‘ਅੰਮ੍ਰਿਤਸਰ ਟਾਈਮਜ਼’ ਦੇ ਬਾਨੀ ਸੰਪਾਦਕ ਦਲਜੀਤ ਸਿੰਘ ਸਰਾਂ ਨੂੰ ਨਿੱਘੀ ਵਿਦਾਇਗੀ

0
170

h3-amritsar-times-10-26-18-67ਪਰਵਾਸੀ ਪੰਜਾਬੀ ਮੀਡੀਆ ਨੂੰ ਹੋਰ ਮਜ਼ਬੂਤ, ਸਰਗਰਮ ਅਤੇ ਸਮਰੱਥ ਕਰਨ ਦੀ ਲੋੜ-ਦਲਜੀਤ ਸਿੰਘ
ਫਰੀਮਾਂਟ/ਬਿਊਰੋ ਨਿਊਜ਼ :
‘ਅੰਮ੍ਰਿਤਸਰ ਟਾਈਮਜ਼’’ਦੇ ਮੁੱਖ-ਸੰਪਾਦਕ ਦਲਜੀਤ ਸਿੰਘ ਸਰਾਂ 14 ਸਾਲ ਦੀ ਸੇਵਾ ਤੋਂ ਬਾਅਦ ਰਿਟਾਇਰ ਹੋ ਗਏ ਹਨ। ਬੀਤੇ ਸ਼ੁੱਕਰਵਾਰ ਉਨ੍ਹਾਂ ਦਾ ਵਿਦਾਇਗੀ ਸਮਾਰੋਹ ਫਰੀਮਾਂਟ, ਕੈਲੇਫੋਰਨੀਆ ਵਿਚ ਕੀਤਾ ਗਿਆ ਜਿਸ ਵਿੱਚ ਬੇ-ਏਰੀਆ ਦੀਆਂ ਪ੍ਰਮੁੱਖ ਹਸਤੀਆਂ ਨੇ ਉਨ੍ਹਾਂ ਦੀ ਰਿਟਾਇਰਮੈਂਟ ਪਾਰਟੀ ਵਿਚ ਸ਼ਾਮਲ ਹੋ ਕੇ ਉਨ੍ਹਾਂ ਦੀ ਅਣਥੱਕ ਸੇਵਾ, ਨਿਪੁੰਨ ਪੱਤਰਕਾਰੀ, ਇਮਾਨਦਾਰੀ, ਲਗਨ ਅਤੇ ਅਖਬਾਰ ਪ੍ਰਤੀ ਵਫਾਦਾਰੀ ਦੀਆਂ ਬਾਤਾਂ ਸੁਣਾਈਆਂ। ਬੜੀ ਰੌਣਕ ਭਰੀ ਇਸ ਵਿਦਾਇਗੀ ਵਾਲੀ ਮਹਿਫ਼ਲ ਵਿਚ
ਦਲਜੀਤ ਸਿੰਘ ਸਰਾਂ ਆਪਣੇ ਪਰਿਵਾਰ ਸਮੇਤ ਪਤਨੀ ਇੰਦਰਜੀਤ ਕੌਰ, ਬੇਟੀਆਂ ਅੰਬਰੀ ਪੁਖਰਾਜ ਅਤੇ ਪਰਵਾਜ਼ ਸਰਾਂ, ਜਵਾਈ ਜੂਡ੍ਹਾ ਲੇਕਿਨ ਅਤੇ ਨਵ-ਜਨਮੇ ਦੋਹਤੇ ਰਿਆਜ ਸਿੰਘ ਨਾਲ ਪਹੁੰਚੇ ਹੋਏ ਸਨ।
s1a-amritsar-times-10-26-18-82ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਪ੍ਰੋਫੈਸਰ ਬਲਵਿੰਦਰ ਸਿੰਘ ਧਨੋਆ ਲਾਲੀ ਨੇ‘ ‘ਅੰਮ੍ਰਿਤਸਰ ਟਾਈਮਜ਼’’ਦੇ ਮੁੱਖ-ਸੰਪਾਦਕ ਦਲਜੀਤ ਸਿੰਘ ਸਰਾਂ ਨਾਲ ਅਪਣੀ ਨੇੜਤਾ ਦਾ ਜ਼ਿਕਰ ਕੀਤਾ। ਇਸ ਉਪਰੰਤ ਤੰਤੀ ਸਾਜਾਂ ਦੀ ਪੇਸ਼ਕਾਰੀ ਡਾਕਟਰ ਰਵਿੰਦਰ ਸਿੰਘ ਅਤੇ ਉਸਤਾਦ ਰਾਜਵਿੰਦਰ ਸਿੰਘ ਵਲੋਂ ਕੀਤੀ ਗਈ।
‘ਅੰਮ੍ਰਿਤਸਰ ਟਾਈਮਜ਼’’ਅਖਬਾਰ ਦੇ ਡਾਇਰੈਕਟਰ ਜਸਜੀਤ ਸਿੰਘ ਨੇ ਦਲਜੀਤ ਸਿੰਘ ਸਰਾਂ ਵਲੋਂ ਪੰਜਾਬੀ ਪੱਤਰਕਾਰੀ ਦੇ ਖੇਤਰ ‘ਚ ਪਹਿਲਾਂ ‘ਪੰਜਾਬੀ ਟ੍ਰਿਬਿਊਨ’’ਅਤੇ ਉਸ ਤਂੋ ਬਾਅਦ ‘ਅੰਮ੍ਰਿਤਸਰ ਟਾਈਮਜ਼’ ਦੇ ਮੁੱਖ ਸੰਪਾਦਕ ਵਜੋਂ ਲਗਨ ਅਤੇ ਇਮਾਨਦਾਰੀ ਨਾਲ ਕੀਤੀ ਸੇਵਾ ਅਤੇ ਅਖਬਾਰ ਦੀ ਸ਼ੁਰੂਆਤ ਤੋਂ ਹੁਣ ਤੱਕ ਦੇ ਸਫਰ ਦਾ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਕਿਵੇਂ 14 ਸਾਲਾਂ ਵਿਚ ਅਖਬਾਰ ਇੱਕ ਵਾਰ ਵੀ ਪ੍ਰਿੰਟ ਹੋਣ ਤੋਂ ਵਾਂਝਾ ਨਹੀਂ ਰਿਹਾ, ਭਾਵੇਂ ਦਲਜੀਤ ਸਿੰਘ ਕਿੰਨੇ ਹੀ ਬਿਮਾਰ ਜਾਂ ਪਰਿਵਾਰਕ ਰੁਝੇਵਿਆਂ ਵਿਚ ਸਨ। ਉਨ੍ਹਾਂ ਦਲਜੀਤ ਸਿੰਘ ਵਲੋਂ ਅਖਬਾਰ ਨੂੰ ਬੁਲੰਦੀਆਂ ਤੱਕ ਲੈ ਕੇ ਜਾਣ ਦੀ ਕਹਾਣੀ ਵੀ ਦੱਸੀ। ਉਨ੍ਹਾਂ ਦਲਜੀਤ ਸਿੰਘ ਨੂੰ ਇੱਜ਼ਤ ਦਿੰਦਿਆਂ ਦੱਸਿਆ ਕਿ ਉਹ ਦਲਜੀਤ ਸਿੰਘ ਨੂੰ ਸਦਾ ਆਪਣਾ ਪਾਰਟਨਰ ਹੀ ਸਮਝਦੇ ਰਹੇ ਹਨ ਅਤੇ ਸਮਝਦੇ ਰਹਿਣਗੇ।
ਅਖਬਾਰ ਦੇ ਫਾਊਂਡਰ ਮੈਂਬਰ ਭਾਈ ਸਤਨਾਮ ਸਿੰਘ ਖਾਲਸਾ ਨੇ ਦੱਸਿਆ ਕਿ ਕਿਨ੍ਹਾਂ ਹਾਲਤਾਂ ਵਿਚ ਦਲਜੀਤ ਸਿੰਘ ਨੇ ਅਖਬਾਰ ਨੂੰ ਇੱਕ ਚੋਟੀ ਦਾ ਅਖਬਾਰ ਬਣਾਇਆ ਹੈ। ਉਨ੍ਹਾਂ ਕਿਹਾ ਕਿ ਦੁਨੀਆ ਵਿਚ ‘ਅੰਮ੍ਰਿਤਸਰ ਟਾਈਮਜ਼’’ਇੱਕੋ ਇੱਕ ਅਜਿਹਾ ਅਖਬਾਰ ਹੈ, ਜੋ ਸਿੱਖੀ ਦੀ ਗੱਲ ਕਰਦਾ ਹੈ।
ਅਖਬਾਰ ਦੇ ਮੋਢੀ ਭਾਈ ਹਰਜੋਤ ਸਿੰਘ ਖਾਲਸਾ ਅਤੇ ਟੀਮ ਮੈਬਰਾਂ ਨੇ ਦਲਜੀਤ ਸਿੰਘ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ। ਇਸ ਮੌਕੇ ਸਾਰੀ ਟੀਮ, ਜਿਨ੍ਹਾਂ ‘ਚ ਸਤਨਾਮ ਸਿੰਘ ਖਾਲਸਾ, ਬੀਬੀ ਬਲਵਿੰਦਰ ਕੌਰ ਖਾਲਸਾ, ਜੈ ਸਿੰਘ, ਗੁਰਜੀਤ ਸਿੰਘ ਅਤੇ ਭਵਨੀਤ ਸਿੰਘ ਸ਼ਾਮਲ ਸਨ, ਨੂੰ ਵੀ ਸਨਮਾਨਿਤ ਕੀਤਾ ਗਿਆ।
‘ਅੰਮ੍ਰਿਤਸਰ ਟਾਈਮਜ਼’’ਦੇ ਸ਼ੁਰੂ ਹੋਣ ਤੋਂ ਪਹਿਲਾਂ ਲਗਭਗ 27 ਸਾਲਾਂ ਤੱਕ ਚੰਡੀਗੜ੍ਹ ਤੋਂ ਛਪਦੇ ਪੰਜਾਬੀ ਟ੍ਰਿਬਿਊਨ’ਦੇ ਸੰਪਾਦਕੀ ਸਟਾਫ਼ ਦੇ ਮੈਂਬਰ ਰਹੇ ਦਲਜੀਤ ਸਿੰਘ ਸਰਾਂ ਨੇ ਇਸ ਮੌਕੇ ਸਭਨਾਂ ਨੂੰ ਸੰਬੋਧਨ ਹੁੰਦਿਆਂ ਪੰਜਾਬੀ ਪੱਤਰਕਾਰੀ ਦੇ ਅਪਣੇ ਸਫ਼ਰ ਦੇ ਕੁਝ ਅਹਿਮ ਪੱਖਾਂ ਤੇ ਪਹਿਲੂਆਂ ਦਾ ਸੰਖੇਪ ਵਿੱਚ ਜ਼ਿਕਰ ਕੀਤਾ। ਪਰਵਾਸੀ ਪੰਜਾਬੀ ਮੀਡੀਆ ਨੂੰ ਹੋਰ ਮਜ਼ਬੂਤ, ਸਰਗਰਮ ਅਤੇ ਸਮਰੱਥ ਕਰਨ ਦੀ ਲੋੜ ਉਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਟਾਈਮਜ਼’ਨੇ ਸਦਾ ਪੱਤਰਕਾਰੀ ਦੀਆਂ ਸ਼ਾਨਦਾਰ ਰਵਇਤਾਂ ਉੱਤੇ ਪਹਿਰਾ ਦੇਣ ਦਾ ਯਤਨ ਕੀਤਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ‘ਅੰਮ੍ਰਿਤਸਰ ਟਾਈਮਜ਼’’ਦੀ ਸਮੁੱਚੀ ਟੀਮ ਨੇ ਇਸ ਮੰਤਵ ਲਈ ਜਿਸ ਕਦਰ ਸਹਿਯੋਗ ਅਤੇ ਕੰਮ ਕਰਨ ਦੀ ਆਜ਼ਾਦੀ ਦਿੱਤੀ, ਉਹ ਬੇਮਿਸਾਲ ਹੈ। ਇਸ ਵਾਸਤੇ ਉਹ ਸਭਨਾਂ ਦੇ ਸ਼ੁਕਰਗੁਜ਼ਾਰ ਹਨ।
