ਸਰਬੱਤ ਖ਼ਾਲਸਾ ਮੌਕੇ ਬਾਦਲ ਨੂੰ ਜਨਮ ਦਿਨ ਦਾ ‘ਤੋਹਫ਼ਾ’, ਪੰਥ ‘ਚੋਂ ਛੇਕਿਆ

0
360

ਖੇਤਾਂ ਦੇ ਰਸਤੇ ਅਖੰਡ ਪਾਠ ਵਾਲੀ ਥਾਂ ‘ਤੇ ਪੁੱਜੀ ਸੰਗਤ
ਰੈਲੀ ਲਈ ਜਾ ਰਹੀਆਂ ਅਕਾਲੀ ਦਲ ਦੀਆਂ ਬੱਸਾਂ ਦੀ ਹਵਾ ਕੱਢੀ
ਤਲਵੰਡੀ ਸਾਬੋ/ਬਿਊਰੋ ਨਿਊਜ਼ :
ਪੰਥਕ ਧਿਰਾਂ ਨੇ 6 ਦਸੰਬਰ ਤੋਂ ਸਥਾਨਕ ਨੱਤ ਰੋਡ ‘ਤੇ ਸਰਬੱਤ ਖ਼ਾਲਸਾ ਵਾਲੀ ਜਗ੍ਹਾ ਉਪਰ ਪੁਲੀਸ ਪ੍ਰਸ਼ਾਸਨ ਨੂੰ ਝਕਾਨੀ ਦੇ ਕੇ ਆਰੰਭ ਕੀਤੇ ਅਖੰਡ ਪਾਠ ਦੇ ਭੋਗ ਤਣਾਅ ਭਰੇ ਮਾਹੌਲ ਵਿੱਚ ਪਾ ਦਿੱਤੇ। ਮੁਤਵਾਜ਼ੀ ਜਥੇਦਾਰਾਂ ਦੀ ਗ਼ੈਰਹਾਜ਼ਰੀ ਵਿੱਚ ਪ੍ਰਬੰਧਕਾਂ ਨੇ ਬਾਦਲ ਪਰਿਵਾਰ ਨੂੰ ਪੰਥ ਵਿੱਚੋਂ ਛੇਕ ਕੇ ਬਾਈਕਾਟ ਕਰਨ ਅਤੇ ਭੋਗ ਨੂੰ ਸਰਬੱਤ ਖ਼ਾਲਸਾ ਦੱਸਦਿਆਂ ਖ਼ਾਲਿਸਤਾਨ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਉਧਰ ਮਨਜ਼ੂਰੀ ਨਾ ਮਿਲਣ ਅਤੇ ਪੁਲੀਸ ਪਹਿਰੇ ਦੇ ਬਾਵਜੂਦ  ਸਿੱਖ ਸੰਗਠਨ ਤਲਵੰਡੀ ਸਾਬੋ ਵਿਚ ਸਰਬਤ ਖ਼ਾਲਸਾ ਕਰਨ ਵਿਚ ਕਾਮਯਾਬ ਰਹੇ। ਸਮਾਗਮ ਵਿਚ ਪੁੱਜਣ ਤੋਂ ਰੋਕਣ ਲਈ ਕਈਆਂ ਨੂੰ ਰਸਤੇ ਵਿਚ ਹੀ ਹਿਰਾਸਤ ਵਿਚ ਲੈ ਲਿਆ। ਸੰਗਤ ਲੁਕਦੀ-ਲੁਕਾਉਂਦੀ ਖੇਤਾਂ ਦੇ ਰਸਤੇ ਅਖੰਡ ਪਾਠ ਵਾਲੀ ਥਾਂ ‘ਤੇ ਪਹੁੰਚ ਗਈ। ਕਰੀਬ ਪੰਜ ਹਜ਼ਾਰ ਲੋਕ ਇਕੱਠੇ ਹੋਏ। ਪਿਛਲੇ ਸਾਲ ਚੱਬਾ ਵਿਚ ਹੋਏ ਸਰਬੱਤ ਖ਼ਾਲਸਾ ਦੌਰਾਨ ਇਕ ਲੱਖ ਲੋਕ ਪਹੁੰਚੇ ਸਨ। ਮਨਜ਼ੂਰੀ ਨਾ ਮਿਲਣ ਤੋਂ ਖ਼ਫ਼ਾ ਪੰਥਕ ਨੇਤਾਵਾਂ ਨੇ ਅਕਾਲੀ ਰੈਲੀ ‘ਤੇ ਜਾ ਰਹੀਆਂ ਬੱਸਾਂ ਨੂੰ ਰਸਤੇ ਵਿਚ ਘੇਰ ਲਿਆ। ਟਾਇਰਾਂ ਦੀ ਹਵਾ ਕੱਢ ਦਿੱਤੀ। ਪੁਲੀਸ ਨੇ ਸੌ ਦੇ ਕਰੀਬ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਕੇ ਥਾਣੇ ਬੰਦ ਕਰ ਦਿੱਤਾ।
