ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿਚ ਬੱਦਲ ਫਟਣ ਕਾਰਨ 11 ਮੌਤਾਂ

0
306

badal-fatan-naal-motan
ਜੰਮੂ/ਬਿਊਰੋ ਨਿਊਜ਼ :
ਜੰਮੂ-ਕਸ਼ੀਮਰ ਵਿੱਚ ਬੱਦਲ ਫਟਣ ਦੀਆਂ ਵੱਖ-ਵੱਖ ਘਟਨਾਵਾਂ ਵਿਚ ਡੋਡਾ, ਕਿਸ਼ਤਵਾੜ ਤੇ ਊਧਮਪੁਰ ਜ਼ਿਲ੍ਹਿਆਂ ਵਿੱਚ 11 ਵਿਅਕਤੀ ਮਾਰੇ ਗਏ ਤੇ 11 ਹੋਰ ਜ਼ਖ਼ਮੀ ਹੋ ਗਏ। ਸਭ ਤੋਂ ਵੱਧ ਛੇ ਮੌਤਾਂ ਡੋਡਾ ਜ਼ਿਲ੍ਹੇ ਦੇ ਠਾਠਰੀ ਕਸਬੇ ਵਿੱਚ ਹੋਈਆਂ। ਬੱਦਲ ਫਟਣ ਕਾਰਨ ਆਏ ਭਿਆਨਕ ਹੜ੍ਹਾਂ ਨੇ ਦਰਜਨਾਂ ਇਮਾਰਤਾਂ ਨੂੰ ਵੀ ਢਾਹ ਦਿੱਤਾ, ਜਿਨ੍ਹਾਂ ਵਿੱਚ ਘਰਾਂ ਤੋਂ ਇਲਾਵਾ ਸਕੂਲ ਤੇ ਦੁਕਾਨਾਂ ਵੀ ਸ਼ਾਮਲ ਹਨ। ਠਾਠਰੀ ਵਿਚ ਮਰਨ ਵਾਲਿਆਂ ਵਿੱਚ ਇਕੋ ਪਰਿਵਾਰ ਦੇ ਚਾਰ ਜੀਅ ਸ਼ਾਮਲ ਹਨ। ਪੁਲੀਸ ਮੁਤਾਬਕ 11 ਵਿਅਕਤੀਆਂ  ਨੂੰ ਮਲਬੇ ਵਿਚੋਂ ਜ਼ਿੰਦਾ ਕੱਢ ਲਿਆ ਗਿਆ, ਪਰ ਹਾਲੇ ਵੀ ਅਨੇਕਾਂ ਲੋਕਾਂ ਦੇ ਦਬੇ ਹੋਣ ਦਾ ਖ਼ਦਸ਼ਾ ਹੈ, ਜਿਸ ਕਾਰਨ ਮੌਤਾਂ ਦੀ ਗਿਣਤੀ ਵਧ ਸਕਦੀ ਹੈ। ਇਹ ਘਟਨਾ ਤੜਕੇ ਕਰੀਬ 2.20 ਵਜੇ ਵਾਪਰੀ। ਮ੍ਰਿਤਕਾਂ ਵਿੱਚ ਪੰਜ ਔਰਤਾਂ ਸ਼ਾਮਲ ਹਨ। ਨਾਗਨੀ ਪਿੰਡ ਦੇ ਦੇਵ ਰਾਜ ਦੀ ਪਤਨੀ ਨਾਰੂ ਦੇਵੀ (40), ਧੀਆਂ ਸਪਨਾ ਦੇਵੀ (14) ਤੇ ਪ੍ਰਿਆ ਦੇਵੀ (7) ਅਤੇ ਪੁੱਤ ਰਾਹੁਲ (9) ਦੀ ਜਾਨ ਜਾਂਦੀ ਰਹੀ। ਦੋ ਹੋਰ ਮ੍ਰਿਤਕਾਂ ਦੀ ਪਛਾਣ ਪਟਨਾ ਦੇਵੀ (45) ਤੇ ਸ੍ਰਿਸ਼ਠਾ ਦੇਵੀ (15) ਵਜੋਂ ਹੋਈ ਹੈ।
ਕਿਸ਼ਤਵਾੜ ਜ਼ਿਲ੍ਹੇ ਵਿੱਚ ਬੱਦਲ ਫਟਣ ਕਾਰਨ ਆਏ ਹੜ੍ਹ ਦੇ ਸਿੱਟੇ ਵਜੋਂ ਚੇਰਜੀ ਵਿੱਚ 45 ਸਾਲਾ ਕੁੰਗੀ ਦੇਵੀ ਤੇ ਉਸ ਦੇ ਚਾਰ ਸਾਲਾ ਪੋਤੇ ਸਮਰਤ ਦੀ ਮੌਤ ਹੋ ਗਈ। ਊਧਮਪੁਰ ਜ਼ਿਲ੍ਹੇ ਦੇ ਡੁਡੂ ਖੇਤਰ ਵਿਚ ਪਛੋਂਡ ਵਿਖੇ ਵੀ ਤਿੰਨ ਵਿਅਕਤੀ ਹੜ੍ਹ ਗਏ। ਇਨ੍ਹਾਂ ਦੀ ਪਛਾਣ ਮੁਹੰਮਦ ਸ਼ਰੀਫ਼ ਤੇ ਰੇਖਾ ਦੇਵੀ (ਦੋਵੇਂ ਵਾਸੀ ਪਛੋਂਡ) ਤੇ ਸਕੀਨਾ ਵਾਸੀ ਪੱਤਣਗੜ੍ਹ ਵਜੋਂ ਹੋਈ ਹੈ। ਇਕ ਵੱਖਰੀ ਘਟਨਾ ‘ਚ ਬੀਤੀ ਰਾਤ ਢਿੱਗਾਂ ਖਿਸਕਣ ਕਾਰਨ ਊਧਮਪੁਰ ਜ਼ਿਲ੍ਹੇ ਦੇ ਕਗੋਟ ਵਿੱਚ ਵਿਮਲਾ ਦੇਵੀ (40) ਤੇ ਪਾਲੋ ਦੇਵੀ (38) ਨਾਮੀ ਔਰਤਾਂ ਦੀ ਮੌਤ ਹੋ ਗਈ।