ਪੰਜਾਬ ਪੁਲੀਸ ਤੇ ਖ਼ੁਫੀਆ ਵਿੰਗ ਵਲੋਂ ਬੱਬਰ ਖਾਲਸਾ ਦੇ 7 ਕਾਰਕੁਨ ਗ੍ਰਿਫ਼ਤਾਰ ਕਰਨ ਦਾ ਦਾਅਵਾ

0
230

ਹਿੰਦੂ ਆਗੂਆਂ ਦੇ ਕਤਲ ਬਾਰੇ ਪੁਲੀਸ ਕਰੇਗੀ ਪੁੱਛ-ਪੜਤਾਲ

BKI militants nabbed by Ludhiana police in police custody on Saturday. Photo Inderjeet Verma. to go with nikhil story
ਬੱਬਰ ਖਾਲਸਾ ਦੇ ਮੈਂਬਰਾਂ ਬਾਰੇ ਜਾਣਕਾਰੀ ਦਿੰਦੇ ਹੋਏ ਲੁਧਿਆਣਾ ਦੇ ਪੁਲੀਸ ਕਮਿਸ਼ਨਰ ਆਰਐਨ ਢੋਕੇ ਅਤੇ ਹੋਰ ਅਧਿਕਾਰੀ। 

ਲੁਧਿਆਣਾ/ਬਿਊਰੋ ਨਿਊਜ਼ :
ਪੰਜਾਬ ਪੁਲੀਸ ਤੇ ਕਾਊਂਟਰ ਇੰਟੈਲੀਜੈਂਸ ਵਿੰਗ ਨੇ ਸਾਂਝੀ ਕਾਰਵਾਈ ਵਿੱਚ ਬੱਬਰ ਖਾਲਸਾ ਦੇ ਸੱਤ ਕਾਰਕੁਨ ਗ੍ਰਿਫ਼ਤਾਰ ਕੀਤੇ ਹਨ। ਇਹ ਜਾਣਕਾਰੀ ਦਿੰਦਿਆਂ ਲੁਧਿਆਣਾ ਪੁਲੀਸ ਕਮਿਸ਼ਨਰ ਆਰਐਨ ਢੋਕੇ ਨੇ ਦਾਅਵਾ ਕੀਤਾ ਕਿ ਸੁਰਿੰਦਰ ਸਿੰਘ ਬੱਬਰ, ਜੋ ਇਸ ਸਮੇਂ ਇੰਗਲੈਂਡ ਵਿੱਚ ਰਹਿੰਦਾ ਹੈ, ਵੱਲੋਂ ਕਥਿਤ ਤੌਰ ‘ਤੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਲਈ ਕੁਲਦੀਪ ਸਿੰਘ ਉਰਫ਼ ਰਿੰਪੀ ਵਾਸੀ ਤਿਕੋਣੀ ਪਾਰਕ ਸੁਭਾਸ਼ ਨਗਰ, ਜਸਵੀਰ ਸਿੰਘ ਉਰਫ਼ ਜੱਸਾ ਵਾਸੀ ਤਰਨ ਤਾਰਨ, ਅਮਨਪ੍ਰੀਤ ਸਿੰਘ ਉਰਫ਼ ਅਮਨਾ ਵਾਸੀ ਸ਼ਕਤੀ ਨਗਰ ਥਾਣਾ ਭੋਗਪੁਰ (ਜਲੰਧਰ), ਮਨਪ੍ਰੀਤ ਸਿੰਘ ਵਾਸੀ ਪਿੰਡ ਸੇਖਾ ਕਲਾਂ (ਮੋਗਾ), ਉਂਕਾਰ ਸਿੰਘ ਵਾਸੀ ਸੁਲਤਾਨਵਿੰਡ ਰੋਡ ਅੰਮ੍ਰਿਤਸਰ, ਜੁਗਰਾਜ ਸਿੰਘ ਵਾਸੀ ਪਿੰਡ ਝਾੜੂ ਨੰਗਲ ਥਾਣਾ ਖਿਲਚੀਆਂ ਅਤੇ ਅੰਮ੍ਰਿਤਪਾਲ ਸਿੰਘ ਵਾਸੀ ਸੂਹੀਆ ਕਲਾਂ (ਅੰਮ੍ਰਿਤਸਰ) ਨੂੰ ਕਥਿਤ ਤੌਰ ‘ਤੇ ਆਰਥਿਕ ਮਦਦ ਅਤੇ ਅਸਲਾ ਮੁਹੱਈਆ ਕਰਵਾਇਆ ਜਾ ਰਿਹਾ ਸੀ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਦਾ ਮਕਸਦ ਪੰਥ ਵਿਰੋਧੀ ਜਥੇਬੰਦੀਆਂ ਅਤੇ ਖ਼ਾਲਿਸਤਾਨ ਖ਼ਿਲਾਫ਼ ਬੋਲਣ ਵਾਲੇ ਵਿਅਕਤੀਆਂ ਨੂੰ ਨਿਸ਼ਾਨਾ ਬਣਾਉਣਾ ਸੀ। ਬੱਬਰ ਖਾਲਸਾ ਦੇ ਇਨ੍ਹਾਂ ਸੱਤ ਮੈਂਬਰਾਂ ਕੋਲੋਂ ਭਾਰਤ ਦਾ ਬਣਿਆ.32 ਬੋਰ ਪਿਸਤੌਲ ਤੇ 20 ਕਾਰਤੂਸ,.315 ਬੋਰ ਦੇ 2 ਪਿਸਤੌਲ ਤੇ 13 ਕਾਰਤੂਸ ਬਰਾਮਦ ਹੋਏ ਹਨ। ਇਨ੍ਹਾਂ ਖ਼ਿਲਾਫ਼ ਥਾਣਾ ਡਿਵੀਜ਼ਨ ਨੰਬਰ 7 ਵਿਚ ਵੱਖ ਵੱਖ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ਕੋਲੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ।
ਪੰਜਾਬ ਪੁਲੀਸ ਤੇ ਕਾਊਂਟਰ ਇਟੈਲੀਜੈਂਸ ਦੀ ਟੀਮ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇਨ੍ਹਾਂ ਕੋਲੋਂ ਪੁੱਛ-ਪੜਤਾਲ ਦੌਰਾਨ ਕਈ ਅਹਿਮ ਖੁਲਾਸੇ ਹੋਏ ਹਨ। ਉਹ ਪੰਜਾਬ ਵਿੱਚ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਦਹਿਸ਼ਤ ਦਾ ਮਾਹੌਲ ਬਣਾਉਣਾ ਚਾਹੁੰਦੇ ਸਨ ਤਾਂ ਕਿ ਕਿਸੇ ਤਰ੍ਹਾਂ ਖਾਲਿਸਤਾਨ ਲਹਿਰ ਸੁਰਜੀਤ ਕੀਤੀ ਜਾ ਸਕੇ। ਇਨ੍ਹਾਂ ਖਾੜਕੂਆਂ ਤੋਂ ਪੰਜਾਬ ਵਿੱਚ ਪਿਛਲੇ ਦਿਨੀਂ ਮਾਰੇ ਗਏ ਆਰਐਸਐਸ ਨੇਤਾ ਜਗਦੀਸ਼ ਗਗਨੇਜਾ, ਹਿੰਦੂ ਆਗੂ ਦੁਰਗਾ ਗੁਪਤਾ, ਅਮਿਤ ਸ਼ਰਮਾ ਤੇ ਡੇਰਾ ਪ੍ਰੇਮੀਆਂ ਦੇ ਕਤਲ ਦੇ ਮਾਮਲੇ ਵਿੱਚ ਵੀ ਪੁੱਛ-ਪੜਤਾਲ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਇਨ੍ਹਾਂ ਖਾੜਕੂਆਂ ਦੇ ਨਿਸ਼ਾਨੇ ‘ਤੇ ਪੰਜਾਬ ਦੇ ਕਈ ਅਜਿਹੇ ਹਿੰਦੂ ਨੇਤਾ ਅਤੇ ਹਿੰਦੂ ਜਥੇਬੰਦੀਆਂ ਸਨ, ਜੋ ਖਾਲਿਸਤਾਨ ਖ਼ਿਲਾਫ਼ ਖੁੱਲ੍ਹ ਕੇ ਬਿਆਨਬਾਜ਼ੀ ਕਰ ਰਹੀਆਂ ਸਨ। ਸ਼ਿਵ ਸੈਨਾ ਪੰਜਾਬ ਦੇ ਕੌਮੀ ਚੇਅਰਮੈਨ ਰਾਜੀਵ ਟੰਡਨ ਸਮੇਤ ਪੰਜਾਬ ਦੇ ਕਈ ਅਹਿਮ ਹਿੰਦੂ ਨੇਤਾ ਇਨ੍ਹਾਂ ਖਾੜਕੂਆਂ ਦੇ ਨਿਸ਼ਾਨੇ ‘ਤੇ ਸਨ। ਇਨ੍ਹਾਂ ਖਾੜਕੂਆਂ ਤੋਂ ਕਈ ਏਜੰਸੀਆਂ ਪੁੱਛ-ਪੜਤਾਲ ਕਰ ਰਹੀਆਂ ਹਨ ਤਾਂ ਕਿ ਉਨ੍ਹਾਂ ਦੇ ਵਿਦੇਸ਼ ਵਿੱਚ ਬੈਠੇ ਸੰਪਰਕਾਂ ਬਾਰੇ ਪਤਾ ਲੱਗ ਸਕੇ। ਉਨ੍ਹਾਂ ਤੋਂ ਫੰਡਿੰਗ ਦੇ ਸਰੋਤ ਬਾਰੇ ਵੀ ਪਤਾ ਲਾਇਆ ਜਾ ਰਿਹਾ ਹੈ।
ਪੁਲੀਸ ਦੇ ਦਾਅਵੇ ਅਨੁਸਾਰ ਬੱਬਰ ਖਾਲਸਾ ਦੇ ਵਿਦੇਸ਼ ਵਿੱਚ ਰਹਿੰਦੇ ਖਾੜਕੂ ਸੁਰਿੰਦਰ ਸਿੰਘ ਬੱਬਰ ਨੇ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ‘ਟੀਮ ਖਾਲਿਸਤਾਨ’ ਦੇ ਨਾਮ ਦਾ ਇਹ ਗੁੱਟ ਬਣਾਇਆ ਸੀ, ਜੋ ਲਗਾਤਾਰ ਉਸ ਦੇ ਹੁਕਮਾਂ ‘ਤੇ ਕੰਮ ਕਰ ਰਿਹਾ ਸੀ। ਇਸ ਗੁੱਟ ਦੀਆਂ ਜ਼ਿਆਦਾਤਰ ਮੀਟਿੰਗਾਂ ਸਮਰਾਲਾ ਚੌਂਕ ਕੋਲ ਸਥਿਤ ਖਾਲਸਾ ਢਾਬੇ ਵਿੱਚ ਹੁੰਦੀਆਂ ਸਨ। ਖਾਲਸਾ ਢਾਬਾ ਵੀ ਹੁਣ ਬੰਦ ਪਿਆ ਹੈ। ਸ਼ੱਕ ਹੈ ਕਿ ਢਾਬਾ ਮਾਲਕ ਨੂੰ ਵੀ ਪੁਲੀਸ ਨੇ ਕਾਬੂ ਕਰ ਕੇ ਪੁੱਛ-ਪੜਤਾਲ ਸ਼ੁਰੂ ਕੀਤੀ ਹੈ।
ਪੁਲੀਸ ਕਮਿਸ਼ਨਰ ਆਰ.ਐਨ. ਢੋਕੇ ਨੇ ਕਿਹਾ ਕਿ ਡੇਰਾ ਪ੍ਰੇਮੀਆਂ ਦੇ ਕਤਲ ਬਾਰੇ ਵੀ ਇਨ੍ਹਾਂ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ ਪਰ ਹਾਲੇ ਤੱਕ ਕੋਈ ਸਬੂਤ ਨਹੀਂ ਮਿਲਿਆ।