਲ ਰਹੇ ਇਨਸਾਫ ਮੋਰਚੇ ਨੇ ਚਾਰ ਮਹੀਨੇ ਪੂਰੇ ਕਰਕੇ ਪੰਜਵੇਂ ਮਹੀਨੇ ਵਿੱਚ ਦਾਖਲਾ ਪਾ ਲਿਆ ਹੈ। ਭਾਈ ਧਿਆਨ ਸਿੰਘ ਮੰਡ ਨੇ ਕਿਹਾ ਕਿ ਪੰਥ ਦੋਖੀਆਂ ਵੱਲੋਂ ਸਰਕਾਰਾਂ ਦਾ ਆਸਰਾ ਲੈ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ ਹੈ। ਜਦੋਂ ਸਰਕਾਰਾਂ ਗੁਰੂ ਘਰ ਨਾਲ ਮੱਥਾ ਲਾ ਲੈਣ, ਫਿਰ ਭਾਵੇਂ ਬਾਦਲ ਹੋਵੇ ਜਾਂ ਜਹਾਂਗੀਰ, ਉਹਨਾਂ ਦੀ ਜੜ੍ਹ ਨਹੀ ਲੱਗਦੀ।
ਗੁਰਤੇਜ ਸਿੰਘ ਆਈਏਐਸ ਦਾ ਕਹਿਣਾ ਹੈ ਕਿ ਸਿਮਰਨਜੀਤ ਸਿੰਘ ਮਾਨ ਦੀ ਖਾਲਿਸਤਾਨ ਲਈ ਸੰਘਰਸ਼ ਕਰਨ ਦੇ ਨਾਲ-ਨਾਲ ਭਾਰਤੀ ਜਮਹੂਰੀਅਤ ਅਨੁਸਾਰ ਚੋਣਾਂ ਲੜਨ ਦੀ ਰਣਨੀਤੀ ਨੁਕਸਦਾਰ ਹੈ। ਲੋਕਾਂ ਵਿਚ ਸਵਾਲ ਖੜ੍ਹਾ ਹੋ ਜਾਂਦਾ ਹੈ ਕਿ ਭਾਰਤੀ ਜਮਹੂਰੀਅਤ ਦੀਆਂ ਸੰਹੁਆਂ ਚੁੱਕਣ ਤੋਂ ਬਾਅਦ ਖਾਲਿਸਤਾਨ ਦਾ ਮੁੱਦਾ ਕਿਵੇਂ ਉਠਾ ਹੋਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਸਾਂਝਾਪੰਥਕ ਮੁਹਾਜ਼ ਬਣਨ ਦੇ  ਸਬੰਧ ਵਿਚ ਉਹ ਆਪ ਵੀ ਯਤਨ ਕਰ ਰਹੇ ਹਨ।

ਇੱਥੋਂ ਤੱਕ ਕਿ ਅਕਾਲੀ ਦਲ-ਭਾਜਪਾ ਤੇ ਆਮ ਆਦਮੀ ਪਾਰਟੀ ਨੇ ਵੀ ਇਸ ਤੋਂ ਦੂਰੀ ਬਣਾਈ ਹੋਈ ਹੈ ਪਰ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਵਿਚ ‘ਆਪ’ ਦਾ ਬਾਗੀ ਧੜਾ ਮੋਰਚੇ ਦੇ ਸਮਰਥਨ ਵਿਚ ਖੁੱਲ੍ਹ ਕੇ ਆ ਰਿਹਾ ਹੈ। ਉੱਥੇ ਹੀ ਕਾਂਗਰਸ ਦੇ ਕੁਝ ਆਗੂਆਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਸਿਆਸਤ ਕਰਨ ਦਾ ਉਲਟਾ ਅਸਰ ਵੀ ਪੈ ਸਕਦਾ ਹੈ।
