ਨੋਟਬੰਦੀ ਦੀ ਆੜ ‘ਚ 8 ਲੱਖ ਕਰੋੜ ਰੁਪਏ ਦਾ ਘੁਟਾਲਾ : ਕੇਜਰੀਵਾਲ

0
365

‘ਬਿਡਲਾ ਨੇ ਦਿੱਤੀ ਸੀ ਗੁਜਰਾਤ ਦੇ ਮੁੱਖ ਮੰਤਰੀ ਨੂੰ 25 ਕਰੋੜ ਦੀ ਰਿਸ਼ਵਤ’
ਨਵੀਂ ਦਿੱਲੀ/ਬਿਊਰੋ ਨਿਊਜ਼ :
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਨੋਟਬੰਦੀ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਵੱਡਾ ਹਮਲਾ ਕਰਦਿਆਂ ਦੋਸ਼ ਲਾਇਆ ਕਿ ਇਹ ਦੇਸ਼ ਭਗਤੀ ਦੀ ਆੜ ਵਿਚ ਕੀਤਾ ਗਿਆ 8 ਲੱਖ ਕਰੋੜ ਰੁਪਏ ਦਾ ਹੁਣ ਤਕ ਸਭ ਤੋਂ ਵੱਡਾ ਘੁਟਾਲਾ ਹੈ। ਨੋਟਬੰਦੀ ਨੂੰ ਲੈ ਕੇ ਆਮ ਜਨਤਾ ਨੂੰ ਹੋ ਰਹੀ ਪ੍ਰੇਸ਼ਾਨੀ ਦੇ ਮੁੱਦੇ ‘ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨਾਲ ਆਜ਼ਾਦ ਮੰਡੀ ਵਿਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ, ‘ਦੇਸ਼ ਭਗਤੀ ਦੀ ਆੜ ਵਿਚ ਆਜ਼ਾਦ ਭਾਰਤ ਦਾ ਇਹ ਹੁਣ ਤਕ ਦਾ ਸਭ ਤੋਂ ਵੱਡਾ ਘੁਟਾਲਾ ਹੈ।’ ਭਾਜਪਾ ‘ਤੇ ਸਿੱਧਾ ਨਿਸ਼ਾਨਾ ਲਾਉਂਦਿਆਂ ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਵਾਲਿਆਂ ਨੇ ਪਹਿਲਾਂ ਹੀ ਆਪਣਾ ਮਾਲ ਠਿਕਾਣੇ ਲਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨੋਟਬੰਦੀ ਪਿਛੇ ਵੱਡਾ ਘੁਟਾਲਾ ਹੈ। ਅਸਲ ਵਿਚ ਭ੍ਰਿਸ਼ਟਾਚਾਰ ਘੱਟ ਕਰਨ ਦੇ ਨਾਂ ‘ਤੇ ਬਹੁਤ ਵੱਡੇ ਘੁਟਾਲੇ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਨੇ ਐਲਾਨ ਤੋਂ ਪਹਿਲਾਂ ਆਪਣੇ ਦੋਸਤਾਂ ਦਾ ਰੁਪਇਆ ਠਿਕਾਣੇ ਲਗਵਾ ਦਿੱਤਾ ਤੇ ਆਮ ਜਨਤਾ ਨੂੰ ਤੰਗ ਕੀਤਾ ਜਾ ਰਿਹਾ ਹੈ।