ਇਸੇ ਦੌਰਾਨ ਸੰਗਤਾਂ ਨੇ ਮੁਤਵਾਜ਼ੀ ਜਥੇਦਾਰਾਂ ਤੇ ਅਕਾਲੀ ਦਲ(ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਰਿਹਾਈ ਲਈ ਖੰਡਾ ਚੌਕ ਵਿਚ ਧਰਨਾ ਲਾ ਕੇ ਜਾਮ ਲਾਇਆ, ਜੋ ਦੇਰ ਸ਼ਾਮ ਪੁਲੀਸ ਨੇ ਮੁਤਵਾਜ਼ੀ ਜਥੇਦਾਰਾਂ ਨੂੰ ਰਿਹਾਅ ਕਰਵਾ ਕੇ ਚੁਕਾ ਦਿੱਤਾ। ਮੁਤਵਾਜ਼ੀ ਜਥੇਦਾਰਾਂ ਨੇ ਬਾਦਲ ਪਰਿਵਾਰ ਨੂੰ ਪੰਥ ਵਿਚੋਂ ਛੇਕਣ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਲਈ ਵੀ ਕਿਹਾ।
ਪੁਲੀਸ ਨੇ ਸਰਬੱਤ ਖ਼ਾਲਸਾ ਵਾਲੀ ਜਗ੍ਹਾ ਦੀ ਘੇਰਾਬੰਦੀ ਅਤੇ ਵੱਖ-ਵੱਖ ਥਾਵਾਂ ‘ਤੇ ਨਾਕਾਬੰਦੀ ਕਰਕੇ ਸਿੱਖ ਸੰਗਤਾਂ ਨੂੰ ਜਾਣ ਤੋਂ ਰੋਕਣ ਲਈ ਪੂਰੀ ਵਾਹ ਲਾਈ, ਪਰ ਫਿਰ ਵੀ ਵੱਡੀ ਗਿਣਤੀ ਸੰਗਤਾਂ ਪੁਲੀਸ ਨੂੰ ਚਕਮਾ ਦੇ ਕੇ ਇਕ ਰਾਤ ਪਹਿਲਾਂ ਹੀ ਪੁੱਜ ਗਈਆਂ। ਪੁਲੀਸ ਨੇ ਕਈ ਥਾਈਂ ਸਿੱਖ ਸੰਗਤਾਂ ਨੂੰ ਹਿਰਾਸਤ ਵਿੱਚ ਵੀ ਲਿਆ, ਪਰ ਐਨ ਭੋਗ ਮੌਕੇ ਪੁਲੀਸ ਵੱਲੋਂ ਦਿੱਤੀ ਗਈ ਖੁੱਲ੍ਹ ਦੇ ਚੱਲਦਿਆਂ ਵੱਡੀ ਗਿਣਤੀ ਸੰਗਤਾਂ ਸਮਾਗਮ ਵਾਲੀ ਥਾਂ ਪੁੱਜ ਗਈਆਂ। ਹਾਲਾਂਕਿ ਪੁਲੀਸ ਨੇ ਕਿਸੇ ਵੱਡੇ ਆਗੂ ਜਾਂ ਮੁਤਵਾਜ਼ੀ ਜਥੇਦਾਰਾਂ ਨੂੰ ਸਮਾਗਮ ਦੇ ਨੇੜੇ ਤੇੜੇ ਵੀ ਨਹੀਂ ਢੁੱਕਣ ਦਿੱਤਾ। ਕਿਸੇ ਅਣਸੁਖਾਵੀਂ ਘਟਨਾ ਦੇ ਮੱਦੇਨਜ਼ਰ ਬਠਿੰਡਾ ਰੇਂਜ ਦੇ ਆਈਜੀ ਨੇ ਖੁਦ ਸੁਰੱਖਿਆ ਪ੍ਰਬੰਧਾਂ ਦੀ ਦੇਖ ਰੇਖ ਕੀਤੀ।
