ਅਫ਼ਗ਼ਾਨਿਸਤਾਨ ਦੇ ਜਲਾਲਾਬਾਦ ਹਮਲੇ ਵਿਚ ਜ਼ਖਮੀ ਛੇ ਸਿੱਖ ਇਲਾਜ ਲਈ ਦਿੱਲੀ ਲਿਆਂਦੇ

0
86
A Child  who lost his father mourns by the relatives as they received ashes of  him who  killed Suicide attack  in Afghanistan , at  India Gandhi International Airport in new Delhi on Thursday. Tribune Photo.Mukesh Aggarwal
ਅਫ਼ਗ਼ਾਨਿਸਤਾਨ ਵਿਚ ਫਿਦਾਈਨ ਹਮਲੇ ਵਿਚ ਮਾਰੇ ਗਏ ਇਕ ਸਿੱਖ ਦੀਆਂ ਅਸਥੀਆਂ ਜਦੋਂ ਦਿੱਲੀ ਪੁੱਜੀਆਂ ਤਾਂ ਉਸ ਦੇ ਪੁੱਤ ਦੀਆਂ ਭੁੱਬਾਂ ਨਿਕਲ ਗਈਆਂ । 

ਨਵੀਂ ਦਿੱਲੀ/ਬਿਊਰੋ ਨਿਊਜ਼ :
ਅਫ਼ਗਾਨਿਸਤਾਨ ਵਿਚ ਆਤਮਘਾਤੀ ਹਮਲੇ ਦੌਰਾਨ ਮਾਰੇ ਗਏ 12 ਸਿੱਖਾਂ ਅਤੇ ਇਕ ਹਿੰਦੂ ਦੀਆਂ ਅਸਥੀਆਂ ਨੂੰ ਦਿੱਲੀ ਲਿਆਂਦਾ ਗਿਆ। ਇਸ ਦੇ ਨਾਲ ਹੀ ਹਮਲੇ ਵਿਚ ਜ਼ਖ਼ਮੀ ਹੋਏ ਸਿੱਖ ਵੀ ਇਲਾਜ ਲਈ ਇਥੇ ਪੁੱਜ ਗਏ ਹਨ। ਅਸਥੀਆਂ ਨੂੰ ਗੁਰਦੁਆਰਾ ਗੁਰੂ ਅਰਜਨ ਦੇਵ ਜੀ ਨਿਊ ਮਹਾਬੀਰ ਨਗਰ ਵਿਖੇ ਦੋ ਦਿਨਾਂ ਸੰਗਤਾਂ ਦੇ ਦਰਸ਼ਨ ਲਈ ਰੱਖਣ ਉਪਰੰਤ ਕੀਰਤਪੁਰ ਸਾਹਿਬ ਵਿਖੇ ਜਲ ਪ੍ਰਵਾਹ ਕੀਤਾ ਜਾਵੇਗਾ। ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਅਸਥੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਅਸਥੀਆਂ ਦੇ ਨਾਲ ਹੀ ਹਮਲੇ ਦੌਰਾਨ ਫੱਟੜ ਹੋਏ ਛੇ ਸਿੰਘ ਵੀ ਦਿੱਲੀ ਦੇ ਏਮਜ਼ ਵਿਖੇ ਇਲਾਜ ਕਰਾਉਣ ਲਈ ਨਾਲ ਆਏ ਹਨ, ਜਿਨ੍ਹਾਂ ਵਿਚ ਸਤਪਾਲ ਸਿੰਘ, ਗੁਰਮੀਤ ਸਿਘ, ਮਨਜੀਤ ਸਿੰਘ, ਮਨਿੰਦਰ ਸਿੰਘ , ਨਰਿੰਦਰ ਸਿੰਘ, ਨਰਿੰਦਰ ਪਾਲ ਸਿੰਘ ਅਤੇ ਰਵਿੰਦਰ ਕੌਰ ਸ਼ਾਮਲ ਹਨ। ਇਸ ਤੋਂ ਪਹਿਲਾਂ ਇਕਬਾਲ ਸਿੰਘ ਨੂੰ ਵੀ ਦਿੱਲੀ ਵਿਖੇ ਇਲਾਜ ਲਈ ਲਿਆਂਦਾ ਗਿਆ ਸੀ। ਦਰਅਸਲ 1 ਜੁਲਾਈ ਨੂੰ ਅਫ਼ਗਾਨਿਸਤਾਨ ਦੇ ਜਲਾਲਾਬਾਦ ਸ਼ਹਿਰ ਵਿਖੇ ਰਾਸ਼ਟਰਪਤੀ ਨੂੰ ਮਿਲਣ ਜਾ ਰਹੇ ਸਿੱਖ ਆਗੂਆਂ ਦੇ ਵਫ਼ਦ ਨੂੰ ਆਤਮਘਾਤੀ ਹਮਲਾਵਰ ਨੇ ਆਪਣੇ ਸਣੇ ਬੰਬ ਨਾਲ ਉਡਾ ਦਿੱਤਾ ਸੀ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਫ਼ਗਾਨਿਸਤਾਨ ਦੇ ਸਿੱਖਾਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਹੋਇਆ ਹੈ। ਫੱਟੜ ਹੋਏ ਸਿੱਖਾਂ ਦੇ ਇਲਾਜ ਲਈ ਕੇਂਦਰੀ ਵਿਦੇਸ਼ ਮੰਤਰਾਲੇ ਨਾਲ ਗੱਲਬਾਤ ਕਰਨ ਉਪਰੰਤ ਏਮਜ਼ ਵਿਖੇ ਇਲਾਜ ਦਾ ਪ੍ਰਬੰਧ ਕੀਤਾ ਗਿਆ ਹੈ। ਫੱਟੜ ਹੋਏ ਸਿੱਖਾਂ ਨਾਲ ਆਏ ਤਿਮਾਰਦਾਰਾਂ ਦੇ ਰਹਿਣ ਦਾ ਖਰਚ ਦਿੱਲੀ ਕਮੇਟੀ ਚੁੱਕੇਗੀ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ, ਦਿੱਲੀ ਕਮੇਟੀ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ,ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ ਅਤੇ ਗੁਰਦੁਆਰਾ ਬੰਗਲਾ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਮੌਜੂਦ ਸਨ।