ਵਿਜੀਲੈਂਸ ਦੀ ਕਾਰਵਾਈ ਮਗਰੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਨੇ ਦਿੱਤਾ ਅਸਤੀਫਾ

0
437

balbir-singh-dhol
ਕੈਪਟਨ ਸਰਕਾਰ ਦੇ ਦਬਾਅ ਮਗਰੋਂ ਵੀ ਅਸਤੀਫ਼ਾ ਨਾ ਦੇਣ ‘ਤੇ ਅੜੇ ਹੋਏ ਸਨ ਢੋਲ
ਐਸ.ਏ.ਐਸ. ਨਗਰ (ਮੁਹਾਲੀ)/ਬਿਊਰੋ ਨਿਊਜ਼ :
ਸੀਨੀਅਰ ਪੀਸੀਐਸ ਅਧਿਕਾਰੀ ਬਲਬੀਰ ਸਿੰਘ ਢੋਲ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਮੈਨੀ ਤੋਂ ਅਸਤੀਫ਼ਾ ਦੇ ਦਿੱਤਾ। ਉਂਜ ਇਸ ਮਾਮਲੇ ਨੂੰ ਵਿਜੀਲੈਂਸ ਦੀ ਕਾਰਵਾਈ ਨਾਲ ਜੋੜਿਆ ਜਾ ਰਿਹਾ ਹੈ, ਪ੍ਰੰਤੂ ਸ੍ਰੀ ਢੋਲ ਦਾ ਕਹਿਣਾ ਹੈ ਕਿ ਉਨ੍ਹਾਂ ਨੈਤਿਕਤਾ ਦੇ ਆਧਾਰ ‘ਤੇ ਅਸਤੀਫ਼ਾ ਦਿੱਤਾ ਹੈ। ਜਾਣਕਾਰੀ ਅਨੁਸਾਰ ਐਸਪੀ ਰੈਂਕ ਦੇ ਅਧਿਕਾਰੀ ਦੀ ਅਗਵਾਈ ਹੇਠ ਵਿਜੀਲੈਂਸ ਬਿਊਰੋ ਦੀ ਟੀਮ ਨੇ ਸਿੱਖਿਆ ਬੋਰਡ ਦੇ ਸਕੱਤਰ  ਅਤੇ ਅਮਲਾ ਸ਼ਾਖਾ ਤੋਂ ਲੰਮੀ ਪੁੱਛ-ਗਿੱਛ ਕੀਤੀ। ਉਨ੍ਹਾਂ ਚੇਅਰਮੈਨ ਦੀ ਨਿਯੁਕਤੀ ਸਬੰਧੀ ਕੁੱਝ ਜ਼ਰੂਰੀ ਦਸਤਾਵੇਜ਼ ਵੀ ਕਬਜ਼ੇ ਵਿੱਚ ਲਏ। ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਸ੍ਰੀ ਢੋਲ ਨੂੰ ਤਲਬ ਕਰ ਕੇ ਅਹੁਦੇ ਤੋਂ ਅਸਤੀਫ਼ਾ ਦੇਣ ਲਈ ਦਬਾਅ ਪਾਇਆ ਸੀ ਪਰ ਉਨ੍ਹਾਂ ਅਸਤੀਫ਼ਾ ਨਹੀਂ ਦਿੱਤਾ ਸੀ। ਇਸ ਮਗਰੋਂ ਉਨ੍ਹਾਂ ਦੇ ਘਰ ਵਿਚ     ਵਿਜੀਲੈਂਸ ਟੀਮ ਨੇ ਫਰੋਲਾ-ਫਰਾਲੀ ਵੀ ਕੀਤੀ। ਸੂਤਰ ਦੱਸਦੇ ਹਨ ਕਿ ਸ੍ਰੀ ਢੋਲ ਦਫ਼ਤਰ ਆਏ ਸੀ ਪਰ ਕਰਮਚਾਰੀ ਯੂਨੀਅਨ ਦੀ ਗੇਟ ਰੈਲੀ ਕਾਰਨ ਉਹ ਪਿੱਛੇ ਮੁੜ ਗਏ ਅਤੇ ਉਨ੍ਹਾਂ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਮੱਥਾ ਟੇਕਿਆ। ਫਿਰ ਉਹ ਪ੍ਰਮੁੱਖ ਸਕੱਤਰ ਕੋਲ ਗਏ ਅਤੇ ਅਸਤੀਫ਼ਾ ਸੌਂਪ ਦਿੱਤਾ।
