ਮੋਦੀ-ਬਾਦਲ ਦੀ ਮਿਲਣੀ ‘ਤੇ ਪ੍ਰਧਾਨ ਮੰਤਰੀ ਦਫ਼ਤਰ ਨੇ ਪਾਇਆ ਪਰਦਾ

0
331

badal-modi-meeting
ਬਠਿੰਡਾ/ਬਿਊਰੋ ਨਿਊਜ਼ :
ਪ੍ਰਧਾਨ ਮੰਤਰੀ ਦਫ਼ਤਰ ਨੇ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰੀ ਮਿਲਣੀ ਦਾ ਭੇਤ ‘ਜੱਗ ਜ਼ਾਹਰ’ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਸੀਨੀਅਰ ਪੱਤਰਕਾਰ ਚਰਨਜੀਤ ਭੁੱਲਰ ਵਲੋਂ ਹਾਸਲ ਅੰਕੜਿਆਂ ਅਨੁਸਾਰ ਪ੍ਰਧਾਨ ਮੰਤਰੀ ਦਫ਼ਤਰ ਨੇ ਇਹ ਦੱਸਣ ਤੋਂ ਪਾਸਾ ਵੱਟ ਲਿਆ ਹੈ ਕਿ ਲੰਘੇ ਵਰ੍ਹਿਆਂ ਵਿੱਚ ਮੁੱਖ ਮੰਤਰੀ ਪੰਜਾਬ ਵੱਲੋਂ ਕਿੰਨੀ ਦਫ਼ਾ ਪ੍ਰਧਾਨ ਮੰਤਰੀ ਨੂੰ ਮਿਲਣ ਲਈ ਸਮਾਂ ਮੰਗਿਆ ਗਿਆ। ਕਿੰਨੀ ਦਫ਼ਾ ਮੁੱਖ ਮੰਤਰੀ ਪੰਜਾਬ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੀਟਿੰਗ ਕੀਤੀ। ਆਰਟੀਆਈ ਦਰਖ਼ਾਸਤ ਵਿੱਚ ਪ੍ਰਧਾਨ ਮੰਤਰੀ ਦਫ਼ਤਰ ਤੋਂ ਸੂਚਨਾ ਮੰਗੀ ਗਈ ਕਿ ਮੁੱਖ ਮੰਤਰੀ ਪੰਜਾਬ ਨੇ ਕਿੰਨੀ ਦਫ਼ਾ ਪ੍ਰਧਾਨ ਮੰਤਰੀ ਨਾਲ ਕਿੰਨਾ ਕਿੰਨਾਂ ਸਮਾਂ ਮਿਲਣੀ ਕੀਤੀ ਹੈ ਅਤੇ ਇਸ ਮਿਲਣੀ ਵਿੱਚ ਕਿਹੜੇ ਕਿਹੜੇ ਏਜੰਡੇ ਵਿਚਾਰੇ ਗਏ ਹਨ।
ਪ੍ਰਧਾਨ ਮੰਤਰੀ ਦਫ਼ਤਰ ਨੇ ਆਰਟੀਆਈ ਦੇ ਪੱਤਰ ਦੇ ਜੁਆਬ ਵਿੱਚ ਅਜਿਹੀ ਸੂਚਨਾ ਪ੍ਰਧਾਨ ਮੰਤਰੀ ਦਫ਼ਤਰ ਕੋਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਜੁਆਬੀ ਪੱਤਰ ਵਿੱਚ ਪ੍ਰਧਾਨ ਮੰਤਰੀ ਦਫ਼ਤਰ ਦੇ ਅੰਡਰ ਸੈਕਟਰੀ ਪ੍ਰਵੀਨ ਕੁਮਾਰ ਨੇ ਲਿਖਿਆ ਹੈ ਕਿ ਪ੍ਰਧਾਨ ਮੰਤਰੀ ਨੂੰ ਰੋਜ਼ਾਨਾ ਹਰ ਤਰ੍ਹਾਂ ਦੇ ਲੋਕ ਮਿਲਦੇ ਹਨ ਅਤੇ ਇਹ ਜ਼ਰੂਰੀ ਨਹੀਂ ਕਿ ਪ੍ਰਧਾਨ ਮੰਤਰੀ ਨੂੰ ਰਸਮੀ ਅਗਾਊਂ ਸਮਾਂ ਲੈ ਕੇ ਹੀ ਮਿਲਿਆ ਜਾਵੇ। ਅਜਿਹੀ ਮਿਲਣੀ ਦਾ ਕੋਈ ਰਿਕਾਰਡ ਨਹੀਂ ਰੱਖਿਆ ਜਾਂਦਾ ਹੈ ਅਤੇ ਮੰਗੀ ਸੂਚਨਾ ਇਸ ਰੂਪ ਵਿੱਚ ਦੇਣੀ ਸੰਭਵ ਨਹੀਂ ਹੈ। ਪ੍ਰਧਾਨ ਮੰਤਰੀ ਦਫ਼ਤਰ ਨੇ ਆਰਟੀਆਈ ਤਹਿਤ ਮੁੱਖ ਮੰਤਰੀ ਪੰਜਾਬ ਵੱਲੋਂ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰਾਂ ਦੀਆਂ ਕਾਪੀਆਂ ਦੇਣ ਤੋਂ ਵੀ ਨਾਂਹ ਕਰ ਦਿੱਤੀ ਹੈ। ਸੂਤਰ ਆਖਦੇ ਹਨ ਕਿ ਜਦੋਂ ਵੀ ਦਿੱਲੀ ਵਿੱਚ ਕੋਈ ਰਸਮੀ ਮੀਟਿੰਗ ਕਰਨੀ ਹੁੰਦੀ ਹੈ ਤਾਂ ਹਰ ਸੂਬੇ ਦੇ ਮੁੱਖ ਮੰਤਰੀ ਵਲੋਂ ਅਗਾਊਂ ਮੀਟਿੰਗ ਨਿਸਚਿਤ ਕੀਤੀ ਜਾਂਦੀ ਹੈ, ਜਿਸ ਦਾ ਬਾਕਾਇਦਾ ਰਿਕਾਰਡ ਰੱਖਿਆ ਜਾਂਦਾ ਹੈ। ਦੱਸਣਯੋਗ ਹੈ ਕਿ ਵਿਰੋਧੀ ਧਿਰ ਪਿਛਲੇ ਸਮੇਂ ਦੌਰਾਨ ਇਹ ਰੌਲਾ ਪਾਉਂਦੀ ਰਹੀ ਹੈ ਕਿ ਪ੍ਰਧਾਨ ਮੰਤਰੀ ਵੱਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਣ ਲਈ ਸਮਾਂ ਨਹੀਂ ਦਿੱਤਾ ਜਾ ਰਿਹਾ ਹੈ, ਜਦੋਂਕਿ ਪਿਛਲੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਕਸਰ ਹੀ ਮੁੱਖ ਮੰਤਰੀ ਪੰਜਾਬ ਨੂੰ ਸਮਾਂ ਦਿੰਦੇ ਸਨ। ਵਿਰੋਧੀ ਧਿਰ ਇਹ ਦੱਸਣਾ ਚਾਹੁੰਦੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਮੁੱਖ ਮੰਤਰੀ ਪੰਜਾਬ ਹੁਣ ਤਰਜੀਹੀ ਨਹੀਂ ਹੈ। ਹਾਕਮ ਧਿਰ ਆਖਦੀ ਹੈ ਕਿ ਜਦੋਂ ਵੀ ਸਮਾਂ ਮੰਗਿਆ ਤਾਂ ਉਦੋਂ ਹੀ ਪ੍ਰਧਾਨ ਮੰਤਰੀ ਦਫ਼ਤਰ ਤੋਂ ਸਮਾਂ ਮਿਲਿਆ ਹੈ।
ਸਮਾਜਕ ਕਾਰਕੁਨ ਡਾ. ਅਮਰਜੀਤ ਸਿੰਘ ਮਾਨ ਦਾ ਪ੍ਰਤੀਕਰਮ ਹੈ ਕਿ ਪ੍ਰਧਾਨ ਮੰਤਰੀ ਦਫ਼ਤਰ ਵਲੋਂ ਜਦੋਂ ਵਿਦੇਸ਼ੀ ਅਤੇ ਦੇਸ਼ ਵਿਚਲੇ ਦੌਰਿਆਂ ਨੂੰ ਜਨਤਕ ਤੌਰ ‘ਤੇ ਨਸ਼ਰ ਕਰ ਰਹੇ ਹਨ ਤਾਂ ਮੁੱਖ ਮੰਤਰੀਆਂ ਨਾਲ ਹੋਣ ਵਾਲੀਆਂ ਮੀਟਿੰਗਾਂ ‘ਤੇ ਪਰਦਾ ਪਾਉਣ ਦੀ ਕੋਈ ਤੁਕ ਨਹੀਂ ਬਣਦੀ ਹੈ। ਪ੍ਰੋਟੋਕੋਲ ਅਨੁਸਾਰ ਅਤੇ ਸੁਰੱਖਿਆ ਦੇ ਨਜ਼ਰੀਏ ਤੋਂ ਪ੍ਰਧਾਨ ਮੰਤਰੀ ਦੀ ਰਿਹਾਇਸ਼ ਜਾਂ ਦਫ਼ਤਰ ਵਿੱਚ ਦਾਖ਼ਲ ਹੋਣ ਵਾਲੇ ਹਰ ਵਿਅਕਤੀ ਦਾ ਨਾਮ, ਪਤਾ ਤੇ ਸਮਾਂ ਨੋਟ ਕੀਤਾ ਜਾਂਦਾ ਹੈ।