ਪੰਜਾਬ ਦਾ  ਬੈਂਕ ਡਕੈਤੀਆਂ ਦੇ ਮਾਮਲਿਆਂ ‘ਚ ਚੌਥਾ ਸਥਾਨ

0
292

bank-rober
ਸ੍ਰੀ ਮੁਕਤਸਰ ਸਾਹਿਬ/ਬਿਊਰੋ ਨਿਊਜ਼:
ਦੇਸ਼ ਭਰ ਵਿੱਚ 2012 ਤੋਂ 2017 ਤੱਕ ਏਟੀਐਮਜ਼ ਤੇ ਬੈਂਕ ਲੁੱਟਣ, ਪਾੜ ਲਾਉਣ ਤੇ ਡਾਕੇ ਦੇ 40,404 ਕੇਸ ਦਰਜ ਹੋਏ ਹਨ, ਜਿਸ ‘ਚੋਂ ਸਭ ਤੋਂ ਵੱਧ ਕੇਸ ਬਿਹਾਰ ਵਿੱਚ ਦਰਜ ਹੋਏ ਹਨ ਤੇ ਇਸ ਮਾਮਲੇ ਵਿੱਚ ਪੰਜਾਬ ਚੌਥੇ ਨੰਬਰ ‘ਤੇ ਹੈ। ਬਿਹਾਰ ਵਿੱਚ 4856 ਕੇਸ ਦਰਜ ਹੋਏ ਹਨ, ਜਦੋਂਕਿ 4260 ਮਾਮਲਿਆਂ ਨਾਲ ਉੱਤਰ ਪ੍ਰਦੇਸ਼ ਦੂਜੇ, 4222 ਮਾਮਲਿਆਂ ਨਾਲ ਪੱਛਮੀ ਬੰਗਾਲ ਤੀਜੇ, 2701 ਮਾਮਲਿਆਂ ਨਾਲ ਪੰਜਾਬ ਚੌਥੇ ਤੇ 2608 ਮਾਮਲਿਆਂ ਨਾਲ ਹਰਿਆਣਾ ਪੰਜਵੇਂ ਸਥਾਨ ‘ਤੇ ਰਿਹਾ ਹੈ। ਆਰਟੀਆਈ ਤਹਿਤ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਵੱਲੋਂ ਪ੍ਰਾਪਤ ਸੂਚਨਾ ਅਨੁਸਾਰ ਦੇਸ਼ ਭਰ ਵਿੱਚ ਬੈਂਕ ਅਤੇ ਏਟੀਐਮਜ਼ ਲੁੱਟਣ ਦੇ ਮਾਮਲਿਆਂ ਵਿੱਚ ਸਭ ਤੋਂ ਵੱਧ 14808 ਲੁੱਟ ਦੇ ਨਾਲ ਕਤਲ ਤੇ ਸੱਟਾਂ ਮਾਰਨ ਦੀਆਂ ਘਟਨਾਵਾਂ ਹਨ, ਜਦੋਂਕਿ ਪਾੜ ਲਾਉਣ ਦੀਆਂ 13247, ਚੋਰੀ ਦੀਆਂ 11396 ਤੇ ਡਕੈਤੀ ਦੀਆਂ 919 ਘਟਨਾਵਾਂ ਵਾਪਰੀਆਂ ਹਨ। ਇਸ ਤੋਂ ਬਿਨਾਂ 34 ਘਟਨਾਵਾਂ ਹੋਰ ਤਰੀਕਿਆਂ ਨਾਲ ਬੈਂਕਾਂ ਨੂੰ ਨੁਕਸਾਨ ਪਹੁੰਚਾਉਣ ਦੀਆਂ ਵਾਪਰੀਆਂ ਹਨ। ਬੈਂਕ ਡਕੈਤੀਆਂ ਦੇ ਮਾਮਲੇ ਵਿੱਚ ਦਾਦਰ ਨਗਰ ਹਵੇਲੀ, ਦਮਨ ਆਦਿ ਸ਼ਾਂਤ ਖੇਤਰ ਰਹੇ ਹਨ। ਇੱਥੇ ਪਿਛਲੇ ਪੰਜ ਸਾਲਾਂ ਵਿੱਚ ਸਿਰਫ਼ 1-1 ਘਟਨਾ ਹੀ ਵਾਪਰੀ ਹੈ। ਇਸੇ ਤਰ੍ਹਾਂ ਤਿਲੰਗਾਨਾ ਵਿੱਚ ਬੈਂਕ ਡਕੈਤੀ ਦੀਆਂ ਸਿਰਫ਼ 2 ਘਟਨਾਵਾਂ ਵਾਪਰੀਆਂ ਹਨ, ਜਦੋਂਕਿ ਅੰਡੇਮਾਨ ਨਿਕੋਬਾਰ ਵਿੱਚ 3 ਤੇ ਮਨੀਪੁਰ ਵਿੱਚ 6 ਕੇਸ ਦਰਜ ਹੋਏ ਹਨ।