ਅਕਾਲੀ-ਭਾਜਪਾ ਸਰਕਾਰ ਨੇ ਚੋਣ ਜ਼ਾਬਤਾ ਲੱਗਣ ਤੋਂ ਐਨ ਪਹਿਲਾਂ ਪਿਛਲੇ ਸਾਲ ਦਸੰਬਰ ਦੇ ਅਖੀਰਲੇ ਹਫ਼ਤੇ ਵਿਚ ਸ੍ਰੀ ਢੋਲ ਨੂੰ ਬੋਰਡ ਮੁਖੀ ਦੀ ਜ਼ਿੰਮੇਵਾਰੀ ਸੌਂਪੀ ਸੀ। ਉਧਰ, ਸ੍ਰੀ ਢੋਲ ਦੀ ਨਿਯੁਕਤੀ ਸਬੰਧੀ ਪੰਜਾਬ-ਹਰਿਆਣਾ ਹਾਈ ਕੋਰਟ ਵਿੱਚ ਕੇਸ ਚਲ ਰਿਹਾ ਹੈ ਜਿਸ ਦੀ ਸੁਣਵਾਈ 30 ਮਈ ਨੂੰ ਹੋਣੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਬਲਬੀਰ ਸਿੰਘ ਢੋਲ ਦੇ ਡੀਪੀਆਈ ਕਾਰਜਕਾਲ ਦੌਰਾਨ ਅਧਿਆਪਕਾਂ ਦੀ ਭਰਤੀ ਅਤੇ ਪਦਉੱਨਤੀਆਂ ‘ਤੇ ਵੀ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ।
ਅਮਰਿੰਦਰ ਸਿੰਘ ਨੇ ਮੰਗਿਆ ਸੀ ਅਸਤੀਫ਼ਾ :
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਬਲਬੀਰ ਸਿੰਘ ਢੋਲ ਦੀ ਨਿਯੁਕਤੀ ਨਿਰਧਾਰਿਤ ਮਾਪਦੰਡਾਂ ਨਾਲ ਨਾ ਹੋਣ ਕਰ ਕੇ ਉਨ੍ਹਾਂ ਨੂੰ ਅਸਤੀਫ਼ਾ ਦੇਣ ਦੇ ਹੁਕਮ ਜਾਰੀ ਕੀਤੇ ਸਨ। ਦਸਵੀਂ ਅਤੇ 12ਵੀਂ ਸ਼੍ਰੇਣੀ ਦੇ ਮਾੜੇ ਨਤੀਜੇ ਆਉਣਾ ਵੀ ਉਨ੍ਹਾਂ ਦੇ ਅਸਤੀਫ਼ ਦਾ ਕਾਰਨ ਬਣਿਆ। ਅਗਲੇ ਹੁਕਮਾਂ ਤੱਕ ਸਕੂਲ ਸਿੱਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਨੂੰ ਬੋਰਡ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਨਵੇਂ ਚੇਅਰਮੈਨ ਦੀ ਅਗਲੇ 30 ਦਿਨਾਂ ਵਿੱਚ ਤਲਾਸ਼ ਕਰਨ ਲਈ ਮੁੱਖ ਸਕੱਤਰ ਦੀ ਅਗਵਾਈ ਹੇਠ ਕਮੇਟੀ ਬਣਾਈ ਗਈ ਹੈ ਜਿਸ ਵਿੱਚ ਵਧੀਕ ਮੁੱਖ ਸਕੱਤਰ (ਸਕੂਲ ਸਿੱਖਿਆ) ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਾਈਸ ਚਾਂਸਲਰ ਨੂੰ ਮੈਂਬਰ ਨਾਮਜ਼ਦ ਕੀਤਾ ਗਿਆ ਹੈ।