ਉਹਨਾਂ ਕਿਹਾ ਕਿ ਜਿੰਨਾਂ ਦੋਸ਼ੀਆਂ ਵੱਲੋਂ ਚੈਲਿੰਜ ਕਰਕੇ ਗੁਰੂ ਸਾਹਿਬ ਨੂੰ ਅਗਨ ਭੇਂਟ ਕਰਕੇ ਬੇਅਦਬੀ ਕੀਤੀ ਗਈ, ਰੂੜੀਆਂ ਵਿਚ ਦੱਬਿਆ ਗਿਆ, ਅੰਗ ਪਾੜ ਕੇ ਗਲੀਆਂ ਵਿੱਚ ਰੋਲਿਆ ਗਿਆ ਹੈ, ਉਹਨਾਂ ਦੀਆਂ ਕੁਲਾਂ ਵੀ ਖਤਮ ਹੋਣਗੀਆਂ। ਉਹਨਾਂ ਕੈਪਟਨ ਅਮਰਿੰਦਰ ਸਿੰਘ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਵਿਧਾਨ ਸਭਾ ਦੇ ਸ਼ੈਸ਼ਨ ਦੌਰਾਨ ਤੁਹਾਡੇ ਚਾਰ ਪੰਜ ਮੰਤਰੀਆਂ ਨੇ ਦੋਸ਼ੀਆਂ ਤੇ ਤੁਰੰਤ ਕਾਰਵਾਈ ਕਰਨ ਲਈ ਵੀ ਤੁਹਾਡੇ ਤਰਲੇ ਮਿੰਨਤਾਂ ਕੀਤੀਆਂ, ਪਰ ਤੁਸੀ ਅਜੇ ਤੱਕ ਕੋਈ ਕਾਰਵਾਈ ਨਹੀ ਕੀਤੀ। ਤੁਹਾਡੇ ਤੇ ਲੋਕਾਂ ਨੂੰ ਬਹੁਤ ਆਸਾਂ ਹਨ, ਇਸ ਲਈ ਤੁਸੀ ਸਿੱਖਾਂ ਨੂੰ ਇਨਸਾਫ ਦਿਓ ਧੋਖਾ ਦੇ ਕੇ ਸਿੱਖਾਂ ਦੀਆਂ ਆਸਾਂ ਨੂੰ ਤੋੜਨ ਦੀ ਗਲਤੀ ਨਾ ਕਰਿਓ। ਉਹਨਾਂ ਕਿਹਾ ਕਿ ਜੇਕਰ ਧੋਖਾ ਦਿੱਤਾ ਤਾਂ ਤੁਹਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜਿਹੜਾ ਹਾਲ ਅੱਜ ਬਾਦਲਾਂ ਦਾ ਹੋ ਰਿਹਾ ਹੈ, ਉਹ ਹੀ ਹਾਲ ਕੱਲ੍ਹ ਤੁਹਾਡਾ ਵੀ ਹੋਵੇਗਾ।
ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਕਿਹਾ ਬਾਦਲ ਕੇ ਅਤੇ ਕੈਪਟਨ ਨੇ ਮੋਰਚੇ ਨੂੰ ਤਾਰਪੀਡੋ ਕਰਨ ਲਈ ਹੀ ਰੈਲੀਆਂ ਦੀ ਸਾਜਿਸ਼ ਰਚੀ ਜਾ ਰਹੀ ਹੈ, ਤਾਂ ਕਿ ਸਿੱਖਾਂ ਨੂੰ ਰੈਲੀਆਂ ਵਿੱਚ ਉਲਝਾ ਕੇ ਪੰਥ ਦੀਆਂ ਤਿੰਨ ਮੰਗਾਂ ਮਨਵਾਉਣ ਲਈ ਲਾਏ ਮੋਰਚੇ ਨੂੰ ਬੇਅਸਰ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਸਰਕਾਰ ਅਤੇ ਬਾਦਲਕਿਆਂ ਨੂੰ ਸਬਕ ਸਿਖਾਉਣ ਲਈ ਦੋ ਸਤੰਬਰ,7 ਸਤੰਬਰ ਅਤੇ ਸ਼ਹੀਦਾਂ ਦੀ ਯਾਦ ਵਿੱਚ ਜੁੜਨ ਲਈ 14  ਸਤੰਬਰ ਨੂੰ ਬਰਗਾੜੀ ਵਿਖੇ ਵੱਖ ਵੱਖ ਸੂਬਿਆਂ ਸਮੇਤ ਪੰਜਾਬ ਦੇ ਕੋਨੇ ਕੋਨੇ ਤੋਂ ਸੰਗਤਾਂ ਵੱਡੀ ਗਿਣਤੀ ਵਿੱਚ ਪਹੁੰਚਣ ਤਾਂ ਕਿ ਬਾਦਲਕਿਆਂ ਅਤੇ ਕੈਪਟਨ ਨੂੰ ਦੱਸਿਆ ਜਾ ਸਕੇ ਕਿ ਹੁਣ ਸਿੱਖ ਪੰਥ ਅਤੇ ਸਮੁੱਚਾ ਪੰਜਾਬ ਤੁਹਾਡੀਆਂ ਚਾਲਾਂ ਵਿੱਚ ਆਉਣ ਵਾਲਾ ਨਹੀ, ਹੁਣ ਖਾਲਸਾ ਪੰਥ ਹਰ ਹਾਲ ਵਿੱਚ ਇਨਸਾਫ ਲੈ ਕੇ ਰਹੇਗਾ।

ਖਹਿਰਾ ਧੜੇ ਨੇ ਪੰਥਕ ਰਾਜਨੀਤੀ ਵੱਲ ਕਦਮ ਵਧਾਇਆ : ‘ਆਪ’ ਪਾਰਟੀ ਤੋਂ ਬਾਗੀ ਹੋਏ ਸੁਖਪਾਲ ਸਿੰਘ ਖਹਿਰਾ ਅਤੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੀ ਅਗਵਾਈ ਵਿਚ ਜੁਆਇੰਟ ਐਕਸ਼ਨ ਕਮੇਟੀ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿਚ ਵਿਧਾਇਕ ਪਿਰਮਲ ਸਿੰਘ, ਬਲਦੇਵ ਸਿੰਘ, ਜਗਦੇਵ ਸਿੰਘ ਕਮਾਲੂ, ਬਰਗਾੜੀ ਵਿਚ ਇਨਸਾਫ਼ ਮੋਰਚੇ ਦੀ ਅਗਵਾਈ ਕਰ ਰਹੇ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਅਤੇ ਹੋਰ ਸਿੱਖ ਜਥੇਬੰਦੀਆਂ ਦੇ ਆਗੂ ਸ਼ਾਮਲ ਸਨ। ਖਹਿਰਾ ਨੇ ਕਿਹਾ ਕਿ 7 ਅਕਤੂਬਰ ਨੂੰ ਕੋਟਕਪੂਰਾ ਫੁਹਾਰਾ ਚੌਕ ਤੋਂ ਲੈ ਕੇ ਬਰਗਾੜੀ ਤੱਕ 25 ਕਿਲੋਮੀਟਰ ਲੰਬਾ ਰੋਸ ਮਾਰਚ ਕੱਢਿਆ ਜਾਵੇਗਾ। ਉਨ੍ਹਾਂ ਇਸ ਮਾਰਚ ਵਿਚ ਸਾਰੇ ਇਨਸਾਫ਼ ਪਸੰਦ ਲੋਕਾਂ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਇਸ ਮੀਟਿੰਗ ਵਿਚ ਸ਼੍ਰੋਮਣੀ ਅਕਾਲੀ ਦਲ, ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਕੋਈ ਨੁਮਾਇੰਦਾ ਸ਼ਾਮਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਬਰਗਾੜੀ ਅਤੇ ਬਹਿਬਲ ਕਾਂਡ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਇਹ ਰੋਸ ਮਾਰਚ ਕੱਢਿਆ ਜਾ ਰਿਹਾ ਹੈ। ਸੁਖਪਾਲ ਸਿੰਘ ਖਹਿਰਾ ਨੇ ਦਾਅਵਾ ਕੀਤਾ ਸੀ ਕਿ ਜੁਆਇੰਟ ਐਕਸ਼ਨ ਕਮੇਟੀ ਦੀ ਇਸ ਮੀਟਿੰਗ ਵਿਚ ਪਟਿਆਲਾ ਦੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਸ਼ਾਮਲ ਹੋਣਗੇ ਪਰ ਉਹ ਇਸ ਮੀਟਿੰਗ ਵਿਚ ਨਹੀਂ ਆਏ।

ਭਗਵਾਂ ਬ੍ਰਿਗੇਡ ਬਰਗਾੜੀ ਮੋਰਚੇ ਵਿਰੁਧ ਨਿਤਰਿਆ : ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦਾ ਕਾਂਗਰਸ ਵਿਰੋਧ ਰਵਾਇਤ ਮੁਤਾਬਕ ਇਕ ਵਾਰ ਮੁੜ ਪੰਜਾਬ ਦੀਆਂ ਹੱਕੀ ਤੇ ਵਾਜਿਬ ਮੰਗਾਂ ਦੇ ਖਿਲਾਫ ਭੁਗਤਿਆ ਹੈ। ਭਾਜਪਾ ਦੀ ਪੰਜਾਬ ਇਕਾਈ ਨੇ ਬੇਅਦਬੀ ਮਾਮਲੇ ‘ਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦਾ ਤਿੱਖਾ ਵਿਰੋਧ ਕੀਤਾ। ਇਸ ਵਿਰੋਧ ਦਾ ਮੂਲ ਕਾਰਨ ਪਾਰਟੀ ਲੀਡਰਾਂ ਦੇ ਖੁਦ ਦੇ ਬਿਆਨਾਂ ਤੋਂ ਹੀ ਸਾਫ ਜਾਹਿਰ ਹੋਇਆ ਕਿ ਉਹ ਜਸਟਿਸ ਰਣਜੀਤ ਸਿੰਘ ਰਿਪੋਰਟ ‘ਤੇ ਕੈਪਟਨ ਸਰਕਾਰ ਨੂੰ ਘੇਰਨ ਦਾ ਸਿਆਸੀ ਦਾਅ ਖੇਡ ਰਹੇ ਹਨ।
ਭਾਜਪਾ ਦੀ ਚੰਡੀਗੜ੍ਹ ਵਿੱਚ ਹੋਈ ਉਕਤ ਮੀਟਿੰਗ ਵਿਚ ਪਾਸ ਮਤੇ ਵਿਚ ਕਿਹਾ ਗਿਆ ਕਿ ਪੰਜਾਬ ਸਰਕਾਰ ਰਣਜੀਤ ਸਿੰਘ ਰਿਪੋਰਟ ਰਾਹੀਂ ਭਾਵਨਾਤਮਕ ਮੁੱਦਿਆਂ ‘ਤੇ ਸਿਆਸਤ ਖੇਡ ਰਹੀ ਹੈ, ਇਸ ਕਰਕੇ ਪਾਰਟੀ ਰਿਪੋਰਟ ਦਾ ਸਖਤ ਵਿਰੋਧ ਕਰਦੀ ਹੈ। ਮੀਟਿੰਗ ਵਿਚ ਭਾਜਪਾ ਦੇ ਸਾਬਕਾ ਪੰਜਾਬ ਪ੍ਰਧਾਨ ਕਮਲ ਸ਼ਰਮਾ ਨੇ ਕਿਹਾ ਕਿ ਅਸੀਂ ਵੀ ਚਾਹੁੰਦੇ ਹਾਂ ਕਿ ਬੇਅਦਬੀ ਮਾਮਲਿਆਂ ਵਿਚ ਦੋਸ਼ੀਆਂ ਨੂੰ ਸਜ਼ਾਵਾਂ ਮਿਲਣ ਪਰ ਕਾਂਗਰਸ ਦਾ ਇਸ ਰਿਪੋਰਟ ਦੀ ਆੜ ਵਿਚ ਗਰਮਖਿਆਲੀਆਂ ਨੂੰ ਖੁਸ਼ ਕਰਨ ਦਾ ਮਾਮਲਾ ਗੰਭੀਰ ਹੈ। ਕਾਂਗਰਸ ਅਜਿਹਾ ਕਰਕੇ ਗਰਮਖਿਆਲੀਆਂ ਦੇ ਹੱਥਾਂ ਵਿਚ ਖੇਡ ਰਹੀ ਹੈ। ਉਨ੍ਹਾਂ ਇਥੋਂ ਤਕ ਕਹਿ ਦਿੱਤਾ ਕਿ ਰਣਜੀਤ ਸਿੰਘ ਰਿਪੋਰਟ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਨਹੀਂ, ਸਗੋਂ ਸਿਆਸਤ ਖੇਡਣ ਲਈ ਹੀ ਤਿਆਰ ਕਰਵਾਈ ਗਈ ਹੈ। ਇਸ ਤਰ੍ਹਾਂ ਇਕ ਤਰ੍ਹਾਂ ਨਾਲ ਉਨ੍ਹਾਂ ਪੂਰੀ ਰਿਪੋਰਟ ਨੂੰ ਹੀ ਸਵਾਲਾਂ ਦੇ ਘੇਰੇ ਵਿਚ ਲੈ ਆਂਦਾ।
ਭਾਜਪਾ ਦੀ ਮੀਟਿੰਗ ਦੌਰਾਨ ਬਹੁਤੇ ਆਗੂਆਂ ਨੂੰ ਬਰਗਾੜੀ ਮੋਰਚਾ ਖਾਸਾ ਚੁਭ ਰਿਹਾ ਸੀ। ਵਿਜੇ ਸਾਂਪਲਾ ਨੇ ਕਿਹਾ ਕਿ ਗਰਮਖਿਆਲੀਆਂ ਨੂੰ ਸ਼ਹਿ ਦੇ ਕੇ ਕਾਂਗਰਸ ਅੱਗ ਨਾਲ ਖੇਡ ਰਹੀ ਹੈ। ਉਹਨਾਂ ਤੱਥਾਂ ਤੋਂ ਕੋਰੀ ਨਿਰੀ ਸਿਆਸੀ ਭਾਸ਼ਣਬਾਜ਼ੀ ਵਿਚ ਕਿਹਾ ਕਿ ਕਾਂਗਰਸ ਬੀਤੇ ਵਿਚ ਕੀਤੀਆਂ ਆਪਣੀਆਂ ਪੁਰਾਣੀਆਂ ਗਲਤੀਆਂ ਦੁਹਰਾ ਰਹੀ ਹੈ ਜਦੋਂ ਇਸ ਨੇ ਖਾਲਿਸਤਾਨੀ ਹਮਾਇਤੀਆਂ ਨਾਲ ਹੱਥ ਮਿਲਾ ਕੇ ਸੂਬੇ ਨੂੰ ਸੰਕਟ ਵਿਚ ਪਾਇਆ ਸੀ। ਉਨ੍ਹਾਂ ਇਕ ਹੋਰ ਹਾਸੋਹੀਣੀ ਗੱਲ ਕੀਤੀ ਕਿ ਕਾਂਗਰਸ ਸੋਚੀ ਸਮਝੀ ਚਾਲ ਤਹਿਤ ਸਿੱਖ ਗਰਮ ਖਿਆਲੀਆਂ ਨਾਲ ਮਿਲ ਕੇ ਹਿੰਦੂ ਵੋਟ ਬੈਂਕ ਮੁੜ ਆਪਣੇ ਵੱਲ ਲਿਆਉਣਾ ਚਾਹੁੰਦੀ ਹੈ। ਇਹ ਕਿਵੇਂ ਹੋਵੇਗਾ, ਇਸ ਦਾ ਪਤਾ ਸ਼ਾਇਦ ਉਨ੍ਹਾਂ ਨੂੰ ਵੀ ਨਹੀਂ ਹੋਵੇਗਾ। ਭਾਜਪਾ ਆਗੂਆਂ ਨੇ ਬਰਗਾੜੀ ਵਿਚ ਧਰਨੇ ‘ਤੇ ਬੈਠੇ ਗਰਮ ਖਿਆਲੀ ਲੀਡਰਾਂ ਧਿਆਨ ਸਿੰਘ ਮੰਡ ਤੇ ਬਲਜੀਤ ਸਿੰਘ ਦਾਦੂਵਾਲ ਖਿਲਾਫ ਵੀ ਭੜਾਸ ਕੱਢੀ।