ਅਖੰਡ ਪਾਠ ਦੇ ਭੋਗ ਉਪਰੰਤ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਪੁੱਤਰ ਭਾਈ ਈਮਾਨ ਸਿੰਘ ਮਾਨ ਅਤੇ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਮੌਜੂਦਾ ਬਾਦਲ ਸਰਕਾਰ ਦੀ ਤੁਲਨਾ ਅਬਦਾਲੀ ਅਤੇ ਜ਼ਕਰੀਆਂ ਖਾਂ ਨਾਲ ਕੀਤੀ। ਉਨ੍ਹਾਂ ਪੰਜਾਬ ਵਿੱਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਦੋਸ਼ੀ ਠਹਿਰਾਇਆ। ਉਨ੍ਹਾਂ ਬੇਅਦਬੀ ਕਾਂਡ ਦੀ ਜਾਂਚ ਲਈ ਬਣਾਏ ਜੋਰਾ ਸਿੰਘ ਕਮਿਸ਼ਨ ਅਤੇ ਸੀਬੀਆਈ ਜਾਂਚ ਨੂੰ ਅੱਖਾਂ ਵਿੱਚ ਘੱਟਾ ਪਾਉਣ ਦੇ ਤੁੱਲ ਦੱਸਿਆ। ਭਾਈ ਕਾਹਨ ਸਿੰਘ ਵਾਲਾ ਨੇ ਇਕੱਠ ਨੂੰ ਸਰਬੱਤ ਖ਼ਾਲਸਾ ਐਲਾਨਦਿਆਂ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਅਤੇ ਬਹਿਬਲ ਕਲਾਂ ਗੋਲੀਕਾਂਡ ਲਈ ਜ਼ਿੰਮੇਵਾਰ ਪੁਲੀਸ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਇਸ ਦੌਰਾਨ ਪੁਲੀਸ ਵੱਲੋਂ ਮੁਤਵਾਜ਼ੀ ਜਥੇਦਾਰਾਂ ਅਤੇ ਸਿਮਰਨਜੀਤ ਸਿੰਘ ਮਾਨ ਸਮੇਤ ਹੋਰਨਾਂ ਸਿੱਖ ਆਗੂਆਂ ਨੂੰ ਗ੍ਰਿਫਤਾਰ ਕਰਨ ਬਾਰੇ ਪਤਾ ਲੱਗਾ ਤਾਂ ਸੰਗਤਾਂ ਨੇ ਸਥਾਨਕ ਖੰਡਾ ਚੌਕ ਵਿੱਚ ਧਰਨਾ ਲਾ ਕੇ ਜਾਮ ਲਾਇਆ। ਇਸ ਦੌਰਾਨ ਸੰਗਤ ਵਿੱਚ ਸ਼ਾਮਲ ਸਿੱਖ ਨੌਜਵਾਨਾਂ ਨੇ ਚੌਕ ਵਿੱਚ ਲੱਗੇ ਪੰਜਾਬ ਸਰਕਾਰ ਦੇ ਹੋਰਡਿੰਗਾਂ ਨੂੰ ਨੁਕਸਾਨ ਪਹੁੰਚਾਇਆ। ਪੁਲੀਸ ਵੱਲੋਂ ਮਗਰੋਂ ਤਿੰਨੋਂ ਮੁਤਵਾਜ਼ੀ ਜਥੇਦਾਰਾਂ ਨੂੰ ਧਰਨੇ ਵਾਲੀ ਥਾਂ ਲਿਆ ਕੇ ਰਿਹਾਅ ਕਰਨ ਤੋਂ ਬਾਅਦ ਸੰਗਤਾਂ ਨੇ ਧਰਨਾ ਚੁੱਕ ਦਿੱਤਾ। ਉਂਜ, ਪੁਲੀਸ ਨੇ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਰਿਹਾਈ ਸਬੰਧੀ ਕੁਝ ਨਹੀਂ ਦੱਸਿਆ।