ਬਰਗਾੜੀ ਕਾਂਡ : ਸਿਰਸਾ ਸਾਧ ਦੇ ਪੈਰੋਕਾਰਾਂ ਖਿਲਾਫ ਪੁਲਿਸ ਨੇ ਸ਼ਿਕੰਜਾ ਹੋਰ ਕਸਿਆ

0
116

bargari-burajwala-12-june
ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦਾ ਗੁਰੂ ਘਰ ਜਿੱਥੋਂ ਸਰੂਪ ਚੋਰੀ ਹੋਏ ਸਨ।
ਬਠਿੰਡਾ/ਬਿਊਰੋ ਨਿਊਜ਼ :
ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਨੇ ਬਰਗਾੜੀ ਕਾਂਡ ਦੀ ਜਾਂਚ ਨੂੰ ਅੰਤਿਮ ਛੋਹ ਦੇ ਦਿੱਤੀ ਹੈ। ਟੀਮ ਵੱਲੋਂ ਕਰੀਬ ਇੱਕ ਦਰਜਨ ਡੇਰਾ ਪੈਰੋਕਾਰਾਂ ਨੂੰ ਅਦਾਲਤ ‘ਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਜਾਂਚ ਟੀਮ ਨੇ ਕਾਂਡ ਦੇ ਮਾਸਟਰਮਾਈਂਡ ਮਹਿੰਦਰਪਾਲ ਬਿੱਟੂ ਨੂੰ ਮੋਗਾ ਅਦਾਲਤ ਵਿੱਚ ਪੇਸ਼ ਕਰ ਦਿੱਤਾ ਹੈ। ਵਿਸ਼ੇਸ਼ ਜਾਂਚ ਟੀਮ ਨੇ ਪੂਰੀ ਜਾਂਚ ਨੂੰ ਸਮੇਟਦਿਆਂ ਬੇਕਸੂਰ ਅੱਧੀ ਦਰਜਨ ਡੇਰਾ ਪ੍ਰੇਮੀਆਂ ਨੂੰ ਰਿਹਾਅ ਵੀ ਕਰ ਦਿੱਤਾ।
ਸੂਤਰਾਂ ਅਨੁਸਾਰ ਪੁਲੀਸ ਦੀ ਤਫ਼ਤੀਸ਼ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਗੁਰੂ ਘਰ ‘ਚੋਂ ਚੋਰੀ ਕੀਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਡੇਰਾ ਸਿਰਸਾ ਦੀ ਗਿਆਰਾਂ ਮੈਂਬਰੀ ਟੀਮ ਵੱਲੋਂ ਨਸ਼ਟ ਕਰ ਦਿੱਤੇ ਗਏ ਜਾਪਦੇ ਹਨ। ਪੰਜਾਬ ਪੁਲੀਸ ਵੱਲੋਂ ਇਸ ਮਾਮਲੇ ਨੂੰ ਛੇਤੀ ਹੀ ਜਨਤਕ ਕੀਤੇ ਜਾਣ ਦੀ ਪੂਰੀ ਸੰਭਾਵਨਾ ਬਣ ਗਈ ਹੈ। ਸੂਤਰਾਂ ਅਨੁਸਾਰ ਡੇਰਾ ਸਿਰਸਾ ਦੀ ਗਿਆਰਾਂ ਮੈਂਬਰੀ ਟੀਮ ਨੂੰ ਮੋਗਾ ਜ਼ਿਲ੍ਹੇ ਦੀ ਅਦਾਲਤ ਵਿੱਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ ਅਤੇ ਉਥੇ ਦਰਜ ਇੱਕ ਪੁਰਾਣੇ ਕੇਸ ਵਿੱਚ ਉਨ੍ਹਾਂ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਜਾਵੇਗਾ। ਸੂਤਰਾਂ ਅਨੁਸਾਰ ਵਿਸ਼ੇਸ਼ ਜਾਂਚ ਟੀਮ ਨੇ ਬਰਗਾੜੀ ਕਾਂਡ ਵਿੱਚ ਕਰੀਬ 12 ਡੇਰਾ ਪੈਰੋਕਾਰਾਂ ਦੀ ਸ਼ਨਾਖ਼ਤ ਕਰ ਲਈ ਹੈ ਜੋ ਬਲਾਕ ਕੋਟਕਪੂਰਾ ਨਾਲ ਸਬੰਧਤ ਹਨ। ਪੁਲੀਸ ਹੁਣ ਬਿਨਾਂ ਗ੍ਰਿਫ਼ਤਾਰੀ ਪਾਏ ਇਨ੍ਹਾਂ ਪੈਰੋਕਾਰਾਂ ਨੂੰ ਜ਼ਿਆਦਾ ਸਮੇਂ ਤਕ ਹਿਰਾਸਤ ਵਿੱਚ ਰੱਖ ਕੇ ਖ਼ਤਰਾ ਮੁੱਲ ਲੈਣ ਤੋਂ ਡਰ ਰਹੀ ਹੈ।
