ਨਵੀਂ ਸਿਆਸੀ ਕਰਵਟ ਲੈਣ ਲਈ ਜਾਗਿਆ ਪੰਜਾਬ

0
132

bargari-gatheirng-7-october-2018

ਇਹ ਮਿੱਟੀ ਕੁੱਟਿਆਂ ਨਹੀਂ ਭੁਰਦੀ

ਸਾਂਝੇ ਪੰਥਕ ਮੋਰਚੇ ‘ਤੇ ਵਿਚਾਰ ਲਈ ਮੀਟਿੰਗਾਂ ਦਾ ਦੌਰ ਸ਼ੁਰੂ
ਬਾਦਲਾਂ ਦਾ ਬੇੜਾ ਡੋਬਣ ਲੱਗਿਆ ਹੈ ਬਰਗਾੜੀ ਮੋਰਚਾ
ਸੁਖਬੀਰ ਬਾਦਲ ਦਾ ”ਕਾਕਾਸ਼ਾਹੀ ਮਾਡਲ” ਬੁਰੀ ਤਰ੍ਹਾਂ ਫਲਾਪ

ਚੰਡੀਗੜ੍ਹ/ਬਿਊਰੋ ਨਿਊਜ਼ :
ਸਿਆਸਤ ਦੇ ਮੈਦਾਨ ਵਿਚ ਕਈ ਵਾਰ ਆਪਣਾ ਖੇਡਿਆ ਦਾਅ ਖੁਦ ਨੂੰ ਹੀ ਪੁੱਠਾ ਪੈ ਜਾਂਦਾ ਹੈ। ਰੈਲੀਆਂ ਵਾਲੇ ਐਤਵਾਰ (੭ ਅਕਤੂਬਰ) ਨੇ ਵੀ ਇਹੋ ਕਹਾਣੀ ਦੁਹਰਾਈ ਹੈ। ਸਿੱਖ ਪੰਥ ਦੇ ਕੋਟਕਪੂਰਾ ਤੋਂ ਬਰਗਾੜੀ ਦੇ ਇਨਸਾਫ ਮੋਰਚੇ ਤਕ ਕੀਤੇ ਗਏ ਰੋਸ ਮਾਰਚ ਦੇ ਬਰਾਬਰ ਬਾਦਲ ਦਲ ਤੇ ਕਾਂਗਰਸ ਨੂੰ ਰੈਲੀਆਂ ਕਰਨ ਦਾ ਪ੍ਰੋਗਰਾਮ ਬਹੁਤ ਮਹਿੰਗਾ ਪਿਆ ਹੈ। ਪਟਿਆਲਾ ਰੈਲੀ ਦਾ ਅਕਾਲੀ ਦਲ ਨੂੰ ਕੋਈ ਲਾਭ ਹੋਣ ਦੀ ਥਾਂ ਨੁਕਸਾਨ ਜ਼ਿਆਦਾ ਹੋਇਆ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਨੂੰ ਚੁਣੌਤੀਆਂ ਖੜ੍ਹੀਆਂ ਹੋਣ ਕਾਰਨ ਬਾਦਲ ਖੇਮੇ ਵਿਚ ਘਬਰਾਹਟ ਪਾਈ ਜਾ ਰਹੀ ਹੈ। ਬਰਗਾੜੀ ਮੋਰਚੇ ਉਤੇ ਹੋਏ ਵੱਡੇ ਇਕੱਠ ਨੇ ਅਕਾਲੀ ਦਲ ਦੀ ਤਾਂ ਚਿੰਤਾ ਵਧਾਈ ਹੀ ਹੈ, ਸਗੋਂ ਇਹ ਕਾਂਗਰਸ ਲਈ ਵੀ ਖ਼ਤਰੇ ਦੀ ਘੰਟੀ ਵਜਾ ਗਿਆ ਹੈ। ਬੇਅਦਬੀ ਅਤੇ ਗੋਲੀ ਕਾਂਡ ਦੇ ਕਸੂਰਵਾਰਾਂ ਵਿਰੁੱਧ ਕਾਰਵਾਈ ਦੀ ਮੰਗ ਦਾ ਮੁੱਦਾ ਭਖਦਾ ਜਾ ਰਿਹਾ ਹੈ। ਕੈਪਟਨ ਸਰਕਾਰ ਦੀ ਇਸ ਮਾਮਲੇ ਵਿਚ ਰਿਪੋਰਟ ਸਿਫਰ ਹੀ ਆ ਰਹੀ ਹੈ।
ਪੰਜਾਬ ਦੇ ਤਾਜ਼ਾ ਸਿਆਸੀ ਹਾਲਾਤ ਨੂੰ ਦੇਖਦਿਆਂ ਕਿਹਾ ਜਾ ਸਕਦਾ ਹੈ ਕਿ ਆਰਐਸਐਸ ਦੇ ਕੰਧੇੜੀ ਚੜ੍ਹੇ ਪਰਕਾਸ਼ ਸਿੰਘ ਬਾਦਲ ਦਾ ਸਿੱਖਾਂ ਦੀ ਸਿਆਸੀ ਜਮਾਤ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾਉਣ ਦਾ ਸੁਪਨਾ ਚਕਨਾਚੂਰ ਹੋ ਗਿਆ ਹੈ। ਬਰਗਾੜੀ ਦਾ ਇਨਸਾਫ ਮੋਰਚਾ ਬਾਦਲਾਂ ਦਾ ਬੇੜਾ ਡੋਬਣ ਲੱਗਿਆ ਹੋਇਆ ਹੈ। ਸੁਖਬੀਰ ਬਾਦਲ ਦਾ ”ਕਾਕਾਸ਼ਾਹੀ ਮਾਡਲ” ਬੁਰੀ ਤਰ੍ਹਾਂ ਫਲਾਪ ਹੋ ਗਿਆ ਹੈ। ਅਕਾਲੀਆਂ ਦੀ ਡਾਵਾਂਡੋਲ ਕਿਸ਼ਤੀ ਮੂਹਰੇ ਤੂਫਾਨ ਬਣਿਆ ਖੜ੍ਹਾ ਹੈ ਬਰਗਾੜੀ ਮੋਰਚਾ।