ਮਹਾਰਾਸ਼ਟਰ ਵਿੱਚ ਬੈਂਕ ਡਕੈਤੀ ਦੇ 2492, ਮੱਧ ਪ੍ਰਦੇਸ਼ ਵਿੱਚ 2486, ਰਾਜਸਥਾਨ ਵਿੱਚ 2467, ਆਸਾਮ ਵਿੱਚ 2255, ਉਡੀਸਾ ਵਿੱਚ 1850, ਗੁਜਰਾਤ ਵਿੱਚ 1755, ਆਂਧਰਾ ਪ੍ਰਦੇਸ਼ ਵਿੱਚ 1686, ਝਾਰਖੰਡ ਵਿੱਚ 1543, ਕਰਨਾਟਕਾ ਵਿੱਚ 878, ਦਿੱਲੀ ਵਿੱਚ 864, ਛੱਤੀਸਗੜ੍ਹ ਵਿੱਚ 715, ਜੰਮੂ ਕਸ਼ਮੀਰ ਵਿੱਚ 498, ਹਿਮਾਚਲ ਪ੍ਰਦੇਸ਼ ਵਿੱਚ 498, ਉਤਰਾਂਚਲ ਵਿੱਚ 458, ਚੰਡੀਗੜ੍ਹ ਵਿੱਚ 218, ਕੇਰਲਾ ਵਿੱਚ 184, ਮੇਘਾਲਿਆ ਵਿੱਚ 209, ਗੋਆ ਵਿੱਚ 61, ਤ੍ਰਿਪੁਰਾ ਵਿੱਚ 42, ਨਾਗਾਲੈਂਡ ਤੇ ਅਰੁਣਾਚਲ ਪ੍ਰਦੇਸ਼ ਵਿੱਚ 31 ਘਟਨਾਵਾਂ ਪਿਛਲੇ ਪੰਜ ਵਰ੍ਹਿਆਂ ਵਿੱਚ ਵਾਪਰੀਆਂ ਹਨ। ਪੰਜਾਬ ਵਿੱਚ 2012 ਤੋਂ 2017 ਤੱਕ ਬੈਂਕ ਡਕੈਤੀਆਂ ਦੀਆਂ 2701 ਘਟਨਾਵਾਂ ਵਾਪਰੀਆਂ ਹਨ, ਜਿਸ ਵਿੱਚ ਜ਼ਿਆਦਾ ਮਾਮਲੇ ਪਾੜ ਲਾਉਣ ਦੇ 1347 ਹਨ, ਜਦੋਂਕਿ ਚੋਰੀ ਦੇ 1067, ਡਕੈਤੀ ਦੇ 364 ਤੇ ਅਸੱਪਸ਼ਟ ਘਟਨਾਵਾਂ ਦੇ 23 ਕੇਸ ਦਰਜ ਕੀਤੇ ਗਏ ਹਨ।
ਬੈਂਕ ਡਕੈਤੀਆਂ ਦੇ ਮਾਮਲੇ ਵਿੱਚ ਅੰਮ੍ਰਿਤਸਰ ਸਭ ਤੋਂ ਅੱਗੇ ਹੈ। ਇਸ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਬੈਂਕ ਡਕੈਤੀਆਂ ਪਿਛਲੇ 5 ਸਾਲਾਂ ਵਿੱਚ 563 ਦਰਜ ਕੀਤੀਆਂ ਗਈਆਂ ਹਨ, ਜਦੋਂਕਿ ਸਭ ਤੋਂ ਘੱਟ ਬੈਂਕ ਡਕੈਤੀਆਂ 13 ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਹੋਈਆਂ ਹਨ। ਬੈਂਕ ਡਕੈਤੀਆਂ ਦੇ ਮਾਮਲੇ ਵਿੱਚ ਲੁਧਿਆਣਾ 373 ਮਾਮਲਿਆਂ ਨਾਲ ਦੂਜੇ ਅਤੇ ਰੂਪਨਗਰ 328 ਘਟਨਾਵਾਂ ਨਾਲ ਤੀਜੇ ਨੰਬਰ ‘ਤੇ ਹੈ।
ਇਸੇ ਤਰ੍ਹਾਂ ਜਲੰਧਰ ਵਿੱਚ 230, ਬਠਿੰਡਾ ਵਿੱਚ 192, ਗੁਰਦਾਸਪੁਰ ਵਿੱਚ 173, ਰੂਪਨਗਰ ਵਿੱਚ 147, ਸੰਗਰੂਰ ਵਿੱਚ 146, ਫ਼ਰੀਦਕੋਟ ਵਿੱਚ 112, ਹੁਸ਼ਿਆਰਪੁਰ ਵਿੱਚ 100, ਮੋਗਾ ਵਿੱਚ 81, ਮੁਕਤਸਰ ਵਿੱਚ 63, ਨਵਾਂਸ਼ਹਿਰ ਵਿੱਚ 48, ਮਾਨਸਾ ਵਿੱਚ 31 ਤੇ ਫਿਰੋਜ਼ਪੁਰ ਵਿੱਚ ਬੈਂਕ ਡਕੈਤੀ ਦੇ 22 ਕੇਸ ਦਰਜ ਹੋਏ ਹਨ।