ਅੰਬਾਨੀ ਅਤੇ ਅਡਾਨੀ ਅਤੇ ਵਿਜੈ ਮਾਲਿਆ ਵਰਗੇ ਅਰਬਪਤੀਆਂ ਨੂੰ ਬੈਂਕਾਂ ਨੇ 8 ਲੱਖ ਕਰੋੜ ਰੁਪਏ ਦਾ ਕਰਜ਼ਾ ਦਿੱਤਾ ਹੋਇਆ ਸੀ। ਇਹ ਸਾਰੀ ਰਕਮ ਇਹ ਅਰਬਪਤੀ ਡਕਾਰ ਗਏ। ਕੁਝ ਰਕਮ ਵਿਦੇਸ਼ ਭੇਜ ਦਿੱਤੀ ਤਾਂ ਕੁਝ ਨੂੰ ਟਿਕਾਣੇ ਲਾ ਦਿੱਤਾ। ਇਸੇ ਕਾਰਨ ਬੈਂਕ ਕੰਗਾਲੀ ਦੇ ਕੰਢੇ ‘ਤੇ ਪਹੁੰਚ ਗਏ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਇਸ ਕਰਜ਼ੇ ਦੀ ਇਕ ਪਾਈ ਵੀ ਇਨ੍ਹਾਂ ਅਰਬਪਤੀਆਂ ਤੋਂ ਵਸੂਲ ਨਹੀਂ ਕੀਤੀ, ਉਲਟਾ ਉਨ੍ਹਾਂ ਦਾ ਇਕ ਲੱਖ 14 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕਰ ਦਿੱਤਾ। ਹੁਣ ਇਸ ਦੀ ਪੂਰਤੀ ਕਿਵੇਂ ਕਰਨ, ਇਸ ਲਈ ਨਵੀਂ ਤਰਕੀਬ ਕੱਢੀ ਤੇ 500 ਤੇ ਹਜ਼ਾਰ ਰੁਪਏ ਦੇ ਨੋਟ ਬੰਦ ਕਰ ਦਿੱਤੇ ਤਾਂ ਕਿ ਲੋਕ ਆਪਣੇ ਪੁਰਾਣੇ ਪੈਸੇ ਬੈਂਕਾਂ ਵਿਚ ਜਮ੍ਹਾ ਕਰਵਾਉਣ। ਸਰਕਾਰ ਦਾ ਅੰਦਾਜ਼ਾ ਹੈ ਕਿ ਇਸ ਨਾਲ ਬੈਂਕਾਂ ਵਿਚ ਦਸ ਲੱਖ ਕਰੋੜ ਰੁਪਏ ਆ ਜਾਣਗੇ।
ਕੇਜਰੀਵਾਲ ਨੇ ਕਿਹਾ ਕਿ ਇਨ੍ਹਾਂ ਪੈਸਿਆਂ ਨਾਲ ਮੋਦੀ ਜੀ ਆਪਣੇ ਉਦਯੋਗਪਤੀ ਮਿੱਤਰਾਂ ਦਾ ਬਾਕੀ ਦਾ 8 ਲੱਖ ਕਰੋੜ ਦਾ ਕਰਜ਼ਾ ਵੀ ਮੁਆਫ਼ ਕਰ ਦੇਣਗੇ। ਇਹ ਸਭ ਆਮ ਜਨਤਾ ਨੂੰ ਤਕਲੀਫ਼ ਦੇ ਕੇ ਕੀਤਾ ਜਾ ਰਿਹਾ ਹੈ। ਇਹ ਦੇਸ਼ ਦੀ ਜਨਤਾ ਨਾਲ ਧੋਖਾ ਹੈ।
ਕੇਜਰੀਵਾਲ ਨੇ ਸਰਕਾਰ ਨੂੰ ਤਿੰਨ ਦਿਨ ਦਾ ਅਲਟੀਮੇਟਮ ਦਿੱਤਾ ਕਿ ਉਹ ਨੋਟਬੰਦੀ ਨੂੰ ਲੈ ਕੇ ਆਮ ਜਨਤਾ ਨੂੰ ਹੋ ਰਹੀ ਪ੍ਰੇਸ਼ਾਨੀ ਦਾ ਹੱਲ ਕੱਢਣ, ਨਹੀਂ ਤਾਂ ਆਪਣਾ ਇਹ ਫ਼ੈਸਲਾ ਵਾਪਸ ਲੈਣ, ਵਰਨਾ ਅੰਦੋਲਨ ਤੇਜ਼ ਕਰ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਅੱਜ ਆਮ ਆਦਮੀ ਕਤਾਰ ਵਿਚ ਖੜ੍ਹਾ ਹੈ, ਕੋਈ ਅੰਬਾਨੀ ਤੇ ਅਡਾਨੀ ਨਹੀਂ। ਉਨ੍ਹਾਂ ਦੇ ਤਾਂ ਘਰਾਂ ਵਿਚ ਪੈਸੇ ਪਹੁੰਚ ਰਹੇ ਹਨ। ਬੈਂਕਾਂ ਦਾ ਕਰੋੜਾਂ ਰੁਪਏ ਡਕਾਰ ਜਾਣ ਵਾਲੇ ਉਦਯੋਗਪਤੀ ਵਿਜੈ ਮਾਲਿਆ ਨੂੰ ਮੋਦੀ ਸਰਕਾਰ ਨੇ ਰਾਤੋ-ਰਾਤ ਹਵਾਈ ਜਹਾਜ਼ ਵਿਚ ਬੈਠਾ ਕੇ ਲੰਡਨ ਭੇਜ ਦਿੱਤਾ। ਉਹ ਉਥੇ ਐਸ਼ ਕਰ ਰਹੇ ਹਨ ਤੇ ਸਾਨੂੰ-ਤੁਹਾਨੂੰ ਧੱਕੇ ਖਾਣ ਲਈ ਕਤਾਰ ਵਿਚ ਲਗਾ ਰੱਖਿਆ ਹੈ। ਉਨ੍ਹਾਂ ਇਸ ਮੌਕੇ ਮੀਡੀਆ ਕਰਮਚਾਰੀਆਂ ਨੂੰ ਇਕ ਰਿਪੋਰਟ ਦਿਖਾਉਂਦਿਆਂ ਕਿਹਾ ਕਿ ਇਹ ਰਿਪੋਰਟ 15 ਅਕਤੂਬਰ 2013 ਦੀ ਹੈ, ਜਦੋਂ ਉਦਯੋਗਪਤੀ ਅਦਿਤਯ ਬਿਡਲਾ ਦੇ ਆਮਦਨ ਕਰ ਦਾ ਛਾਪਾ ਪਿਆ ਸੀ। ਇਸ ਛਾਪੇ ਵਿਚ ਉਥੋਂ ਕਈ ਦਸਤਾਵੇਜ਼ ਮਿਲੇ ਸਨ, ਉਸ ਵਿਚ ਇਕ ਨੋਟ ਵੀ ਸੀ, ਜਿਸ ‘ਤੇ ਗੁਜਰਾਤ ਮੁੱਖ ਮੰਤਰੀ 25 ਕਰੋੜ ਰੁਪਏ ਲਿਖਿਆ ਸੀ। ਉਨ੍ਹਾਂ ਸਵਾਲ ਕੀਤਾ ਕਿ ਆਖ਼ਰ ਬਿਡਲਾ ਨੇ ਇਹ ਕਿਸ ਦਾ ਜ਼ਿਕਰ ਕੀਤਾ ਸੀ। ਇਹ ਆਸਾਨੀ ਨਾਲ ਸਮਝਿਆ ਜਾ ਸਕਦਾ ਹੈ। ਕੇਜਰੀਵਾਲ ਨੇ ਕਿਹਾ ਕਿ 500 ਤੇ ਹਜ਼ਾਰ ਦੇ ਨੋਟ ਬੰਦ ਕਰ ਦੇਣ ਨਾਲ ਭ੍ਰਿਸ਼ਟਾਚਾਰ ਅਤੇ ਕਾਲਾਧਨ ਖ਼ਤਮ ਹੋ ਜਾਵੇਗਾ, ਇਹ ਮੋਦੀ ਸਰਕਾਰ ਦਾ ਤਰਕ ਉਨ੍ਹਾਂ ਦੇ ਗਲੇ ਨਹੀਂ ਉਤਰ ਰਿਹਾ। ਉਨ੍ਹਾਂ ਕਿਹਾ ਕਿ ਇਕ ਹਜ਼ਾਰ ਦੇ ਨੋਟ ਕਾਰਨ 2000 ਦੇ ਨੋਟ ਆਉਣ ਨਾਲ ਤਾਂ ਰਿਸ਼ਵਤ ਲੈਣਾ ਤੇ ਦੇਣਾ ਆਸਾਨ ਹੋ ਜਾਵੇਗਾ। ਘੱਟ ਨੋਟਾਂ ਵਿਚ ਹੀ ਮੋਟੀ ਰਕਮ ਲਈ ਜਾ ਸਕੇਗੀ। ਗੁਜਰਾਤ ਅਤੇ ਮੱਧ ਪ੍ਰਦੇਸ਼ ਵਿਚ ਦੋ ਸਰਕਾਰੀ ਅਧਿਕਾਰੀ ਹਾਲ ਹੀ ਵਿਚ ਇਨ੍ਹਾਂ 2000 ਦੇ ਨੋਟਾਂ ਦੀ ਰਿਸ਼ਵਤ ਲੈਂਦੇ ਫੜੇ ਗਏ ਹਨ। ਇਹ ਤਾਜ਼ਾ ਉਦਾਹਰਣ ਹੈ। ਉਨ੍ਹਾਂ ਕਿਹਾ ਕਿ ਨੋਟਬੰਦੀ ਕਾਰਨ ਅੱਜ ਪੂਰੇ ਦੇਸ਼ ਵਿਚ ਅਫ਼ਰਾ-ਤਫ਼ਰੀ ਦਾ ਮਾਹੌਲ ਹੈ। ਲੋਕਾਂ ਦੇ ਘਰਾਂ ਵਿਚ ਖਾਣੇ ਦੀ ਕਮੀ ਹੋ ਗਈ ਹੈ, ਬਾਜ਼ਾਰ ਤੋਂ ਸਾਮਾਨ ਨਹੀਂ ਮਿਲ ਰਿਹਾ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਚਿਤਾਵਨੀ ਦਿੰਦਿਆਂ ਕਿਹਾ, ‘ਮੋਦੀ ਜੀ ਜੇਕਰ ਭ੍ਰਿਸ਼ਟਾਚਾਰ ਤੇ ਕਾਲੇਧਨ ਖ਼ਿਲਾਫ਼ ਲੜਾਈ ਦੀ ਆੜ ਵਿਚ ਘੁਟਾਲਾ ਹੁੰਦਾ ਹੈ ਤਾਂ ਆਮ ਆਦਮੀ ਪਾਰਟੀ ਦੇ ਲੋਕ ਆਪਣੀ ਜਾਨ ਦੀ ਬਾਜ਼ੀ ਲਾ ਕੇ ਇਸ ਦਾ ਵਿਰੋਧ ਕਰਨਗੇ।’