ਉਧਰ ਲੋਕਾਂ ਦੇ ਭਰਵੇਂ ਹੁੰਗਾਰੇ ਤੋਂ ਬਾਅਦ ਪੰਥਕ ਜਥੇਬੰਦੀਆਂ ਦਾ ਸਾਂਝੇ ਪੰਥਕ ਮੋਰਚੇ ‘ਤੇ ਵਿਚਾਰਾਂ ਕਰਨ ਲਈ ਮੀਟਿੰਗਾਂ ਦਾ ਦੌਰ ਸ਼ੁਰ ਹੋ ਗਿਆ ਹੈ। ਬਰਗਾੜੀ ‘ਚ ਮਿਲੇ ਵੱਡੇ ਹੁੰਗਾਰੇ ਤੋਂ ਬਾਅਦ ਵੱਖ-ਵੱਖ ਪੰਥਕ ਜਥੇਬੰਦੀਆਂ ਵੱਲੋਂ ਅਕਾਲੀ ਦਲ ਦੀ ਸਿਆਸੀ ਥਾਂ ਮੱਲ੍ਹਣ ਦੀਆਂ ਕੋਸ਼ਿਸ਼ਾਂ ਆਰੰਭ ਦਿੱਤੀਆਂ ਗਈਆਂ ਹਨ। ਇਸ ਦੇ ਮੱਦੇਨਜ਼ਰ ਵੱਖ-ਵੱਖ ਪੰਥਕ ਧਿਰਾਂ ਨੇ ਨਵਾਂ ਬਦਲ ਬਣਾਉਣ ਦੀ ਕਵਾਇਦ ਲਈ 20-21 ਅਕਤੂਬਰ ਨੂੰ ਅੰਮ੍ਰਿਤਸਰ ਵਿੱਚ ਮੀਟਿੰਗ ਰੱਖੀ ਹੈ।
ਸੂਤਰਾਂ ਮੁਤਾਬਕ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਵੱਲੋਂ ‘ਪੰਥਕ ਅਸੈਂਬਲੀ’ ਦੀ ਰੂਪ ਰੇਖਾ ਤਿਆਰ ਕਰਨ ਲਈ 10 ਮੈਂਬਰੀ ਕਮੇਟੀ ਦਾ ਗਠਨ ਇਸ ਵੱਲ ਪੁੱਟਿਆ ਗਿਆ ਕਦਮ ਹੀ ਹੈ। ਇਸ ਕਮੇਟੀ ਵਿਚ ਦਲ ਖਾਲਸਾ, ਸ਼੍ਰੋਮਣੀ ਅਕਾਲੀ ਦਲ-ਅੰਮ੍ਰਿਤਸਰ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਖਿਲਾਫ਼ ਬਰਗਾੜੀ ‘ਚ ਧਰਨੇ ‘ਤੇ ਬੈਠੇ ਸਿੱਖ ਧਰਮ ਪ੍ਰਚਾਰਕ ਸ਼ਾਮਲ ਕੀਤੇ ਗਏ ਹਨ।
ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਵਾਲੇ ਆਮ ਆਦਮੀ ਪਾਰਟੀ ਦੇ ਬਾਗੀ ਧੜੇ ਨੇ ਵੀ ਕਿਹਾ ਹੈ ਕਿ ਜੇਕਰ ਉਨ੍ਹਾਂ ਨੂੰ ਕੋਈ ਸੱਦਾ ਆਉਂਦਾ ਹੈ, ਤਾਂ ਉਹ ਵਿਚਾਰ ਕਰਨਗੇ। ਸੂਤਰਾਂ ਮੁਤਾਬਕ ਪ੍ਰਸਤਾਵਿਤ ਜਥੇਬੰਦੀ ਵਿਚ ਲੋਕ ਇਨਸਾਫ ਪਾਰਟੀ ਦੇ ਬੈਂਸ ਭਰਾਵਾਂ ਨੂੰ ਵੀ ਇਸ ਵਿਚ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਪੰਜਾਬ ਵਿਚ ਬਾਦਲ ਦਲ ਤੇ ਕਾਂਗਰਸ ਦੇ ਭਰੋਸੇਯੋਗ ਬਦਲ ਵਜੋਂ ਉਭਰਿਆ ਜਾ ਸਕੇ।
ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਮੌਜੂਦਾ ਰਵਾਇਤੀ ਪਾਰਟੀਆਂ ਤੋਂ ਲੋਕਾਂ ਦਾ ਯਕੀਨ ਉੱਠ ਚੁੱਕਾ ਹੈ। ਇਸ ਨਵੀਂ ਪੰਥਕ ਅਸੈਂਬਲੀ ਦਾ ਉਦੇਸ਼ ਪੰਥ ਤੇ ਪੰਜਾਬ ਨੂੰ ਇਨਸਾਫ ਦਿਵਾਉਣ ਵਾਸਤੇ ਨਵਾਂ ਪੰਥਕ ਸਿਆਸੀ ਸੰਗਠਨ ਹੋਂਦ ‘ਚ ਲਿਆਉਣਾ ਹੈ।