ਪੁਲੀਸ ਪੁੱਛ ਪੜਤਾਲ ‘ਚ ਸਾਹਮਣੇ ਆਇਆ ਹੈ ਕਿ ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਮੈਂਬਰ ਮਹਿੰਦਰਪਾਲ ਬਿੱਟੂ ਉਰਫ਼ ਬਿੱਟੂ ਬਾਈ ਨੇ ਇੱਕ ਮੁਤਵਾਜ਼ੀ ਜਥੇਦਾਰ ਦੀ ‘ਅੜ ਭੰਨਣ’ ਲਈ ਇਹ ਯੋਜਨਾ ਉਲੀਕੀ ਸੀ। ਪੁੱਛ ਪੜਤਾਲ ਅਨੁਸਾਰ ‘ਬਿੱਟੂ ਬਾਈ’ ਨੇ ਆਪਣੇ ਨੇੜਲਿਆਂ ਦੀ ਟੀਮ ਤਿਆਰ ਕੀਤੀ ਅਤੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂ ਘਰ ‘ਚੋਂ ਸਰੂਪ ਚੋਰੀ ਕਰਨ ਤੋਂ ਪਹਿਲਾਂ ਤਿੰਨ-ਚਾਰ ਪਿੰਡਾਂ ਦੇ ਗੁਰੂ ਘਰਾਂ ਵਿੱਚ ਰੇਕੀ ਕੀਤੀ। ਅਖੀਰ ਦੋ ਮੋਟਰਸਾਈਕਲ ਸਵਾਰਾਂ ਨੇ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂ ਘਰ ‘ਚੋਂ ਸਰੂਪ ਚੋਰੀ ਕੀਤਾ। ਸੂਤਰਾਂ ਅਨੁਸਾਰ ਚੋਰੀ ਕੀਤੇ ਸਰੂਪ ਦੇ ਅੱਧੇ ਪੱਤਰੇ ਖਿਲਾਰਨ ਲਈ ਸ਼ਨੀ ਅਤੇ ਸ਼ਕਤੀ ਦੀ ਡਿਊਟੀ ਲਗਾਈ ਗਈ। ਇੱਕ ਮਹਿਲਾ ਪੁਲੀਸ ਮੁਲਾਜ਼ਮ ਦੇ ਪਤੀ ਨੇ ਪੋਸਟਰ ਲਿਖੇ ਅਤੇ ਬਰਗਾੜੀ ਵਿਚ ਰਾਤੋਂ ਰਾਤ ਲਗਾ ਦਿੱਤੇ।
ਸੂਤਰਾਂ ਅਨੁਸਾਰ ਇਸ ਮਗਰੋਂ ਬਾਕੀ ਪ੍ਰੇਮੀਆਂ ਨੂੰ  ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਵੰਡ ਦਿੱਤੇ ਗਏ। ਪੁਲੀਸ ਦੀ ਥਿਊਰੀ ਹੈ ਕਿ ਇਹ ਪੱਤਰੇ ਨਸ਼ਟ ਕਰ ਦਿੱਤੇ ਗਏ ਹਨ ਕਿਉਂਕਿ ਪੁਲੀਸ ਨੂੰ ਕਿਤੋਂ ਵੀ ਸਰੂਪ ਬਰਾਮਦ ਨਹੀਂ ਹੋ ਸਕੇ ਹਨ।  ਸੂਤਰ ਦੱਸਦੇ ਹਨ ਕਿ ਸੀਬੀਆਈ ਟੀਮ ਵੱਲੋਂ ਬਾਜਾਖਾਨਾ ਵਿੱਚ ਦਰਜ ਕੇਸਾਂ ਦੀ ਜਾਂਚ ਕੀਤੀ ਜਾ ਰਹੀ ਹੈ। ਵਿਸ਼ੇਸ਼ ਜਾਂਚ ਟੀਮ ਦੀ ਜਾਂਚ ਮੁਕੰਮਲ ਹੋਣ ਮਗਰੋਂ ਇਨ੍ਹਾਂ ਡੇਰਾ ਪੈਰੋਕਾਰਾਂ ਨੂੰ ਸੀਬੀਆਈ ਪ੍ਰੋਡਕਸ਼ਨ ਵਾਰੰਟ ‘ਤੇ ਲੈ ਕੇ ਜਾਵੇਗੀ।