ਅਖ਼ੀਰ ਵਿਚ ਸ. ਸਰਾਂ ਨੇ ਕਿਹਾ ਕਿ ‘ਅੰਮ੍ਰਿਤਸਰ ਟਾਈਮਜ਼’ ਨਾਲ ਸੰਪਾਦਕ ਵਜੋਂ ਸਮੁੱਚਾ ਸਫ਼ਰ ਬੜਾ ਖੁਸ਼ਗਵਾਰ ਰਿਹਾ ਹੈ। ਉਨ੍ਹਾਂ ਅੱਗੇ ਤੋਂ ਵੀ ਅਖਬਾਰ ਨਾਲ ਜੁੜੇ ਰਹਿਣ ਦਾ ਵਾਅਦਾ ਕੀਤਾ।

ਮਨਜੀਤ ਸਿੰਘ ਟਿਵਾਣਾ ਨਵੇਂ ਸੰਪਾਦਕ ਬਣੇ

ਚੰਡੀਗੜ੍ਹ/ਕਰਮਜੀਤ ਸਿੰਘ
ਦਲਜੀਤ ਸਿੰਘ ਨੇ ਜਦੋ ‘ਅੰਮ੍ਰਿਤਸਰ ਟਾਈਮਜ਼’ ਦੇ ਸੰਪਾਦਕ ਵਜੋਂ ਅਹੁਦਾ ਸੰਭਾਲਿਆ ਤਾਂ ਉਨ੍ਹਾਂ ਨੇ ਅਖ਼ਬਾਰ ਨੂੰ ਹਰ ਪੱਖੋਂ ਅਰਥਾਤ ਅਖ਼ਬਾਰ ਦੀ ਦਿੱਖ, ਅਖ਼ਬਾਰ ਵਿਚ ਪੇਸ਼ ਹੋਣ ਵਾਲੀ ਸਮੱਗਰੀ ਅਤੇ ਖ਼ਬਰਾਂ ਨੂੰ ਨਵੇਂ ਨਜ਼ਰੀਏ ਤੋਂ ਪੇਸ਼ ਕੀਤਾ। ਸੰਪਾਦਕ ਦਾ ਅਹੁਦਾ ਇਕ ਤਰ੍ਹਾਂ ਨਾਲ ‘ਔਖੀ ਘਾਟੀ ਬਿਖੜਾ ਪੈਂਡਾਂ’ ਦੇ ਰਾਹ ‘ਤੇ ਤੁਰਨਾ ਪੈਂਦਾ ਹੈ। ਉਸ ਨੂੰ ਹਰ ਪੱਖ, ਹਰ ਧਿਰ ਨੂੰ ਬਣਦੀ ਥਾਂ ਦੇਣੀ ਪੈਂਦੀ ਹੈ ਅਤੇ ਨਾਲ manjit-tiwanaਹੀ ਅਜਿਹਾ ਕਰਦਿਆਂ ਪਾਠਕਾਂ ਦੀ ਸੋਚ ਤੇ ਅਮਲ ਦਾ ਪੱਧਰ ਵੀ ਉੱਚਾ ਚੁੱਕਣਾ ਹੁੰਦਾ ਹੈ। ਦਲਜੀਤ ਸਿੰਘ ਨੂੰ ‘ਅੰਮ੍ਰਿਤਸਰ ਟਾਈਮਜ਼’ ਵਿਚ ਕਦਮ ਰੱਖਣ ਤੋਂ ਪਹਿਲਾਂ ਪੰਜਾਬ ਦੇ ਉੱਘੇ ਅਖ਼ਬਾਰ ‘ਪੰਜਾਬੀ ਟ੍ਰਿਬਿਊਨ’ ਵਿਚ ਕੰਮ ਕਰਨ ਦਾ ਲੰਮਾ ਸਮਾਂ ਤਜਰਬਾ ਅਤੇ ਅਨੁਭਵ ਹਾਸਲ ਸੀ। ਇਥੇ ਹੀ ਬਸ ਨਹੀਂ, ਉਨ੍ਹਾਂ ਨੂੰ ਪੰਜਾਬ ਦੇ ਸੱਭਿਆਚਾਰ ਅਤੇ ਇਥੇ ਰਾਜਸੀ ਤੇ ਧਾਰਮਿਕ ਲਹਿਰਾਂ ਦੇ ਰੋਲ ਦੀ ਬਹੁਪੱਖੀ ਜਾਣਕਾਰੀ ਵੀ ਸੀ, ਜਦਕਿ ਅੱਜ ਦੇ ਬਹੁਤੇ ਪੱਤਰਕਾਰਾਂ ਵਿਚ ਇਸ ਤਰ੍ਹਾਂ ਦੀ ਜਗਿਆਸਾ ਨਹੀਂ ਹੈ। ਦਲਜੀਤ ਸਿੰਘ ਨੇ ਇਸ ਅਖ਼ਬਾਰ ਵਿਚ ਇਹੋ ਜਿਹੀਆਂ ਰਚਨਾਵਾਂ ਤੇ ਖ਼ਬਰਾਂ ਨੂੰ ਵੀ ਥਾਂ ਦਿੱਤੀ, ਜਿਨ੍ਹਾਂ ਨੂੰ ਵੱਡੀਆਂ-ਵੱਡੀਆਂ ਅਖ਼ਬਾਰਾਂ ਵੀ ਥਾਂ ਦੇਣ ਤੋਂ ਝਿਜਕਦੀਆਂ ਹਨ। ਇਸ ਖੁੱਲ੍ਹ ਵਿਚ ਸ. ਜਸਜੀਤ ਸਿੰਘ ਦਾ ਵੱਡਾ ਰੋਲ ਹੈ ਕਿਉਂਕਿ ਇਕ ਤਾਂ ਉਨ੍ਹਾਂ ਨੂੰ ਪਤਾ ਸੀ ਕਿ ਅਖ਼ਬਾਰਾਂ ਨੂੰ ਸਿੱਖ ਜਗਤ ਵਿਚ ਪ੍ਰੋਫੈਸ਼ਨਲ ਢੰਗ ਨਾਲ ਚਲਾਉਣਾ ਕੋਈ ਆਸਾਨ ਕੰਮ ਨਹੀਂ, ਦੂਜਾ ਉਹ ਸਲੀਕੇ ਤੇ ਅਨੁਸ਼ਾਸਨ ਵਿਚ ਰਹਿ ਕੇ ਆਪਣੀ ਗੱਲ ਕਹਿਣ ਵਾਲੀ ਹਰ ਧਿਰ ਨੂੰ ਖੁੱਲ੍ਹਾ ਸੱਦਾ ਦਿੰਦੇ ਰਹੇ ਹਨ। ਜਦੋਂ ਵੀ ਕਦੇ ਕਿਸੇ ਸੁਚੇਤ ਮਹਿਫਿਲ ਵਿਚ ਦੇਸ਼ ਵਿਦੇਸ਼ ਵਿਚ ਚੱਲ ਰਹੀਆਂ ਅਖ਼ਬਾਰਾਂ ਦੇ ਮਿਆਰ ਤੇ ਪੇਸ਼ਕਾਰੀ ਦੀ ਚਰਚਾ ਛਿੜਦੀ ਹੈ ਤਾਂ ਯਕੀਨਨ ‘ਅੰਮ੍ਰਿਤਸਰ ਟਾਈਮਜ਼’ ਦਾ ਨਾਂ ਉਪਰਲੀਆਂ ਦੋ ਤਿੰਨ ਅਖ਼ਬਾਰਾਂ ਵਿਚ ਆਉਂਦਾ ਹੈ। ਇਸ ਵਿਚ ਦਲਜੀਤ ਸਿੰਘ ਸਰਾਂ ਦੀ ਮਿਹਨਤ, ਘਾਲਣਾ ਤੇ ਨਿਰਪੱਖ ਨਜ਼ਰੀਏ ਦਾ ਵੱਡਾ ਰੋਲ ਹੈ। ਇਸ ਅਖ਼ਬਾਰ ਨੂੰ ਉੱਚੀ ਪੱਧਰ ‘ਤੇ ਲਿਜਾਣ ਲਈ ਸਟਾਫ਼ ਦੀ ਮਿਹਨਤ ਤੇ ਘਾਲਣਾ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।
ਹੁਣ ਜਦੋਂ ਦਲਜੀਤ ਸਿੰਘ ਇਸ ਅਖ਼ਬਾਰ ਤੋਂ ਰੁਖਸਤ ਹੋ ਗਏ ਹਨ ਤਾਂ ਉਨ੍ਹਾਂ ਦੀ ਥਾਂ ਲੈਣ ਵਾਲੇ ਸੰਪਾਦਕ ਮਨਜੀਤ ਸਿੰਘ ਟਿਵਾਣਾ ਨੂੰ ਵੀ ਪੱਤਰਕਾਰੀ ਦੀ ਦੁਨੀਆ ਦਾ ਡੂੰਘਾ ਅਨੁਭਵ ਤੇ ਜਾਣਕਾਰੀ ਹੈ। ਮਨਜੀਤ ਸਿੰਘ ਟਿਵਾਣਾ ਪੰਥਕ ਜਜ਼ਬਿਆਂ ਨੂੰ ਪੰਥਕ ਸਿਧਾਂਤਾਂ ਦੀ ਰੋਸ਼ਨੀ ਵਿਚ ਦੇਖਣ ਤੇ ਪਰਖਣ ਦਾ ਯਤਨ ਕਰਦਾ ਹੈ। ਉਹ ਪੰਥਕ ਸੋਚ ਵਿਚ ਘੁਸਪੈਠ ਕਰਨ ਵਾਲੇ ਖੱਬੇ ਪੱਖੀ ਰੁਝਾਨ ਨੂੰ ਵੀ ਦੂਰ ਤੱਕ ਸਮਝਣ ਦਾ ਜਜ਼ਬਾ ਰੱਖਦਾ ਹੈ। ਉਸ ਦੀ ਛਪ ਚੁੱਕੀ ਕਿਤਾਬ ”ਅੰਦਾਜ਼-ਏ-ਪੱਤਰਕਾਰੀ” ਵਿਚ ਪੰਜਾਬੀ ਪੱਤਰਕਾਰੀ ਦੇ ਖੇਤਰ ਵਿਚ ਪੈਦਾ ਹੋਏ ਨਵੇਂ ਤੇ ਪੁਰਾਣੇ ਰੁਝਾਨਾਂ ਬਾਰੇ ਗਹਿਰੀ ਜਾਣਕਾਰੀ ਮਿਲਦੀ ਹੈ। ਖ਼ਾਲਸਾ ਪੰਥ ਜਿਵੇਂ ਅੱਜ ਡੂੰਘੇ ਸੰਕਟ ਵਿਚੋਂ ਗੁਜ਼ਰ ਰਿਹਾ ਹੈ ਅਤੇ ਜਿਵੇਂ ਪੰਥ ਵਿਚ ਵਿਚਰਨ ਵਾਲੀਆਂ ਧਿਰਾਂ ਅਤੇ ਸ਼ਖਸੀਅਤਾਂ ਦਾ ਇਕ ਨਿਰਪੱਖ ਤੇ ਪਾਏਦਾਰ ਵਿਸ਼ਲੇਸ਼ਣ ਕਰਨ ਦੀ ਇਤਿਹਾਸਕ ਲੋੜ ਹੈ, ਉਸ ਰੋਸ਼ਨੀ ਵਿਚ ਦਰਪੇਸ਼ ਲਿਖਤਾਂ, ਰਚਨਾਵਾਂ, ਪੁਸਤਕਾਂ ਤੇ ਖ਼ਬਰਾਂ ਨੂੰ ‘ਅੰਮ੍ਰਿਤਸਰ ਟਾਈਮਜ਼’ ਵਿਚ ਪੇਸ਼ ਕਰਨ ਦੀ ਵੱਡੀ ਜ਼ਿੰਮੇਵਾਰੀ ਮਨਜੀਤ ਸਿੰਘ ਟਿਵਾਣਾ ‘ਤੇ ਆਉਂਦੀ ਹੈ। ਰਾਜਨੀਤੀ, ਸਾਹਿਤ, ਫਿਲਾਸਫ਼ੀ ਤੇ ਧਰਮ ਦੇ ਖੇਤਰ ਵਿਚ ਵਿਸ਼ਵ ਦੇ ਬੌਧਿਕ ਰੁਝਾਨਾਂ ਤੇ ਲਹਿਰਾਂ ਨੂੰ ਵੀ ‘ਅੰਮ੍ਰਿਤਸਰ ਟਾਈਮਜ਼’ ਦਾ ਹਿੱਸਾ ਬਣਾਉਣਾ ਪੈਣਾ ਹੈ ਤਾਂ ਜੋ ਪੰਥਕ ਜਜ਼ਬੇ ਇਸ ਨਵੇਂ ਦੌਰ ਵਿਚ ਦਾਖ਼ਲ ਹੋ ਸਕਣ। ਜਿੱਥੇ ਦਲਜੀਤ ਸਿੰਘ ਨੇ ਅਖ਼ਬਾਰ ਨੂੰ ਛੱਡਿਆ ਹੈ, ਉਸ ਦੇ ਅਹਿਮ ਰੋਲ ਦਾ ਸਤਿਕਾਰ ਕਰਦਿਆਂ ਮਨਜੀਤ ਸਿੰਘ ਟਿਵਾਣਾ ਨੇ ਇਸ ਨੂੰ ਉਹ ਪੱਧਰ ਦੇਣਾ ਹੈ, ਜਿਸ ਨਾਲ ਇਹ ਅਖ਼ਬਾਰ ਹਰ ਧਿਰ ਦਾ ਵੀ ਹੋਵੇ ਅਤੇ ਹਰ ਧਿਰ ਤੋਂ ਉਪਰ ਵੀ ਉਠ ਕੇ ਸਾਰੀ ਕੌਮ ਨੂੰ ਆਪਣੇ ਬੌਧਿਕ ਤੇ ਰਾਜਨੀਤਕ ਕਲਾਵੇ ਵਿਚ ਲਵੇ।