ਪੰਥਕ ਇਕੱਠ ਨੇ ਬਾਦਲਾਂ ਤੇ ਕਾਂਗਰਸ ਦੀਆਂ ਚੂਲਾਂ ਹਿਲਾਈਆਂ : ਅਕਾਲੀ ਦਲ ਤੇ ਕਾਂਗਰਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਦੀਆਂ ਰੈਲੀਆਂ ਵਿੱਚ ਇੱਕ ਲੱਖ ਤੋਂ ਵੱਧ ਲੋਕ ਪਹੁੰਚੇ ਸੀ। ਜੇਕਰ ਇਨ੍ਹਾਂ ਦਾਅਵਿਆਂ ਨੂੰ ਸੱਚ ਮੰਨ ਲਿਆ ਜਾਵੇ ਤਾਂ ਇਸ ਵਿੱਚ ਗੱਲ਼ ਵਿੱਚ ਕੋਈ ਸ਼ੱਕ ਨਹੀਂ ਕਿ ਪੰਥਕ ਜਥੇਬੰਦੀਆਂ ਦਾ ਇਕੱਠ ਇੱਕ ਲੱਖ ਤੋਂ ਵੱਧ ਸੀ। ਖਾਸ ਗੱਲ਼ ਇਹ ਰਹੀ ਕਿ ਇਸ ਇਕੱਠ ਵਿੱਚ ਜ਼ਿਆਦਾਤਰ ਲੋਕ ਖੁਦ ਆਪਣੇ ਵਾਹਨਾਂ ਵਿੱਚ ਪਹੁੰਚੇ। ਦੂਜੇ ਪਾਸੇ ਅਕਾਲੀ ਦਲ ਤੇ ਕਾਂਗਰਸ ਨੇ ਖਾਸ ਬੱਸਾਂ ਦਾ ਇੰਤਜ਼ਾਮ ਕੀਤਾ ਹੋਇਆ ਸੀ।
ਪੰਥਕ ਜਥੇਬੰਦੀਆਂ ਦੇ ਇਸ ਇਕੱਠ ਨੇ ਅਕਾਲੀ ਦਲ ਤੇ ਸੱਤਾਧਿਰ ਕਾਂਗਰਸ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਸਿੱਖਾਂ ਦੇ ਮਨਾਂ ਅੰਦਰ ਅਜੇ ਵੀ ਬੇਅਦਬੀ ਕਾਂਡ ਦੀ ਚੀਸ ਬਰਕਰਾਰ ਹੈ। ਪੰਥਕ ਜਥੇਬੰਦੀਆਂ ਨੇ ਸਰਕਾਰ ਨੂੰ 15 ਦਿਨਾਂ ਦਾ ਅਲਟੀਮੇਟਮ ਦਿੱਤਾ ਹੈ। ਜੇਕਰ ਕੈਪਟਨ ਸਰਕਾਰ ਨੇ ਕੋਈ ਐਕਸ਼ਨ ਨਾ ਲਿਆ ਤਾਂ ਪੰਜਾਬ ਦਾ ਮਾਹੌਲ ਹੋਰ ਗਰਮਾ ਸਕਦਾ ਹੈ।
ਪੰਜਾਬ ਦੀ ਸੱਤਾ ‘ਤੇ ਇੱਕ ਦਹਾਕਾ ਕਾਬਜ਼ ਰਹਿਣ ਤੋਂ ਬਾਅਦ ਲੋਕਾਂ ਦੇ ਮਨੋ ਬੁਰੀ ਤਰ੍ਹਾਂ ਲਹਿ ਗਏ ਸ਼੍ਰੋਮਣੀ ਅਕਾਲੀ ਦਲ ਦਾ ਸਿਆਸੀ ਸੰਕਟ ਦਿਨ ਪ੍ਰਤੀ ਦਿਨ ਡੂੰਘਾ ਹੁੰਦਾ ਜਾ ਰਿਹਾ ਹੈ। ਬਰਗਾੜੀ ਵਿਚ ਆਪ ਮੁਹਾਰੇ ਹੋਏ ਵੱਡੇ ਇਕੱਠ ਨੇ ਅਕਾਲੀ ਦਲ ਦੀਆਂ ਚੂਲਾਂ ਹਿਲਾ ਦਿੱਤੀਆਂ ਹਨ। ਪਾਰਟੀ ਦੇ ਅੰਦਰੂਨੀ ਸੂਤਰਾਂ ਅਨੂਸਾਰ ਕੁਝ ਨੇਤਾ 7 ਅਕਤੂਬਰ ਦੀ ਪਟਿਆਲਾ ਰੈਲੀ ਤੱਕ ਚੁੱਪ ਸਨ ਤੇ ਮਾਝੇ ਦੇ ਨੇਤਾਵਾਂ ਵੱਲੋਂ ਵੀ ਕੁਝ ਦਿਨਾਂ ਦੌਰਾਨ ਅਹਿਮ ਫੈਸਲੇ ਲਏ ਜਾਣ ਦੇ ਆਸਾਰ ਹਨ। ਸੁਖਦੇਵ ਸਿੰਘ ਢੀਂਡਸਾ ਵੱਲੋਂ ਪਹਿਲਾਂ ਹੀ ਸਕੱਤਰ ਜਨਰਲ ਅਤੇ ਹੋਰਨਾਂ ਅਹੁਦਿਆਂ ਤੋਂ ਅਸਤੀਫਾ ਦਿੱਤਾ ਜਾ ਚੁੱਕਾ ਹੈ।ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਦਾ ਮੰਨਣਾ ਹੈ ਕਿ ਸੁਖਬੀਰ ਸਿੰਘ ਬਾਦਲ ਅਤੇ ਸੀਨੀਅਰ ਨੇਤਾਵਾਂ ਦਰਮਿਆਨ ਪੀੜ੍ਹੀ ਅੰਤਰ (ਜੈਨਰੇਸ਼ਨ ਗੈਪ) ਹੋਣ ਕਰਕੇ ਵੀ ਲਕੀਰ ਖਿੱਚੀ ਜਾ ਰਹੀ ਹੈ।
ਅਕਾਲੀ ਦਲ ਵੱਲੋਂ ਬੇਅਦਬੀ ਅਤੇ ਗੋਲੀ ਕਾਂਡ ਦੇ ਦੋਸ਼ਾਂ ਨੂੰ ਧੋਣ ਲਈ ਰੈਲੀਆਂ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ, ਜੋ ਕਾਮਯਾਬ ਹੁੰਦੀ ਨਹੀਂ ਦਿਸਦੀ। ਮਹੱਤਵਪੂਰਨ ਤੱਥ ਇਹ ਸਾਹਮਣੇ ਆ ਰਹੇ ਹਨ ਕਿ ਸੂਬੇ ਵਿੱਚ ਰਾਜਨੀਤਕ ਤੇ ਸਮਾਜਿਕ ਤੌਰ ‘ਤੇ ਸਭ ਤੋਂ ਵੱਡੇ ਸਵਾਲ ਖੜ੍ਹੇ ਕਰਨ ਵਾਲੇ ਮੁੱਦਿਆਂ, ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀ, ਬਹਿਬਲ ਕਲਾਂ ਤੇ ਕੋਟਕਪੂਰਾ ਵਿੱਚ ਵਾਪਰੇ ਗੋਲੀ ਕਾਂਡ ਅਤੇ ਡੇਰਾ ਮੁਖੀ ਨੂੰ ਮੁਆਫ਼ੀ ਦੇਣ ਅਤੇ ਫਿਰ ਵਾਪਸ ਲੈਣ, ਤੋਂ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਟਾਲਾ ਹੀ ਵੱਟਿਆ ਜਾ ਰਿਹਾ ਹੈ। ਦੇਖਿਆ ਜਾਵੇ ਤਾਂ ਇਸ ਸਮੇਂ ਅਕਾਲੀ ਦਲ ਨੂੰ ਅੰਦਰੂਨੀ ਅਤੇ ਬਾਹਰੀ ਦੋਵਾਂ ਪਾਸਿਆਂ ਤੋਂ ਮਾਰ ਪੈ ਰਹੀ ਹੈ। ਪਾਰਟੀ ਦੇ ਟਕਸਾਲੀ ਨੇਤਾਵਾਂ ਅਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਰਮਿਆਨ ਖਿੱਚੀ ਗਈ ਲਕੀਰ ਹੀ ਭਾਰੂ ਨਹੀਂ ਪੈ ਰਹੀ ਸਗੋਂ ਅਕਾਲੀ ਦਲ ਦਾ ਮੁੱਖ ਵੋਟ ਬੈਂਕ (ਸਿੱਖ) ਵੀ ਨਜ਼ਦੀਕ ਹੋਣ ਦੀ ਥਾਂ ਦੂਰ ਜਾ ਰਿਹਾ ਹੈ।
ਅਕਾਲੀ ਹਲਕਿਆਂ ਦਾ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ ਦੌਰਾਨ ਅੰਦਰੂਨੀ ਅਤੇ ਬਾਹਰੀ ਸੰਕਟ ਜ਼ਿਆਦਾ ਗੰਭੀਰ ਹੋ ਸਕਦਾ ਹੈ, ਕਿਉਂਕਿ ਪੰਜਾਬ ਦੀ ਰਾਜਨੀਤੀ ਉਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਉਸੇ ਘਟਨਾ ਨਾਲ ਜੁੜੇ ਦੋ ਪੁਲੀਸ ਗੋਲੀ ਕਾਂਡਾਂ (ਬਹਿਬਲ ਕਲਾਂ ਅਤੇ ਕੋਟਕਪੂਰਾ) ਦਾ ਸਪੱਸ਼ਟ ਪ੍ਰਛਾਵਾਂ ਦੇਖਿਆ ਜਾ ਸਕਦਾ ਹੈ। ਮਾਝੇ ਦੇ ਅਕਾਲੀਆਂ ਨੇ ਡੇਰਾ ਮੁਖੀ ਦੀ ਮੁਆਫ਼ੀ ਅਤੇ ਬੇਅਦਬੀ ਦੇ ਮੁੱਦੇ ‘ਤੇ ਖੁੱਲ੍ਹ ਕੇ ਬੋਲਣਾ ਸ਼ੁਰੂ ਕਰ ਦਿੱਤਾ ਹੈ ਤੇ ਇਨ੍ਹਾਂ ਆਗੂਆਂ ਨੇ ਅਸਿੱਧੇ ਤੌਰ ‘ਤੇ ਸੁਖਬੀਰ ਸਿੰਘ ਬਾਦਲ ਨੂੰ ਹੀ ਘੇਰਨਾ ਸ਼ੁਰੂ ਕੀਤਾ ਹੈ। ‘ਬਰਗਾੜੀ’ ਪੰਜਾਬ ਦੇ ਸਿਆਸੀ ਨਕਸ਼ੇ ‘ਤੇ ਇੱਕ ਅਜਿਹੇ ਪਿੰਡ ਵਜੋਂ ਉਭਰ ਕੇ ਸਾਹਮਣੇ ਆਉਣ ਲੱਗਾ ਹੈ, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰਨਾਂ ਸਿੱਖ ਸੰਸਥਾਵਾਂ ਦਾ ਕੰਟਰੋਲ ਕਰਦੀ ਆ ਰਹੀ ‘ਪੰਥਕ ਪਾਰਟੀ’ ਲਈ ਡਰਾਉਣਾ ਬਣਦਾ ਜਾ ਰਿਹਾ ਹੈ। ਪੰਥਕ ਧਿਰਾਂ ਵੱਲੋਂ ਬਰਗਾੜੀ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਲਾਇਆ ਮੋਰਚਾ ਭਾਵੇਂ ਕਿਸੇ ਪਾਰਟੀ ਨੂੰ ਫਾਇਦਾ ਦੇਵੇ ਜਾਂ ਨਾ ਪਰ ਅਕਾਲੀਆਂ ਦੀ ਸਿਆਸੀ ਬੇੜੀ ਵਿੱਚ ਵੱਟੇ ਪਾਉਣ ਦਾ ਕੰਮ ਜ਼ਰੂਰ ਕਰਦਾ ਦਿਖਦਾ ਹੈ।
ਦੇਖਿਆ ਜਾਵੇ ਤਾਂ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਮੁੱਦਾ ਅਕਾਲੀਆਂ ਦੀ ਡਾਵਾਂਡੋਲ ਕਿਸ਼ਤੀ ਮੂਹਰੇ ਤੂਫਾਨ ਬਣਿਆ ਖੜ੍ਹਾ ਹੈ। ਸਾਲ 2019 ਵਿੱਚ ਛੇਆਂ ਕੁ ਮਹੀਨਿਆਂ ਤੱਕ ਹੋਣ ਵਾਲੀਆਂ ਲੋਕ ਸਭਾ ਚੋਣਾਂ ‘ਤੇ ਵੀ ਇਸ ਦਾ ਸਪੱਸ਼ਟ ਅਸਰ ਪੈਂਦਾ ਦਿਖਾਈ ਦਿੰਦਾ ਹੈ। ਅਕਾਲੀ ਸਿਆਸਤ ‘ਤੇ ਪੈਦਾ ਹੋਏ ਤਾਜ਼ਾ ਹਾਲਾਤ ਨਾਲ ਸਿੱਝਣ ਲਈ ਬਾਦਲਾਂ ਦੀ ਕੋਈ ਠੋਸ ਰਣਨੀਤੀ ਨਜ਼ਰ ਨਹੀਂ ਆਉਂਦੀ।
ਪੰਜਾਬ ਦੀ ਰਾਜਨੀਤੀ ਦੀ ਗਹਿਰੀ ਸਮਝ ਰੱਖਣ ਵਾਲਿਆਂ ਦਾ ਮੰਨਣਾ ਹੈ ਕਿ ਬਰਗਾੜੀ ਵਿੱਚ ਲੋਕਾਂ ਦਾ ਆਪ ਮੁਹਾਰੇ ਏਨਾ ਵੱਡਾ ਇਕੱਠ ਹੋਣਾ ਕਾਂਗਰਸ ਸਰਕਾਰ ਦੇ ਨਾਲ-ਨਾਲ ਸ਼੍ਰੋਮਣੀ ਅਕਾਲੀ ਦਲ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ। ਅਕਾਲੀ ਦਲ ਤੋਂ ਨਾਰਾਜ਼ ਸਿੱਖ ਜਾਂ ਆਮ ਸਿੱਖਾਂ ਨੇ ਇਸ ਇਕੱਠ ਵਿੱਚ ਵਧੇਰੇ ਸ਼ਿਰਕਤ ਕੀਤੀ ਹੈ। ਪੰਜਾਬ ਵਿਚ ਹੋਈਆਂ ਤਿੰਨ ਵਿਚੋਂ ਦੋ ਰੈਲੀਆਂ ਵਿਚ ਸਭ ਤੋਂ ਤਿੱਖਾ ਹਮਲਾ ਪਿਛਲੀ ਅਕਾਲੀ ਸਰਕਾਰ ਦੇ ਆਗੂਆਂ ਵਿਰੁੱਧ ਸੇਧਿਤ ਸੀ। ਬਰਗਾੜੀ ਵਿਚਲੇ ਆਪ ਮੁਹਾਰੇ ਇਕੱਠ ਨੇ ਇਕ ਵਾਰ ਮੁੜ ਸਾਬਤ ਕਰ ਦਿਤਾ ਹੈ ਕਿ ਲੋਕਾਂ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀ ਨੂੰ ਲੈ ਕੇ ਅਜੇ ਵੀ ਪਿਛਲੀ ਅਕਾਲੀ ਸਰਕਾਰ ਵਿਰੁੱਧ ਗੁੱਸਾ ਤੇ ਨਫਰਤ ਘਟੀ ਨਹੀਂ। ਕਾਂਗਰਸ ਪਾਰਟੀ ਦੀ ਰੈਲੀ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਵੇਂ ਅਗਲੀਆਂ ਲੋਕ ਸਭਾ ਚੋਣਾਂ ਦਾ ਬਿਗਲ ਵਜਾ ਦਿੱਤਾ ਹੈ, ਪਰ ਬਰਗਾੜੀ ਦੇ ਇਕੱਠ ਦਾ ਸੰਕੇਤ ਸਪੱਸ਼ਟ ਹੈ ਕਿ ਮੁੱਖ ਮੰਤਰੀ ਨੂੰ ਬੇਅਬਦੀ ਅਤੇ ਗੋਲੀ ਕਾਂਡਾਂ ਦੇ ਦੋਸ਼ੀਆਂ ਵਿਰੁੱਧ ਜਲਦੀ ਸਖਤ ਕਾਰਵਾਈ ਕਰਨੀ ਹੀ ਪਵੇਗੀ।
ਭਾਵੇਂ ਇਨ੍ਹਾਂ ਰੈਲੀਆਂ ਨਾਲ ਕਿਸੇ ਮਸਲੇ ਦਾ ਹੱਲ ਨਹੀਂ ਨਿਕਲਿਆ ਪਰ ਜਾਣਕਾਰਾਂ ਦਾ ਕਹਿਣਾ ਹੈ ਕਿ ਸੂਬੇ ਦੀ ਸਿਆਸਤ ਦਾ ਕੇਂਦਰ ਬਰਗਾੜੀ ਬਣ ਗਿਆ ਹੈ। ਇਸ ਨਾਲ ਜੁੜੇ ਮਸਲਿਆਂ ਬਾਰੇ ਅਗਲੇ ਦਿਨਾਂ ਵਿਚ ਅਹਿਮ ਸਰਗਰਮੀਆਂ ਹੋਣ ਦੀ ਸੰਭਾਵਨਾ ਹੈ।
ਪਾਰਟੀ ਨੂੰ ਸੰਕਟ ਵਿੱਚੋਂ ਉਭਾਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਰੈਲੀਆਂ ਵਾਲਾ ਫਾਰਮੂਲਾ ਵੀ ਸਫਲ ਹੁੰਦਾ ਨਜ਼ਰ ਨਹੀਂ ਆ ਰਿਹਾ। ਇੱਕ ਪਾਸੇ ਸੁਖਬੀਰ ਬਾਦਲ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨੂੰ ਅੱਗੇ ਕਰਕੇ ਟਕਸਾਲੀ ਲੀਡਰਸ਼ਿਪ ਨੂੰ ਇਕਜੁੱਟ ਕਰਨਾ ਚਾਹ ਰਹੇ ਹਨ ਪਰ ਦੂਜੇ ਪਾਸੇ ਸੀਨੀਅਰ ਲੀਡਰ ਖੁੱਲ੍ਹ ਕੇ ਆਪਣੀ ਨਰਾਜ਼ਗੀ ਪ੍ਰਗਟਾ ਰਹੇ ਹਨ। ਪਹਿਲਾਂ ਪਾਰਟੀ ਦੇ ਚੋਟੀ ਦੇ ਲੀਡਰ ਸੁਖਦੇਵ ਸਿੰਘ ਢੀਂਡਸਾ ਨੇ ਅਸਤੀਫਾ ਦਿੱਤਾ, ਫਿਰ ਮਾਝੇ ਦੇ ਸੀਨੀਅਰ ਲੀਡਰ ਰਣਜੀਤ ਸੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ ਤੇ ਸੇਵਾ ਸਿੰਘ ਸੇਖਵਾਂ ਵੀ ਬਾਗੀ ਤੇਵਰ ਵਿਖਾ ਚੁੱਕੇ ਹਨ। ਅਹਿਮ ਗੱਲ਼ ਇਹ ਹੈ ਕਿ ਸਾਰੇ ਲੀਡਰ ਸੁਖਬੀਰ ਬਾਦਲ ਦੀ ਕਾਰਜਸ਼ੈਲੀ ਉੱਪਰ ਹੀ ਸਵਾਲ ਉਠਾ ਰਹੇ ਹਨ। ਇਸ ਲਈ ਕਈ ਸੀਨੀਅਰ ਲੀਡਰਾਂ ਦਾ ਮੰਨਣਾ ਹੈ ਕਿ ਅਕਾਲੀ ਦਲ ਨਹੀਂ ਬਲਕਿ ਬਾਦਲ ਪਰਿਵਾਰ ਸੰਕਟ ਵਿੱਚ ਹੈ।
ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਸਭ ਤੋਂ ਵੱਡੇ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਇਹ ਸੰਕਟ ਸਿਆਸੀ, ਧਾਰਮਿਕ ਤੇ ਸਮਾਜਿਕ ਹਰ ਫਰੰਟ ‘ਤੇ ਹੈ। ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਵਿੱਚ ਬੜੇ ਉਤਰਾਅ-ਚੜ੍ਹਾਅ ਆਏ ਪਰ ਅਜਿਹੀ ਹਾਲਤ ਪਹਿਲੀ ਵਾਰ ਬਣੀ ਹੈ। ਸ਼੍ਰੋਮਣੀ ਅਕਾਲੀ ਦਲ ਜਿਸ ਧਾਰਮਿਕ ਧਰਾਤਲ ‘ਤੇ ਸਿਆਸਤ ਕਰਦਾ ਹੈ, ਉਹ ਹੀ ਖਿਸਕਦੀ ਨਜ਼ਰ ਆ ਰਹੀ ਹੈ।
ਸੁਖਬੀਰ ਬਾਦਲ ਦਾ ”ਕਾਕਾਸ਼ਾਹੀ” ਮਾਡਲ ਮਾਡਲ ਫਲਾਪ : ਪਿਛਲੇ ਸਮੇਂ ਵਿੱਚ ਅਕਾਲੀ ਦਲ ਵਿੱਚ ਵੱਡੀ ਤਬਦੀਲੀ ਵੇਖਣ ਨੂੰ ਮਿਲੀ ਜਿਸ ਨੂੰ ਮੀਡੀਆ ਵਿੱਚ ‘ਸੁਖਬੀਰ ਮਾਡਲ’ ਕਿਹਾ ਜਾਂਦਾ ਹੈ। ਸੁਖਬੀਰ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਕਮਾਨ ਸੰਭਾਲਦਿਆਂ ਹੀ ਪਾਰਟੀ ਦਾ ਮੂੰਹ-ਮੁੰਹਾਂਦਰਾ ਬਦਲ ਦਿੱਤਾ। ਉਨ੍ਹਾਂ ਨੇ ਪੰਥਕ ਮੁੱਦਿਆਂ ਨਾਲੋਂ ਅਜਿਹੇ ਮਸਲਿਆਂ ‘ਤੇ ਸਿਆਸਤ ਕੀਤੀ ਜਿਨ੍ਹਾਂ ਨਾਲ ਜ਼ਿਆਦਾ ਤੋਂ ਜ਼ਿਆਦਾ ਵੋਟਰਾਂ ਨੂੰ ਭਰਮਾਇਆ ਜਾ ਸਕੇ। ਇਸ ਸਿਆਸਤ ਵਿੱਚ ਟਕਸਾਲੀ ਲੀਡਰ ਪਿੱਛੇ ਰਹਿ ਗਏ ਤੇ ਮੌਜੂਦਾ ਤਾਣੇ-ਬਾਣੇ ‘ਚ ਫਿੱਟ ਬੈਠਣ ਵਾਲੇ ਅੱਗੇ ਆ ਗਏ।
ਪਿਛਲੇ ਇੱਕ ਦਹਾਕੇ ਵਿੱਚ ਅਕਾਲੀ ਦਲ ਤੋਂ ਪੰਥਕ ਵੋਟ ਦੂਰ ਹੁੰਦੀ ਗਈ। ਇਸ ਨੂੰ ਸਭ ਤੋਂ ਵੱਡੀ ਸੱਟ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਕਰਕੇ ਵੱਜੀ। ਇਸ ਦਾ ਖਮਿਆਜ਼ਾ ਅਕਾਲੀ ਦਲ ਨੂੰ ਸੰਨ 2017 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਭੁਗਤਣਾ ਪਿਆ। ਪਾਰਟੀ ਨੂੰ ਮਹਿਜ਼ 15 ਸੀਟਾਂ ਮਿਲੀਆਂ। ਇਸ ਦੌਰਾਨ ਅਕਾਲੀ ਦਲ ਦਾ ਪੱਕਾ ਵੋਟ ਬੈਂਕ ਵੀ ਸਾਥ ਛੱਡਦਾ ਨਜ਼ਰ ਆਇਆ। ਅੰਦਰ ਖਾਤੇ ਸੁਖਬੀਰ ਬਾਦਲ ਮਾਡਲ ਦੀ ਅਲੋਚਨਾ ਹੋਈ ਪਰ ਸਭ ਸ਼ਾਂਤ ਹੋ ਗਿਆ।

ਹੁਣ ਇੱਕ ਵਾਰ ਫਿਰ ਅਕਾਲੀ ਦਲ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਜਾ ਰਹੀ ਹੈ। ਪੰਜਾਬ ਵਿਧਾਨ ਸਭਾ ਦੇ ਹਾਲੀਆ ਸੈਸ਼ਨ ਵਿੱਚ ਜਸਟਿਸ (ਸੇਵਾ ਮੁਕਤ) ਰਣਜੀਤ ਸਿੰਘ ਕਮਿਸ਼ਨ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਕੋਟਕਪੂਰਾ, ਬਰਗਾੜੀ ਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਰਿਪੋਰਟ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਆਉਣ ਕਰਕੇ ਪਾਰਟੀ ਕਸੂਤੀ ਘਿਰ ਗਈ ਹੈ। ਸੋਸ਼ਲ ਮੀਡੀਆ ਉੱਪਰ ਅਕਾਲੀ ਦਲ ਖਿਲਾਫ ਨਫਰਤ ਦਾ ਝੱਖੜ ਆਇਆ ਹੋਇਆ ਹੈ। ਜ਼ਿਆਦਾਤਰ ਬਾਦਲ ਪਰਿਵਾਰ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਬਾਦਲ ਦਲ ਦਾ ਜਥੇਦਾਰਾਂ ਤੇ ਸਰਦਾਰਾਂ ਤੋਂ ਰੋਜ਼ੀ, ਬੰਟੀ, ਡਿੰਪੀ, ਲੱਖੀ ਤੇ ਨੋਨੀ ਤਕ ਦਾ ਸਫਰ
ਸ਼੍ਰੋਮਣੀ ਅਕਾਲੀ ਦਲ ਦੇ ਇੱਕ ਆਗੂ ਨੇ ਪੁਰਾਣੀ ਅਤੇ ਨਵੀਂ ਪੀੜ੍ਹੀ ਵਿਚ ਅੰਤਰ ਸਪੱਸ਼ਟ ਕਰਦਿਆਂ ਦਿਲਚਸਪ ਟਕੋਰ ਕੀਤੀ। ਉਨ੍ਹਾਂ ਦੱਸਿਆ ਕਿ ਅਕਾਲੀ ਦਲ ਦੀ ਟੀਮ ਵਿਚ ਕਿਸੇ ਸਮੇਂ ਸ. ਪ੍ਰਕਾਸ਼ ਸਿੰਘ ਬਾਦਲ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਸ. ਸੁਰਜੀਤ ਸਿੰਘ ਬਰਨਾਲਾ, ਜਥੇਦਾਰ ਜਗਦੇਵ ਸਿੰਘ ਤਲਵੰਡੀ, ਸ. ਸੁਖਦੇਵ ਸਿੰਘ ਢੀਂਡਸਾ ਅਤੇ ਸ. ਰਣਜੀਤ ਸਿੰਘ ਬ੍ਰਹਮਪੁਰਾ ਆਦਿ ਅਕਾਲੀ ਨੇਤਾ ਮੰਨੇ ਜਾਂਦੇ ਸਨ। ਅਕਾਲੀ ਦਲ ਦਾ ਹਰ ਛੋਟਾ-ਵੱਡਾ ਆਗੂ ਸਾਬਤ ਸੂਰਤ ਅੰਮਿਤ੍ਰਧਾਰੀ ਸਿੱਖ ਹੁੰਦਾ ਸੀ। ਇਸ ਕਰਕੇ ਹਰ ਕੋਈ ਜਥੇਦਾਰ ਜਾਂ ਸਰਦਾਰ ਅਖਵਾਉਂਦਾ ਸੀ। ਹੁਣ ਸੁਖਬੀਰ ਸਿੰਘ ਬਾਦਲ ਦੇ ਨੇੜਲਿਆਂ ਵਿਚ ਰੋਜ਼ੀ, ਬੰਟੀ, ਡਿੰਪੀ, ਲੱਖੀ ਤੇ ਨੋਨੀ ਆਦਿ ‘ਨੇਤਾਵਾਂ’ ਦੇ ਨਾਮ ਜ਼ਿਕਰਯੋਗ ਹਨ। ਨਾ ਕੋਈ ਜਥੇਦਾਰ ਰਿਹਾ ਨਾ ਸਰਦਾਰ, ਬਸ ਘੋਨੇ-ਮੋਨਿਆਂ ਦਾ ਕੁਨਬਾ ‘ਕੱਠਾ ਹੋ ਗਿਆ।